ਸਾਲ 1975 ਦੀ 26 ਜੂਨ ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਰਾਤੋ ਰਾਤ ਲਾਈ ਐਮਰਜੈਂਸੀ ਕਾਰਨ ਸਾਰੇ ਮਨੁੱਖੀ ਹੱਕ ਮਨਸੂਖ ਕਰ ਦਿੱਤੇ ਗਏ ਸਨ,ਪ੍ਰੈਸ ਤੇ ਸੈਂਸਰਸ਼ਿਪ ਲਾ ਦਿੱਤੀ ਗਈ ਸੀ। ਕੋਰਟਾਂ ਦੇ ਵੀ ਅਧਿਕਾਰ ਬੇਹੱਦ ਸੀਮਤ ਕਰ ਦਿੱਤੇ ਗਏ ਸਨ l ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਅਤੇ ਯੂਨੀਅਨਾਂ ਦੇ ਆਗੂ ਤੇ ਕਾਰਕੁੰਨ ਇਸ ਐਮਰਜੈਂਸੀ ਦਾ ਨਿਸ਼ਾਨਾ ਬਣਾ ਦਿੱਤੇ ਗਏ ਸਨ। ਮੈਂ ਉਨੀ ਦਿਨੀ ਪਟਿਆਲੇ ਦੇ ਸਰਕਾਰੀ ਮੈਡੀਕਲ ਕਾਲਜ ਚ ਆਖਰੀ ਸਾਲ ਦਾ ਵਿਦਿਆਰਥੀ ਸੀ ਅਤੇ ਸੀਨੀਅਰ ਬੁਆਏਜ਼ ਹੋਸਟਲ ਵਿੱਚ ਰਹਿ ਰਿਹਾ ਸੀ l ਜੋਨਲ ਸਕੱਤਰ ਬਰਜਿੰਦਰ ਸਿੰਘ ਸੋਹਲ ਦੀ ਅਗਵਾਈ ਵਿੱਚ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਪਟਿਆਲਾ ਜੋਨ ਦਾ ਕੰਮ ਸੰਭਾਲ ਰਹੇ ਸੀ l ਬਰਜਿੰਦਰ ਸਿੰਘ ਸੋਹਲ ਇਸ ਤੋਂ ਪਹਿਲਾਂ ਸਰਕਾਰੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਸਨ l
1972 ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ਚ ਲੜੇ ਗਏ ਮੋਗਾ ਘੋਲ ਚ ਅਸੀਂ ਬਹੁਤ ਸਰਗਰਮ ਰਹੇ ਸਾਂ ਤੇ ਉਦੋਂ ਤੋਂ ਹੀ ਅਸੀਂ ਯੂਨੀਅਨ ਦਾ ਹਿੱਸਾ ਬਣ ਗਏ ਸਾਂ l ਪਟਿਆਲੇ ਦੇ ਕਾਕਿਆਂ ਦੀ ਕਾਲਜਾਂ ਅੰਦਰ ਹੁੰਦੀ ਗੁੰਡਾਗਰਦੀ ਵਿਰੁੱਧ ਅਸੀਂ ਜਦੋਂ ਖੜੇ ਹੋਏ ਤਾਂ ਸਾਨੂੰ ਵੀ ਜੇਲ ਦੇਖਣੀ ਪੈ ਗਈ ਸੀ l ਇਕੱਲੇ ਕੋਈ ਗਰੁੱਪ ਬਣਾ ਕੇ ਗੁੰਡਾਗਰਦੀ ਵਿਰੁੱਧ ਲੜਨ ਦੀ ਥਾਂ ਯੂਨੀਅਨ ਦਾ ਹਿੱਸਾ ਬਣ ਕੇ ਵਿਦਿਆਰਥੀਆਂ ਦੇ ਆਗੂਆਂ ਦੇ ਰੂਪ ਵਿੱਚ ਗੁੰਡਾਗਰਦੀ ਦਾ ਸਾਹਮਣਾ ਕਰਨਾ ਦਾ ਗੁਰ ਸਾਨੂੰ ਪੰਜਾਬ ਸਟੂਡੈਂਟ ਯੂਨੀਅਨ ਨੇ ਹੀ ਦਿੱਤਾ ਸੀ l ਪੀਐਸਯੂ ਨਾਲ ਜੁੜ ਜਾਣ ਤੋਂ ਬਾਅਦ ਮੇਰਾ ਜੀਵਨ ਸੰਘਰਸ਼ਮਈ ਹੋ ਗਿਆ ਤੇ ਅਸੀਂ ਮੈਡੀਕਲ ਵਿਦਿਆਰਥੀਆਂ ਵਿੱਚ ਉਨਾਂ ਦੇ ਖਾੜਕੂ ਆਗੂਆਂ ਵਜੋਂ ਸਥਾਪਿਤ ਹੋ ਗਏ l ਜੈ ਪ੍ਰਕਾਸ਼ ਨਰਾਇਣ ਦੀ ਲਹਿਰ ਦੇ ਮੁਕਾਬਲਤਨ ਮੋਗੇ ਦੀ ਸੰਗਰਾਂਦ ਰੈਲੀ ਪੰਜਾਬ ਸਟੂਡੈਂਟ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਸਾਂਝੇ ਤੌਰ ਤੇ ਕੀਤੀ ਸੀ ਅਤੇ ਉਸ ਤੋਂ ਬਾਅਦ ਮਸਤੂਆਣਾ ਦਾ ਇਜਲਾਸ ਵੀ ਅਸੀਂ ਅਟੈਂਡ ਕਰ ਲਿਆ ਸੀ l
ਇਹਨਾਂ ਸਾਰੀਆਂ ਸਰਗਰਮੀਆਂ ਕਰਕੇ ਅਸੀਂ ਪੁਲਿਸ ਦੀਆਂ ਨਜ਼ਰਾਂ ਵਿੱਚ ਆ ਚੁੱਕੇ ਸਾਂ ਅਤੇ ਐਮਰਜੈਂਸੀ ਲਗਦਿਆਂ ਹੀ 11 ਵਿਦਿਆਰਥੀਆਂ ਦੀ ਲਿਸਟ ਉਹਨਾਂ ਕਾਲਜ ਵਿੱਚ ਭੇਜ ਦਿੱਤੀ ਸੀ ਅਤੇ ਗ੍ਰਿਫਤਾਰੀ ਵਾਰੰਟ ਵੀ ਜਾਰੀ ਕਰਵਾ ਦਿੱਤੇ ਸਨ l ਉਸ ਵੇਲੇ ਦੀ ਡੀਐਸ ਪੀ ਨੇ ਸਾਨੂੰ ਕੋਤਵਾਲੀ ਥਾਣੇ ਵਿੱਚ ਮਿਲਣ ਲਈ ਬੁਲਾਇਆ ਸੀ l ਪਿਰਥੀਪਾਲ ਸਿੰਘ ਰੰਧਾਵਾ ਤੇ ਬਲਜਿੰਦਰ ਸੋਹਲ ਉਦੋਂ ਰੂਪੋਸ਼ ਹੋ ਚੁੱਕੇ ਸਨ l ਡੀਐਸਪੀ ਦੇ ਬਲਾਉਣ ਤੇ ਜਦੋਂ ਅਸੀਂ ਕੁਤਵਾਲੀ ਗਏ ਤਾਂ ਉਹਨਾਂ ਬਾਕੀ ਸਾਥੀਆਂ ਨੂੰ ਛੱਡ ਕੇ ਮੈਨੂੰ ਨਜ਼ਰ ਬੰਦ ਕਰ ਦਿੱਤਾ ਅਤੇ ਸਖਤੀ ਨਾਲ ਕਿਹਾ ਕਿ ” ਤੈਨੂੰ ਕਿਸੇ ਹਾਲਤ ਵਿੱਚ ਵੀ ਨਹੀਂ ਛੱਡਿਆ ਜਾਵੇਗਾ ਜਾ ਤਾਂ ਤੂੰ ਆਪਣੇ ਰੂਪੋਸ਼ ਸਾਥੀਆਂ ਪਿਰਥੀਪਾਲ ਤੇ ਬਲਜਿੰਦਰ ਸੋਹਲ ਨੂੰ ਨਹੀਂ ਫੜਉਂਦਾ ਤਾਂ ਤੇਰੇ ਤੇ ਵੀ ਕੇਸ ਪਾ ਕੇ ਅੰਦਰ ਰੱਖਿਆ ਜਾਵੇਗਾ ” ਮੇਰੇ ਵੱਲੋਂ ਨਾ ਕਰਨ ਤੇ ਉਹਨਾਂ ਮੇਰੇ ਤੇ ਤਸ਼ੱਦਦ ਢਹੁਣਾ ਸ਼ੁਰੂ ਕੀਤਾ ਅਤੇ ਮੈਨੂੰ ਇੱਕ ਜੀਪ ਵਿੱਚ ਸੁੱਟ ਕੇ ਕਈ ਥਾਣਿਆਂ ਵਿੱਚ ਘੁਮਾਉਂਦੇ ਰਹੇ ਅਤੇ ਨਾਲ ਧਮਕੀਆਂ ਦਿੰਦੇ ਰਹੇ ਕਿ ਤੈਨੂੰ ਇੰਟੇਰੋਗੇਸ਼ਨ ਸੈਂਟਰ ਲਿਜਾ ਕੇ ਕੋਹਿਆ ਜਾਵੇਗਾ,ਨਹੀਂ ਤਾਂ ਤੂੰ ਮੰਨ ਜਾ l
ਪੂਰੀ ਰਾਤ ਘੁਮਾਉਣ ਤੋਂ ਪਿੱਛੋਂ ਉਹਨਾਂ ਨੇ ਮੈਨੂੰ ਸਦਰ ਥਾਣੇ ਪਟਿਆਲੇ ਨਜ਼ਰਬੰਦ ਕਰ ਦਿੱਤਾ l ਪੂਰੇ ਚਾਰ ਦਿਨ ਮੈਨੂੰ ਭੁੱਖੇ ਰੱਖਿਆ ਗਿਆ ਅਤੇ ਵਿੱਚ ਵਿੱਚ ਦੀ ਕੁੱਟਮਾਰ ਵੀ ਕੀਤੀ ਜਾਂਦੀ ਰਹੀ l ਮੈਨੂੰ ਕਾਲ ਕੋਠੜੀ ਵਿੱਚ ਬੰਦ ਰੱਖਿਆ ਗਿਆ l ਉਸ ਵੇਲੇ ਐਮਰਜੈਂਸੀ ਦੀ ਦਹਿਸ਼ਤ ਇੰਨੀ ਸੀ ਕਿ ਕੋਈ ਵੀ ਥਾਣੇ ਆ ਕੇ ਕਿਸੇ ਦਾ ਪਤਾ ਲੈਣ ਨਹੀਂ ਸੀ ਜਾਂਦਾ l ਇਸ ਕਰਕੇ ਮੇਰਾ ਵੀ ਪਤਾ ਲੈਣ ਕੋਈ ਨਾ ਪਹੁੰਚ ਸਕਿਆ ਤੇ ਨਾ ਹੀ ਮੇਰਾ ਪਤਾ ਵਿਆਰਥੀਆਂ ਨੂੰ ਲੱਗਿਆ l ਚਾਰ ਦਿਨਾਂ ਦੀ ਇਸ ਹਿਰਾਸਤ ਤੋਂ ਬਾਅਦ ਮੈਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਜਾਇਆ ਗਿਆ l ਰਾਹ ਵਿੱਚ ਮੈਨੂੰ ਇੱਕ ਭਲੇ ਸੁਭਾਅ ਵਾਲੇ ਪੁਲਿਸ ਵਾਲੇ ਨੇ ਕਿਹਾ ਕਿ ” ਜੇ ਤੂੰ ਰਿਹਾ ਹੋਣਾ ਹੈ ਤਾਂ ਅਦਾਲਤ ਵਿੱਚ ਜਾ ਕੇ ਪੁਲਸ ਖਿਲਾਫ ਉੱਚੀ ਉੱਚੀ ਬੋਲ ਕੇ ਆਪਣੀ ਗੱਲ ਦਸੀਂ l” ਏ ਐਸ ਚੱਠਾ ਸਿਵਲ ਜੱਜ ਦੀ ਅਦਾਲਤ ਵਿੱਚ ਮੈਂ ਉੱਚੀ ਉੱਚੀ ਬੋਲ ਕੇ ਪੂਰੇ 20 ਮਿੰਟ ਪੁਲਿਸ ਵੱਲੋਂ ਮੇਰੇ ਤੇ ਕੀਤੀ ਗਈ ਧਕੇਸ਼ਾਹੀ ਤੇ ਤਸ਼ਦਦ ਦੀ ਸਾਰੀ ਕਹਾਣੀ ਬਿਆਨ ਕੀਤੀ l ਮੇਰੇ ਤੇ ਪੁਲਿਸ ਦਾ ਦੋਸ਼ ਸੀ ਕਿ ਇਸ ਨੇ ਐਮਰਜੈਂਸੀ ਵਿਰੁੱਧ ਪੋਸਟਰ ਲਾਏ ਹਨ। ਜੱਜ ਸਾਹਿਬ ਨੇ ਪੁਲਿਸ ਵੱਲੋਂ ਮੰਗਿਆ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਨਾਲ ਹੀ ਇਹ ਕਿਹਾ ਕਿ ਆਪਣਾ ਵਕੀਲ ਜੇ ਕੋਈ ਹੈ ਤਾਂ ਬੁਲਾ ਲੈ l
ਰਿਮਾਂਡ ਦੇਣ ਦੀ ਬਜਾਏ ਮੈਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਸੈਂਟਰਲ ਜੇਲ ਪਟਿਆਲੇ ਭੇਜ ਦਿੱਤਾ ਗਿਆ l ਮੈਨੂੰ ਦੱਸਿਆ ਗਿਆ ਕਿ ਤੁਹਾਡੇ ਤੇ ਡਿਫੈਂਸ ਆਫ ਇੰਡੀਆ ਰੂਲ/ਡੀਆਈਆਰ ਲਾਇਆ ਗਿਆ ਹੈ ਜਿਸ ਵਿੱਚ ਜਮਾਨਤ ਨਹੀਂ ਹੋ ਸਕਣੀ l ਜੇਲ ਅੰਦਰ ਹੋਰ ਵੀ ਅਨੇਕਾਂ ਸਿਆਸੀ ਕੈਦੀ ਸਨ ਜਿਨਾਂ ਵਿੱਚ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ, ਜਨਤਾ ਪਾਰਟੀ ਦੇ ਹਿੱਤ ਅਭੀਲਾਸ਼ੀ ਅਤੇ ਕਾਂਗਰਸ ਪਾਰਟੀ ਦੇ ਬਾਗੀ ਗਰੁੱਪ ਦੇ ਚੰਦਰਸ਼ੇਖਰ ਆਦਿ l ਜੇਲ ਵਿੱਚ ਕੈਦੀਆਂ ਵੱਲੋਂ ਸਾਡਾ ਬਹੁਤ ਸਵਾਗਤ ਇਸ ਲਈ ਕੀਤਾ ਗਿਆ ਕਿ ਅਸੀਂ ਜਾਲਮ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਦੇ ਉੱਥੇ ਪਹੁੰਚੇ ਸਾਂ ਨਾ ਕਿ ਕਿਸੇ ਕ੍ਰਿਮੀਨਲ ਕੇਸ ਵਿੱਚ l ਮੇਰੇ ਵਕੀਲ ਵੱਲੋਂ ਜਮਾਨਤ ਦੀ ਅਰਜੀ ਦੇਣ ਤੇ ਚੱਠਾ ਸਾਹਿਬ ਜੱਜ ਨੇ ਮੇਰੀ ਜਮਾਨਤ ਮਨਜ਼ੂਰ ਕਰ ਦਿੱਤੀ l
ਮੈਨੂੰ ਤਾਂ ਜੇਲ ਵਿੱਚੋਂ ਰਿਹਾ ਕਰ ਦਿੱਤਾ ਗਿਆ ਪਰ ਬਾਅਦ ਵਿੱਚ ਜੱਜ ਚੱਠਾ ਸਾਹਿਬ ਦੀ ਸੈਸ਼ਨ ਕੋਰਟ ਇਸ ਵਲੋਂ ਜੁਆਬ ਤਲਬੀ ਹੋ ਗਈ ਕਿ ਉਹਨਾਂ ਇਹ ਜਮਾਨਤ ਕਰ ਕਿਵੇਂ ਦਿੱਤੀ ਉਹਨਾਂ ਨੂੰ ਤਾਂ ਅਧਿਕਾਰ ਹੀ ਨਹੀਂ ਸੀ। ਪਤਾ ਲੱਗਿਆ ਕਿ ਮੇਰੇ ਫਿਰ ਗ੍ਰਿਫਤਾਰੀ ਵਰੰਟ ਜਾਰੀ ਕਰ ਦਿੱਤੇ ਗਏ ਹਨ। ਇਹਨਾਂ ਹੀ ਦਿਨਾਂ ਵਿੱਚ ਬਰਜਿੰਦਰ ਸੋਹਲ ਦੀ ਕਾਲੇ ਕਨੂੰਨ ਮੀਸਾ ਅਧੀਨ ਗ੍ਰਿਫਤਾਰੀ ਕੀਤੀ ਜਾ ਚੁੱਕੀ ਸੀ l ਗਿਰਫਤਾਰੀ ਵਰੰਟ ਹੋਣ ਦੇ ਬਾਵਜੂਦ ਮੈਂ ਲੁਕ ਛਿਪ ਕੇ ਆਪਣੀ ਪੜ੍ਹਾਈ ਕਰਦਾ ਰਿਹਾ ਅਤੇ ਪੇਪਰਾਂ ਦੀ ਡੇਟਸ਼ੀਟ ਆ ਗਈ ਜਦੋਂ ਮੈਂ ਪਹਿਲਾਂ ਪੇਪਰ ਦੇ ਕੇ ਪ੍ਰੀਖਿਆ ਹਾਲ ਤੋਂ ਬਾਹਰ ਆਇਆ ਤਾਂ ਮੈਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ l ਮੈਂ ਜੇਲ ਦੇ ਅੰਦਰ ਪੁੱਜਿਆ ਸੀ ਕਿ ਮੇਰੇ ਵਕੀਲ ਨੇ ਮੇਰੀ ਇੰਟੈਰਮ ਬੇਲ ਸੈਸ਼ਨ ਜੱਜ ਤੋਂ ਮਨਜ਼ੂਰ ਕਰਾ ਕੇ ਪੇਪਰ ਦੇਣ ਦੀ ਇਜਾਜ਼ਤ ਲੈ ਲਈ l ਜਿੰਨੀ ਕੁ ਤਿਆਰੀ ਹੋ ਸਕੀ ਮੈਂ ਆਪਣੇ ਪੇਪਰ ਪੂਰੇ ਦੇ ਦਿੱਤੇ ਅਤੇ ਨਤੀਜੇ ਦੀ ਉਡੀਕ ਕਰਨ ਲੱਗਾ l
ਅਦਾਲਤੀ ਹਦਾਇਤਾਂ ਮੁਤਾਬਿਕ ਮੈਂ ਫੇਰ ਪੇਸ਼ ਹੋਇਆ ਤਾਂ ਮੈਨੂੰ ਜੇਲ ਭੇਜਿਆ ਦਿੱਤਾ ਗਿਆ l ਉਥੇ ਪ੍ਰੇਮ ਸਿੰਘ ਚੰਦੂਮਾਜਰਾ ਵੀ ਬੰਦ ਸੀ ਅਤੇ ਪਹਿਲਾਂ ਵਾਲੇ ਸਿਆਸੀ ਕੈਦੀ ਵੀ ਉਸੇ ਤਰ੍ਹਾਂ ਹੀ ਮੈਨੂੰ ਮਿਲੇ ਜਿਹਨਾਂ ਨੂੰ ਪਹਿਲਾਂ ਮੈਂ ਮਿਲ ਚੁੱਕਿਆ ਸਾਂ l ਇਸ ਗੱਲ ਦਾ ਮਾਣ ਸੀ ਕਿ ਮੈਂ ਆਪਣੇ ਪੁਰਖਿਆਂ ਤੇ ਸ਼ਹੀਦਾਂ ਦੀ ਵਿਰਾਸਤ ਤੇ ਪਹਿਰਾ ਦਿੰਦਿਆਂ/ਜ਼ੁਲਮ ਖਿਲਾਫ ਲੜਦਿਆਂ ਜੇਲ ਪਹੁੰਚਿਆ ਹਾਂ l ਜੇਲ ਚ ਰਹਿੰਦੇ ਹੋ ਖੁੱਲ ਕੇ ਇਨਕਲਾਬੀ ਸਾਹਿਤ ਪੜ੍ਹਨ ਦਾ ਮੌਕਾ ਮੈਂ ਖੂਬ ਵਰਤਿਆ l ਕਾਲਜ ਵੱਲੋਂ ਸੂਚਿਤ ਕਰ ਦਿੱਤੇ ਜਾਣ ਕਾਰਨ ਮੇਰੇ ਪਿਤਾ ਜੀ ਮੇਰੀ ਮੁਲਾਕਾਤ ਲਈ ਆਏ ਪਰ ਇਹ ਉਹਨਾਂ ਦੀ ਸਮਝ ਤੋਂ ਬਾਹਰ ਦੀ ਗੱਲ ਸੀ ਕਿ ਮੈਂ ਕਿਸ ਜੁਰਮ ਵਿੱਚ ਅੰਦਰ ਬੰਦ ਕਰ ਦਿੱਤਾ ਗਿਆ ਹਾਂ l ਪ੍ਰੀਖਿਆ ਦੀ ਤਿਆਰੀ ਵਿੱਚ ਕਮੀ ਨਾ ਹੋਣ ਦੇ ਬਾਵਜੂਦ ਇੱਕ ਵਿਦਿਆਰਥੀ ਵਿਰੋਧੀ ਪ੍ਰੋਫੈਸਰ ਵੱਲੋਂ ਮੇਰੇ ਨੰਬਰ ਘਟਾ ਦਿੱਤੇ ਜਾਣ ਕਾਰਨ ਮੈਨੂੰ ਇੱਕ ਪੇਪਰ ਦਾ ਦੁਆਰਾ ਇਮਤਿਹਾਨ ਦੇਣਾ ਪਿਆ l
ਮੈਨੂੰ ਜੇਲ ਤੋਂ ਜਮਾਨਤ ਤੇ ਰਿਹਾ ਤਾਂ ਕਰ ਦਿੱਤਾ ਗਿਆ ਪਰ ਸਖਤ ਨਿਗਰਾਨੀ/ਪੁਲਿਸ ਪਹਿਰਾ ਜਾਰੀ ਰਿਹਾ l ਪਟਿਆਲਾ ਛੱਡ ਕੇ ਬਠਿੰਡੇ ਇੰਟੈਨਸ਼ਿਪ ਕਰਨ ਲੱਗ ਗਿਆ ਪਰ ਉੱਥੇ ਵੀ ਪੁਲਿਸ ਨੇ ਮੈਨੂੰ ਪਰੇਸ਼ਾਨ ਕੀਤਾ ਤੇ ਮੈਂਨੂੰ ਪ੍ਰਸ਼ਾਸਨ ਨੇ ਵਾਪਸ ਰਜਿੰਦਰਾ ਹਸਪਤਾਲ ਪਟਿਆਲੇ ਅਤੇ ਫਿਰ ਨਾਭੇ ਭੇਜ ਦਿੱਤਾ ਜਿੱਥੇ ਮੈਂ ਸਿਵਲ ਹਸਪਤਾਲ ਚ ਇੰਟਰਨਸ਼ਿਪ ਕਰਨ ਲੱਗ ਪਿਆ l ਪੰਜਾਬ ਸਟੂਡੈਂਟ ਯੂਨੀਅਨ ਉਸ ਵੇਲੇ ਸ਼ਹੀਦੀ ਯਾਦਗਾਰ ਕਮੇਟੀ ਦੇ ਨਾਂ ਹੇਠ ਮੁੜ ਜਥੇਬੰਦ ਹੋ ਚੁੱਕੀ ਸੀ ਤੇ ਮੈਂ ਉਸ ਵਿੱਚ ਐਮਰਜੈਂਸੀ ਹਟਾਏ ਜਾਣ ਤੱਕ ਸਰਗਰਮ ਰਿਹਾ l ਜਨਤਾ ਪਾਰਟੀ ਦੀ ਹਕੂਮਤ ਵੱਲੋਂ ਐਮਰਜੈਂਸੀ ਦੌਰਾਨ ਜੇਲ ਚ ਬੰਦ ਰਹੇ ਲੋਕਾਂ ਨੂੰ ਪ੍ਰਸ਼ੰਸਾ ਪੱਤਰ ਜਾਰੀ ਕਰਨ ਦੀ ਪੇਸ਼ਕਸ਼ ਹੋਈ ਪਰ ਉਹ ਪੱਤਰ ਮੈਂ ਲੈਣ ਤੋਂ ਨਾਂਹ ਕਰ ਦਿੱਤੀ l ਐਮਰਜੈਂਸੀ ਦੇ ਦਿਨਾਂ ਦੀਆਂ ਇਹ ਅਭੁੱਲ ਯਾਦਾਂ ਅੱਜ ਵੀ ਮੇਰੇ ਨਾਲ ਹਨ l
ਡਾਕਟਰ ਅਜੀਤਪਾਲ ਸਿੰਘ ਐਮ ਡੀ
98156 29391