ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਜਿੱਥੇ ਚੋਣਾਂ ਦਾ ਅਮਲ ਅਕਸਰ ਚੱਲਦਾ ਹੀ ਰਹਿੰਦਾ ਹੈ। ਸਥਾਨਕ ਪੱਧਰ ਦੀਆਂ ਚੋਣਾਂ ਭਾਵੇਂ ਅੱਜ ਵੀ ਬੈਲੇਟ ਬਾਕਸ ਨਾਲ ਹੁੰਦੀਆਂ ਹਨ ਪਰ ਵਿਧਾਨ ਸਭਾਵਾਂ ਤੇ ਲੋਕ ਸਭਾ ਦੀਆਂ ਚੋਣਾਂ ਦੇ ਵੱਡੇ ਅਮਲ ਨੂੰ ਨਿਪਟਾਉਣ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਅਮਲ ਚੱਲ ਰਿਹਾ ਹੈ।ਪੰਜਾਬ ਵਿਚ ਇਹ ਚੋਣਾਂ ਇਕ ਜੂਨ ਨੂੰ ਹੋਣਗੀਆਂ। ਚੋਣਾਂ ਦੀ ਸਾਰਥਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਦੇਸ਼ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਵੀਵੀਪੈਟ ਵੀ ਵਰਤਿਆ ਜਾ ਰਿਹਾ ਹੈ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਮੁੱਖ ਰੂਪ ਵਿਚ ਤਿੰਨ ਭਾਗ ਹੁੰਦੇ ਹਨ-ਕੰਟਰੋਲ ਯੂਨਿਟ, ਵੀਵੀਪੈਟ ਤੇ ਬੈਲੇਟ ਯੂਨਿਟ। ਇਨ੍ਹਾਂ ਤਿੰਨਾਂ ਨੂੰ ਇਕ ਤਾਰ ਦੁਆਰਾ ਆਪਸ ਵਿਚ ਜੋੜਿਆ ਜਾਂਦਾ ਹੈ। ਕੰਟਰੋਲ ਯੂਨਿਟ ਨਾਲ ਵੀਵੀਪੈਟ ਅਤੇ ਵੀਵੀਪੈਟ ਨਾਲ ਬੈਲੇਟ ਯੂਨਿਟ ਜੋੜਿਆ ਜਾਂਦਾ ਹੈ। ਇਨ੍ਹਾਂ ਦਾ ਆਪਸੀ ਲਿੰਕ ਹੀ ਪੂਰਨ ਰੂਪ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅਖਵਾਉਂਦਾ ਹੈ। ਕੰਟਰੋਲ ਯੂਨਿਟ ਵੀਵੀਪੈਟ ਅਤੇ ਬੈਲੇਟ ਯੂਨਿਟ ਦਾ ਦਿਮਾਗ ਹੈ ਜਿਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ।
ਕੰਟਰੋਲ ਯੂਨਿਟ ਆਨ ਹੁੰਦਿਆਂ ਹੀ ਸਾਰਾ ਸਿਸਟਮ ਚਾਲੂ ਹੋ ਜਾਂਦਾ ਹੈ। ਕੰਟਰੋਲ ਯੂਨਿਟ ਦੇ ਡਿਸਪਲੇ ਸੈਕਸ਼ਨ ’ਤੇ ਵੀਵੀਪੈਟ ਅਤੇ ਬੈਲੇਟ ਯੂਨਿਟ ਦੀ ਸਾਰੀ ਜਾਣਕਾਰੀ ਮੁਹੱਈਆ ਹੁੰਦੀ ਹੈ। ਵੀਵੀਪੈਟ ਤੇ ਬੈਲੇਟ ਯੂਨਿਟ ਦੀ ਕਿਸੇ ਤਰ੍ਹਾਂ ਦੀ ਖ਼ਰਾਬੀ ਸਬੰਧੀ ਸੂਚਨਾ ਵੀ ਸਾਨੂੰ ਕੰਟਰੋਲ ਯੂਨਿਟ ਹੀ ਦਿੰਦਾ ਹੈ। ਵੋਟਾਂ ਦੀ ਸਮੁੱਚੀ ਪ੍ਰਕਿਰਿਆ ਦੌਰਾਨ ਸਾਰਾ ਰਿਕਾਰਡ ਕੰਟਰੋਲ ਯੂਨਿਟ ਦੁਆਰਾ ਹੀ ਸਾਂਭਿਆ ਜਾਂਦਾ ਹੈ ਅਤੇ ਵੋਟਾਂ ਦੇ ਨਤੀਜੇ ਵੀ ਇਸ ਤੋਂ ਹੀ ਪ੍ਰਾਪਤ ਕੀਤੇ ਜਾਂਦੇ ਹਨ। ਈਵੀਐੱਮ ਦਾ ਦੂਜਾ ਅਹਿਮ ਭਾਗ ਹੈ ਵੀਵੀਪੈਟ ਅਰਥਾਤ ਵੋਟਰ ਵੈਰੀਫਾਈਏਵਲ ਪੇਪਰ ਆਡਿਟ ਟਰੇਲ। ਇਸ ਦੇ ਅੱਗੇ ਤਿੰਨ ਭਾਗ ਹੁੰਦੇ ਹਨ। ਬੈਟਰੀ ਸੈਕਸ਼ਨ, ਪੇਪਰ ਰੋਲ ਕੰਪਾਰਟਮੈਂਟ ਅਤੇ ਸਲਿੱਪ ਵਾਪਸ ਕੰਪਾਰਟਮੈਂਟ। ਆਪਣੀ ਵੋਟ ਪਾਉਣ ਤੋਂ ਬਾਅਦ ਹੁਣ ਵੋਟਰ ਸੱਤ ਸਕਿੰਟ ਲਈ ਵੀਵੀਪੈਟ ਦੀ ਸਕਰੀਨ ’ਤੇ ਪਈ ਵੋਟ ਨੂੰ ਦੇਖ ਸਕਦਾ ਹੈ ਤੇ ਜ਼ਰੂਰਤ ਪੈਣ ’ਤੇ ਇਨ੍ਹਾਂ ਸਲਿੱਪਾਂ ਦੀ ਗਿਣਤੀ ਵੀ ਅਲੱਗ ਤੋਂ ਕੀਤੀ ਜਾ ਸਕਦੀ ਹੈ। ਈਵੀਐੱਮ ਦਾ ਤੀਸਰਾ ਅਹਿਮ ਭਾਗ ਹੈ ਬੈਲੇਟ ਯੂਨਿਟ ਜਿਸ ਦੇ ਬਟਨ ਨੂੰ ਦਬਾ ਕੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਦਾ ਹੈ। ਬੈਲੇਟ ਯੂਨਿਟ ਨੂੰ ਵੋਟਿੰਗ ਕੰਪਾਰਟਮੈਂਟ ’ਚ ਵੀਵੀਪੈਟ ਦੇ ਨਾਲ ਹੀ ਰੱਖਿਆ ਜਾਂਦਾ ਹੈ। ਇਕ ਬੈਲੇਟ ਯੂਨਿਟ ’ਤੇ 16 ਉਮੀਦਵਾਰਾਂ ਦੇ ਵੇਰਵੇ ਅੰਕਿਤ ਕੀਤੇ ਜਾ ਸਕਦੇ ਹਨ। ਇਕ ਕੰਟਰੋਲ ਯੂਨਿਟ ਨਾਲ 24 ਬੈਲੇਟ ਯੂਨਿਟ ਚਲਾਏ ਜਾ ਸਕਦੇ ਹਨ ਅਰਥਾਤ 384 ਉਮੀਦਵਾਰਾਂ ਨੂੰ ਵੋਟਾਂ ਪਾਈਆਂ ਜਾ ਸਕਦੀਆਂ ਹਨ। ਇਸ ਵਾਰ ਪੂਰੇ ਦੇਸ਼ ਦੀਆਂ ਲੋਕ ਸਭਾ ਚੋਣਾਂ ਵਿਚ ਐੱਮ-3 ਤਕਨੀਕ ਦੀ ਨਵੀਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਹੈ।