ਸਾਲ 2022 ਵਿਚ ਮੈਂ ਨੇਪਾਲ ਵਿਚ ਸੀ। ਮੈਨੂੰ ਕਾਠਮੰਡੂ ਵਿਚ ਸਭ ਤੋਂ ਪੁਰਾਣੇ ਅਤੇ ਪਵਿੱਤਰ ਮੰਦਰ ਪਸ਼ੂਪਤੀਨਾਥ ਵਿਚ ਮੱਥਾ ਟੇਕਣ ਦਾ ਮੌਕਾ ਮਿਲਿਆ। ਨੇਪਾਲ ਨੂੰ ਮਾਊਂਟ ਐਵਰੈਸਟ, ਕੰਚਨਜੰਗਾ ਅਤੇ ਹੋਰ ਪਰਬਤਾਂ ਸਮੇਤ ਦੁਨੀਆ ਦੀਆਂ ਅੱਠ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਦਾ ਘਰ ਹੋਣ ਲਈ ‘ਵਿਸ਼ਵ ਦੀ ਛੱਤ’ ਵਜੋਂ ਜਾਣਿਆ ਜਾਂਦਾ ਹੈ। ਨੇਪਾਲ ਇਕ ਐਸਾ ਦੇਸ਼ ਹੈ ਜੋ ਸੁਤੰਤਰਤਾ ਦਿਵਸ ਨਹੀਂ ਮਨਾਉਂਦਾ ਕਿਉਂਕਿ ਉਹ ਕਦੇ ਵੀ ਕਿਸੇ ਦੇਸ਼ ਦੇ ਕਬਜ਼ੇ ਹੇਠ ਨਹੀਂ ਰਿਹਾ। ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਸ਼ਵ ’ਚ ਮੰਨਿਆ-ਪ੍ਰਮੰਨਿਆ ਸ਼ਹਿਰ ਹੈ। ਨੇਪਾਲ ਵਿਚ ਮੇਰੀ ਯਾਤਰਾ ਦੌਰਾਨ ਮੈਂ ਸੋਚ ਰਿਹਾ ਸੀ ਕਿ ਕਿਸੇ ਵਕਤ ਪੰਜਾਬ ਦਾ ਮਹਾਰਾਜਾ ਅਤੇ ਨੇਪਾਲ ਦਾ ਰਾਜਾ ਦੋਸਤ ਸਨ। ਉਹ ਵੀ ਸਮਾਂ ਸੀ ਜਦ ਕਾਠਮੰਡੂ ਪਹੁੰਚਣ ਲਈ ਇਕ ਮਾਈ ਨੇ ਲੰਬਾ ਸਫ਼ਰ ਕੀਤਾ ਸੀ। ਉਹ ਵੀ ਸਮਾਂ ਸੀ ਜਦ ਇਕ ਰਾਣੀ ਨੂੰ ਭਿਖਾਰੀ ਬਣ ਲੁਕ-ਛਿਪ ਕੇ ਆਪਣਾ ਦੇਸ਼ ਛੱਡ ਕੇ ਕਾਠਮੰਡੂ ਆਉਣਾ ਪਿਆ ਸੀ। ਅੰਗਰੇਜ਼ਾਂ ਵੱਲੋਂ ਰਾਜ-ਭਾਗ ਖੋਹਣ ਤੋਂ ਬਾਅਦ ਮਾਈ ਨੂੰ ਚੁਨਾਰ ਦੇ ਕਿਲ੍ਹੇ, ਬਨਾਰਸ ਵਿਚ ਕੈਦ ਕਰ ਦਿੱਤਾ ਗਿਆ। ਪਰ ਕੁਝ ਸਮੇਂ ਬਾਅਦ ਮਾਈ ਚੁਨਾਰ ਕੈਦ ਤੋਂ ਬਚ ਨਿਕਲੀ ਅਤੇ ਬਚਦੇ-ਬਚਾਉਂਦੇ ਪਟਨਾ ਪਹੁੰਚ ਗਈ। ਅੰਗਰੇਜ਼ ਉਸ ਦਾ ਟਿਕਾਣਾ ਜਾਣਨ ਲਈ ਪਿੱਛੇ ਸਨ। ਪਟਨਾ ਵਿਖੇ ਮਾਈ ਆਪਣੇ ਸਹਾਇਕ ਅਵਤਾਰ ਨੂੰ ਮਿਲਦੀ ਹੈ।
ਆਪਣਾ ਭੇਸ ਬਦਲਣ ਲਈ ਤਪੱਸਵੀ ਵਰਗੀ ਦਿਖਣ ਲਈ ਭਗਵੇਂ ਰੰਗ ਦੀ ਸਾੜ੍ਹੀ ਪਾਉਂਦੀ ਜੋ ਉਸ ਲਈ ਅਵਤਾਰ ਲਿਆਇਆ ਸੀ। ਸਾਧੂਆਂ ਵਾਂਗ ਦਿਸਣ ਲਈ ਮਾਈ ਆਪਣੇ ਵਾਲਾਂ ਵਿਚ ਨਦੀ ਦੀ ਗਾਰ ਮਲਦੀ ਹੈ। ਉਸ ਰਾਤ ਉਹ ਪਟਨਾ ਦੇ ਇਕ ਗੁਰਦੁਆਰੇ ਵਿਚ ਠਹਿਰਦੀ ਹੈ ਜਿੱਥੇ ਗ਼ਰੀਬਾਂ ਨੂੰ ਮੁਫ਼ਤ ਰਿਹਾਇਸ਼ ਮਿਲਦੀ ਹੈ ਅਤੇ ਭੋਜਨ ਛਕਾਇਆ ਜਾਂਦਾ ਹੈ। ਮਾਈ ਲਈ ਪਟਨਾ ਵਿਚ ਰਹਿਣਾ ਖ਼ਤਰਨਾਕ ਸੀ। ਇਸ ਲਈ ਉਹ ਨੇਪਾਲ ਜਾ ਕੇ ਉਸ ਦੀ ਮਦਦ ਲੈਣ ਦੀ ਯੋਜਨਾ ਬਣਾਉਂਦੀ ਹੈ। ਮਾਈ ਦਾ ਸਹਾਇਕ ਅਵਤਾਰ ਘੋੜਿਆਂ ਤੇ ਹੋਰ ਜ਼ਰੂਰੀ ਸਾਮਾਨ ਦਾ ਇੰਤਜ਼ਾਮ ਕਰਨ ਅਗਲੇ ਦਿਨ ਚਲਾ ਜਾਂਦਾ ਹੈ ਪਰ ਵਾਪਸ ਨਹੀਂ ਆਉਂਦਾ। ਮਾਈ ਨੇ ਅਵਤਾਰ ਲਈ 3 ਦਿਨ ਹੋਰ ਇੰਤਜ਼ਾਰ ਕੀਤਾ ਪਰ ਉਹ ਕਦੇ ਵਾਪਸ ਨਹੀਂ ਆਇਆ। ਆਸ-ਪਾਸ ਦੇ ਲੋਕ ਉਸ ਨੂੰ ਦੱਸਦੇ ਹਨ ਕਿ ਫਿਰੰਗੀ ਸੜਕਾਂ ’ਤੇ ਬਾਗ਼ੀਆਂ ਦੀ ਭਾਲ ਕਰ ਰਹੇ ਹਨ। ਉਸ ਸਾਰੀ ਰਾਤ ਉਹ ਗੁਰਦੁਆਰੇ ਵਿਚ ਅਰਦਾਸ ਕਰਦੀ ਹੈ। ਸਵੇਰ ਵੇਲੇ ਉਹ ਆਪਣੇ ਹੰਝੂ ਪੂੰਝਦੀ ਹੈ ਅਤੇ ਆਪਣੀ ਯਾਤਰਾ ਸ਼ੁਰੂ ਕਰਦੀ ਹੈ।
ਉਸ ਕੋਲ ਕੁਝ ਰੁਪਈਏ ਸਨ। ਜਾਣ ਤੋਂ ਪਹਿਲਾਂ ਉਸ ਨੇ ਗੁਰਦੁਆਰੇ ਦੇ ਗ੍ਰੰਥੀ ਨੂੰ ਦੱਸਿਆ ਕਿ ਉਹ ਨੇਪਾਲ ਵਿਚ ਪਸ਼ੂਪਤੀਨਾਥ ਸ਼ਿਵ ਦੇ ਪ੍ਰਸਿੱਧ ਮੰਦਰ ਦੀ ਯਾਤਰਾ ’ਤੇ ਜਾਣਾ ਚਾਹੁੰਦੀ ਹੈ। ਗ੍ਰੰਥੀ ਉਸ ਨੂੰ ਰਸਤੇ ਦਾ ਦਿਸ਼ਾ-ਨਿਰਦੇਸ਼ ਦਿੰਦਾ ਹੈ। ਇਕ ਪੁਰਾਣਾ ਕੰਬਲ, ਕੁਝ ਰੋਟੀਆਂ ਅਤੇ ਕੁਝ ਪੈਸੇ ਦਿੰਦਾ ਹੈ। ਉਹ ਸ਼ਰਧਾਲੂਆਂ ਦੇ ਸਮੂਹ ਨੂੰ ਲੱਭਣ ਦੀ ਉਮੀਦ ਨਾਲ ਸ਼ਹਿਰ ਤੋਂ ਬਾਹਰ ਦਾ ਰਸਤਾ ਲੈ ਕੇ ਇਕੱਲੀ ਚੱਲ ਪੈਂਦੀ ਹੈ। ਪਰ ਉਸ ਨੂੰ ਰਸਤੇ ਵਿਚ ਕੋਈ ਨਹੀਂ ਮਿਲਦਾ। ਮਾਈ ਥੱਕੀ-ਹਾਰੀ ਆਪਣੇ ਟਿਕਾਣੇ ਵੱਲ ਤੁਰੀ ਜਾਂਦੀ ਹੈ। ਆਖ਼ਰ ਉਸ ਦੀ ਜੁੱਤੀ ਟੁੱਟ ਜਾਂਦੀ ਹੈ। ਉਸ ਦੇ ਪੈਰਾਂ ਵਿੱਚੋਂ ਖ਼ੂਨ ਵਗਣ ਲੱਗਦਾ ਹੈ ਅਤੇ ਛਾਲੇ ਪੈ ਜਾਂਦੇ ਹਨ। ਜਦੋਂ ਦਰਦ ਬਹੁਤ ਵਧ ਜਾਂਦਾ ਹੈ ਤਾਂ ਉਹ ਰੁਕ ਜਾਂਦੀ ਹੈ। ਰਸਤੇ ਵਿਚ ਉਹ ਥੋੜ੍ਹਾ ਜਿਹਾ ਦੁੱਧ ਅਤੇ ਥੋੜ੍ਹੀਆਂ ਰੋਟੀਆਂ ਖ਼ਰੀਦਦੀ ਹੈ। ਜਦੋਂ ਉਸ ਕੋਲ ਪੈਸੇ ਖ਼ਤਮ ਹੋ ਜਾਂਦੇ ਹਨ ਤਾਂ ਉਹ ਭੀਖ ਮੰਗਣ ਲੱਗ ਜਾਂਦੀ ਹੈ। ਅਕਸਰ ਰਸਤਾ ਜੰਗਲਾਂ ਵਿੱਚੋਂ ਲੰਘਦਾ ਹੈ ਜਿੱਥੇ ਉਸ ਨੂੰ ਜੰਗਲੀ ਜਾਨਵਰਾਂ ਤੋਂ ਚੌਕਸ ਰਹਿਣਾ ਪੈਂਦਾ। ਉਹ ਆਪਣੀ ਰੱਖਿਆ ਲਈ ਪੱਥਰ ਇਕੱਠੇ ਕਰ ਕੇ ਨਾਲ ਰੱਖਦੀ। ਰਾਤ ਨੂੰ ਉਹ ਆਪਣੇ-ਆਪ ਨੂੰ ਇਕ ਫਟੇ ਹੋਏ ਕੰਬਲ ਵਿਚ ਲਪੇਟਦੀ ਅਤੇ ਦਰੱਖਤਾਂ ਦੇ ਹੇਠਾਂ ਜਾਂ ਗੁਫਾਵਾਂ ਵਿਚ ਸੌਂਦੀ। ਉਸ ਨੂੰ ਇਹ ਸਭ ਕੁਝ ਜਿਵੇਂ ਇਕ ਸੁਪਨਾ ਲੱਗ ਰਿਹਾ ਸੀ। ਜਦੋਂ ਮਾਈ ਦੀ ਅੱਖ ਖੁੱਲ੍ਹਦੀ ਤਾਂ ਕੰਬਲ ਬਰਫ਼ ਦੀ ਪਰਤ ਨਾਲ ਢੱਕਿਆ ਹੁੰਦਾ। ਪੈਂਡਾ ਲੰਬਾ ਸੀ।
ਰਸਤੇ ਵਿਚ ਉਸ ਦਾ ਭੋਜਨ ਖ਼ਤਮ ਹੋ ਜਾਂਦਾ। ਮਾਈ ਨੂੰ ਲੱਗਦਾ ਹੈ, ‘‘ਮੈਂ ਜਲਦੀ ਹੀ ਮੌਤ ਦੇ ਮੂੰਹ ਵਿਚ ਜਾਵਾਂਗੀ।’’ ਮਾਈ ਇਕ ਚੱਟਾਨ ਦੇ ਹੇਠਾਂ ਥੱਕੀ ਹੋਈ ਪਈ ਸੀ। ਸ਼ਰਧਾਲੂਆਂ ਦਾ ਇਕ ਸਮੂਹ ਉਸ ਦੇ ਕੋਲ ਆਉਂਦਾ ਹੈ। ਉਹ ਵੀ ਪਸ਼ੂਪਤੀਨਾਥ ਮੰਦਰ ਜਾ ਰਹੇ ਸਨ। ਉਹ ਮਾਈ ਨੂੰ ਲੋੜਵੰਦ ਸਮਝ ਕੇ ਭੋਜਨ ਖੁਆਉਂਦੇ ਅਤੇ ਹਮਦਰਦੀ ਕਰਦੇ। ਆਪਣੇ ਭੇਸ ਨੂੰ ਛੁਪਾਉਣ ਲਈ ਮਾਈ ਉਨ੍ਹਾਂ ਨੂੰ ਦੱਸਦੀ ਹੈ ਕਿ ਮੇਰੇ ਪੁੱਤਰ ਦੀ ਮੌਤ ਨੇ ਮੈਨੂੰ ਸੰਨਿਆਸੀ ਬਣਾ ਦਿੱਤਾ ਹੈ। ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇਕ ਮਹੀਨੇ ਬਾਅਦ ਮਾਈ ਕਾਠਮੰਡੂ ਪਹੁੰਚੀ। ਉਹ ਪੁੱਛ-ਪੁਛਾ ਕੇ ਰਾਣਾ ਜੰਗ ਬਹਾਦਰ ਦੇ ਮਹਿਲ ਦੇ ਸਾਹਮਣੇ ਪਹੁੰਚ ਗਈ। ਜਦੋਂ ਰਾਣਾ ਜੰਗ ਬਹਾਦਰ ਦਰਬਾਰ ਨੂੰ ਜਾ ਰਿਹਾ ਸੀ ਤਾਂ ਉਹ ਆਪਣਾ ਰੱਥ ਰੋਕਦਾ ਹੈ ਅਤੇ ਮਾਈ ਨੂੰ ਭਿਖਾਰਨ ਸਮਝ ਕੇ ਕੁਝ ਸਿੱਕੇ ਭੇਟ ਕਰਦਾ ਹੈ। ਮਾਈ ਸਿੱਕੇ ਲੈਣ ਤੋਂ ਇਨਕਾਰ ਕਰ ਦਿੰਦੀ ਹੈ। ਇਹ ਜੰਗ ਬਹਾਦਰ ਨੂੰ ਚੰਗਾ ਨਹੀਂ ਲੱਗਦਾ ਅਤੇ ਗੁੱਸੇ ਵਿਚ ਉਸ ਨੇ ਮਾਈ ਨੂੰ ਪੁੱਛਿਆ, ‘‘ਤੁਸੀਂ ਕੌਣ ਹੋ?’’ ਉਹ ਜਵਾਬ ਦਿੰਦੀ ਹੈ, ‘‘ਮੈਂ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਰਾਣੀ ਜਿੰਦਾਂ ਹਾਂ ਜੋ ਕਦੇ ਤੁਹਾਡੇ ਰਾਜ ਦੇ ਮਿੱਤਰ ਸਨ। ਜੰਗ ਬਹਾਦਰ ਉਸ ਵੱਲ ਹੈਰਾਨੀ ਨਾਲ ਝਾਕਦਾ ਹੈ। ਸ਼ਾਇਦ ਉਹ ਉਸ ਦੇ ਚਿਹਰੇ ’ਤੇ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਮਾਈ ਨੂੰ ਪੁੱਛਦਾ ਹੈ ਕਿ ਉਹ ਨੇਪਾਲ ਕਿਵੇਂ ਪਹੁੰਚੀ? ਜਦੋਂ ਉਹ ਆਪਣੇ ਜੇਲ੍ਹ ’ਚੋਂ ਬਚ ਕੇ ਨਿਕਲਣ ਅਤੇ ਔਕੜਾਂ ਭਰੀ ਯਾਤਰਾ ਦਾ ਵਰਣਨ ਕਰਦੀ ਹੈ ਤਾਂ ਜੰਗ ਬਹਾਦਰ ਆਪਣੇ ਰੱਥ ਤੋਂ ਹੇਠਾਂ ਉਤਰ ਜਾਂਦਾ ਹੈ ਅਤੇ ਝੁਕਦਾ ਹੋਇਆ ਕਹਿੰਦਾ ਹੈ, “ਤੁਸੀਂ ਇਕ ਬਹਾਦਰ ਔਰਤ ਹੋ ਮਾਈ ਜਿੰਦਾਂ।
ਅਸੀਂ ਸਰਕਾਰ (ਸਰਕਾਰ-ਏ-ਖ਼ਾਲਸਾ) ਵੱਲੋਂ ਅਤੀਤ ਵਿਚ ਦਿੱਤੀ ਮਦਦ ਲਈ ਉਸ ਨੂੰ ਅੱਜ ਵੀ ਨਿੱਘ ਅਤੇ ਧੰਨਵਾਦ ਨਾਲ ਯਾਦ ਕਰਦੇ ਹਾਂ। ਭਾਵੇਂ ਅਸੀਂ ਪੰਜਾਬ ਤੋਂ ਬਹੁਤ ਦੂਰ ਹਾਂ ਪਰ ਅੰਗਰੇਜ਼ਾਂ ਵੱਲੋਂ ਤੁਹਾਡੇ ਰਾਜ ਨੂੰ ਖੋਹਣ ਅਤੇ ਤੁਹਾਡੇ ਪੁੱਤਰ ਦਾ ਬੁਰਾ ਹਾਲ ਕਰਨ ਬਾਰੇ ਬਹੁਤ ਸੁਣਿਆ ਹੈ। ਨੇਪਾਲ ਵਿਚ ਤੁਹਾਡਾ ਸਵਾਗਤ ਹੈ।” ਰਾਣੀ ਜਿੰਦਾਂ 11 ਸਾਲ ਨੇਪਾਲ ਵਿਚ ਰਹੀ ਅਤੇ ਜਦ ਉਸ ਨੂੰ ਦਿਸਣਾ ਘਟ ਗਿਆ ਤਾਂ ਇਕ ਦਹਾਕੇ ਬਾਅਦ ਅੰਗਰੇਜ਼ਾਂ ਨੇ ਉਸ ਨੂੰ ਆਪਣੇ 22 ਸਾਲਾ ਪੁੱਤਰ ਨੂੰ ਕਲਕੱਤਾ ਦੇ ਸਪੈਂਸ ਹੋਟਲ ਵਿਖੇ ਮਿਲਣ ਦੀ ਇਜਾਜ਼ਤ ਦਿੱਤੀ। ਕਲਕੱਤੇ ਤੋਂ ਰਾਣੀ ਆਪਣੇ ਪੁੱਤਰ ਨਾਲ ਇੰਗਲੈਂਡ ਰਵਾਨਾ ਹੋ ਗਈ। ਇਕ ਅਗਸਤ 1863 ਦੀ ਸਵੇਰ ਨੂੰ ਮਹਾਰਾਣੀ ਜਿੰਦ ਕੌਰ ਦੀ ਅਬਿੰਗਡਨ ਹਾਊਸ, ਕੇਨਸਿੰਗਟਨ ਵਿਚ ਮੌਤ ਹੋ ਗਈ। ਸੰਨ 1885 ਤੋਂ ਪਹਿਲਾਂ ਗ੍ਰੇਟ ਬ੍ਰਿਟੇਨ ਵਿਚ ਸਸਕਾਰ ਗ਼ੈਰ-ਕਾਨੂੰਨੀ ਸੀ। ਦਲੀਪ ਸਿੰਘ ਨੂੰ ਆਪਣੀ ਮਾਂ ਦੀ ਦੇਹ ਨੂੰ ਪੰਜਾਬ ਲਿਜਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਦੇਹ ਨੂੰ ਕੇਨਸਲ ਗ੍ਰੀਨ ਕਬਰਸਤਾਨ ਵਿਚ ਕੁਝ ਦਿਨਾਂ ਲਈ ਰੱਖਿਆ ਗਿਆ। ਸੰਨ 1864 ਦੀ ਬਸੰਤ ਵਿਚ ਮਹਾਰਾਜੇ ਨੇ ਦੇਹ ਨੂੰ ਭਾਰਤ ਵਿਚ ਬੰਬਈ ਲਿਜਾਣ ਦੀ ਆਗਿਆ ਲਈ ਜਿੱਥੇ ਉਨ੍ਹਾਂ ਨੇ ਆਪਣੀ ਮਾਂ ਦਾ ਸਸਕਾਰ ਕੀਤਾ ਅਤੇ ਗੋਦਾਵਰੀ ਨਦੀ ਦੇ ਪੰਚਵਟੀ ਵਾਲੇ ਪਾਸੇ ਦਲੀਪ ਸਿੰਘ ਨੇ ਆਪਣੀ ਮਾਤਾ ਦੀ ਯਾਦ ਵਿਚ ਇਕ ਛੋਟੀ ਸਮਾਧ ਬਣਾਈ ਸੀ। ਜਿੰਦ ਕੌਰ ਦੀ ਇੱਛਾ ਲਾਹੌਰ ਵਿਚ ਸਸਕਾਰ ਦੀ ਸੀ ਜਿਸ ਨੂੰ ਪੂਰਾ ਕਰਨ ਤੋਂ ਬ੍ਰਿਟਿਸ਼ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ ਸੀ।