ਟਰੰਪ ਦੋਸ਼ੀ ਕਰਾਰ

ਅਮਰੀਕਾ ਵਿੱਚ ਨਿਊਯਾਰਕ ਦੀ ਗਰੈਂਡ ਜਿਊਰੀ ਨੇ ਡੋਨਲਡ ਟਰੰਪ ਨੂੰ ਘੋਰ ਅਪਰਾਧ ਦਾ ਦੋਸ਼ੀ ਪਾਇਆ ਹੈ ਅਤੇ 2016 ਦੀਆਂ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਉਨ੍ਹਾਂ ਨੂੰ ਪੋਰਨ ਫਿਲਮਾਂ ਦੀ ਇਕ ਸਟਾਰ ਨੂੰ ਚੁੱਪ ਰਹਿਣ ਲਈ ਰਕਮ ਅਦਾ ਕਰਨ ਦਾ ਮਾਮਲਾ ਰਫਾ ਦਫ਼ਾ ਕਰਨ ਲਈ ਸਰਕਾਰੀ ਰਿਕਾਰਡ ਵਿਚ ਹੇਰ-ਫੇਰ ਕਰਨ ਦੀਆਂ ਸਾਰੀਆਂ 34 ਮੱਦਾਂ ਤਹਿਤ ਦੋਸ਼ੀ ਪਾਇਆ ਗਿਆ ਹੈ। ਇਸ ਤਰ੍ਹਾਂ ਦੇ ਘੋਰ ਅਪਰਾਧ ਵਿੱਚ ਦੋਸ਼ੀ ਪਾਏ ਜਾਣ ਵਾਲੇ ਉਹ ਅਮਰੀਕਾ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ। ਉਂਝ ਉਨ੍ਹਾਂ ਆਪਣੇ ਜਾਣੇ ਪਛਾਣੇ ਅੰਦਾਜ਼ ਵਿਚ ਆਖਿਆ ਹੈ ਕਿ ਉਸ ਖਿ਼ਲਾਫ਼ ਇਹ ਝੂਠਾ ਮੁਕੱਦਮਾ ਘਡਿ਼ਆ ਗਿਆ ਹੈ ਤੇ ਇਹ ਦੇਸ਼ ਲਈ ਸ਼ਰਮਿੰਦਗੀ ਦਾ ਸਬਬ ਹੈ। 2024 ਦੀ ਰਾਸ਼ਟਰਪਤੀ ਦੀ ਚੋਣ ਲੜ ਰਹੇ ਟਰੰਪ ਨੇ ਦੋਸ਼ ਲਾਇਆ ਹੈ ਕਿ ਜੋਅ ਬਾਇਡਨ ਪ੍ਰਸ਼ਾਸਨ ਉਸ ਨਾਲ ਸਿਆਸੀ ਰੰਜਿਸ਼ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਆਪ ਨੂੰ ਮਦਰ ਟੈਰੇਸਾ ਜਿਹੀ ਪਾਕ-ਸਾਫ਼ ਰੂਹ ਕਰਾਰ ਦਿੰਦਿਆਂ ਕਿਹਾ ਕਿ ਉਸ ਜਿਹੀ ਕੋਈ ਮਹਾਨ ਸਾਧਵੀ ਵੀ ਇਹੋ ਜਿਹੇ ਫਰਜ਼ੀ ਮੁਕੱਦਮੇ ’ਚੋਂ ਬਰੀ ਨਹੀਂ ਹੋ ਸਕਦੀ ਸੀ।

ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਸਾਡਾ ਮੁਲਕ ਨਰਕ ਬਣ ਗਿਆ ਹੈ ਅਤੇ ਉਹ ਅੰਤ ਤੱਕ ਆਪਣੀ ਲੜਾਈ ਜਾਰੀ ਰੱਖਣਗੇ। ਇਹ ਕੇਸ ਛੇ ਹਫ਼ਤੇ ਚੱਲਿਆ ਅਤੇ ਕੁੱਲ 22 ਗਵਾਹ ਭੁਗਤਾਏ ਗਏ ਹਨ ਜਿਸ ਤੋਂ ਬਾਅਦ ਅੱਜ 12 ਮੈਂਬਰੀ ਜਿਊਰੀ ਵੱਲੋਂ ਇਹ ਫ਼ੈਸਲਾ ਸੁਣਾਇਆ ਗਿਆ ਹੈ। ਅਦਾਲਤ ਦਾ ਇਹ ਫ਼ੈਸਲਾ ਇਸ ਸਾਲ ਨਵੰਬਰ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲੜਨ ਦੇ ਟਰੰਪ ਦੇ ਰਾਹ ਦਾ ਰੋੜਾ ਨਹੀਂ ਬਣੇਗਾ। ਉਂਝ, ਟਰੰਪ ਨੂੰ ਸਜ਼ਾ 11 ਜੁਲਾਈ ਨੂੰ ਸੁਣਾਈ ਜਾਵੇਗੀ ਜਿਸ ਤੋਂ ਚਾਰ ਦਿਨ ਬਾਅਦ ਰਿਪਬਲਿਕਨ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਹੋਵੇਗੀ ਜਿਸ ਵਿੱਚ ਟਰੰਪ ਨੂੰ ਰਾਸ਼ਟਰਪਤੀ ਬਾਇਡਨ ਦੇ ਮੁਕਾਬਲੇ ਰਾਸ਼ਟਰਪਤੀ ਦੇ ਅਹੁਦੇ ਲਈ ਪਾਰਟੀ ਦਾ ਬਾਕਾਇਦਾ ਉਮੀਦਵਾਰ ਮਨੋਨੀਤ ਕੀਤਾ ਜਾਵੇਗਾ।

ਟਰੰਪ ਨੂੰ ਪੀੜਤ ਬਣ ਕੇ ਦਿਖਾਉਣ ਦੀ ਪੂਰੀ ਜਾਚ ਹੈ ਅਤੇ ਉਸ ਤੋਂ ਆਸ ਹੈ ਕਿ ਉਹ ਇਹ ਯਕੀਨੀ ਬਣਾਏਗਾ ਕਿ ਉਸ ਦੀ ਪ੍ਰਚਾਰ ਮੁਹਿੰਮ ਅਦਾਲਤੀ ਕੇਸਾਂ ਦੁਆਲੇ ਘੁੰਮਦੀ ਰਹੇ। ਜਦ ਤੋਂ 2020 ਦੀਆਂ ਰਾਸ਼ਟਰਪਤੀ ਚੋਣ ਦੇ ਨਤੀਜੇ ਆਏ ਹਨ ਜੋ ਬਾਇਡਨ ਨੇ ਜਿੱਤੀਆਂ ਸਨ, ਟਰੰਪ ਨੇ ਇੱਕ ਤੋਂ ਬਾਅਦ ਇੱਕ ‘ਸਾਜਿ਼ਸ਼’ ਦਾ ਰੌਲਾ ਪਾਇਆ ਜੋ ਉਸ ਨੂੰ ਕਥਿਤ ਤੌਰ ’ਤੇ ਵ੍ਹਾਈਟ ਹਾਊਸ ਤੋਂ ਬਾਹਰ ਰੱਖਣ ਲਈ ਘੜੀ ਗਈ। ਉਹ ਤਿੰਨ ਹੋਰ ਅਪਰਾਧਕ ਸੁਣਵਾਈਆਂ ਦਾ ਵੀ ਸਾਹਮਣਾ ਕਰ ਰਿਹਾ ਹੈ ਜਿਨ੍ਹਾਂ ਵਿੱਚੋਂ ਦੋ ਚੋਣਾਂ ਵਿਚਲੀ ਹਾਰ ਨੂੰ ਪਲਟਾਉਣ ਦੀ ਕਥਿਤ ਕੋਸ਼ਿਸ਼ ਨਾਲ ਸਬੰਧਿਤ ਹਨ। ਟਰੰਪ ਉੱਤੇ ਆਪਣੇ ਸਮਰਥਕਾਂ ਨੂੰ ਭੜਕਾਉਣ ਦਾ ਦੋਸ਼ ਹੈ ਜਿਨ੍ਹਾਂ 6 ਜਨਵਰੀ 2021 ਨੂੰ ਅਮਰੀਕੀ ਸੰਸਦ (ਕੈਪੀਟਲ ਹਿੱਲ) ਉੱਤੇ ਹੱਲਾ ਬੋਲ ਦਿੱਤਾ ਸੀ। ਇਸ ਅਫ਼ਸੋਸਨਾਕ ਘਟਨਾ ਨੇ ਨਾ ਸਿਰਫ਼ ਅਮਰੀਕੀ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਸੀ ਬਲਕਿ ਕੌਮਾਂਤਰੀ ਪੱਧਰ ਉੱਤੇ ਵੀ ਬਦਨਾਮੀ ਹੋਈ ਸੀ। ਫਿਰ ਵੀ ਟਰੰਪ ਪਹਿਲਾਂ ਵਾਂਗ ਹੀ ਆਕੀ ਅਤੇ ਨਿਰਲੱਜ ਬਣਿਆ ਰਿਹਾ। ਉਸ ਦੀਆਂ ਕਾਨੂੰਨੀ ਮੁਸ਼ਕਿਲਾਂ ਭਾਵੇਂ ਵਧਣ ਵਾਲੀਆਂ ਹਨ ਪਰ ਉਹ ਖ਼ੁਦ ਨੂੰ ‘ਬੇਗੁਨਾਹ’ ਦੱਸਦਾ ਰਹੇਗਾ। ਇਹ ਹੁਣ ਅਮਰੀਕੀ ਵੋਟਰਾਂ ’ਤੇ ਹੈ ਕਿ ਉਹ ਟਰੰਪ ਦੇ ਇਨ੍ਹਾਂ ਪੈਂਤਡਿ਼ਆਂ ਨੂੰ ਕਿਵੇਂ ਲੈਂਦੇ ਹਨ।

ਸਾਂਝਾ ਕਰੋ

ਪੜ੍ਹੋ