
ਮਾਏ ਨੀ! ਤੇਰਾ ਪੁੱਤ ਪ੍ਰਦੇਸੀ ਤੈਨੂੰ ਚੇਤੇ ਕਰਦਾ ਏ
ਤੇਰੀ ਬੁੱਕਲ਼ ਦੇ ਨਿੱਘ ਬਾਝੋਂ ਹਰ ਪਲ਼ ਰਹਿੰਦਾ ਠਰਦਾ ਏ
ਮਾਏ ਨੀ! ਤੇਰਾ——————–
ਵੱਡੀ ਭੈਣ ਹੈ ਤੇਰੇ ਵਰਗੀ ਰੱਖਦੀ ਮੇਰਾ ਖ਼ਿਆਲ ਸਦਾ
ਮੇਰੇ ਮੁੱਖ ਤੋਂ ਪੜ੍ਹ ਲੈਂਦੀ ਹੈ ਮੇਰੇ ਦਿਲ ਦਾ ਹਾਲ ਸਦਾ
ਜਦ ਮੈਂ ਸੌਂਦਾ ਅੱਖਾਂ ਦੇ ਵਿੱਚ ਘਰ ਦਾ ਸੁਪਨਾ ਤਰਦਾ ਏ
ਮਾਏ ਨੀ ! ਤੇਰਾ—————
ਤਰਸ ਗਿਆ ਹਾਂ ਪੀਜ਼ੇ ਬਰਗਰ ਖਾ ਕੇ ਤੇਰੀ ਚੂਰੀ ਨੂੰ
ਤਰਸ ਗਿਆ ਹਾਂ ਮੈਂ ਬਾਪੂ ਦੀ ਇੱਕ ਮਿੱਠੀ ਜਿਹੀ ਘੂਰੀ ਨੂੰ
ਨਿੱਤ ਮੇਰਾ ਦਿਲ ਰੋਟੀ ਵਾਲੀ ਜੰਗ ਨੂੰ ਜਿੱਤ ਕੇ ਹਰਦਾ ਏ
ਮਾਏ ਨੀ! ਤੇਰਾ——————-
ਜੀਅ ਕਰਦਾ ਮੈਂ ਆ ਕੇ ਖੇਡਾਂ ਨਾਲ਼ ਹੋਣ ਉਹ ਹਾਣੀ ਵੀ
ਹੋਵੇ ਓਹੀਓ ਗਲੀ -ਮੁਹੱਲਾ ਤੇ ਮੁੰਡਿਆਂ ਦੀ ਢਾਣੀ ਵੀ
ਏਥੇ ਤਾਂ ਕੰਮ-ਕਾਰ ਦੇ ਬਾਝੋਂ ਇੱਕ ਪਲ਼ ਵੀ ਨਾ ਸਰਦਾ ਏ
ਮਾਏ ਨੀ! ਤੇਰਾ ———————
ਵਾਂਗ ਮਸ਼ੀਨਾਂ ਕੰਮ ਕਰਦੇ ਹਾਂ “ਜਸਵਿੰਦਰ “ਭੁੱਲ ਮਸਤੀ ਨੂੰ
ਕਿਸ਼ਤਾਂ ਦੇ ਵਿੱਚ ਵੰਡਦੇ ਰਹਿੰਦੇ ਅਪਣੀ ਮਹਿੰਗੀ ਹਸਤੀ ਨੂੰ
ਮਹਿੰਗੇ ਦੇਸ਼ ਦਾ ਸਭ ਕੁਝ ਮਹਿੰਗਾ ਦਿਲ ਸੱਚ ਕਹਿਣੋਂ ਡਰਦਾ ਏ
ਮਾਏ ਨੀ!ਤੇਰਾ—————–
ਤੇਰੀ ਬੁੱਕਲ਼—————
ਜਸਵਿੰਦਰ ਕੌਰ ਫ਼ਗਵਾੜਾ