ਨਿਰਦੋਸ਼ ਪੇਂਡੂਆਂ ਦਾ ਕਤਲੇਆਮ

ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਸੀ ਕਿ ਉਨ੍ਹਾ ਦੀ ਸਰਕਾਰ ਦੀ ਅਗਲੀ ਲੜਾਈ ਨਕਸਲਵਾਦ ਵਿਰੁੱਧ ਹੋਵੇਗੀ। ਸ਼ਾਇਦ ਇਹ ਇਸ਼ਾਰਾ ਛੱਤੀਸਗੜ੍ਹ ਵਿੱਚ ਨਵੀਂ ਬਣੀ ਭਾਜਪਾ ਸਰਕਾਰ ਲਈ ਸੀ। ਇਸ ਦੇ ਨਤੀਜੇ ਵਜੋਂ 10 ਮਈ ਨੂੰ ਛੱਤੀਸਗੜ੍ਹ ਦੇ ਪੇਡੀਆ ਪਿੰਡ ਵਿੱਚ 12 ਨਿਰਦੋਸ਼ ਪੇਂਡੂਆਂ ਨੂੰ ਮਾਰ ਕੇ ਉਨ੍ਹਾਂ ਉੱਤੇ ਮਾਓਵਾਦੀ ਹੋਣ ਦਾ ਇਲਜ਼ਾਮ ਮੜ੍ਹ ਦਿੱਤਾ ਗਿਆ ਸੀ। ਬੀਜਾਪੁਰ ਜ਼ਿਲ੍ਹੇ ਦੇ ਹੈੱਡਕੁਆਟਰ ਤੋਂ 50 ਕਿਲੋਮੀਟਰ ਦੂਰ ਵਸੇ ਇਸ ਪੇਡੀਆ ਪਿੰਡ ਵਿੱਚ ਪੁੱਜ ਕੇ ਇੰਡੀਅਨ ਐੱਕਸਪ੍ਰੈੱਸ ਦੀ ਟੀਮ ਨੇ ਜਿਹੜੇ ਤੱਥ ਇਕੱਠੇ ਕੀਤੇ, ਉਹ ਰੌਂਗਟੇ ਖੜ੍ਹੇ ਕਰਨ ਵਾਲੇ ਹਨ। ਇਹ ਪਿੰਡ ਜੰਗਲ ਦੇ ਬਿਲਕੁੱਲ ਅੰਦਰ ਹੈ। ਪਿੰਡ ਤੱਕ ਪੁੱਜਣ ਲਈ ਰਸਤੇ ਵਿਚਲੀਆਂ 5 ਚੌਕੀਆਂ ਨੂੰ ਪਾਰ ਕਰਕੇ ਜਾਣਾ ਪੈਂਦਾ ਹੈ। ਇਸ ਪਿੰਡ ਤੋਂ ਨੇੜਲਾ ਸ਼ਹਿਰ ਗੰਗਾਲੂਰ 30 ਕਿਲੋਮੀਟਰ ਦੂਰ ਹੈ।

ਪੁਲਸ ਦਾ ਕਹਿਣਾ ਹੈ ਕਿ ਮਾਰੇ ਗਏ 6 ਲੋਕ ਸੀ ਪੀ ਆਈ (ਮਾਓਵਾਦੀ) ਦੇ ਮੈਂਬਰ ਤੇ ਛੇ ਰੈਵੋਲੂਸ਼ਨਰੀ ਕਮੇਟੀ ਦੇ ਮੈਂਬਰ ਸਨ। ਪੁਲਸ ਮੁਤਾਬਕ ਸ਼ਾਨੂੰ ਹਵਲਮ, ਓਇਮ ਭੀਮਾ, ਦੁੱਲਾ ਡਾਮੋ ਤੇ ਜੋਗਾ ਬਾਰਸੇ ਮਾਓਵਾਦੀ ਸਨ। ਇਨ੍ਹਾਂ ਵਿਅਕਤੀਆਂ ਦੇ ਪਰਵਾਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਪੁਲਸ ਪਹੁੰਚੀ ਤਾਂ ਸਾਰੇ ਲੋਕ ਬੀੜੀ ਬਣਾਉਣ ਲਈ ਵਰਤਿਆ ਜਾਂਦਾ ਤੇਂਦੂਪੱਤਾ ਤੋੜ ਰਹੇ ਸਨ। ਕਿਸੇ ਕੋਲ ਕੋਈ ਹਥਿਆਰ ਨਹੀਂ ਸੀ। ਪਰਵਾਰ ਵਾਲਿਆਂ ਮੁਤਾਬਕ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਜੰਗਲ ਵਿੱਚ ਘੇਰ ਲਿਆ। ਆਲੇ-ਦੁਆਲੇ ਹਾਜ਼ਰ ਔਰਤਾਂ ਜਦੋਂ ਪੁਲਸ ਕੋਲ ਪਹੁੰਚੀਆਂ ਤਾਂ ਉਨ੍ਹਾਂ ਨੂੰ ਭਜਾ ਦਿੱਤਾ ਗਿਆ । ਔਰਤਾਂ ਨੇ ਪੱਤਰਕਾਰਾਂ ਨੂੰ ਉਹੀ ਜਾਣਕਾਰੀ ਦਿੱਤੀ, ਜਿਹੜੀ ਉਨ੍ਹਾਂ ਲੋਕਾਂ ਨੇ ਦਿੱਤੀ, ਜਿਨ੍ਹਾਂ ਨੂੰ ਪੁਲਸ ਫੜ ਕੇ ਆਪਣੇ ਨਾਲ ਲੈ ਗਈ ਸੀ, ਪਰ ਅਗਲੇ ਦਿਨ ਛੱਡ ਦਿੱਤਾ ਗਿਆ ਸੀ। ਪੱਤਰਕਾਰਾਂ ਮੁਤਾਬਕ ਮਾਰੇ ਗਏ ਓਇਮ ਭੀਮਾ ਦੇ ਪਿਤਾ ਮੰਗੂ ਨੇ ਦੱਸਿਆ ਕਿ ਉਸ ਨੂੰ ਇੱਕ ਕੋਨੇ ਵਿੱਚ ਖੜ੍ਹਾ ਕਰਕੇ ਗੋਲੀ ਮਾਰੀ ਗਈ ਸੀ।

ਪੁਲਸ ਬਾਕੀ ਲੋਕਾਂ ਨੂੰ ਫੜ ਕੇ ਆਪਣੇ ਨਾਲ ਲੈ ਗਈ ਸੀ। ਅਗਲੇ ਦਿਨ ਜਦੋਂ ਫੜੇ ਗਏ ਲੋਕ ਵਾਪਸ ਘਰੀਂ ਮੁੜੇ, ਤਦ ਪਤਾ ਚੱਲਿਆ ਕਿ ਕੌਣ-ਕੌਣ ਮਾਰਿਆ ਜਾ ਚੁੱਕਾ ਹੈ। ਭੀਮਾ ਦੇ ਪਰਵਾਰ ਵਿੱਚ ਪਤਨੀ ਤੇ ਤਿੰਨ ਮਹੀਨੇ ਦਾ ਬੇਟਾ ਹੈ। 40 ਸਾਲਾ ਸ਼ਾਨੂੰ ਹਵਲਮ ਦੀ ਮਾਂ ਨੇ ਦੱਸਿਆ, ‘ਮੇਰਾ ਬੇਟਾ ਸ਼ਾਨੂੰ ਗੂੰਗਾ ਤੇ ਬੋਲਾ ਸੀ। ਪਹਿਲਾਂ ਵੀ ਪੁਲਸ ਉਸ ਨੂੰ ਲੈ ਜਾਂਦੀ ਸੀ, ਪਰ ਛੱਡ ਦਿੰਦੀ ਸੀ। ਇੱਕ ਵਾਰ ਮੈਂ ਵਿਰੋਧ ਕੀਤਾ ਤਾਂ ਮੈਨੂੰ ਕੁੱਟਿਆ ਗਿਆ। ਮੇਰਾ ਬੇਟਾ ਹਰ ਹਫ਼ਤੇ ਗੰਗਾਲੂਰ ਬਜ਼ਾਰ ਵਿੱਚੋਂ ਰਾਸ਼ਨ ਲੈਣ ਜਾਂਦਾ ਸੀ। ਉਸ ਕੋਲ ਕੋਈ ਹਥਿਆਰ ਨਹੀਂ ਸੀ।

ਜਦੋਂ ਪੁਲਸ ਉਸ ਨੂੰ ਗਿ੍ਰਫ਼ਤਾਰ ਕਰ ਸਕਦੀ ਸੀ ਤਾਂ ਗੋਲੀ ਕਿਉਂ ਮਾਰੀ ਗਈ।’ ਉਸ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਮਾਰੇ ਜਾਣ ਦਾ ਉਸ ਨੂੰ ਉਦੋਂ ਪਤਾ ਲੱਗਾ, ਜਦੋਂ ਪੁਲਸ ਨੇ ਉਸ ਦਾ ਫੋਟੋ ਜਾਰੀ ਕੀਤਾ। ਜੋਗਾ ਬਾਰਸੇ ਦੇ ਭਰਾ ਬਾਰਸੇ ਦੁੱਲਾ ਨੇ ਦੱਸਿਆ ਕਿ ਉਸ ਦਾ ਭਰਾ ਤੇਂਦੂਪੱਤਾ ਤੋੜਨ ਗਿਆ ਸੀ। ਉਹ ਸ਼ਰਾਬੀ ਸੀ ਤੇ ਬਿਮਾਰ ਰਹਿੰਦਾ ਸੀ। ਉਹ ਕਿਸੇ ਮਾਓਵਾਦੀ ਗਰੁੱਪ ਦਾ ਮੈਂਬਰ ਨਹੀਂ ਸੀ ਤੇ ਨਾ ਹੀ ਉਸ ਕੋਲ ਕੋਈ ਹਥਿਆਰ ਸੀ। ਪੁਲਸ ਨੇ ਆਮ ਵਾਂਗ ਪਿੰਡ ਵਾਲਿਆਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਸਵਾਲ ਇਹ ਹੈ ਕਿ ਜੇਕਰ ਮਾਰੇ ਗਏ ਵਿਅਕਤੀਆਂ ਨੇ ਮੁਕਾਬਲਾ ਕੀਤਾ ਸੀ ਤਾਂ ਸੁਰੱਖਿਆ ਫੋਰਸਾਂ ਦਾ ਕੋਈ ਜਵਾਨ ਜ਼ਖ਼ਮੀ ਕਿਉਂ ਨਹੀਂ ਹੋਇਆ।

ਸਾਂਝਾ ਕਰੋ

ਪੜ੍ਹੋ