ਜ਼ਮੀਨੀ ਹਕੀਕਤ

ਲੋਕ ਸਭਾ ਚੋਣਾਂ ਲਈ ਭਾਜਪਾ ਵੱਲੋਂ ਦੋ ਲਿਸਟਾਂ ਵਿਚ ਐਲਾਨੇ ਗਏ 267 ਉਮੀਦਵਾਰਾਂ ਵਿੱਚੋਂ 140 ਨੂੰ ਮੁੜ ਟਿਕਟ ਮਿਲੀ ਹੈ, ਜਦਕਿ 137 ਨਵੇਂ ਚਿਹਰੇ ਮੈਦਾਨ ਵਿਚ ਉਤਾਰੇ ਗਏ ਹਨ। ਇਨ੍ਹਾਂ ਨਵੇਂ ਚਿਹਰਿਆਂ ਲਈ 63 ਮੌਜੂਦਾ ਸਾਂਸਦਾਂ ਦਾ ਬਲੀਦਾਨ ਹੋਇਆ ਹੈ। (ਕਰੀਬ 24 ਫੀਸਦੀ ਜਾਂ ਇਕ-ਚੌਥਾਈ)। ਟਿਕਟਾਂ ਕੱਟ ਕੇ ਭਾਜਪਾ ਨੇ ਮੰਨ ਲਿਆ ਹੈ ਕਿ ਇਕ-ਚੌਥਾਈ ਮੌਜੂਦਾ ਸਾਂਸਦ ਏਨੇ ਨਿਕੰਮੇ ਹਨ ਕਿ ਮੋਦੀ ਦੇ ਤਲਿੱਸਮ, ਉਨ੍ਹਾ ਦੀ ਸਰਕਾਰ ਦੀਆਂ ‘ਅਦਭੁੱਤ ਉਪਲਬੱਧੀਆਂ’, ਅਜੇਤੂ ਜਥੇਬੰਦਕ ਸਮਰੱਥਾ, ਬੇਤਹਾਸ਼ਾ ਧਨ-ਬਲ ਤੇ ਗੋਦੀ ਮੀਡੀਆ ਦੇ ਪੂਰੇ ਸਮਰਥਨ ਦੇ ਬਾਵਜੂਦ ਉਹ ‘ਕਮਜ਼ੋਰ ਆਪੋਜ਼ੀਸ਼ਨ’ ਨੂੰ ਹਰਾਉਣ ਦੇ ਸਮਰੱਥ ਨਹੀਂ। ਹੁਣ ਇਨ੍ਹਾਂ 24 ਫੀਸਦੀ ਨਿਕੰਮੇ ਸਾਂਸਦਾਂ ਦੀ ਥਾਂ 47 ਫੀਸਦੀ ਨਵੇਂ ਚਿਹਰੇ ਮੋਦੀ ਦਾ ਮਖੌਟਾ ਬਣ ਕੇ ਵੋਟਾਂ ਮੰਗਦੇ ਦਿਸਣਗੇ। ਭਾਵੇਂ ਭਾਜਪਾ 370 ਸੀਟਾਂ ਜਿੱਤਣ ਤੇ ਐੱਨ ਡੀ ਏ ਦੀ ਤਾਕਤ 400 ਤੋਂ ਪਾਰ ਲਿਜਾਣ ਦਾ ਨਗਾਰਾ ਵਜਾ ਰਹੀ ਹੈ, ਪਰ ਜ਼ਮੀਨੀ ਹਕੀਕਤ ਇਹੀ ਹੈ ਕਿ ਮੋਦੀ ਜੀ ਭਲੀਭਾਂਤ ਜਾਣਦੇ ਹਨ ਕਿ ਟਿਕਟ ਗੁਆਉਣ ਵਾਲੇ ਸਾਂਸਦ ਨਾ ਤਾਂ ਪਾਰਟੀ ਦੇ ਨਾਂਅ ’ਤੇ, ਨਾ ਉਨ੍ਹਾ ਦੇ ਨਾਂਅ ’ਤੇ ਅਤੇ ਨਾ ਹੀ ਆਪਣੇ ਬਲਬੂਤੇ ਜਿੱਤਣ ਵਾਲੇ ਸਨ। ਇਨ੍ਹਾਂ ਦੇ ਹਲਕਿਆਂ ਵਿਚ ਮੋਦੀ ਦੀਆਂ ਗਰੰਟੀਆਂ ਨੇ ਵੀ ਰੰਗ ਨਹੀਂ ਦਿਖਾਇਆ।

ਦੋ ਲਿਸਟਾਂ ਵਿਚ 52 ਫੀਸਦੀ, ਯਾਨਿ 267 ਵਿੱਚੋਂ 140 ਸਾਂਸਦਾਂ ਨੂੰ ਹੀ ਮੁੜ ਚੋਣ ਲੜਨ ਦਾ ਮੌਕਾ ਦਿੱਤਾ ਗਿਆ ਹੈ। ਇਹ ਅਨੁਪਾਤ ਵੀ ਦੱਸਦਾ ਹੈ ਕਿ ਰਾਤ ਦੇ ਸਮੇਂ ਤੇ ਬੱਦਲਾਂ ਵਿਚ ਲੜਾਕੂ ਜਹਾਜ਼ ਦੇ ਰਾਡਾਰ ਦੀ ਪਕੜ ਵਿਚ ਨਾ ਆਉਣ ਦਾ ਨਵਾਂ ਵਿਗਿਆਨ ਈਜਾਦ ਕਰਨ ਵਾਲੇ ਵਿਸ਼ਵ ਗੁਰੂ ਵੀ ਮੰਨ ਚੁੱਕੇ ਹਨ ਕਿ ਦੁਨੀਆ-ਭਰ ਵਿਚ ਫੈਲੀ ਉਨ੍ਹਾ ਦੀ ਲੋਕਪਿ੍ਰਅਤਾ ਦੇ ਬਾਵਜੂਦ ਉਨ੍ਹਾ ਦੇ ਅੱਧੇੇ ਸਾਂਸਦ ਹੀ ਜਿੱਤਣ ਦੀ ਕਾਬਲੀਅਤ ਰੱਖਦੇ ਹਨ। ਚੋਣਾਂ ਵਿਚ ਜਿੱਤਣ ਦੀ ਯੋਗਤਾ ਨੂੰ ਹੀ ਬ੍ਰਹਮਾਸਤਰ ਮੰਨਿਆ ਜਾਂਦਾ ਹੈ। ਇਸੇ ਕਰਕੇ ਪਾਰਟੀਆਂ ਜੁਰਮਾਂ ਵਿਚ ਫਸੇ ਆਗੂਆਂ ਨੂੰ ਟਿਕਟ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਹੁਣ ਸੋਚੋ ਕਿ ਜੇ 137 ਸੀਟਾਂ ’ਤੇ ਵਹਿ ਰਹੀ ਮੋਦੀ ਜਾਂ ਸੱਤਾ ਵਿਰੋਧੀ ਲਹਿਰ ਵਿਚ ਵਿਰੋਧੀਆਂ ਨੇ ਭਾਜਪਾ ਨੂੰ ਸਖਤ ਟੱਕਰ ਦੇ ਦਿੱਤੀ ਤਾਂ ਕੀ 137 ਵਿੱਚੋਂ 100 ਸੀਟਾਂ ਗੁਆਉਣ ਦੀ ਨੌਬਤ ਨਹੀਂ ਆ ਜਾਵੇਗੀ? ਦੋ ਲਿਸਟਾਂ ਦੇ ਹਿਸਾਬ ਨਾਲ ਮੋਦੀ ਖੁਦ ਸਵੀਕਾਰ ਕਰ ਰਹੇ ਹਨ ਕਿ 2019 ਵਿਚ ਮਿਲੀਆਂ 302 ਸੀਟਾਂ ਵਿੱਚੋਂ 157 (52 ਫੀਸਦੀ) ਹੀ ਮੁੜ ਉਨ੍ਹਾ ਦੇ ਹੱਥ ਆਉਣਗੀਆਂ, ਬਾਕੀ 145 ਸੀਟਾਂ ’ਤੇ ਪਾਰਟੀ ਦੀ ਹਾਲਤ ਡਾਵਾਂਡੋਲ ਹੈ ਜਾਂ ਕਹਿ ਲਓ ਕਿ 145 ਸੀਟਾਂ ਹੱਥੋਂ ਨਿਕਲਣ ਵਾਲੀਆਂ ਹਨ। ਮਾਮਲਾ ਲਗਭਗ ਅੱਧੇ ਸਾਂਸਦਾਂ ਦੇ ਮੁੜ ਜਿੱਤਣ ਦੀ ਸੰਭਾਵਨਾ ਨਾ ਹੋਣ ਦਾ ਨਹੀਂ, ਸਗੋਂ 2019 ਵਿਚ ਉਨ੍ਹਾਂ ਨੂੰ ਜਿਤਾਉਣ ਵਾਲੇ ਮੋਦੀ ਜੀ ਦੀ ਲੋਕਪਿ੍ਰਅਤਾ ਵਿਚ ਗਿਰਾਵਟ ਦਾ ਵੀ ਹੈ। ਨਹੀਂ ਤਾਂ ਉਹ ਆਪਣੀਆਂ ‘ਯੁਗਾਂਤਰਕਾਰੀ’ ਉਪਲਬਧੀਆਂ ਦੀ ਮਸ਼ਹੂਰੀ ਕਰਾਉਣ ਲਈ ਇਸ਼ਤਿਹਾਰਾਂ ’ਤੇ ਅੰਨ੍ਹਾ ਪੈਸਾ ਨਾ ਵਹਾਉਦੇ।

ਅਖਬਾਰਾਂ ਤੇ ਟੀ ਵੀ ਚੈਨਲਾਂ ਵਿਚ ਖਬਰਾਂ ਨਾਲੋਂ ਵੱਧ ਮੋਦੀ ਦੀਆਂ ਗਰੰਟੀਆਂ ਦੇ ਇਸ਼ਤਿਹਾਰ ਨਜ਼ਰ ਆ ਰਹੇ ਹਨ। ਸਾਫ ਹੈ ਕਿ ਲੋਕਾਂ ਨੂੰ ਉਨ੍ਹਾ ਦੀਆਂ ਉਪਲਬਧੀਆਂ ’ਤੇ ਯਕੀਨ ਨਹੀਂ ਰਿਹਾ। ਭਾਜਪਾ ਨੇ 543 ਵਿੱਚੋਂ 267 ਸੀਟਾਂ ਐਲਾਨੀਆਂ ਹਨ ਤੇ 276 ਸੀਟਾਂ ਹੋਰ ਐਲਾਨੀਆਂ ਜਾਣੀਆਂ ਹਨ। ਭਾਜਪਾ 400 ਦਾ ਟੀਚਾ ਟਪਾਉਣ ਲਈ ਐੱਨ ਡੀ ਏ ਦੀਆਂ ਭਾਈਵਾਲ ਪਾਰਟੀਆਂ ਤੋਂ 30 ਜੇਤੂਆਂ ਦੀ ਆਸ ਰੱਖਦੀ ਹੈ। ਇਨ੍ਹਾਂ ਭਾਈਵਾਲ ਸੂਰਮਿਆਂ ਵਿਚ ਨਿਤੀਸ਼ ਕੁਮਾਰ, ਏਕਨਾਥ ਸ਼ਿੰਦੇ, ਅਜੀਤ ਪਵਾਰ, ਚੰਦਰਬਾਬੂ ਨਾਇਡੂ, ਚਿਰਾਗ ਪਾਸਵਾਨ, ਉਪਿੰਦਰ ਕੁਸ਼ਵਾਹਾ, ਜੀਤਨ ਰਾਮ ਮਾਂਝੀ ਤੇ ਤਾਮਿਲਨਾਡੂ ਦੇ ਕੁਝ ਆਗੂ ਸ਼ਾਮਲ ਹਨ। ਅਕਾਲੀ ਦਲ ਨਾਲ ਸਮਝੌਤਾ ਹੋਣ ਦੀ ਸੂਰਤ ਵਿਚ ਸੁਖਬੀਰ ਸਿੰਘ ਬਾਦਲ ਵੀ ਹੋ ਸਕਦੇ ਹਨ। ਵਿਡੰਬਨਾ ਦੇਖੋ ਕਿ ਇਹ ਸੂਰਮੇ ਵੀ ‘ਮੋਦੀ ਲਹਿਰ’ ਵਿਚ 30 ਸੀਟਾਂ ਦਾ ਯੋਗਦਾਨ ਪਾਉਣ ਜੋਗੇ ਹੋਣਗੇ।

ਸਾਂਝਾ ਕਰੋ