ਜਾਨਲੇਵਾ ਲਾਪਰਵਾਹੀ

ਮੁੰਬਈ ’ਚ ਆਏ ਇਕ ਤੂਫਾਨ ਨਾਲ ਵੱਡੇ ਗੈਰਕਾਨੂੰਨੀ ਹੋਰਡਿੰਗ (ਬਿਲਬੋਰਡ) ਦੇ ਡਿੱਗਣ, ਜਿਸ ’ਚ ਘਟਨਾ ਸਥਾਨ ’ਤੇ ਖੜ੍ਹੇ 16 ਵਿਅਕਤੀਆਂ ਦੀ ਜਾਨ ਚਲੀ ਗਈ, ਨੇ ਲਾਪਰਵਾਹੀ, ਭ੍ਰਿਸ਼ਟਾਚਾਰ ਤੇ ਰੈਗੂਲੇਟਰੀ ਨਾਕਾਮੀ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਚਿੰਤਾਜਨਕ ਮਿਲੀਭੁਗਤ ਕਾਰਨ 41 ਵਿਅਕਤੀ ਫੱਟੜ ਵੀ ਹੋ ਗਏ ਹਨ। ਇਸ ਤ੍ਰਾਸਦੀ ਤੋਂ ਸੰਸਥਾਤਮਕ ਅਣਦੇਖੀ ਤੇ ਫ਼ਰਜ਼ਾਂ ’ਚ ਲਾਪਰਵਾਹੀ ਦੀ ਮਨੁੱਖੀ ਕੀਮਤ ਜ਼ਾਹਿਰ ਹੋਈ ਹੈ। ਕਰੀਬ 250 ਟਨ ਭਾਰੇ ਇਸ ਹੋਰਡਿੰਗ ਨੂੰ ਸਥਾਨਕ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਘੋਰ ਉਲੰਘਣਾ ਕਰ ਕੇ ਖੜ੍ਹਾ ਕੀਤਾ ਗਿਆ ਸੀ ਤੇ ਇਸ ਦਾ ਆਕਾਰ ਮਨਜ਼ੂਰਸ਼ੁਦਾ ਹੱਦ ਤੋਂ ਕਿਤੇ ਵੱਧ ਸੀ।

ਬ੍ਰਿਹਨਮੁੰਬਈ ਨਗਰ ਨਿਗਮ (ਬੀਐਮਸੀ) ਨੇ ਦੋ ਸਾਲ ਪਹਿਲਾਂ ਇਸ ਹੋਰਡਿੰਗ ਬਾਰੇ ਸਵਾਲ ਚੁੱਕੇ ਸਨ ਪਰ ਇਸ ਦੇ ਬਾਵਜੂਦ ਖ਼ਤਰੇ ਨੂੰ ਟਾਲਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਤੇ ਗੈਰਕਾਨੂੰਨੀ ਢਾਂਚੇ ਨੂੰ ਹਟਾਉਣ ਦੀ ਨਾਕਾਮੀ ਖ਼ਤਰਨਾਕ ਬੇਪਰਵਾਹੀ ਅਤੇ ਨਿਗਮ ਦੀ ਨਿਗਰਾਨੀ ’ਚ ਸੰਭਾਵੀ ਭ੍ਰਿਸ਼ਟਾਚਾਰ ਨੂੰ ਦਰਸਾਉਂਦੀ ਹੈ। ਅਫ਼ਸੋਸ ਦੀ ਗੱਲ ਹੈ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਹੈ। ਪਿਛਲੇ ਸਾਲ ਜੂਨ ’ਚ ਤਾਮਿਲਨਾਡੂ ’ਚ ਕੋਇੰਬਟੂਰ ਨੇੜੇ ਰਾਜਮਾਰਗ ’ਤੇ ਇਕ ਵੱਡਾ ਹੋਰਡਿੰਗ ਡਿੱਗਣ ਕਾਰਨ ਮੌਕੇ ’ਤੇ ਤਿੰਨ ਵਰਕਰਾਂ ਦੀ ਮੌਤ ਹੋ ਗਈ ਸੀ। ਪੁਲੀਸ ਨੇ ਕਿਹਾ ਸੀ ਕਿ ਇਹ ਹੋਰਡਿੰਗ ਨਿਗਮ ਦੀ ਪ੍ਰਵਾਨਗੀ ਤੋਂ ਬਿਨਾਂ ਲਾਇਆ ਗਿਆ ਸੀ। 2019 ਵਿਚ ਚੇਨੱਈ ’ਚ ਗੈਰਕਾਨੂੰਨੀ ਬੈਨਰ ਡਿੱਗਣ ਕਾਰਨ ਇਕ ਲੜਕੀ ਦੀ ਮੌਤ ਹੋ ਗਈ ਸੀ। ਇਨ੍ਹਾਂ ਘਟਨਾਵਾਂ ’ਚੋਂ ਲਾਪਰਵਾਹੀ ਤੇ ਨਿਯਮਾਂ ਦੀ ਉਲੰਘਣਾ ਝਲਕਦੀ ਹੈ ਜਿਸ ਕਾਰਨ ਮਨੁੱਖੀ ਜਾਨਾਂ ਦਾਅ ’ਤੇ ਲੱਗੀਆਂ ਹਨ।

ਦੋਸ਼ ਸਿਰਫ਼ ਹੋਰਡਿੰਗ ਲਾਉਣ ਵਾਲੀ ਇਸ਼ਤਿਹਾਰੀ ਏਜੰਸੀ ਦਾ ਨਹੀਂ ਹੈ। ਬੀਐਮਸੀ ਜਿਸ ਨੇ ਪਹਿਲਾਂ ਪਤਾ ਹੋਣ ਅਤੇ ਚਿਤਾਵਨੀਆਂ ਦੇ ਬਾਵਜੂਦ ਇਸ ਉਲੰਘਣਾ ਨੂੰ ਜਾਰੀ ਰਹਿਣ ਦਿੱਤਾ, ਨੂੰ ਵੀ ਬਰਾਬਰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਇਸ਼ਤਿਹਾਰਬਾਜ਼ੀ ਏਜੰਸੀ ਦੇ ਮਾਲਕ ਭਾਵੇਸ਼ ਭਿੰਡੇ ਵਿਰੁੱਧ ਕੇਸ ਦਰਜ ਕਰਨਾ ਤਾਂ ਜ਼ਰੂਰੀ ਹੈ ਹੀ ਸੀ ਪਰ ਇਹ ਕਾਫ਼ੀ ਨਹੀਂ ਹੈ। ਜਵਾਬਦੇਹੀ ਵਿਆਪਕ ਪੱਧਰ ’ਤੇ ਹੋਣੀ ਚਾਹੀਦੀ ਹੈ, ਰੋਕੀ ਜਾ ਸਕਣ ਵਾਲੀ ਤ੍ਰਾਸਦੀ ਲਈ ਸਾਰੀਆਂ ਧਿਰਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਵੱਲੋਂ ਹਮਦਰਦੀ ਵਜੋਂ ਮੁਆਵਜ਼ੇ ਦਾ ਐਲਾਨ, ਰੈਗੂਲੇਟਰੀ ਨਾਕਾਮੀਆਂ ਪਿਛਲੇ ਕਾਰਨਾਂ ਉਤੇ ਪਰਦਾ ਨਹੀਂ ਪਾ ਸਕਦਾ। ਇਸ ਤ੍ਰਾਸਦੀ ਤੋਂ ਬਾਅਦ ਹੁਣ ਚਾਹੀਦਾ ਹੈ ਕਿ ਆਊਟਡੋਰ ਇਸ਼ਤਿਹਾਰਬਾਜ਼ੀ ਤੇ ਹੋਰ ਅਜਿਹੇ ਜੋਖ਼ਮ ਭਰੇ ਢਾਂਚਿਆਂ ਬਾਰੇ ਬਣੇ ਨਿਯਮਾਂ ਦੀ ਸਮੀਖਿਆ ਕੀਤੀ ਜਾਵੇ। ਪੂਰੇ ਮੁਲਕ ਵਿਚ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਜ਼ਬੂਤ ਨਿਰੀਖਣ ਪ੍ਰਕਿਰਿਆ, ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਤੇ ਉਲੰਘਣਾ ਦੇ ਮਾਮਲਿਆਂ ਵਿਚ ਕਰੜੀ ਕਾਰਵਾਈ ਨੂੰ ਅਮਲ ਵਿਚ ਲਿਆਉਣਾ ਜ਼ਰੂਰੀ ਹੈ।

ਸਾਂਝਾ ਕਰੋ

ਪੜ੍ਹੋ