ਘਬਰਾਉਣ ਦੀ ਲੋੜ ਨਹੀਂ

ਐਸਟ੍ਰਾਜੇਨੇਕਾ ਦੀ ਵੈਕਸੀਨ ਕੋਵੀਸ਼ੀਲਡ ਦੇ ਮਾੜੇ ਪ੍ਰਭਾਵ ਸਾਹਮਣੇ ਆਉਣ ਤੋਂ ਬਾਅਦ ਇਹ ਟੀਕਾ ਲੁਆ ਚੁੱਕੇ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦਾ ਡਰ ਬਣਿਆ ਹੋਇਆ ਹੈ। ਅਪ੍ਰੈਲ ਦੇ ਆਖਰੀ ਹਫਤੇ ਇਹ ਟੀਕਾ ਬਣਾਉਣ ਵਾਲੀ ਕੰਪਨੀ ਨੇ ਬਰਤਾਨੀਆ ਦੀ ਅਦਾਲਤ ’ਚ ਮੰਨਿਆ ਸੀ ਕਿ ਇਹ ਟੀਕਾ ਲੁਆ ਚੁੱਕੇ ਲੋਕਾਂ ਵਿਚ ਕੁਝ ਹਾਲਤਾਂ ’ਚ ਖੂਨ ਦਾ ਥੱਕਾ (ਕਲੌਟ) ਬਣਨ ਦੀ ਸਮੱਸਿਆ ਹੋ ਸਕਦੀ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ 10 ਲੱਖ ਵਿੱਚੋਂ 7-10 ਲੋਕਾਂ ਵਿਚ ਆ ਸਕਦੀ ਹੈ ਤੇ ਸਾਰਿਆਂ ਨੂੰ ਡਰਨ ਦੀ ਲੋੜ ਨਹੀਂ। ਇਸ ਦੇ ਬਾਵਜੂਦ ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਲੋਕਾਂ ਨੇ ਬਿਨਾਂ ਡਾਕਟਰੀ ਸਲਾਹ ਦੇ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਲੱਡ ਥਿਨਰ (ਖੂਨ ਪਤਲਾ ਕਰਨ ਵਾਲੀਆਂ ਦਵਾਈਆਂ) ਆਮ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਖੂਨ ਕਾਫੀ ਗਾੜ੍ਹਾ ਹੁੰਦਾ ਹੈ ਤੇ ਕਲੌਟ ਬਣਨ ਕਾਰਨ ਹਾਰਟ ਅਟੈਕ ਜਾਂ ਸਟ੍ਰੋਕ ਦਾ ਡਰ ਰਹਿੰਦਾ ਹੈ।

ਇਹ ਦਵਾਈਆਂ ਕਲੌਟ ਬਣਨ ਦੀ ਪ੍ਰਕਿਰਿਆ ਨੂੰ ਸੁਸਤ ਕਰਦੀਆਂ ਹਨ, ਪਰ ਬਿਨਾਂ ਡਾਕਟਰੀ ਸਲਾਹ ਦੇ ਅਜਿਹੀਆਂ ਦਵਾਈਆਂ ਲੈਣੀਆਂ ਮੁਸੀਬਤ ਵੀ ਬਣ ਸਕਦੀਆਂ ਹਨ। ਐਸਟ੍ਰਾਜੇਨੇਕਾ ਨੇ ਮੰਨਿਆ ਸੀ ਕਿ ਟੀਕੇ ਲੁਆਉਣ ਵਾਲੇ ਕੁਝ ਲੋਕਾਂ ਨੂੰ ਥ੍ਰੋਮਬੋਸਿਸ ਵਿਦ ਥ੍ਰੋਮਬੋਸਾਈਟੋਪੇਨੀਆ ਸਿੰਡਰੋਮ (ਟੀ ਟੀ ਐੱਸ) ਹੋਣ ਦਾ ਰਿਸਕ ਹੋ ਸਕਦਾ ਹੈ। ਡਾਕਟਰ ‘ਥੋ੍ਰਮਬੋਸਿਸ’ ਸ਼ਬਦ ਦੀ ਵਰਤੋਂ ਖੂਨ ਦੇ ਥੱਕੇ ਬਣਨ ਦੀ ਸਮੱਸਿਆ ਦੇ ਰੂਪ ਵਿਚ ਕਰਦੇ ਹਨ। ਇਸ ਨਾਲ ਖੂਨ ਦੇ ਵਹਾਅ ਵਿਚ ਰੁਕਾਵਟ ਪੈਦਾ ਹੰੁਦੀ ਹੈ। ਥ੍ਰੋਮਬੋਸਾਈਟੋਪੇਨੀਆ ਉਦੋਂ ਹੁੰਦਾ ਹੈ, ਜਦੋਂ ਕਿਸੇ ਵਿਅਕਤੀ ਵਿਚ ਪਲੇਟਲੈੱਟ ਘਟ ਜਾਂਦੇ ਹਨ, ਜਿਹੜੇ ਕਿ ਬਿਮਾਰੀ ਖਿਲਾਫ ਲੜਨ ਵਿਚ ਮਦਦ ਕਰਦੇ ਹਨ। ਇਸ ਤਰ੍ਹਾਂ ਦੇ ਖਤਰਿਆਂ ਤੋਂ ਬਚਣ ਲਈ ਕਈ ਲੋਕ ਬਿਨਾਂ ਡਾਕਟਰੀ ਸਲਾਹ ਦੇ ਬਲੱਡ ਥਿਨਰ ਲੈਣ ਲੱਗ ਪਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਕਾਰਨ ਨੱਕ ਤੇ ਮਸੂੜ੍ਹਿਆਂ ਵਿੱਚੋਂ ਖੂਨ ਆਉਣ ਤੇ ਥੋੜ੍ਹਾ ਜਿਹਾ ਕੱਟ ਲੱਗਣ ਨਾਲ ਬਹੁਤ ਜ਼ਿਆਦਾ ਖੂਨ ਵਹਿ ਜਾਣ ਵਰਗੀਆਂ ਦਿੱਕਤਾਂ ਆਉਂਦੀਆਂ ਹਨ। ਚੱਕਰ ਆਉਣ, ਮਾਸਪੇਸ਼ੀਆਂ ਵਿਚ ਕਮਜ਼ੋਰੀ, ਵਾਲ ਝੜਨ ਦਾ ਖਤਰਾ ਵੀ ਹੋ ਸਕਦਾ ਹੈ।
ਹਰ ਦਵਾਈ ਦਾ ਕੋਈ ਨਾ ਕੋਈ ਸਾਈਡ ਇਫੈਕਟ ਹੋ ਸਕਦਾ ਹੈ, ਪਰ ਉਸ ਦਾ ਇਲਾਜ ਖੁਦ ਹੀ ਕਰਨਾ ਠੀਕ ਨਹੀਂ। ਬਿਨਾਂ ਡਾਕਟਰੀ ਸਲਾਹ ਦੇ ਦਵਾਈਆਂ ਖਾਣੀਆਂ ਸ਼ੁਰੂ ਕਰ ਦੇਣਾ ਮਹਿੰਗਾ ਪੈ ਸਕਦਾ ਹੈ। ਸਿਹਤ ਮਾਹਰ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਮਾੜੇ ਪ੍ਰਭਾਵ ਆਮ ਕਰਕੇ ਕੁਝ ਘੰਟਿਆਂ ਤੇ ਦਿਨਾਂ ਵਿਚ ਦਿਸਣ ਲਗਦੇ ਹਨ। ਬਹੁਤੇ ਲੋਕਾਂ ਨੂੰ ਟੀਕਾ ਲੁਆਏ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਇਸ ਕਰਕੇ ਵੀ ਹੁਣ ਬਹੁਤਾ ਘਬਰਾਉਣ ਦੀ ਲੋੜ ਨਹੀਂ।

ਸਾਂਝਾ ਕਰੋ

ਪੜ੍ਹੋ