ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐੱਸ ਸੀ) ਨੇ ਕੇਂਦਰੀ ਮੰਤਰਾਲਿਆਂ ਵਿਚ 10 ਜਾਇੰਟ ਸੈਕਟਰੀਆਂ ਅਤੇ 35 ਡਾਇਰੈਕਟਰਾਂ/ ਸੈਕਟਰੀਆਂ ਦੀ ਸਿੱਧੀ ਭਰਤੀ ਲਈ ਲੰਘੇ ਸ਼ਨੀਵਾਰ ਇਕ ਇਸ਼ਤਿਹਾਰ ਦਿੱਤਾ ਹੈ। ਇਹ ਪੋਸਟਾਂ ਠੇਕਾ ਆਧਾਰ ’ਤੇ ਭਰੀਆਂ ਜਾਣਗੀਆਂ। ਅਜਿਹੀਆਂ ਪੋਸਟਾਂ ਨੂੰ ਆਈ ਏ ਐੱਸ, ਆਈ ਪੀ ਐੱਸ ਆਦਿ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ ਅਧਿਕਾਰੀਆਂ ਨਾਲ ਭਰਨ ਦਾ ਸਿਸਟਮ ਰਿਹਾ ਹੈ, ਪਰ ਮੋਦੀ ਸਰਕਾਰ ਨੇ ਨਿੱਜੀ ਖੇਤਰ ਵਿੱਚੋਂ ਹੋਣਹਾਰ ਬੰਦਿਆਂ ਦੀਆਂ ਸੇਵਾਵਾਂ ਲੈਣ ਦੇ ਨਾਂਅ ’ਤੇ ਲੇਟਰਲ ਐਂਟਰੀ ਯੋਜਨਾ ਚਲਾਈ ਹੋਈ ਹੈ। 2018 ਵਿਚ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ ਹੁਣ ਤੱਕ 63 ਨਿਯੁਕਤੀਆਂ ਕੀਤੀਆਂ ਜਾ ਚੁੱਕੀਆਂ ਹਨ। ਇਸ ਯੋਜਨਾ ਦਾ ਸ਼ੁਰੂ ਤੋਂ ਹੀ ਵਿਰੋਧ ਹੋ ਰਿਹਾ ਹੈ। ਆਲੋਚਕਾਂ ਦੀ ਦਲੀਲ ਹੈ ਕਿ ਇਹ ਪ੍ਰਣਾਲੀ ਭਾਰਤੀ ਸੰਵਿਧਾਨ ਤਹਿਤ ਬਣੀ ਰਿਜ਼ਰਵੇਸ਼ਨ ਨੀਤੀ ਨੂੰ ਬਾਈਪਾਸ ਕਰਦੀ ਹੈ। ਹਾਸ਼ੀਏ ’ਤੇ ਰਹਿਣ ਵਾਲੇ ਭਾਈਚਾਰਿਆਂ ਲਈ ਸਰਕਾਰੀ ਨੌਕਰੀਆਂ ਵਿਚ ਰਿਜ਼ਰਵੇਸ਼ਨ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੀ ਹੈ, ਪਰ ਮੋਦੀ ਸਰਕਾਰ ਨੇ 2018 ਵਿਚ ਇਸ ਰਾਹ ਨੂੰ ਬੰਦ ਕਰ ਦਿੱਤਾ। ਰਾਹੁਲ ਗਾਂਧੀ ਨੇ ਲੇਟਰਲ ਐਂਟਰੀ ਯੋਜਨਾ ਨੂੰ ਦੇਸ਼-ਵਿਰੋਧੀ ਕਰਾਰ ਦਿੰਦਿਆਂ ਕਿਹਾ ਹੈ ਕਿ ਸਰਕਾਰ ਅਨੁਸੂਚਿਤ ਜਾਤਾਂ, ਅਨੁਸੂਚਿਤ ਜਨਜਾਤੀਆਂ ਤੇ ਪੱਛੜਿਆਂ ਤੋਂ ਸਰੇਆਮ ਰਿਜ਼ਰਵੇਸ਼ਨ ਦਾ ਹੱਕ ਖੋਹ ਰਹੀ ਹੈ।
ਮੋਦੀ ਸਰਕਾਰ ਅਫਸਰਾਂ ਦੀ ਭਰਤੀ ਯੂ ਪੀ ਐੱਸ ਸੀ ਦੀ ਪ੍ਰੀਖਿਆ ਰਾਹੀਂ ਚੁਣੇ ਜਾਣ ਵਾਲਿਆਂ ਦੀ ਥਾਂ ਆਰ ਐੱਸ ਐੱਸ ਰਾਹੀਂ ਕਰਕੇ ਸੰਵਿਧਾਨ ’ਤੇ ਸਿੱਧਾ ਹਮਲਾ ਕਰ ਰਹੀ ਹੈ। ਇਹ ਯੂ ਪੀ ਐੱਸ ਸੀ ਪ੍ਰੀਖਿਆ ਦੀ ਤਿਆਰੀ ਕਰਨ ਵਾਲਿਆਂ ਦੇ ਹੱਕਾਂ ’ਤੇ ਡਾਕਾ ਹੈ। ਆਈ ਏ ਐੱਸ ਦਾ ਨਿੱਜੀਕਰਨ ਮੋਦੀ ਦੀ ਗਰੰਟੀ ਬਣ ਗਿਆ ਹੈ। ਬਸਪਾ ਮੁਤਾਬਕ ਇਹ ਭਾਜਪਾ ਦੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਪਿਛਲੇ ਦਰਵਾਜ਼ਿਓਂ ਉੱਚ ਅਹੁਦਿਆਂ ’ਤੇ ਤਾਇਨਾਤ ਕਰਨ ਦੀ ਸਾਜ਼ਿਸ਼ ਹੈ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਇਸ ਮੁੱਦੇ ਨੂੰ ਲੈ ਕੇ 2 ਅਕਤੂਬਰ ਨੂੰ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਮੁਤਾਬਕ ਜੇ 45 ਅਹੁਦੇ ਰਵਾਇਤੀ ਸਿਸਟਮ ਨਾਲ ਭਰੇ ਜਾਂਦੇ ਤਾਂ ਲਗਭਗ ਅੱਧਿਆਂ ’ਤੇ ਐੱਸ ਸੀ, ਐੱਸ ਟੀ ਤੇ ਓ ਬੀ ਸੀ ਉਮੀਦਵਾਰਾਂ ਦੀ ਭਰਤੀ ਹੁੰਦੀ। ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਇਹ ਭਰਤੀ ਦਾ ਨਾਗਪੁਰ ਮਾਡਲ ਹੈ, ਜਿਸ ਤਹਿਤ ਆਰ ਐੱਸ ਐੱਸ ਦੇ ਬੰਦੇ ਵੱਡੇ ਅਧਿਕਾਰੀ ਬਣਾਏ ਜਾਣੇ ਹਨ। ਹੁਕਮਰਾਨ ਐੱਨ ਡੀ ਏ ਦੇ ਬੰਦੇ ਵੰਚਿਤਾਂ ਦੇ ਹੱਕ ’ਤੇ ਡਾਕਾ ਮਾਰ ਰਹੇ ਹਨ। ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਕਿਹਾ ਹੈ ਕਿ ਇਹ ਸੰਵਿਧਾਨ ਨੂੰ ਤੋੜਨ ਲਈ ਆਰ ਐੱਸ ਐੱਸ ਦੇ ਬੰਦਿਆਂ ਦੀ ਘੁਸਪੈਠ ਕਰਾਉਣ ਦੇ ਏਜੰਡੇ ਤਹਿਤ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਰਿਜ਼ਰਵੇਸ਼ਨ ਖਤਮ ਕਰਕੇ ਮਨੂੰ ਸਮਿ੍ਰਤੀ ਸਮਾਜੀ ਨਿਜ਼ਾਮ ਲਾਗੂ ਕਰ ਰਹੀ ਹੈ। ਡੀ ਐੱਮ ਕੇ ਆਗੂ ਪੀ ਵਿਲਸਨ ਨੇ ਕਿਹਾ ਹੈ ਕਿ ਇਹ ਸੰਵਿਧਾਨ ਨਾਲ ਫਰਾਡ ਹੈ। ਸਰਕਾਰ ਇਸ਼ਤਿਹਾਰ ਵਾਪਸ ਲੈ ਕੇ ਰਿਜ਼ਰਵੇਸ਼ਨ ਪ੍ਰਣਾਲੀ ਤਹਿਤ ਭਰਤੀ ਕਰੇ।