ਤਾਜ਼ਾ ਖ਼ਬਰਾਂ

ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ ‘ਖ਼ੇਡ ਰਤਨ ਪੁਰਸਕਾਰ’ (ਸਵਾ ਦੋ ਤੋਲ਼ੇ ਦਾ ਸੋਨ-ਮੈਡਲ) ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ


ਫਗਵਾੜਾ 9 ਅਗਸਤ (ਏ.ਡੀ.ਪੀ ਨਿਯੂਜ਼) ਓਲੰਪਿਕ ਵਿਚ ਸਾਡੀ ਮਹਾਨ ਤੇ ਮਾਣਮੱਤੀ ਪਹਿਲਵਾਨ ਵਿਨੇਸ਼ ਫ਼ੋਗਾਟ ਨਾਲ ਜਿਵੇਂ ਗੰਦੀ ਸਿਆਸਤ ਖੇਡੀ ਗਈ ਤੇ ਉਹਨੂੰ 100 ਗਰਾਮ ਭਾਰ ਵੱਧ ਦੱਸ ਕੇ ਮੁਕਾਬਲੇ ਵਿਚੋਂ ਬਾਹਰ ਕਰ ਦਿੱਤਾ।। ਇਸ ਬਾਰੇ ਮੈਂ ਕੁਝ ਘੰਟੇ ਪਹਿਲਾਂ ਹੇਠ ਲਿਖੀ ਪੋਸਟ ਫੇਸਬੁੱਕ ’ਤੇ ਸਾਂਝੀ ਕੀਤੀ ਸੀ।  … ਹਾਇ! ਜੇ ਮੇਰੇ ਵੱਸ ਵਿੱਚ ਹੋਵੇ ਤਾਂ ਮੈਂ ਵਿਨੇਸ਼ ਫ਼ੋਗਾਟ ਦੇ ਵਧੇ ਜਾਂ ਵਧਾਏ ਗਏ ਸੌ ਗਰਾਮ ਭਾਰ ਦੀ ਥਾਂ ਸੌ ਕਿਲੋਗਰਾਮ ਸੋਨਾ ਇਕੱਠਾ ਕਰ ਕੇ ਉਹਨੂੰ ਸੋਨੇ ਵਿੱਚ ਮੜ੍ਹ ਦਿਆਂ! ਲੋਕ ਚਾਹੁਣ ਤਾਂ ਇੰਝ ਵੀ ਹੋ ਸਕਦਾ ਏ ਨਾ!!!??? …

ਇਸ ਨੂੰ ਪੜ੍ਹ ਕੇ ਬਹੁਤ ਸਾਰੇ ਸੱਜਣਾ ਨੇ ਕਿਹਾ ਕਿ ਬੇਸ਼ੱਕ ਵਿਨੇਸ਼ ਫ਼ੋਗਾਟ ਦਾ ਲੋਕ-ਸਨਮਾਨ ਹੋਣਾ ਚਾਹੀਦਾ ਹੈ। ਉਹਨਾਂ ਵਿਚੋਂ ਦਿਲਾਵਰ ਚਾਹਲ ਹੁਰਾਂ ਨੇ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਤੇ ਹੋਰ ਵੀ ਕਈ ਸੱਜਣਾਂ ਨੇ ਬੜਾ ਸਾਰਥਕ ਹੁੰਗਾਰਾ ਦਿੰਦਿਆਂ ਇਸ ਵਿਚ ਆਪਣਾ ਹਿੱਸਾ ਪਾਉਣ ਦੀ ਇੱਛਾ ਸਾਂਝੀ ਕੀਤੀ। ਪਰ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੇ ਇਸ ਗੱਲ ਦਾ ਖ਼ੂਬਸੂਰਤ ਹੁੰਗਾਰਾ ਕੁਝ ਇਸ ਅੰਦਾਜ਼ ਵਿਚ ਭਰਿਆ:-

ਭਾਰਤ ਦੀ ਮਾਣਮੱਤੀ ਪਹਿਲਵਾਨ ਧੀ ਵਿਨੇਸ਼ ਫ਼ੋਗਾਟ ਨੇ ਜਿਵੇਂ ਇੱਕ ਦਿਨ ਵਿਚ ਹੀ ਦੁਨੀਆਂ ਦੇ ਸਿਖ਼ਰਲੇ ਡੰਡੇ ’ਤੇ ਪਹੁੰਚੀਆਂ ਤਿੰਨ ਪਹਿਲਵਾਨਾਂ (ਜਿਨ੍ਹਾਂ ਵਿਚ 82 ਜਿੱਤਾਂ ਜਿੱਤਣ ਵਾਲੀ ਜਪਾਨ ਦੀ ਸਾਬਕਾ ਉਲੰਪਿਕ ਜੇਤੂ ਖਿਡਾਰੀ ਵੀ ਸ਼ਾਮਲ ਹੈ) ਨੂੰ ਹਰਾ ਕੇ ਫ਼ਾਈਨਲ ਵਿਚ ਪ੍ਰਵੇਸ਼ ਕਰ ਕੇ ਮੈਡਲ ਪੱਕਾ ਕਰ ਲਿਆ ਸੀ, ਉਸ ਨੂੰ ਜਿਵੇਂ ਸੱਤਾ ਨੇ ਗੰਦੀ ਰਾਜਨੀਤਕ ਖੇਡ ਖੇਡਦਿਆਂ ਘਿਨੌਣੀ ਸਾਜਿਸ਼ ਦਾ ਸ਼ਿਕਾਰ ਬਣਾਇਆ ਤੇ ਸੌ ਗਰਾਮ ਭਾਰ ਵਧ ਜਾਣ/ ਵਧਾਏ ਜਾਣ ਕਾਰਨ ਕੁਸ਼ਤੀ ਲੜਨ ਤੋਂ ਅਵੈਧ ਕਰਾਰ ਕਰ ਦਿੱਤਾ ਗਿਆ, ਇਸ ਨਾਲ ਵਿਨੇਸ਼ ਫ਼ੋਗਾਟ ਦਾ ਹੀ ਨਹੀਂ, ਸਾਰੇ ਭਾਰਤ ਵਾਸੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਵਿਨੇਸ਼ ਫ਼ੋਗਾਟ ਦੇ ਨਾਲ ਹੀ ਸਾਰਾ ਭਾਰਤ ਨਮੋਸ਼ੀ ਤੇ ਦੁੱਖ ਦੀ ਡੂੰਘੀ ਖੱਡ ਵਿਚ ਡਿੱਗਾ ਮਹਿਸੂਸ ਕਰ ਰਿਹਾ ਹੈ। ਸੁਹਿਰਦ ਭਾਰਤ ਵਾਸੀ ਵਿਨੇਸ਼ ਦੇ ਅੱਥਰੂਆਂ ਦੀ ਸਿੱਲ੍ਹ ਆਪਣੀਆਂ ਅੱਖਾਂ ਵਿਚ ਮਹਿਸੂਸ ਕਰ ਰਹੇ ਹਨ। ਵਿਨੇਸ਼ ਨੂੰ ਹੁਣ ਇਸ ਵੇਲੇ ਸਭ ਤੋਂ ਵੱਧ ਆਪਣੇ ਲੋਕਾਂ ਦੇ ਪਿਆਰ, ਆਸ਼ੀਰਵਾਦ ਤੇ ਮੁਹੱਬਤੀ ਗਲਵੱਕੜੀ ਦੀ ਜ਼ਰੂਰਤ ਹੈ।

ਅਜਿਹੇ ਦੁੱਖ ਦੀ ਘੜੀ ਵਿਚ ਪੰਜਾਬੀ ਖੇਡ-ਲੇਖਣ ਦੇ ਭੀਸ਼ਮ ਪਿਤਾਮਾ ਤੇ ਪੰਜਾਬੀ ਵਾਰਤਕ ਦੇ ਉੱਚੇ ਬੁਰਜ ਵਜੋਂ ਜਾਣੇ ਜਾਂਦੇ ਬਹੁਤ ਵੱਡੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਦਾ ਮਨ ਪਸੀਜਿਆ ਹੈ ਤੇ ਉਹਨਾਂ ਨੇ ਆਪਣੀ ਇਸ ਧੀ ਦੇ ਸਿਰ ਉੱਤੇ ਆਪਣਾ ਆਸ਼ੀਰਵਾਦੀ ਹੱਥ ਰੱਖ ਕੇ ਉਹਨੂੰ ਕੁਝ ਇਸ ਅੰਦਾਜ਼ ਵਿਚ ਹੌਸਲਾ ਤੇ ਪਿਆਰ ਦਿੱਤਾ ਹੈ। ਉਹਨਾਂ ਨੂੰ ਪੰਜਾਬ ਦੀ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡਾਂ ਹਕੀਮਪੁਰ ਵਿੱਚ 5 ਮਾਰਚ 2023 ਨੂੰ ਪੰਜਾਬੀ ਖੇਡ ਪ੍ਰਮੋਟਰਾਂ ਵੱਲੋਂ ਉਮਰ ਭਰ ਦੀਆਂ ਸਿੱਖਿਆ, ਸਾਹਿਤ, ਸਿਹਤ ਤੇ ਖੇਡ ਸੇਵਾਵਾਂ ਲਈ ‘ਖੇਡ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਸਮੁੱਚੇ ਲੇਖਕ-ਜਗਤ ਵੱਲੋਂ ਆਪਣੀਆਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਮਿਲੇ ਸਵਾ ਦੋ ਤੋਲੇ ਸੋਨੇ ਦੇ ਗੋਲਡ ਮੈਡਲ ਨੂੰ ਆਪਣੀ ਇਸ ਮਾਣ-ਮੱਤੀ ਧੀ ਦੀ ਝੋਲੀ ਪਾ ਕੇ ਉਹਨੂੰ ਗਲ਼ ਨਾਲ ਲਾਉਣਗੇ। ਇਸ ਮੌਕੇ ਪੰਜਬੀ ਖੇਡ ਜਗਤ ਦੇ ਇਸ ਬਾਬਾ ਬੋਹੜ ਨੇ ਇਹ ਵੀ ਕਿਹਾ ਕਿ ਵਿਨੇਸ਼ ਨੂੰ ਇਸ ਵੇਲੇ ਨਾ ਗੋਲਡ ਦੀ ਲੋੜ ਹੈ, ਨਾ ਪੈਸੇ ਦੀ। ਉਹਨੂੰ ਲੋੜ ਹੈ ਪਿਆਰ, ਧਰਵਾਸ ਅਤੇ ਆਸ਼ੀਰਵਾਦ ਦੀ। ਅੱਜ ਸਾਰਾ ਭਾਰਤ ਉਸ ਲਈ ਹਾਉਕੇ ਵੀ ਭਰ ਰਿਹਾ ਹੈ। ਉਹਦੇ ਨਾਲ ਮਿਲ ਕੇ ਖੂੰਨ ਦੇ ਅੱਥਰੂ ਵੀ ਰੋ ਰਿਹਾ ਹੈ। ਉਹਨਾਂ ਵੱਲੋਂ ਦਿੱਤੀ ਇਹ ਮਾਮੂਲੀ ਭੇਟ ਆਪਣੇ ਹੱਥਾਂ ਨਾਲ ਵਿਨੇਸ਼ ਦੇ ਅੱਥਰੂ ਪੂੰਝਣ ਦੀ ਨਿਮਾਣੀ ਜਿਹੀ ਕੋਸ਼ਿਸ਼ ਹੈ। ਉਹ ਉਮੀਦ ਕਰਦੇ ਹਨ ਕਿ ਹੋਰ ਭਾਰਤੀ ਨਿਸਚੈ ਹੀ ਖੁੱਲ੍ਹੀਆਂ ਬਾਹਵਾਂ ਨਾਲ ਆਪਣੇ ਆਪਣੇ ਅੰਦਾਜ਼ ਵਿਚ ਵਿਨੇਸ਼ ਨੂੰ ਗਲ਼ ਨਾਲ ਲਾ ਕੇ ਉਹਦੀ ਧਿਰ ਅਤੇ ਧਰਵਾਸ ਬਣ ਸਕਦੇ ਹਨ।

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ

29ਵੇਂ ਆਲ ਇੰਡੀਆ ਜੇ.ਪੀ. ਅਤਰੇ ਕ੍ਰਿਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ...