ਤਾਜ਼ਾ ਖ਼ਬਰਾਂ

BCCI ਸ਼ੁਰੂ ਕਰ ਸਕਦੇ ਲੀਜੈਂਡਸ ਖਿਡਾਰੀਆਂ ਦੀ ਆਪਣੀ ਲੀਗ

ਨਵੀਂ ਦਿੱਲੀ 13 ਅਗਸਤ ਪੂਰੀ ਦੁਨੀਆ ’ਚ ਟੀ-20 ਦੀ ਵਧਦੀ ਲੋਕਪ੍ਰਿਅਤਾ ਨੂੰ ਵਧਾਉਣ ਲਈ ਸ਼ੁਰੂ ਕੀਤੀਆਂ ਗਈਆਂ ਵੱਖ ਵੱਖ ਲੀਜੈਂਡਸ ਲੀਗ ’ਚ ਬੇਨਿਯਮੀਆਂ ਤੇ ਵੱਖ ਵੱਖ ਸਮੱਸਿਆਵਾਂ ਨੂੰ ਦੇਖਦੇ ਹੋਏ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਵੀ ਆਈਪੀਐੱਲ ਦੀ ਤਰਜ਼ ’ਤੇ ਲੀਜੈਂਡਸ ਖਿਡਾਰੀਆਂ ਦੀ ਆਪਣੀ ਲੀਗ ਸ਼ੁਰੂ ਕਰ ਸਕਦਾ ਹੈ। ਇਸ ਸਮੇਂ ਪੂਰੀ ਦੁਨੀਆ ’ਚ ਕਈ ਲੀਜੈਂਡਸ ਖਿਡਾਰੀਆਂ ਦੀਆਂ ਲੀਗਸ ਖੇਡੀਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਚੈਂਪੀਅਨਸ਼ਿਪ ਆਫ ਲੀਜੈਂਡਸ, ਗਲੋਬਲ ਲੀਜੈਂਡਸ ਲੀਗ, ਲੀਜੈਂਡਸ ਲੀਗ ਕ੍ਰਿਕਟ ਅਹਿਮ ਹਨ। ਇਨ੍ਹਾਂ ਲੀਗਜ਼ ’ਚ ਭਾਰਤ ਦੇ ਸਚਿਨ ਤੇਂਦੁਲਕਰ, ਯੁਵਰਾਜ ਸਿੰਘ, ਸੁਰੇਸ਼ ਰੈਨਾ, ਹਰਭਜਨ ਸਿੰਘ, ਅੰਬਾਤੀ ਰਾਇਡੂ ਸਮੇਤ ਕਈ ਖਿਡਾਰੀ ਖੇਡਦੇ ਹਨ। ਇਨ੍ਹਾਂ ਲੀਗਜ਼ ’ਚ ਮੁਥੱਈਆ ਮੁਰਲੀਧਰਨ, ਸਨਥ ਜੈਸੂਰੀਆ, ਕ੍ਰਿਸ ਗੇਲ, ਕੀਰੋਨ ਪੋਲਾਰਡ, ਏਬੀ ਡਿਵੀਲੀਅਰਸ ਵਰਗੇ ਕਈ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਵੀ ਖੇਡਦੇ ਹਨ। ਬੀਸੀਸੀਆਈ ਇਸ ਸਮੇਂ ਆਈਪੀਐੱਲ ਤੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਆਯੋਜਿਤ ਕਰਦਾ ਹੈ। ਸੂਤਰਾਂ ਅਨੁਸਾਰ ਹਾਲ ਹੀ ਵਿਚ ਭਾਰਤ ਦੇ ਕੁਝ ਸਾਬਕਾ ਖਿਡਾਰੀਆਂ ਨੇ ਬੀਸੀਸੀਆਈ ਸਕੱਤਰ ਜੈ ਸ਼ਆਹ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਲੀਜੈਂਡਸ ਲੀਗ ਕਰਵਾਉਣ ਦੀ ਅਪੀਲ ਕੀਤੀ। ਸਾਬਕਾ ਕ੍ਰਿਕਟਰ ਚਾਹੁੰਦੇ ਹਨ ਕਿ ਲੀਜੈਂਡਸ ਲੀਗ ਦਾ ਆਯੋਜਨ ਆਈਪੀਐੱਲ ਦੀ ਤਰ੍ਹਾਂ ਕੀਤਾ ਜਾਵੇਗਾ।

ਸ਼ਹਿਰਾਂ ’ਤੇ ਆਧਾਰਿਤ ਫ੍ਰੈਂਚਾਇਜ਼ੀ ਟੀਮਾਂ ਹੋਣ ਤੇ ਪੂਰੀ ਦੁਨੀਆ ਦੇ ਖਿਡਾਰੀਆਂ ਲਈ ਬੋਲੀ ਲਗਾਈ ਜਾਵੇ। ਬੀਸੀਸੀਆਈ ਵੱਲੋਂ ਇਸ ਪੇਸ਼ਕਸ਼ ’ਤੇ ਸੰਭਾਵਨਾਵਾਂ ਤਲਾਸ਼ਣ ਦਾ ਭਰੋਸਾ ਦਿੱਤਾ ਗਿਆ ਹੈ ਤੇ ਜੇ ਸਭ ਸਹੀ ਰਿਹਾ ਤਾਂ ਭਾਰਤ ’ਚ ਵੀ ਦਰਸ਼ਕਾਂ ਨੂੰ ਸਾਬਕਾ ਦਿੱਗਜ ਖਿਡਾਰੀਆਂ ਵਿਚਾਲੇ ਲੀਜੈਂਡਸ ਲੀਗ ਦਾ ਆਨੰਦ ਲੈਣ ਦਾ ਮੌਕਾ ਮਿਲ ਸਕਦਾ ਹੈ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਸਬੰਧ ’ਚ ਸਾਬਕਾ ਕ੍ਰਿਕਟਰਾਂ ਵੱਲੋਂ ਪੇਸ਼ਕਸ਼ ਮਿਲੀ ਹੈ, ਜਿਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਹਾਲੇ ਮਤੇ ਦੇ ਪੱਧਰ ’ਤੇ ਹੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਇਹ ਲੀਗ ਇਸ ਸਾਲ ਹੋ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਨਹੀਂ ਇੰਨੀ ਛੇਤੀ ਇਹ ਸੰਭਵ ਨਹੀਂ ਹੈ। ਅਗਲੇ ਸਾਲ ਜ਼ਰੂਰ ਇਸ਼ ਸਬੰਧ ’ਚ ਸੋਚਿਆ ਜਾ ਸਕਦਾ ਹੈ।

ਇਸ ਵਿਚ ਉਹ ਖਿਡਾਰੀ ਖੇਡਣਗੇ, ਜੋ ਆਪਣੇ ਦੇਸ਼ ਤੋਂ ਸੰਨਿਆਸ ਲੈ ਚੁੱਕੇ ਹਨ ਤੇ ਆਈਪੀਐੱਲ ’ਚ ਵੀ ਨਹੀਂ ਖੇਡਦੇ। ਬੀਸੀਸੀਆਈ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਜੇ ਭਾਰਤ ’ਚ ਇਸ ਤਰ੍ਹਾਂ ਦੀ ਲੀਗ ਸ਼ੁਰੂ ਹੁੰਦਾ ਹੈ ਤਾਂ ਇਸਦਾ ਸਿੱਧਾ ਅਸਰ ਹੋਰਨਾਂ ਲੀਗਜ਼ ’ਤੇ ਵੀ ਪਵੇਗਾ। ਹਾਲੇ ਫਿਲਹਾਲ ਜਿੰਨੀਆਂ ਵੀ ਲੀਗਜ਼ ਹੋ ਰਹੀਆਂ ਹਨ, ਉਹ ਕੁਝ ਨਿੱਜੀ ਕੰਪਨੀਆਂ ਵੱਲੋਂ ਵੱਖ ਵੱਖ ਕ੍ਰਿਕਟ ਬੋਰਡਾਂ ਦੇ ਸਮਰਥਨ ਨਾਲ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਕੋਈ ਵੀ ਕ੍ਰਿਕਟ ਬੋਰਡ ਲੀਜੈਂਡਜ਼ ਲੀਗ ਵਰਗੀ ਮੁਕਾਬਲੇਬਾਜ਼ੀ ਦਾ ਆਯੋਜਨ ਸਿੱਧੇ ਤੌਰ ’ਤੇ ਨਹੀਂ ਕਰ ਰਿਹਾ ਹੈ। ਇਸ ਸਾਲ ਜੂਨ ’ਚ ਬਰਮਿੰਘਮ ’ਚ ਹੋਈ ਵਰਲਡ ਚੈਂਪੀਅਨਸ਼ਿਪ ਆਫ ਲੀਜੈਂਡਜ਼ ਨੂੰ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈਸੀਬੀ) ਦੀ ਮਦਦ ਨਾਲ ਆਯੋਜਿਤ ਕੀਤੀ ਗਈ ਸੀ। ਜੇ ਬੀਸੀਸੀਆਈ ਵਰਗਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਆਪਣੀ ਲੀਜੈਂਡਜ਼ ਲੀਗ ਸ਼ੁਰੂ ਕਰਦਾ ਹੈ ਤਾਂ ਇਹ ਵਿਸ਼ਵ ਕ੍ਰਿਕਟ ’ਚ ਵੱਡਾ ਕਦਮ ਹੋਵੇਗਾ। ਪੂਰੀ ਦੁਨੀਆ ਦੇ ਸਾਬਕਾ ਕ੍ਰਿਕਟਰ ਹੁਣ ਵੀ ਭਾਰਤ ’ਚ ਖੇਡਣਾ ਚਾਹੁੰਦੇ ਹਨ। ਇਸ ਤਰ੍ਹਾਂ ਦੀ ਲੀਗ ’ਚ ਖੇਡਣ ਵਾਲੇ ਕ੍ਰਿਕਟਰਾਂ ਨੇ ‘ਦੈਨਿਕ ਜਾਗਰਣ’ ਨਾਲ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਹ ਇਕ ਬਿਹਤਰ ਕਦਮ ਹੋਵੇਗਾ ਤੇ ਆਈਪੀਐੱਲ ਦੀਆਂ ਵਧੇਰੇ ਫ੍ਰੈਂਚਾਈਜ਼ੀਆਂ ਵੀ ਇਸ ਵਿਚ ਟੀਮ ਹਿੱਸਾ ਲੈਣਗੀਆਂ, ਜਿਸ ਨਾਲ ਉਨ੍ਹਾਂ ਖਿਡਾਰੀਆਂ ਨੂੰ ਫਿਰ ਤੋਂ ਬਿਹਤਰ ਮੰਚ ਮਿਲੇਗਾ, ਜੋ ਭਾਰਤ ਸਮੇਤ ਆਪਣੇ ਬੋਰਡਾਂ ਨਾਲ ਆਈਪੀਐੱਲ ਖੇਡ ਚੁੱਕੇ ਹਨ।

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ

29ਵੇਂ ਆਲ ਇੰਡੀਆ ਜੇ.ਪੀ. ਅਤਰੇ ਕ੍ਰਿਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ...