ਹੁਣ ਯੂਕਰੇਨ-ਰੂਸ ਅਤੇ ਫ਼ਲਸਤੀਨ ਇਰਾਨ-ਇਜ਼ਰਾਈਲ ਜੰਗ ਭੜਕੀ ਪਈ ਹੈ। ਤਾਇਵਾਨ-ਚੀਨ ਅਤੇ ਉੱਤਰੀ ਕੋਰੀਆ ਦੇ ਮੁੱਦੇ ਉੱਪਰ ਜੰਗ ਕਿਸੇ ਵੇਲੇ ਵੀ ਭੜਕ ਸਕਦੀ ਹੈ। ਜੰਗ ਬਾਰੇ ਵੱਡੇ ਖ਼ਦਸਿ਼ਆਂ ਸੰਭਾਵਨਾ ਦੇ ਤਿੰਨ ਕੇਂਦਰ ਏਸ਼ੀਆ ਵਿਚ ਹਨ ਅਤੇ ਇਕ ਯੂਰਪ (ਯੂਕਰੇਨ) ਵਿਚ। ਇਸ ਤੋਂ ਇਲਾਵਾ ਭਾਰਤ ਲਾਗਿਓਂ ਵੀ ਧੂੰਆਂ ਉੱਠਦਾ ਰਹਿੰਦਾ ਹੈ। ਕੌਣ ਕਿਉਂ ਭੜਕਾਉਂਦਾ ਇਹ ਸਭ, ਤੇ ਕੀ ਇਹ ਅੱਗ ਤਬਾਹਕੁਨ ਭਾਂਬੜ ਬਣਨ ਤੋਂ ਰੁਕ ਸਕਦੀ ਹੈ?
ਦੂਜੀ ਸੰਸਾਰ ਜੰਗ (1939-1945) ਵਿਚ ਕੁੱਲ ਮਿਲਾ ਕੇ 7 ਕਰੋੜ ਫੌਜੀ ਅਤੇ ਲੋਕ ਮਰੇ। ਇਸ ਵਿਚ ਸਵਾ ਦੋ ਕਰੋੜ ਤੋਂ ਵੱਧ ਸੋਵੀਅਤ ਰੂਸ ਅਤੇ ਪੌਣੇ ਦੋ ਕਰੋੜ ਚੀਨ ਦੇ ਸਨ। 18 ਲੱਖ ਦੇ ਕਰੀਬ ਭਾਰਤੀ ਸਨ। ਹਿਟਲਰ ਨੇ ਜਰਮਨੀ ਵਿਚ ਲੱਖਾਂ ਯਹੂਦੀਆਂ ਦਾ ਕਤਲੇਆਮ ਵੀ ਕੀਤਾ। ਜਰਮਨੀ ਵਿਚ ਇਹ ਧਾਰਮਿਕ ਨਸਲਕੁਸ਼ੀ ਵਰਗੀ ਗੱਲ ਵੀ ਸੀ। ਇਸ ਨਸਲਕੁਸ਼ੀ ਦਾ ਅਸਰ ਇਹ ਹੋਇਆ ਕਿ ਇੰਗਲੈਂਡ ਅਮਰੀਕਾ ਧੜੇ ਨੇ ਯੂਐੱਨ ਰਾਹੀਂ 14 ਮਈ 1948 ਨੂੰ ਮੁਸਲਮਾਨ ਬਹੁਲ ਦੇਸ਼ ਫ਼ਲਸਤੀਨ ਨੂੰ 55-45 ਵਿਚ ਵੰਡ ਕੇ ਇਕ ਹਿੱਸੇ ਵਿਚ ਯਹੂਦੀਆਂ ਲਈ ਆਪਣਾ ਵੱਖਰਾ ਮੁਲਕ ਇਜ਼ਰਾਈਲ ਬਣਵਾ ਦਿੱਤਾ। ਯੋਰੋਸ਼ਲਮ ਨੂੰ ਕੌਮਾਂਤਰੀ ਦੇਖ ਰੇਖ ਅਧੀਨ ਸਾਂਝੀ ਭੋਇੰ ਮੰਨਿਆ ਗਿਆ। ਇੰਝ ਆਪਣੇ (ਯਹੂਦੀ-ਇਸਾਈ) ਵੱਲ ਆਉਂਦੇ ਨਸਲੀ ਟਕਰਾਓ ਦੇ ਖ਼ਦਸ਼ੇ ਦਾ ਰੁਖ਼ ਮੁਸਲਿਮ ਪਾਸੇ ਮੋੜ ਦਿੱਤਾ। ਫਲਸਤੀਨ ਉੱਤੇ ਇਸ ਵਕਤ ਇਜ਼ਰਾਈਲ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕਾ ਹੈ। 1967 ਦੀ ਜੰਗ ਵਿਚ ਇਜ਼ਰਾਈਲ ਨੇ ਸੀਰੀਆ, ਜੌਰਡਨ ਅਤੇ ਮਿਸਰ ਦੇ ਕੁਝ ਇਲਾਕਿਆਂ ਉੱਤੇ ਵੀ ਕਬਜ਼ਾ ਕਰ ਲਿਆ। ਨਾਲ ਹੀ ਯੋਰੋਸ਼ਲਮ ਅਤੇ ਫਲਸਤੀਨ ਦੇ ਵੈਸਟ ਬੈਂਕ ਨੂੰ ਵੀ ਕਬਜ਼ੇ ਵਿਚ ਲੈ ਲਿਆ। ਬਚਿਆ ਖੁਚਿਆ ਫਲਸਤੀਨ ਉਦੋਂ ਤੋਂ ਅੱਜ ਤਕ ਜ਼ੁਲਮ ਸਿਤਮ ਹੰਢਾ ਰਿਹਾ। ਫਲਸਤੀਨ ਅੱਜ ਆਜ਼ਾਦ ਮੁਲਕ ਵਾਲੀ ਹੈਸੀਅਤ ਨਹੀਂ ਰੱਖਦਾ। ਫਲਸਤੀਨ ਨੂੰ ਪ੍ਰਭੂਸੱਤਾ ਵਾਲੇ ਮੁਲਕ ਦਾ ਦਰਜਾ ਦੇਣ ਵਾਲੇ ਸੈਂਕੜੇ ਯੂਐੱਨ ਮਤੇ ਇਜ਼ਰਾਈਲ ਰੱਦ ਕਰ ਚੁੱਕਾ ਹੈ। ਇਸ ਕਰ ਕੇ ਪ੍ਰਚਾਰ ਤੰਤਰ ਦੀ ਇਹ ਦਲੀਲ ਗਲਤ ਹੈ ਕਿ ਮੌਜੂਦਾ ਟਕਰਾਓ ਦੀ ਮੁੱਖ ਵਜ੍ਹਾ 7 ਅਕਤੂਬਰ ਦਾ ਹਮਾਸ ਦਾ ਹਮਲਾ ਹੈ। ਪਿਛੋਕੜ ਹੀ ਇਸ ਟਕਰਾਓ ਦੀ ਅਸਲੀ ਵਜ੍ਹਾ ਹੈ।
ਤੇਲ ਹਿੱਤਾਂ ਵਾਲੇ ਇਸ ਖਿੱਤੇ ਵਿਚ ਇਜ਼ਰਾਈਲ ਨੂੰ ਅਮਰੀਕਾ ਧੜਾ ਆਪਣੇ ਲੈਫਟੀਨੈਂਟ ਵਜੋਂ ਵਰਤ ਰਿਹਾ ਹੈ, ਤੇ ਉਸ ਦੇ ਰਾਖੇ ਤਾਂ ਫਿਰ ਬਣਨਾ ਹੀ ਪੈਣਾ ਪਰ ਇਸ ਖੇਡ ਵਿਚ ਫਲਸਤੀਨੀ ਨਿਰਦੋਸ਼ ਰਗੜੇ ਗਏ। ਉਂਝ, ਅੱਜ ਇਹ ਝਗੜਾ ਇਜ਼ਰਾਈਲ, ਫਲਸਤੀਨ, ਇਰਾਨ ਤਕ ਸੀਮਤ ਨਾ ਰਹਿ ਕੇ ਅਮਰੀਕਾ, ਲਿਬਨਾਨ, ਯਮਨ, ਇਰਾਕ, ਸੀਰੀਆ, ਤੁਰਕੀ, ਰੂਸ, ਚੀਨ, ਉੱਤਰੀ ਕੋਰੀਆ ਨੂੰ ਵੀ ਲਪੇਟੇ ਵਿਚ ਲੈਂਦਾ ਨਜ਼ਰ ਆ ਰਿਹਾ ਹੈ। ਫਲਸਤੀਨ ਨੂੰ ਮੁਲਕ ਵਜੋਂ ਮਾਨਤਾ ਦਿੱਤੇ ਬਿਨਾਂ ਉੱਥੇ ਸ਼ਾਂਤੀ ਬਹਾਲੀ ਦੇ ਆਸਾਰ ਨਹੀਂ।
ਹੁਣ ਯੂਕਰੇਨ ਦੀ ਗੱਲ ਕਰੀਏ। 1991 ਵਿਚ ਧਰਤੀ ਦੇ ਛੇਵੇਂ ਹਿੱਸੇ ਵਿਚ ਫੈਲਿਆ ਸੋਵੀਅਤ ਯੂਨੀਅਨ ਜਦ 15 ਮੁਲਕਾਂ ਵਿਚ ਟੁੱਟ ਗਿਆ ਤਾਂ ਉਸ ਦਾ ਇਕ ਟੁਕੜਾ ਯੂਕਰੇਨ ਜੋ ਫਿਰ ਵੀ ਇਲਾਕੇ ਦੇ ਲਿਹਾਜ਼ ਨਾਲ ਯੂਰੋਪੀਅਨ ਦੇ ਹਰ ਮੁਲਕ ਤੋਂ ਵੱਡਾ ਸੀ, ਉਸ ਦੇ 2014 ਤਕ ਆਉਂਦਿਆਂ ਪੱਛਮ ਵੱਲ ਝੁਕਾਅ ਕਾਰਨ ਰੂਸ ਨਾਲ ਸਬੰਧ ਖਰਾਬ ਹੋ ਗਏ। ਰੂਸ ਨਾਲ ਟਕਰਾਓ ਵਾਲੇ ਤਿੱਖੇ ਤੇਵਰਾਂ ਨਾਲ ਕਾਮੇਡੀਅਨ ਜ਼ੈਲੇਂਸਕੀ 2019 ਦੀ ਰਾਸ਼ਟਰਪਤੀ ਦੀ ਚੋਣ ਜਿੱਤਿਆ ਅਤੇ ਅਮਰੀਕੀ ਧੜੇ ਵੱਲ ਉਲਰਦਿਆਂ ਨਾਟੋ ਫੌਜੀ ਗਠਜੋੜ ਦਾ ਮੈਂਬਰ ਬਣਨ ਨੂੰ ਉਤਾਵਲਾ ਹੋਇਆ; ਮਤਲਬ, ਰੂਸ ਦੀਆਂ ਬਰੂਹਾਂ ਉੱਤੇ 32 ਦੇਸ਼ਾਂ ਦੀਆਂ ਫੌਜਾਂ ਨੂੰ ਪੱਕਾ ਸੱਦਾ। ਇਹੀ ਗੱਲ ਰੂਸ-ਯੂਕਰੇਨ ਜੰਗ ਦੀ ਸਭ ਤੋਂ ਵੱਡੀ ਵਜ੍ਹਾ ਬਣੀ। ਅੱਜ ਅਮਰੀਕਾ ਦੀ ਅਗਵਾਈ ਵਿਚ ਨਾਟੋ ਦੇ 32 ਦੇਸ਼ ਯੂਕਰੇਨ ਦੀ ਪਿੱਠ ’ਤੇ ਹਨ। ਦੂਜੇ ਪਾਸੇ ਰੂਸ ਹੈ ਜਿਸ ਨੂੰ ਚੀਨ, ਇਰਾਨ ਅਤੇ ਉੱਤਰੀ ਕੋਰੀਆ ਦੀ ਹਮਾਇਤ ਹੈ। ਇਹ ਜੰਗ ਦੁਨੀਆ ਦੇ ਵੱਡੇ ਹਿੱਸੇ ਵਿਚ ਪਰਮਾਣੂ ਜੰਗ ਦਾ ਰੂਪ ਲੈ ਸਕਦੀ ਹੈ।
ਤਾਇਵਾਨ ਦਾ ਮਸਲਾ ਇਹ ਹੈ ਕਿ ਜਦ ਚੀਨੀ ਸਿਵਲ ਵਾਰ ਵਿਚ ਮਾਓ ਜ਼ੇ-ਤੁੰਗ ਦੀ ਅਗਵਾਈ ਵਿਚ ਕਮਿਊਨਿਸਟ ਪਾਰਟੀ ਨੇ 1949 ਵਿਚ ਮੁਲਕ ਉੱਤੇ ਅਧਿਕਾਰ ਕਰ ਲਿਆ ਤਾਂ ਚੀਨ ਦਾ ਪਹਿਲਾ ਹਾਕਮ ਚਿਆਂਗ ਕਾਈ ਸ਼ੈਕ ਭੱਜ ਕੇ ਚੀਨੀ ਮੁੱਖ ਧਰਤੀ ਤੋਂ 100 ਕੁ ਮੀਲ ਦੂਰ ਤਾਇਵਾਨ ਟਾਪੂ ਤੋਂ ਬਰਾਬਰ ਦੀ ਚੀਨ ਸਰਕਾਰ ਚਲਾਉਣ ਲੱਗਾ। ਉਸ ਨੂੰ ਅਮਰੀਕਾ ਦੀ ਹਮਾਇਤ ਸੀ। ‘ਤਾਇਵਾਨ’ ਹੀ (ਰਿਪਬਲਿਕ ਆਫ ਚਾਈਨਾ) ਵਜੋਂ ਚੀਨ ਦਾ ਯੂਐੱਨ ਵਿਚ ਪ੍ਰਤੀਨਿਧ ਰਿਹਾ। 1971 ਵਿਚ ਯੂਐੱਨ ਨੇ ਇਹ ਪ੍ਰਤੀਨਿਧ ਰੁਤਬਾ ਮੁੱਖ ਚੀਨੀ ਧਰਤੀ ਦੀ ਸਰਕਾਰ ਨੂੰ ਦਿੱਤਾ। ਤਾਇਵਾਨ ਟਾਪੂ ਦਾ ਅੱਜ ਤੱਕ ਵੀ ਨਾਮ ‘ਰਿਪਬਲਿਕ ਆਫ ਚਾਈਨਾ’ ਹੈ ਪਰ ਉਹ ਰੋਜ਼ਮੱਰਾ ਸ਼ਾਸਨ ਵਜੋਂ ਆਜ਼ਾਦ ਹੈ ਤੇ ਖੁਦ ਨੀਤੀਆਂ ਬਣਾਉਂਦਾ ਹੈ। ਕੁਝ ਸਾਲਾਂ ਤੋਂ ਤਾਇਵਾਨ ਚੋਣਾਂ ਵਿਚ ਘੋਰ ਚੀਨ ਵਿਰੋਧੀ ਜਿੱਤੇ ਜੋ ਮੁਕੰਮਲ ਆਜ਼ਾਦੀ ਦਾ ਨਾਅਰਾ ਦੇ ਕੇ ਅਮਰੀਕਾ ਨਾਲ ਜੁੜਨ ਦੇ ਰਾਹੇ ਪੈ ਗਏ ਹਨ ਜੋ ਚੀਨ ਨੂੰ ਮਨਜ਼ੂਰ ਨਹੀਂ।
ਕੌਮਾਂਤਰੀ ਕਾਇਦੇ-ਕਾਨੂੰਨ ਜਿਸ ਨੂੰ ਅਮਰੀਕਾ ਵੀ ਮੰਨਦਾ, ਮੁਤਾਬਕ ਤਾਇਵਾਨ ਅਲੱਗ ਦੇਸ਼ ਨਹੀਂ, ਚੀਨ ਦਾ ਅਲੱਗ ਖੁਦਮੁਖ਼ਤਾਰ ਹਿੱਸਾ ਹੈ ਜਿਸ ਦੀ ਆਪਣੀ ਕਰੰਸੀ ਤੇ ਫੌਜ ਹੈ ਪਰ ਕੁਝ ਸਾਲਾਂ ਤੋਂ ਚੀਨ ਅਮਰੀਕਾ ਦੇ ਵਿਗੜੇ ਸਬੰਧ ਵੀ ਕਲੇਸ਼ ਵਧਾਉਣ ਦਾ ਕਾਰਨ ਬਣੇ। ਅਮਰੀਕਾ ਤਾਇਵਾਨ ਵਿਚ ਪੈਰ ਧਰਾਵਾ ਕਰ ਕੇ ‘ਦੱਖਣੀ ਚੀਨ ਸਮੁੰਦਰ ਝਗੜੇ’ ਵਿਚ ਵੀ ਮਜ਼ਬੂਤ ਹੋਣਾ ਚਾਹੁੰਦਾ ਤੇ ਯੂਕਰੇਨ ਵਾਂਗ ਚੀਨ ਦੇ ਐਨ ਕੋਲ ਆਪਣੀ ਫੌਜ ਚਾਹੁੰਦਾ ਹੈ। ਚੀਨ ਇਸ ਦਾ ਅੰਤਿਮ ਹੱਲ ਫੌਜ ਨਾਲ ਤਾਇਵਾਨ ਉੱਤੇ ਮੁਕੰਮਲ ਕਬਜ਼ਾ ਕਰ ਲੈਣ ਵਿਚ ਵੀ ਦੇਖਦਾ ਹੈ। ਮਾਹੌਲ ਪੂਰਾ ਗਰਮ ਹੈ। ਅਗਰ ਗੱਲ ਵਧਦੀ ਹੈ ਤਾਂ ਇਹ ਖਿੱਤਾ ਚੀਨ-ਅਮਰੀਕਾ ਜੰਗ ਦਾ ਮੈਦਾਨ ਬਣੇਗਾ ਜਿਸ ਵਿਚ ਦੇਰ ਸਵੇਰ ਜਪਾਨ ਅਤੇ ਉੱਤਰੀ ਕੋਰੀਆ ਵੀ ਹੋਣਗੇ। ਪਰਮਾਣੂ ਸ਼ਕਤੀ ਵਾਲੇ ਮੁਲਕ ਕਦੋਂ ਕੀ ਕਰ ਦੇਣ, ਕੋਈ ਨਹੀਂ ਜਾਣਦਾ। ਅਮਰੀਕੀ ਕਾਂਗਰਸ ਦੀ ਤਾਜ਼ਾ ਰਿਪੋਰਟ ਵਿਚ ਵੀ ਚੀਨ ਨੂੰ ਅਮਰੀਕੀ ਹਿੱਤਾਂ ਦਾ ਸਭ ਤੋਂ ਵੱਡਾ ਤੇ ਤਕੜਾ ਦੁਸ਼ਮਣ ਐਲਾਨਿਆ ਗਿਆ ਹੈ।
ਭਲਾ ਇਸ ਗੱਲ ਵਿਚ ਹੈ ਕਿ ਤਾਇਵਾਨ ਲੀਡਰਸ਼ਿਪ ਚੋਣਾਂ ਜਿੱਤਣ ਲਈ ਭੜਕਾਊ ਨਾਅਰਿਆਂ ਦੇ ਚੱਕਰੀਂ ਮੁਲਕ ਦਾ ਝੁੱਗਾ ਚੌੜ ਨਾ ਕਰਾ ਬੈਠੇ। ਤਾਇਵਾਨ ਖੁਸ਼ਹਾਲ ਹੈ, ਇਸ ਦਾ ਮੌਜੂਦਾ ਰੁਤਬਾ ਬਹਾਲ ਰਹੇ, ਚੀਨ ਅਮਰੀਕਾ ਪਿੱਛੇ ਹਟਣ ਪਰ ਕੋਈ ਧਿਰ ਪਿੱਛੇ ਹਟਣ ਨੂੰ ਤਿਆਰ ਨਹੀਂ। ਜੇ ਗੱਲ ਕੋਰੀਅਨਾਂ ਦੀ ਕਰੀਏ ਤਾਂ ਕਹਿਣਾ ਪਵੇਗਾ ਕਿ ਕੋਰੀਆ ਨੂੰ ਜਪਾਨ ਨੇ 1945 ਤਕ ਗੁਲਾਮ ਬਣਾ ਕੇ ਕਬਜ਼ਾ ਅਤੇ ਜ਼ੁਲਮ ਕੀਤੇ। ਦੂਜੀ ਸੰਸਾਰ ਜੰਗ ਦੌਰਾਨ ਜਪਾਨ ਦੀ ਹਾਰ ਬਾਅਦ ਜਦ ਕਿੰਮ-ਇਲ-ਸੁੰਗ ਦੀ ਅਗਵਾਈ ਵਿਚ ਕੋਰੀਆ ਮੁਕਤ ਹੋਇਆ ਤਾਂ ਕੋਰੀਆ ਅਤੇ ਅਮਰੀਕਾ ਦਰਮਿਆਨ 1950 ਤੋਂ 1953 ਤਕ ਤਿੰਨ ਸਾਲ ਭਿਅੰਕਰ ਜੰਗ ਚੱਲੀ ਜਿਸ ਵਿਚ ਲਗਭਗ 25 ਲੱਖ ਮੌਤਾਂ ਹੋਈਆਂ; ਅੱਜ ਵੀ ‘ਸੀਜ਼ ਫਾਇਰ’ ਹੀ ਹੈ, ਸ਼ਾਂਤੀ ਸਮਝੌਤਾ ਕੋਈ ਨਹੀਂ ਹੋਇਆ। ਮੁਲਕ ਦੋ ਹਿੱਸਿਆਂ (ਉੱਤਰੀ ਕੋਰੀਆ, ਦੱਖਣੀ ਕੋਰੀਆ) ਵਿਚ ਵੰਡਿਆ ਗਿਆ। ਕਿਸੇ ਵੇਲੇ ਮੁੜ ਏਕੀਕਰਨ ਲਹਿਰ ਸੀ ਜੋ ਹੁਣ ਖਤਮ ਹੋ ਚੁੱਕੀ ਹੈ। ਉੱਤਰੀ ਕੋਰੀਆ 75 ਸਾਲਾਂ ਤੋਂ ਸਖ਼ਤ ਅਮਰੀਕੀ-ਯੂਐੱਨ ਪਾਬੰਦੀਆਂ ਦੀ ਮਾਰ ਝੱਲ ਰਿਹਾ ਹੈ, ਭਰਿਆ ਪੀਤਾ ਹੈ ਅਤੇ ਅਮਰੀਕਾ ਨੂੰ ਮੁੱਖ ਦੁਸ਼ਮਣ ਸਮਝਦਾ ਹੈ।
ਉੱਤਰੀ ਕੋਰੀਆ ਦਾ ਪਰਮਾਣੂ ਸ਼ਕਤੀ ਹੋਣਾ ਅਮਰੀਕਾ ਲਈ ਚਿੰਤਾ ਦਾ ਵਿਸ਼ਾ ਹੈ। ਦੱਖਣੀ ਕੋਰੀਆ ਵਿਚ ਹਜ਼ਾਰਾਂ ਅਮਰੀਕੀ ਫੌਜ ਬੈਠੀ ਹੈ, ਉੱਤਰੀ ਕੋਰੀਆ ਵਿਰੁੱਧ ਨਿੱਤ ਜੰਗੀ ਮਸ਼ਕਾਂ ਹੁੰਦੀਆਂ ਹਨ। ਉੱਤਰੀ ਕੋਰੀਆ ਨੂੰ ਚੀਨ ਤੇ ਰੂਸ ਦੀ ਹਮਾਇਤ ਹੈ। ਇਥੇ ਜਦੋਂ ਵੀ ਭੜਕੀ, ਆਮ ਜੰਗ ਨਹੀਂ, ਪਰਮਾਣੂ ਜਵਾਲਾ ਹੀ ਭੜਕਣੀ ਹੈ। ਚੰਗਾ ਹੋਵੇ ਜੇ ਇਕ ਦੂਜੇ ਦੀ ਹੋਂਦ ਨੂੰ ਬਰਾਬਰ ਮਾਨਤਾ ਦੇ ਕੇ ਅਮਨ ਸ਼ਾਂਤੀ ਦੀ ਕੋਈ ਪਹਿਲ ਕਿਸੇ ਪਾਸਿਉਂ ਹੋਵੇ। ਭਾਰਤ-ਚੀਨ ਸਰਹੱਦੀ ਵਿਵਾਦ ਵੀ ਹੈ ਜਿਸ ਵਿਚ ਦੋਵੇਂ ਦੇਸ਼ ਗੱਲਬਾਤ ਨੂੰ ਪਹਿਲ ਦੇ ਰਹੇ ਹਨ। ਅਮਰੀਕਾ ਦੀ ਕੋਸ਼ਿਸ਼ ਹੈ ਕਿ ‘ਕੁਆਡ’ ਗਰੁੱਪ (ਭਾਰਤ, ਜਪਾਨ, ਆਸਟਰੇਲੀਆ ਤੇ ਅਮਰੀਕਾ) ਰਣਨੀਤਕ ਗਠਜੋੜ ਦਾ ਰੂਪ ਲੈ ਲਵੇ; ਤੇ ਕੱਲ੍ਹ ਨੂੰ ਚੀਨ ਵਿਰੁੱਧ ਜੰਗ ਵਿਚ ਭਾਰਤ ਅਮਰੀਕਾ ਦਾ ਜੰਗੀ ਭਾਈਵਾਲ/ਮਦਦਗਾਰ ਬਣੇ ਪਰ ਭਾਰਤ ਅਜੇ ਤਕ ਉਨ੍ਹਾਂ ਦੇ ਟੇਟੇ ਨਹੀਂ ਚੜ੍ਹਿਆ। ਇਹ ਕਹਿੰਦਾ ਹੈ ਕਿ ਅਸੀਂ ਤਾਂ ਵਾਤਾਵਰਨ, ਵਿਕਾਸ ਸਹਿਯੋਗ ਲਈ ਕੁਆਡ ਦੇ ਮੈਂਬਰ ਹਾਂ। ਚੰਗਾ ਹੈ ਜੇ ਬਚਿਆ ਰਹੇ ਕਿਉਂਕਿ ਅਮਰੀਕੀ ਵੀ ਅੱਗਿਓਂ ਕੱਚੀਆਂ ਗੋਲੀਆਂ ਨਹੀਂ ਖੇਡੇ। ਉਹ ਅਗਲੇ ਨੂੰ ਇਉਂ ਵਿਚ ਘੜੀਸ ਲੈਂਦੇ ਜਿਵੇਂ ਗਿੱਧਾ ਪਾਉਣ ਵਾਲੀਆਂ ਬੋਲੀ ਪਾ ਕੇ ਪਾਸੇ ਖਲੋਤੀ ਨੂੰ ਗੇੜਾ ਦੇਣ ਲਈ ਘੜੀਸ ਲੈਂਦੀਆਂ। ਰੂਸ ਨੇ ਹਮੇਸ਼ਾ ਭਾਰਤ ਚੀਨ ਤਣਾਓ ਵਧਣ ਤੋਂ ਰੋਕਣ ਵਿਚ ਭੂਮਿਕਾ ਨਿਭਾਈ ਹੈ।
ਹੁਣ ਚਿੰਤਾ ਅਤੇ ਵਿਚਾਰ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਵਿਵਾਦਾਂ (ਯੂਕਰੇਨ, ਫਲਸਤੀਨ, ਤਾਇਵਾਨ, ਕੋਰੀਆ) ਨੂੰ ਸੁਲਝਾਉਣ ਦੀ ਕੋਈ ਵੀ ਨਿੱਗਰ ਕੋਸ਼ਿਸ਼ ਨਜ਼ਰ ਨਹੀਂ ਆ ਰਹੀ; ਬੇਵਿਸ਼ਵਾਸੀ ਇੰਨੀ ਜਿ਼ਆਦਾ ਹੈ ਕਿ ਪੁੱਛੋ ਨਾ। ਸੱਚ ਇਹ ਹੈ ਰੂਸ, ਚੀਨ, ਅਮਰੀਕਾ ਦਰਮਿਆਨ ਯੁੱਧ ਛਿੜਿਆ ਤਾਂ ਅਖਿ਼ਰਕਾਰ ਪਰਮਾਣੂ ਜੰਗ ਵੱਲ ਹੀ ਜਾਏਗਾ। ਮਨੁੱਖੀ ਨਸਲ ਦਾ ਘਾਣ ਹੋਣ ਦਾ ਖ਼ਤਰਾ ਹੈ। ਅੰਦਾਜ਼ਾ ਹੈ ਕਿ ਜੇ ਵੱਡਾ ਪਰਮਾਣੂ ਯੁੱਧ ਛਿੜਿਆ ਵੀ ਤਾਂ ਇਸ ਦਾ ਅਸਰ ਭਾਵੇਂ ਸਾਰੀ ਦੁਨੀਆ ’ਤੇ ਪਵੇਗਾ ਪਰ ਦੁਨੀਆ ਦੇ ਕੁਝ ਹਿੱਸੇ ਇਸ ਦੇ ਸੇਕ ਤੋਂ ਬਚੇ ਰਹਿਣਗੇ। ਭਾਰਤ ਤੇ ਪਾਕਿਸਤਾਨ ਕਿਸੇ ਬੰਨਿਓਂ ਲੱਤ ਗੱਡ ਕੇ ਨਹੀਂ ਕੁੱਦਣਗੇ। ਸਾਰੇ ਲਾਤੀਨੀ ਅਮਰੀਕੀ ਅਤੇ ਅਫਰੀਕੀ ਦੇਸ਼ ਵੀ ਇਸ ਤੋਂ ਤਕਰੀਬਨ ਬਚੇ ਰਹਿਣਗੇ ਕਿਉਂਕਿ ਉਹ ਕਿਸੇ ਧੜੇ ਵਿਚ ਨਹੀਂ ਤੇ ਕੁਝ ਹੋਰ ਏਸ਼ੀਅਨ ਮੁਲਕ ਵੀ ਨਹੀਂ। ਉਂਝ, ਇਸ ਵਿਨਾਸ਼ਕਾਰੀ ਜੰਗ ਦੇ ਮਾਰੂ ਅਸਿੱਧੇ ਅਸਰਾਂ ਤੋਂ ਕੋਈ ਨਹੀਂ ਬਚੇਗਾ।
ਇਨ੍ਹਾਂ ਜੰਗਾਂ ਦੇ ਕਾਰਨਾਂ ਬਾਰੇ ਸਿਆਣਿਆਂ ਦਾ ਵਿਚਾਰ ਹੈ ਕਿ ਇਕ ਤਾਂ ਜਿਨ੍ਹਾਂ ਮੁਲਕਾਂ ਦਾ ਵਪਾਰ ਕਾਰੋਬਾਰ ਹਥਿਆਰ ਬਣਾਉਣ ਵੇਚਣ ਨਾਲ ਜੁੜਿਆ ਹੋਇਆ ਹੈ, ਉਨ੍ਹਾਂ ਨੇ ਕਦੀ ਵੀ ਦੁਨੀਆ ਉੱਤੇ ਸ਼ਾਂਤੀ ਨਹੀਂ ਹੋਣ ਦੇਣੀ। ਜ਼ਿਆਦਾਤਰ ਜੰਗਾਂ ਵਪਾਰਕ/ਮਾਇਕ ਹਿੱਤਾਂ ਲਈ ਹੁੰਦੀਆਂ। ਜਿਨ੍ਹਾਂ ਵਪਾਰਕ ਘਰਾਣਿਆਂ ਦੇ ਹਿੱਤਾਂ ਲਈ ਜੰਗਾਂ ਹੁੰਦੀਆਂ, ਉਹ ਕਦੀ ਕਿਸੇ ਜੰਗ ਵਿਚ ਨਹੀਂ ਮਰਦੇ, ਉਹ ਹਮੇਸ਼ਾ ਕਮਾਈਆਂ ਕਰਦੇ ਤੇ ਸੁੱਖ ਲੈਂਦੇ ਹਨ। ਇਹੀ ਅਸਲੀ ਹਾਕਮ ਨੇ। ਲੀਡਰ ਇਨ੍ਹਾਂ ਦੇ ਮੋਹਰੇ ਜੋ ਰਾਜ ਕਰਨ ਦੇ ਭੁਸ-ਭਰਮ ਖ਼ਾਤਿਰ ਕਿਸੇ ਵੀ ਹੱਦ ਤਕ ਜਾ ਸਕਦੇ। ਲੀਡਰ ਤਾਂ ਚੋਣਾਂ ਜਿੱਤਣ ਲਈ ਜੰਗ ਲਾ ਦੇਣ ਦੀਆਂ ਬੜ੍ਹਕਾਂ ਵੀ ਮਾਰ ਦਿੰਦੇ। ਸੁਮੱਤ ਦੇਣ ਵਾਲਾ ਕੋਈ ਵੀ ਦੇਸ਼ ਇਸ ਵਕਤ ਸਾਹਮਣੇ ਨਹੀਂ ਆ ਰਿਹਾ। ਯੂਰੋਪੀਅਨ ਮੁਲਕਾਂ ਨੇ ਸ਼ੈਤਾਨੀ ਚੁੱਪ ਧਾਰੀ ਹੋਈ ਹੈ। ਉਹ ਅਮਰੀਕਾ ਦੀ ਕਾਰੋਬਾਰੀ ਜ਼ੋਰਾਵਰੀ ਤੋਂ ਔਖੇ ਵੀ ਹਨ, ਤੇ ਜਾਪਦਾ ਜਿਵੇਂ ਅੰਦਰੋਂ ਚਾਹ ਰਹੇ ਹੋਣ ਕਿ ਅਮਰੀਕਾ ਕਿਤੇ ਸਿੰਙ ਫਸਾ ਕੇ ਜ਼ਰਾ ਕੁ ਤੁੜਾ ਲਵੇ।
ਰੂਸ, ਚੀਨ, ਉੱਤਰੀ ਕੋਰੀਆ, ਇਰਾਨ ਆਪੋ-ਆਪਣੇ ਸਥਾਨਕ ਵਿਵਾਦਾਂ ਵਿਚ ਹਨ, ਬਾਕੀ ਕਿਸੇ ਥਾਂ ਜਾ ਕੇ ਮੋਹਰੀ ਨਹੀਂ ਲੇਕਿਨ ਅਮਰੀਕਾ ਦਾ ਕੋਈ ਵੀ ਸਥਾਨਕ ਵਿਵਾਦ ਨਹੀਂ, ਉਹ ਦੂਰ ਪਾਰ ਜਾ ਕੇ ਦੂਜਿਆਂ ਦੇ ਝਗੜਿਆਂ ਵਿਚ ਮੋਹਰੀ ਹੈ। ਇੰਨੇ ਪਾਸੀਂ ਖਾਹਮਖਾਹ ਸਿੱਧਾ ਫਸਣਾ ਅਮਰੀਕੀਆਂ ਦੇ ਹਿੱਤ ਵਿਚ ਨਹੀਂ। ਇਹ ਆਪਣੇ ਆਮ ਨਾਗਰਿਕਾਂ ਲਈ ਦੁਨੀਆ ਭਰ ਵਿਚ ਅਸੁਰੱਖਿਤ ਮਾਹੌਲ ਪੈਦਾ ਕਰਨ ਵਾਲੀ ਗੱਲ ਹੈ। ਯੂਐੱਨ ਜ਼ੋਰਾਵਰ ਮੁਲਕਾਂ ਸਾਹਮਣੇ ਅਸਲੋਂ ਬੇਵਸ ਹੈ। ਇਹ ਜਿਹੜਾ ਵੀ ਮਤਾ ਪਾਸ ਕਰਦੀ ਹੈ, ਤਕੜੇ ਮੁਲਕ ਮੰਨਦੇ ਨਹੀਂ। ਜ਼ਰਾ ਸਮਰੱਥ ਮੁਲਕਾਂ ਵਿਚੋਂ ਸਿਰਫ ਭਾਰਤ ਹੈ ਜੋ ਵਿਚੋਲਾ ਬਣ ਸਕਦਾ ਹੈ, ਹੋਰਨਾ ਨੂੰ ਨਾਲ ਲੈ ਸਕਦਾ ਹੈ। ਇਸ ਦਾ 1947 ਤੋਂ ਹੀ ਹੋਰ ਮੁਲਕਾਂ ਨਾਲ ਭਾਈਚਾਰਾ ਚੰਗਾ ਹੈ ਪਰ ਸਾਡੀ ਮੌਜੂਦਾ ਲੀਡਰਸ਼ਿਪ ਦੇ ਭਾਈਚਾਰਕ ਪਿਆਰ ਪੱਖੋਂ ਵਿਚਾਰ, ਤੇਵਰ, ਕਾਰਗੁਜ਼ਾਰੀ ਸਮੇਂ ਦੇ ਹਾਣ ਦੀ ਨਹੀਂ ਲਗਦੀ; ਨਹੀਂ ਤਾਂ ਭਾਰਤ ਲਈ ਵੱਕਾਰ ਬਣਾਉਣ ਦਾ ਇਹ ਸਹੀ ਮੌਕਾ ਸੀ। ਸਾਡੀਆਂ ਵਿਰੋਧੀ ਪਾਰਟੀਆਂ ਸਮਝਦੀਆਂ ਕਿ ਕੌਮਾਂਤਰੀ ਮੁੱਦਿਆਂ ਉੱਤੇ ਬੋਲਣਾ ਖੌਰੇ ਸਿਰਫ ਸਰਕਾਰ ਦਾ ਹੀ ਕੰਮ ਹੁੰਦਾ; ਇਹ ਤਾਂ ਦੁਨੀਆ ਦੇ ਹਰ ਬੰਦੇ ਦੀ ਜ਼ਿੰਮੇਵਾਰੀ ਅਤੇ ਹੱਕ ਹੈ। ਸੰਸਾਰ ਅਮਨ ਲਹਿਰ ਵਕਤ ਦੀ ਲੋੜ ਹੈ।