ਓਲੰਪਿਕ ’ਚ ਅਣਹੋਣੀ

ਇਹ ਮੰਦਭਾਗਾ ਹੈ ਕਿ ਪੈਰਿਸ ਓਲੰਪਿਕ ਵਿਚ ਤਗਮੇ ਦੀ ਪੱਕੀ ਦਾਅਵੇਦਾਰ ਵਿਨੇਸ਼ ਫੋਗਾਟ ਫਾਈਨਲ ਮੁਕਾਬਲੇ ਲਈ ਅਯੋਗ ਕਰਾਰ ਦਿੱਤੀ ਗਈ। ਉਸ ਤੋਂ ਸੋਨੇ ਦੇ ਤਗਮੇ ਦੀ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਇਸ ਤੋਂ ਪਹਿਲਾਂ ਦੇ ਸਾਰੇ ਮੁਕਾਬਲਿਆਂ ਵਿਚ ਉਸ ਨੇ ਬਹੁਤ ਚੰਗੀ ਕਾਰਗੁਜ਼ਾਰੀ ਦਿਖਾਈ ਸੀ ਅਤੇ ਕਈ ਨਾਮੀ ਪਹਿਲਵਾਨਾਂ ਨੂੰ ਹਰਾਇਆ ਸੀ ਪਰ ਅੰਤਿਮ ਮੁਕਾਬਲੇ ਤੋਂ ਕੁਝ ਘੰਟੇ ਪਹਿਲਾਂ ਉਸ ਦਾ ਵਜ਼ਨ ਸੌ ਗ੍ਰਾਮ ਜ਼ਿਆਦਾ ਨਿਕਲਿਆ। ਇਸ ਦੇ ਨਾਲ ਹੀ ਉਸ ਦਾ ਸੁਪਨਾ ਤਾਂ ਟੁੱਟਿਆ ਹੀ, ਸਾਰੇ ਦੇਸ਼ ਵਾਸੀਆਂ ਦੀਆਂ ਉਮੀਦਾਂ ’ਤੇ ਵੀ ਪਾਣੀ ਫਿਰ ਗਿਆ। ਇੱਥੇ ਕਿਉਂਕਿ ਇਕ ਤਰ੍ਹਾਂ ਨਾਲ ਹੱਥ ਆਇਆ ਮੈਡਲ ਖੁੱਸ ਗਿਆ, ਇਸ ਲਈ ਅਫ਼ਸੋਸ ਜ਼ਿਆਦਾ ਹੈ। ਇਹ ਹੋਣਾ ਵੀ ਚਾਹੀਦਾ ਹੈ ਪਰ ਇਸ ਘਟਨਾਚੱਕਰ ਤੋਂ ਸਬਕ ਵੀ ਸਿੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਕਿਸੇ ਨਾਲ ਅਜਿਹਾ ਨਾ ਹੋਵੇ। ਇਸ ਓਲੰਪਿਕ ਵਿਚ ਵਿਨੇਸ਼ ਨੇ 53 ਕਿੱਲੋਗ੍ਰਾਮ ਦੇ ਆਪਣੇ ਸੁਭਾਵਿਕ ਵਰਗ ਨੂੰ ਛੱਡ ਕੇ 50 ਕਿੱਲੋਗ੍ਰਾਮ ਭਾਰ ਵਰਗ ਵਿਚ ਕੁਸ਼ਤੀ ਲੜਨਾ ਚੁਣਿਆ ਸੀ।

ਇਸ ਵਾਸਤੇ ਉਸ ਨੇ ਤਿਆਰੀ ਕੀਤੀ ਸੀ ਪਰ ਸ਼ਾਇਦ ਉਹ ਆਪਣੇ ਵਜ਼ਨ ’ਤੇ ਕਾਬੂ ਪਾਉਣ ਦਾ ਓਨਾ ਅਭਿਆਸ ਨਹੀਂ ਕਰ ਸਕੀ ਜਿੰਨਾ ਜ਼ਰੂਰੀ ਸੀ। ਕੌਮਾਂਤਰੀ ਖੇਡ ਮੁਕਾਬਲਿਆਂ ਦੇ ਮਾਪਦੰਡਾਂ ’ਤੇ ਖ਼ਰਾ ਉਤਰਨ ਦੀ ਜ਼ਿੰਮੇਵਾਰੀ ਜਿੰਨੀ ਕਿਸੇ ਖਿਡਾਰੀ ਦੀ ਹੁੰਦੀ ਹੈ, ਓਨੀ ਹੀ ਉਸ ਦੇ ਕੋਚ ਅਤੇ ਸੁਪੋਰਟ ਸਟਾਫ ਦੀ ਵੀ। ਵਿਨੇਸ਼ ਦੇ ਮਾਮਲੇ ਵਿਚ ਕਿੱਥੇ, ਕੀ ਉਕਾਈ ਹੋਈ, ਇਸ ਦੀ ਜਵਾਬਦੇਹੀ ਉਸ ਦੇ ਕੋਚ ਅਤੇ ਸੁਪੋਰਟ ਸਟਾਫ ਦੀ ਹੈ। ਉਨ੍ਹਾਂ ਨੇ ਆਪਣੀ ਸਫ਼ਾਈ ਵਿਚ ਕਾਫ਼ੀ ਕੁਝ ਕਿਹਾ ਹੈ ਅਤੇ ਇਹ ਸਪਸ਼ਟ ਕੀਤਾ ਹੈ ਕਿ ਵਿਨੇਸ਼ ਦੇ ਵਜ਼ਨ ’ਤੇ ਕਾਬੂ ਰੱਖਣ ਲਈ ਉਹ ਸਭ ਕੁਝ ਕੀਤਾ ਗਿਆ ਜੋ ਸੰਭਵ ਸੀ ਪਰ ਆਖ਼ਰ ਕਿਤੇ ਤਾਂ ਕੁਝ ਭੁੱਲ-ਚੁੱਕ ਹੋਈ ਹੀ। ਇਹ ਕਿਨ੍ਹਾਂ ਕਾਰਨਾਂ ਕਾਰਨ ਹੋਈ, ਇਹ ਸਾਹਮਣੇ ਆਉਣਾ ਚਾਹੀਦਾ ਹੈ। ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇਣ ਅਤੇ ਇਸ ਤਰ੍ਹਾਂ ਭਾਰਤ ਦੇ ਮੈਡਲ ਤੋਂ ਵਿਰਵੇ ਹੋਣ ’ਤੇ ਮੁਲਕ ਵਾਸੀਆਂ ਵੱਲੋਂ ਆਪਣੀ ਨਿਰਾਸ਼ਾ ਦਾ ਪ੍ਰਗਟਾਵਾ ਕੀਤੇ ਜਾਣ ਦੌਰਾਨ ਕੁਝ ਨੇਤਾਵਾਂ ਵੱਲੋਂ ਗ਼ੈਰ-ਜ਼ਰੂਰੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੋ ਉਨ੍ਹਾਂ ਦੀ ਪਰਪੱਕਤਾ ਦੀ ਘਾਟ ਨੂੰ ਹੀ ਦਰਸਾਉਂਦੀ ਹੈ।

ਇਹ ਸਮਝ ਆਉਂਦਾ ਹੈ ਕਿ ਉਨ੍ਹਾਂ ਨੂੰ ਨਾ ਇਸ ਖੇਡ ਦੀ ਜਾਣਕਾਰੀ ਹੈ ਅਤੇ ਨਾ ਹੀ ਇਸ ਦੇ ਨਿਯਮਾਂ ਦੀ ਪਰ ਇਸ ਦਾ ਅਰਥ ਇਹ ਨਹੀਂ ਕਿ ਜੋ ਕੁਝ ਮਨ ਵਿਚ ਆਵੇ, ਉਹੀ ਬੋਲੀ ਜਾਓ। ਕੋਈ ਵਿਨੇਸ਼ ਨਾਲ ਸਾਜ਼ਿਸ਼ ਦੀ ਕਹਾਣੀ ਘੜ ਰਿਹਾ ਹੈ ਅਤੇ ਕੋਈ ਉਸ ਨੂੰ ਅਯੋਗ ਕਰਾਰ ਦੇਣ ਵਿਚ ਕਿਸੇ ਨੇਤਾ ਦਾ ਹੱਥ ਦੇਖ ਰਿਹਾ ਹੈ। ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਫੋਗਾਟ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਨ ਵਿਰੁੱਧ ਧਰਨਾ-ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ। ਨਿਰਸੰਦੇਹ ਵਿਨੇਸ਼ ਦਾ ਮੁਕਾਬਲੇ ਤੋਂ ਬਾਹਰ ਹੋ ਜਾਣਾ ਅਤੇ ਉਸ ਨੂੰ ਕੋਈ ਤਗਮਾ ਨਾ ਮਿਲਣਾ ਬੇਹੱਦ ਹੈਰਾਨ-ਪਰੇਸ਼ਾਨ ਕਰਨ ਵਾਲਾ ਵਰਤਾਰਾ ਹੈ ਪਰ ਖੇਡਾਂ ਦੇ ਆਪਣੇ ਨਿਯਮ ਹੁੰਦੇ ਹਨ। ਉਹ ਸਾਡੇ ਜਾਂ ਕਿਸੇ ਹੋਰ ਦੇ ਹਿਸਾਬ ਨਾਲ ਨਹੀਂ ਬਣ ਸਕਦੇ। ਵਿਨੇਸ਼ ਦੇ ਮਾਮਲੇ ਵਿਚ ਸਾਜ਼ਿਸ਼ ਦੀਆਂ ਕਹਾਣੀਆਂ ਬਣਾ ਰਹੇ ਲੋਕ ਇਸ ਤੱਥ ਦੀ ਅਣਦੇਖੀ ਕਰ ਰਹੇ ਹਨ ਕਿ ਉਸ ਨਾਲ ਉਸ ਦੀ ਪਸੰਦ ਦਾ ਸੁਪੋਰਟ ਸਟਾਫ ਸੀ। ਇਸ ਮਾਮਲੇ ਵਿਚ ਨੇਤਾਵਾਂ ਦੇ ਪ੍ਰਤੀਕਰਮ ਜੱਗ ਹਸਾਈ ਕਰਵਾਉਣ ਵਾਲੇ ਹਰਗਿਜ਼ ਨਹੀਂ ਹੋਣੇ ਚਾਹੀਦੇ। ਉਨ੍ਹਾਂ ਨੂੰ ਇਹ ਵੀ ਸਮਝ ਹੋਣੀ ਚਾਹੀਦੀ ਹੈ ਕਿ ਇਹ ਪਾਰਟੀਬਾਜ਼ੀ ਵਾਲੀ ਸਿਆਸਤ ਦਾ ਮਜ਼ਮੂਨ ਨਹੀਂ ਹੈ।

ਸਾਂਝਾ ਕਰੋ

ਪੜ੍ਹੋ