ਇਸ ਸਮੇਂ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਉੱਤੇ ਲੱਗੀਆਂ ਹੋਈਆਂ ਹਨ। ਰਿਪਬਲਿਕਨ ਪਾਰਟੀ ਵੱਲੋਂ ਡੋਨਾਲਡ ਟਰੰਪ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ। ਉਸ ਦੇ ਮੁਕਾਬਲੇ ਡੈਮੋਕਰੇਟਸ ਵੱਲੋਂ ਪਹਿਲਾਂ ਮੌਜੂਦਾ ਰਾਸ਼ਟਰਪਤੀ ਜੋਅ ਬਾਇਡੇਨ ਚੋਣ ਮੈਦਾਨ ਵਿੱਚ ਨਿਤਰਨਾ ਚਾਹੁੰਦੇ ਸਨ, ਪਰ ਆਪਣੀ ਹਾਲਤ ਪਤਲੀ ਵੇਖ ਕੇ ਉਹ ਪਿੱਛੇ ਹਟ ਗਏ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਹਮਾਇਤ ਦੇ ਦਿੱਤੀ। ਹਾਲਾਂਕਿ ਪਾਰਟੀ ਨੇ ਹਾਲੇ ਤੱਕ ਕਮਲਾ ਹੈਰਿਸ ਦੀ ਉਮੀਦਵਾਰੀ ’ਤੇ ਮੋਹਰ ਨਹੀਂ ਲਾਈ, ਪਰ ਸਮਝਿਆ ਜਾਂਦਾ ਹੈ ਕਿ ਉਹੀ ਉਮੀਦਵਾਰ ਬਣੇਗੀ। ਆਮ ਤੌਰ ਸਮਝਿਆ ਜਾਂਦਾ ਹੈ ਅਮਰੀਕਾ ਵਿੱਚ ਰਾਸ਼ਟਰਪਤੀ ਕਿਸੇ ਵੀ ਪਾਰਟੀ ਦਾ ਜਿੱਤੇ ਬਦੇਸ਼ੀ ਤੇ ਘਰੋਗੀ ਨੀਤੀਆਂ ਵਿੱਚ ਬਹੁਤਾ ਬਦਲਾਅ ਨਹੀਂ ਆਉਂਦਾ। ਪਰ ਪਿਛਲੇ ਦਹਾਕੇ ਦੌਰਾਨ ਦੁਨੀਆ ਇੱਕ ਨਵੇਂ ਦੌਰ ਵਿੱਚ ਦਾਖ਼ਲ ਹੋ ਚੁੱਕੀ ਹੈ। 1990 ਵਿੱਚ ਸੋਵੀਅਤ ਕੈਂਪ ਦੇ ਢਹਿ-ਢੇਰੀ ਹੋਣ ਤੋਂ ਬਾਅਦ ਇਹ ਮੰਨ ਲਿਆ ਗਿਆ ਸੀ ਕਿ ਸਮਾਜਵਾਦ ਤੇ ਕਮਿਊਨਿਜ਼ਮ ਖ਼ਤਮ ਤੇ ਪੂੰਜੀਵਾਦ ਸਦਾ ਲਈ ਅਮਰ ਹੋ ਚੁੱਕਾ ਹੈ। ਇਸੇ ਖੁਮਾਰੀ ਵਿੱਚ ਪੂੰਜੀਵਾਦ ਨੇ ਅਮਰੀਕੀ ਸਰਦਾਰੀ ਹੇਠ ਖੁੱਲ੍ਹ ਕੇ ਖੇਡਣਾ ਸ਼ੁਰੂ ਕਰ ਦਿੱਤਾ ਸੀ।
ਕਾਰਪੋਰੇਟ ਪੂੰਜੀ ਨੇ ਨਵੀਂ ਆਰਥਿਕ ਉਦਾਰਵਾਦੀ ਨੀਤੀਆਂ ਨੂੰ ਭੂਮੰਡਲੀਕਰਨ ਰਾਹੀਂ ਸਮੁੱਚੇ ਸੰਸਾਰ ਸਿਰ ਮੜ੍ਹ ਕੇ ਆਪਣੀ ਲੁੱਟ ਦਾ ਵਿਸ਼ਵੀਕਰਨ ਕਰ ਦਿੱਤਾ ਸੀ। ਇਨ੍ਹਾਂ ਨੀਤੀਆਂ ਰਾਹੀਂ ਸ਼ੁਰੂ ਹੋਈ ਲੁੱਟ ਨੇ ਵੱਖ-ਵੱਖ ਦੇਸ਼ਾਂ ਵਿੱਚ ਰੁਜ਼ਗਾਰ, ਸਿਹਤ ਸੇਵਾਵਾਂ ਤੇ ਸਿੱਖਿਆ ਦੇ ਖੇਤਰ ਵਿੱਚ ਅਜਿਹੇ ਸੰਕਟ ਖੜ੍ਹੇ ਕਰ ਦਿੱਤੇ, ਜਿਸ ਨੇ ਗਰੀਬ ਅਤੇ ਆਮ ਅਬਾਦੀ ਵਿੱਚ ਬੇਚੈਨੀ ਨੂੰ ਸਿਖਰ ਉੱਤੇ ਪੁਚਾ ਦਿੱਤਾ ਹੈ। ਕਾਰਪੋਰੇਟੀ ਲੁੱਟ ਦੇ ਮੁੱਖ ਹਥਿਆਰਾਂ, ਵਿਸ਼ਵ ਬੈਂਕ ਤੇ ਕੌਮਾਂਤਰੀ ਮੁਦਰਾਕੋਸ਼ ਨੂੰ ਵੀ ਇਹ ਮੰਨਣਾ ਪਿਆ ਕਿ ਆਉਣ ਵਾਲੇ ਸਮੇਂ ਦੌਰਾਨ ਦੁਨੀਆ ਭਰ ਦੇ ਸਮਾਜਾਂ ਵਿੱਚ ਤਣਾਅ ਵਧਣਗੇ। ਪਰਵਾਸੀਆਂ ਵਿਰੁੱਧ ਕੱਟੜ ਰਾਸ਼ਟਰਵਾਦੀ ਅੰਦੋਲਨ ਤੇਜ਼ ਹੋਣਗੇ। ਸਮਾਜਿਕ, ਸੱਭਿਆਚਾਰਕ ਤੇ ਨਸਲੀ ਟਕਰਾਵਾਂ ਕਾਰਨ ਕਾਰਪੋਰੇਟ ਪੂੰਜੀ ਦਾ ਵਿਕਾਸ ਰੁਕ ਜਾਵੇਗਾ। ਇਹ ਕਾਰਪੋਰੇਟ ਪੂੰਜੀ ਦੀ ਹੋਂਦ ਲਈ ਖ਼ਤਰਾ ਵੀ ਬਣ ਸਕਦਾ ਹੈ। ਇਸ ਸਥਿਤੀ ਵਿੱਚ ਸਮੁੱਚੇ ਸੰਸਾਰ ਦੇ ਪੂੰਜੀਵਾਦੀ ਸਮਰਥਕ ਦਲ ਦੋ ਧੜਿਆਂ ਵਿੱਚ ਵੰਡ ਹੋ ਚੁੱਕੇ ਹਨ। ਇੱਕ ਪਾਸੇ ਉਹ ਹਨ, ਜਿਹੜੇ ਉਦਾਰਵਾਦੀ ਲੋਕਤੰਤਰ ਰਾਹੀਂ ਲੋਕਾਂ ਨੂੰ ਕੁਝ ਰਿਆਇਤਾਂ ਦੇ ਕੇ ਪੂੰਜੀਵਾਦ ਦੀ ਉਮਰ ਲੰਮੀ ਕਰਨਾ ਚਾਹੁੰਦੇ ਹਨ, ਦੂਜੇ ਪਾਸੇ ਉਹ, ਜਿਹੜੇ ਕਾਰਪੋਰੇਟ ਲੁੱਟ ਕਾਇਮ ਰੱਖਣ ਲਈ ਫਾਸ਼ੀਵਾਦੀ ਢੰਗ-ਤਰੀਕੇ ਅਪਣਾਉਣਾ ਚਾਹੁੰਦੇ ਹਨ।
ਕਾਰਪੋਰੇਟ ਪੂੰਜੀ ਦਾ ਮਨਸੂਬਾ ਰਾਜ-ਸੱਤਾ ਉੱਤੇ ਮੁਕੰਮਲ ਕਬਜ਼ਾ ਹੈ। ਡੋਨਾਲਡ ਟਰੰਪ ਉਸ ਕਾਰਪੋਰੇਟ ਪੂੰਜੀ ਦਾ ਨੁਮਾਇੰਦਾ ਹੈ, ਜਿਸ ਦਾ ਨਾਅਰਾ ਹੈ, ਮਜ਼ਬੂਤ ਰਾਜ ਤੇ ਕਮਜ਼ੋਰ ਲੋਕਤੰਤਰ। ਇਸ ਲਈ ਆਪਣੇ ਨਿਸ਼ਾਨੇ ਉੱਤੇ ਪੁੱਜਣ ਲਈ ਟਰੰਪ ਨੇ ਧਰੁਵੀਕਰਨ ਦਾ ਉਹੀ ਹਥਿਆਰ ਵਰਤਣਾ ਸ਼ੁਰੂ ਕਰ ਦਿੱਤਾ ਹੈ, ਜਿਹੜਾ ਪਿਛਲੇ 10 ਸਾਲ ਤੋਂ ਮੋਦੀ ਵਰਤਦਾ ਆ ਰਿਹਾ ਹੈ। ਬਿਨਾ ਸ਼ੱਕ ਆਮ ਅਮਰੀਕੀ ਉਦਾਰ ਪੂੰਜੀਵਾਦ ਦੇ ਸਮਰਥਕ ਹਨ, ਪਰ ਉਨ੍ਹਾਂ ਅੰਦਰ ਨਸਲਵਾਦ ਦਾ ਕੀੜਾ ਹਮੇਸ਼ਾ ਮੌਜੂਦਾ ਰਹਿੰਦਾ ਹੈ। ਟਰੰਪ ਇਸੇ ਕੀੜੇ ਨੂੰ ਸਰਗਰਮ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉਸ ਦੀ ਸਾਰੀ ਮੁਹਿੰਮ ਗੋਰੇ ਅਮਰੀਕੀਆਂ ਉੱਤੇ ਕੇਂਦਰਤ ਹੈ। ਪਿਛਲੇ ਦਿਨੀਂ ਟਰੰਪ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਇਜ਼ਰਾਈਲ ਵੱਲੋਂ ਗਾਜ਼ਾ ’ਚ ਮਾਰੇ ਜਾ ਰਹੇ ਮੁਸਲਿਮ ਬੱਚਿਆਂ ਦੀ ਕਰਤੂਤ ਦੀ ਪ੍ਰੋੜ੍ਹਤਾ ਹੀ ਸੀ। ਕਾਰਪੋਰੇਟ ਪੂੰਜੀ ਆਪਣਾ ਸਭ ਤੋਂ ਵੱਡਾ ਦੁਸ਼ਮਣ ਮਾਰਕਸਵਾਦ ਤੇ ਸਮਾਜਵਾਦ ਨੂੰ ਸਮਝਦੀ ਹੈ। ਪਿਛਲੇ ਸ਼ੁਕਰਵਾਰ ਟਰੰਪ ਨੇ ਆਸਤਿਕਾਂ (ਆਸਥਾਵਾਦੀਆਂ) ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘ਸਾਡਾ ਫਰਜ਼ ਹੈ ਕਿ ਅਸੀਂ ਸਮਾਜਵਾਦ, ਮਾਰਕਸਵਾਦ ਤੇ ਕਮਿਊਨਿਜ਼ਮ ਨੂੰ ਹਰਾ ਦੇਈਏ।’ ਇਸ ਦੇ ਨਾਲ ਹੀ ਉਨ੍ਹਾਂ ਅਪਰਾਧੀਆਂ ਤੇ ਮਨੁੱਖੀ ਤਸਕਰਾਂ ਨੂੰ ਵੀ ਹਰਾਉਣ ਦਾ ਸੱਦਾ ਦਿੱਤਾ। ਉਨ੍ਹਾ ਡੈਮੋਕਰੇਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਕੱਟੜ ਉਦਾਰਪੰਥੀ ਤੇ ਖੱਬੇ-ਪੱਖੀ ਤੱਕ ਕਿਹਾ। ਟਰੰਪ ਦਾ ਅਪਰਾਧੀਆਂ ਤੇ ਮਨੁੱਖੀ ਤਸਕਰਾਂ ਉੱਤੇ ਹਮਲਾ ਅਸਲ ਵਿੱਚ ਪ੍ਰਵਾਸੀਆਂ, ਖਾਸ ਕਰ ਮੁਸਲਮਾਨਾਂ ’ਤੇ ਹਮਲਾ ਸੀ। ਆਰ ਐੱਸ ਐੱਸ ਦੇ ਰਹਿ ਚੁੱਕੇ ਮੁਖੀ ਗੋਲਵਰਕਰ ਦੀ ਪੁਸਤਕ ‘ਬੰਚ ਆਫ਼ ਥਾਟਸ’ ਵਿੱਚ ਉਸ ਨੇ ਤਿੰਨ ਦੁਸ਼ਮਣਮੁਸਲਿਮ, ਈਸਾਈ ਤੇ ਕਮਿਊਨਿਸਟ ਮਿਥੇ ਸਨ। ਟਰੰਪ ਦੀ ਨਜ਼ਰ ਵਿੱਚ ਵੀ ਮੁਸਲਿਮ ਤੇ ਖੱਬੇ-ਪੱਖੀ ਦੁਸ਼ਮਣ ਹਨ। ਟਰੰਪ ਦਾ ਮਾਰਕਸਵਾਦ ਉਤੇ ਹਮਲਾ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਵਿੱਚ ਪ੍ਰਗਤੀਸ਼ੀਲ ਤੇ ਖੱਬੇ-ਪੱਖੀ ਵਿਚਾਰਧਾਰਾਵਾਂ ਦਾ ਅਸਰ ਸਮਾਜ ਵਿੱਚ ਵਧਦਾ ਜਾ ਰਿਹਾ ਹੈ। ਇਹ ਲਗਾਤਾਰ ਵਧਦਾ ਗਿਆ ਤਾਂ ਇਹ ਪੂੰਜੀਵਾਦੀ ਵਿਵਸਥਾ ਲਈ ਖ਼ਤਰਾ ਬਣ ਸਕਦਾ ਹੈ। ਇਸੇ ਲਈ ਟਰੰਪ ਮਾਰਕਸਵਾਦ ਦਾ ਹਊਆ ਖੜ੍ਹਾ ਕਰਕੇ ਉਦਾਰਵਾਦੀ ਲੋਕਤੰਤਰ ਦੇ ਹਾਮੀਆਂ ਨੂੰ ਆਪਣੇ ਪੱਖ ਵਿੱਚ ਗੋਲਬੰਦ ਕਰਨਾ ਚਾਹੁੰਦਾ ਹੈ। ਜੇਕਰ ਇਨ੍ਹਾਂ ਚੋਣਾਂ ਵਿੱਚ ਕਮਲਾ ਹੈਰਿਸ ਜਿੱਤ ਜਾਂਦੀ ਹੈ ਤਾਂ ਬਹੁਤਾ ਫ਼ਰਕ ਪੈਣ ਵਾਲਾ ਨਹੀਂ, ਪਰ ਜੇਕਰ ਟਰੰਪ ਜਿੱਤ ਜਾਂਦਾ ਹੈ ਤਾਂ ਇਹ ਘਾਤਕ ਹੋਵੇਗਾ। ਇਹ ਮੈਕਾਰਥੀ ਯੁੱਗ ਦੀ ਵਾਪਸੀ ਹੋਵੇਗੀ। ਸੀਤ ਯੁੱਧ ਦੇ ਸ਼ੁਰੂ ਵਿੱਚ ਸੈਨੇਟਰ ਮੈਕਾਰਥੀ ਨੇ ਮਾਰਕਸਵਾਦੀਆਂ, ਪ੍ਰਗਤੀਸ਼ੀਲਾਂ ਤੇ ਖੱਬੇ-ਪੱਖੀਆਂ ਵਿਰੁੱਧ ਨਫ਼ਰਤ ਦਾ ਮਾਹੌਲ ਸਿਰਜ ਦਿੱਤਾ ਸੀ। ਇਸ ਦੇ ਸਿੱਟੇ ਵਜੋਂ ਅਨੇਕਾਂ ਖੱਬੇ-ਪੱਖੀ ਬੁੱਧੀਜੀਵੀਆਂ, ਵਿਗਿਆਨਕਾਂ ਤੇ ਕਲਾਕਾਰਾਂ ਨੂੰ ਅਮਰੀਕਾ ਛੱਡਣਾ ਪਿਆ ਸੀ। ਅਨੇਕਾਂ ਨੂੰ ਗਿ੍ਰਫ਼ਤਾਰ ਹੋਣਾ ਤੇ ਸਮਾਜ ਵਿੱਚ ਨਫ਼ਰਤ ਦਾ ਸ਼ਿਕਾਰ ਹੋਣਾ ਪਿਆ ਸੀ।