ਮਾਲੀਵਾਲ ਦੀ ਮਾਰਕੁੱਟ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਖਿਲਾਫ਼ ਪ੍ਰੇਸ਼ਾਨਕੁਨ ਦੋਸ਼ ਲੱਗਣ ਨਾਲ ਆਮ ਆਦਮੀ ਪਾਰਟੀ ਅਤੇ ਔਰਤਾਂ ਦੀ ਸੁਰੱਖਿਆ ਤੇ ਨਿਆਂ ਪ੍ਰਤੀ ਇਸ ਦੀ ਵਚਨਬੱਧਤਾ ਸਵਾਲਾਂ ਦੇ ਘੇਰੇ ਹੇਠ ਆ ਗਈ ਹੈ। ਮੁੱਖ ਮੰਤਰੀ ਦੇ ਨਿਵਾਸ ਸਥਾਨ ’ਤੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਉੱਪਰ ਹੋਇਆ ਇਹ ਕਥਿਤ ਹਮਲਾ ਪਾਰਟੀ ਦੀ ਦਿਆਨਤਦਾਰੀ ਦੀ ਪਰਖ ਹੈ। ਬੀਬੀ ਮਾਲੀਵਾਲ ਨੇ ਇਸ ਘਟਨਾ ਦੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਕਿਵੇਂ ਵਿਭਵ ਕੁਮਾਰ ਨੇ ਉਸ ਦੇ ਥੱਪੜ ਤੇ ਠੁੱਡੇ ਮਾਰੇ ਅਤੇ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਸੀ ਜਿਨ੍ਹਾਂ ਦਾ ਬਿਓਰਾ ਐੱਫਆਈਆਰ ਵਿੱਚ ਦਰਜ ਹੈ। ਇਸ ਦੌਰਾਨ ਮਾਲੀਵਾਲ ਬਾਰੇ ਕੁਝ ਅਪੁਸ਼ਟ ਵੀਡੀਓਜ਼ ਵਾਇਰਲ ਹੋਣ ਨਾਲ ਇਹ ਮਾਮਲਾ ਹੋਰ ਜ਼ਿਆਦਾ ਗੰਧਲਾ ਹੋ ਗਿਆ ਹੈ। ਭਾਰਤ ਦੀ ਰਾਜਨੀਤੀ ਵਿੱਚ ਇਹੋ ਜਿਹੇ ਪੈਂਤੜੇ ਕੋਈ ਅਣਹੋਣੀ ਗੱਲ ਨਹੀਂ ਹੈ ਜਿੱਥੇ ਕਿਸੇ ਦਾ ਅਕਸ ਹੀ ਮਾਇਨੇ ਰੱਖਦਾ ਹੈ ਅਤੇ ਬਹੁਤੀ ਵਾਰ ਸਚਾਈ ’ਤੇ ਭਾਰੂ ਪੈ ਜਾਂਦਾ ਹੈ।

ਹੁਣ ਜਦੋਂ ਲੋਕ ਸਭਾ ਚੋਣਾਂ ਲਈ ਜ਼ੋਰਦਾਰ ਪ੍ਰਚਾਰ ਚੱਲ ਰਿਹਾ ਹੈ ਤਾਂ ਇਹ ਘਟਨਾ ਵਿਰੋਧੀ ਪਾਰਟੀਆਂ ਲਈ ‘ਆਪ’ ਦੀ ਨੈਤਿਕਤਾ ਨੂੰ ਵੰਗਾਰਨ ਦਾ ਇਕ ਪ੍ਰਮੁੱਖ ਮੁੱਦਾ ਬਣ ਗਿਆ ਹੈ। ਸ੍ਰੀ ਕੇਜਰੀਵਾਲ ਔਰਤਾਂ ਦੀ ਸੁਰੱਖਿਆ ਦੇ ਪੁਰਜ਼ੋਰ ਹਮਾਇਤੀ ਰਹੇ ਹਨ ਪਰ ਹੁਣ ਉਨ੍ਹਾਂ ’ਤੇ ਦੰਭ ਕਰਨ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਨੇ ਇਸ ਮੁੱਦੇ ’ਤੇ ਹਾਲੇ ਤੱਕ ਚੁੱਪ ਵੱਟੀ ਹੋਈ ਹੈ ਪਰ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਇਸ ਸਬੰਧ ਵਿੱਚ ਸਪੱਸ਼ਟ ਆਖ ਚੁੱਕੇ ਹਨ ਕਿ ਵਿਭਵ ਕੁਮਾਰ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਇਸ ਨਾਲ ਵੀ ਮਾਮਲਾ ਸ਼ਾਂਤ ਨਹੀਂ ਹੋ ਸਕਿਆ। ਇਸ ਕੇਸ ਨੇ ਕਰਨਾਟਕ ਵਿੱਚ ਜਨਤਾ ਦਲ (ਐੱਸ) ਦੇ ਉਮੀਦਵਾਰ ਪ੍ਰਜਵਲ ਰੇਵੰਨਾ ਨਾਲ ਜੁੜੇ ਕਾਂਡ ਦੀ ਯਾਦ ਦਿਵਾ ਦਿੱਤੀ ਹੈ ਜਿਸ ਵਿੱਚ ਰੇਵੰਨਾ ਖ਼ਿਲਾਫ਼ ਕਈ ਔਰਤਾਂ ਨਾਲ ਜਿਸਮਾਨੀ ਵਧੀਕੀਆਂ ਕਰਨ ਦੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਸੀ।

ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਲੱਗੇ ਇਸੇ ਤਰ੍ਹਾਂ ਦੇ ਦੋਸ਼ਾਂ ਨੂੰ ਇਸ ਮਾਮਲੇ ਨਾਲ ਮਿਲਾ ਕੇ ਦੇਖਿਆ ਜਾਵੇ ਤਾਂ ਦੋਵੇਂ ਕੇਸ ਸੱਤਾ ਦੇ ਡੂੰਘੇ ਮਰਦਾਊ ਚਰਿੱਤਰ ਨੂੰ ਦਰਸਾਉਂਦੇ ਹਨ। ਇਹ ਇੱਕ ਅਜਿਹੇ ਚਿੰਤਾਜਨਕ ਰੁਝਾਨ ਵੱਲ ਇਸ਼ਾਰਾ ਕਰਦੇ ਹਨ, ਜਿੱਥੇ ਸਿਆਸੀ ਰਿਸ਼ਤੇ ਪੀੜਤ ਦੀ ਮਦਦ ’ਤੇ ਭਾਰੂ ਪੈਂਦੇ ਜਾਪਦੇ ਹਨ ਅਤੇ ਰਾਜਨੀਤੀ ਵਿੱਚ ਕਰੜੀ ਜਵਾਬਦੇਹੀ ਦੀ ਮੰਗ ਉੱਭਰਦੀ ਹੈ। ਭਾਵੇਂ ਕੌਮੀ ਮਹਿਲਾ ਕਮਿਸ਼ਨ ਨੇ ਸਵਾਤੀ ਦੇ ਕੇਸ ਦਾ ਖ਼ੁਦ ਹੀ ਨੋਟਿਸ ਲੈ ਲਿਆ ਹੈ ਪਰ ਦਿੱਲੀ ਪੁਲੀਸ ਨੂੰ ਵੀ ਰਾਜਨੀਤਕ ਪ੍ਰਭਾਵ ਹੇਠ ਨਾ ਆ ਕੇ ਮਾਮਲੇ ਦੀ ਢੁੱਕਵੀਂ ਜਾਂਚ ਕਰਨੀ ਚਾਹੀਦੀ ਹੈ। ਕੇਜਰੀਵਾਲ ਇਸ ਸੰਕਟ ਨਾਲ ਕਿਵੇਂ ਨਜਿੱਠਦੇ ਹਨ, ਉਹੀ ਤੈਅ ਕਰੇਗਾ ਕਿ ਕੀ ‘ਆਪ’ ਟੁੱਟੇ ਰਾਬਤੇ ਨੂੰ ਮੁੜ ਕਾਇਮ ਕਰ ਸਕੇਗੀ। ਮਹਿਲਾਵਾਂ ਨੂੰ ਸੁਰੱਖਿਆ ਤੇ ਇਨਸਾਫ਼ ਦੇਣ ਦੇ ਮਾਮਲੇ ਵਿੱਚ ਵੀ ਇਹ ਵਿਆਪਕ ਭਾਰਤੀ ਰਾਜਨੀਤਕ ਸਦਾਚਾਰ ਦੀ ਇੱਕ ਪ੍ਰੀਖਿਆ ਹੋਵੇਗੀ।

ਸਾਂਝਾ ਕਰੋ

ਪੜ੍ਹੋ