ਸੋਮਵਾਰ ਨੂੰ ਤੜਕਸਾਰ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਅਫ਼ਗਾਨਿਸਤਾਨ ਦੇ ਦੋ ਸੂਬਿਆਂ ਵਿਚ ਹਮਲੇ ਕੀਤੇ ਹਨ। ਪਾਕਿਸਤਾਨ ਅਫ਼ਗਾਨਿਸਤਾਨ ਨੂੰ ਭਾਰਤ ਖਿਲਾਫ਼ ਆਪਣੀ ਹੋਂਦ ਦੀ ਲੜਾਈ ਲਈ ‘ਰਣਨੀਤਕ ਗਹਿਰਾਈ’ ਦੀ ਨਜ਼ਰ ਨਾਲ ਦੇਖਦਾ ਰਿਹਾ ਹੈ ਅਤੇ ਇਕ ਅਰਸੇ ਤੱਕ ਇਹ ਉਸ ਦਾ ਰਣਨੀਤਕ ਭਾਈਵਾਲ ਵੀ ਰਿਹਾ ਹੈ ਪਰ ਹੁਣ ਪਾਕਿਸਤਾਨੀ ਫ਼ੌਜ ਨੇ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਦੀ ਇਸ ਕਾਰਵਾਈ ਨੂੰ ਇਸ ਆਧਾਰ ’ਤੇ ਸਹੀ ਠਹਿਰਾਇਆ ਹੈ ਕਿ ਅਫਗਾਨਿਸਤਾਨ ’ਚੋਂ ਹੋ ਰਹੇ ਦਹਿਸ਼ਤਗਰਦ ਹਮਲਿਆਂ ਕਰ ਕੇ ਉਸ ਦੇ ਸਬਰ ਦਾ ਪਿਆਲਾ ਭਰ ਗਿਆ ਸੀ। ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਭਾਰਤ, ਇਰਾਨ ਅਤੇ ਕਾਬੁਲ ਵਿਚ ਕਰਜ਼ਈ-ਗ਼ਨੀ ਪ੍ਰਸ਼ਾਸਨ ਵਲੋਂ ਇਹੀ ਦੋਸ਼ ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਉਪਰ ਲਾਏ ਜਾਂਦੇ ਰਹੇ ਹਨ। ਅਫ਼ਗਾਨਿਸਤਾਨ ਕਸ਼ਮੀਰ ਵਿਚ ਦਹਿਸ਼ਤਗਰਦੀ ਦੀਆਂ ਸਰਗਰਮੀਆਂ ਲਈ ਕਿਸੇ ਸਮੇਂ ਆਈਐੱਸਆਈ ਦੀ ਨਿਗਰਾਨੀ ਹੇਠ ਪੰਘੂੜੇ ਦਾ ਕੰਮ ਕਰਦਾ ਰਿਹਾ ਹੈ। ਹੁਣ ਆਈਐੱਸਆਈ ਦਾ ਕਹਿਣਾ ਹੈ ਕਿ ਉਹੀ ਇਲਾਕੇ ਹੁਣ ਦਹਿਸ਼ਤਗਰਦਾਂ ਲਈ ਸੁਰੱਖਿਅਤ ਪਨਾਹਗਾਹ ਬਣੇ ਹੋਏ ਹਨ। ਤਿੰਨ ਦਹਾਕਿਆਂ ਤੋਂ ਵੱਧ ਸਮਾਂ ਭਾਰਤ ਵੀ ਪਾਕਿਸਤਾਨ ’ਤੇ ਇਹੀ ਇਲਜ਼ਾਮ ਲਾਉਂਦਾ ਰਿਹਾ ਹੈ- ਜਦ ਵੀ ਹਿੰਸਾ ’ਚ ਵਾਧੇ ਦੀ ਲੋੜ ਪਈ ਤਾਂ ਪਾਕਿਸਤਾਨ ਨੇ ਆਪਣੀ ਪਨਾਹ ’ਚ ਰੱਖੇ ਦਹਿਸ਼ਤਗਰਦਾਂ ਤੋਂ ਘੁਸਪੈਠ ਕਰਵਾਈ ਅਤੇ ਭਾਰਤ ਖਿ਼ਲਾਫ਼ ਗਿਣੇ-ਮਿੱਥੇ ਢੰਗ ਨਾਲ ਅਤਿਵਾਦ ਨੂੰ ਵਰਤਿਆ।
ਲੰਘੇ ਸਾਲਾਂ ’ਚ ਸਰਹੱਦ ਪਾਰੋਂ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਦੀਆਂ ਅਣਗਿਣਤ ਘਟਨਾਵਾਂ ਵਾਪਰੀਆਂ ਹਨ। ਇਸ ਗੁਆਂਢੀ ਮੁਲਕ ਨੇ ਘੁਸਪੈਠ ਨੂੰ ਭਾਰਤ ਖਿਲਾਫ਼ ਆਪਣੀਆਂ ਸਾਜਿ਼ਸ਼ਾਂ ਨੂੰ ਸਿਰੇ ਚੜ੍ਹਾਉਣ ਲਈ ਰੱਜ ਕੇ ਵਰਤਿਆ ਹੈ ਤੇ ਕਈ ਵੱਡੀਆਂ ਵਾਰਦਾਤਾਂ ਦਾ ਪਰਦਾਫਾਸ਼ ਹੋ ਚੁੱਕਾ ਹੈ। ਇਕ ਅਜਿਹੇ ਮੁਲਕ ਲਈ ਜਿਸ ਦੀ ਵਿਦੇਸ਼ ਨੀਤੀ ਦੇ ਟੀਚੇ ਕੇਵਲ ਦਹਿਸ਼ਤਗਰਦੀ ਰਾਹੀਂ ਹੀ ਪੂਰੇ ਹੁੰਦੇ ਹੋਣ, ਹੁਣ ਉਸ ਬਿਪਤਾ ਨਾਲ ਨਜਿੱਠਣਾ ਜ਼ਰੂਰ ਕਸ਼ਟ ਭਰਿਆ ਹੋਵੇਗਾ ਜੋ ਉਹ ਕਦੇ ਦੂਜਿਆਂ ਨੂੰ ਦਿੰਦਾ ਰਿਹਾ ਹੈ। ਪਾਕਿਸਤਾਨ ਨੇ ਭਾਰਤ ’ਤੇ ਦੋਸ਼ ਲਾਇਆ ਹੈ ਕਿ ਉਹ ਅਫ਼ਗਾਨਿਸਤਾਨ ਵਿਚ ਬੈਠੇ ਅਤਿਵਾਦੀਆਂ ਨੂੰ ਇਸ ਦੇ ਅਹਿਮ ਟਿਕਾਣਿਆਂ ਤੇ ਸੈਨਿਕਾਂ ’ਤੇ ਹਮਲਿਆਂ ਲਈ ਭੜਕਾ ਰਿਹਾ ਹੈ। ਪਾਕਿਸਤਾਨ ਦੇ ਇਸ ਇਲਜ਼ਾਮ ਤੋਂ ਤਾਲਿਬਾਨ ਸਗੋਂ ਹੋਰ ਖਫ਼ਾ ਹੋ ਗਿਆ ਹੈ ਜਿਸ ਦਾ ਕਹਿਣਾ ਹੈ ਕਿ ਉਹ ਕਈ ਪਹਾੜੀ ਇਲਾਕਿਆਂ ਅਤੇ ਜੰਗਲੀ ਖੇਤਰਾਂ ’ਚ ਮੌਜੂਦ ਅਤਿਵਾਦੀਆਂ ’ਤੇ ਨਕੇਲ ਕੱਸਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਕੁਝ ਥਾਵਾਂ ਉਸ ਦੇ ਕੰਟਰੋਲ ਤੋਂ ਬਾਹਰ ਹਨ ਜਿਸ ਕਾਰਨ ਦਹਿਸ਼ਤਗਰਦੀ ਨੂੰ ਰੋਕਣ ਵਿਚ ਮੁਸ਼ਕਲ ਵੀ ਆ ਰਹੀ ਹੈ। ਭਾਰਤ ਨੂੰ ਇਹ ਸਭ ਪਹਿਲਾਂ ਸੁਣਿਆ-ਦੇਖਿਆ ਜਾਪ ਰਿਹਾ ਹੈ। ਜਦੋਂ ਤੱਕ ਪਾਕਿਸਤਾਨ ਆਪਣੇ ਰਵੱਈਏ ਵਿਚ ਤਬਦੀਲੀ ਨਹੀਂ ਕਰਦਾ, ਇਸ ਨੂੰ ਉਹੀ ਮੁਸੀਬਤਾਂ ਝੱਲਣੀਆਂ ਪੈਣਗੀਆਂ ਜੋ ਕਿਸੇ ਵੇਲੇ ਇਸ ਦੀ ਫ਼ੌਜ ਦੂਜਿਆਂ ਲਈ ਖੜ੍ਹੀਆਂ ਕਰਦੀ ਰਹੀ ਹੈ। ਉਂਝ ਵੀ ਪਾਕਿਸਤਾਨ ਅੱਜ ਕੱਲ੍ਹ ਸਿਆਸੀ ਅਤੇ ਆਰਥਿਕ ਅਸਥਿਰਤਾ ਨਾਲ ਜੂਝ ਰਿਹਾ ਹੈ। ਅਸਲ ਵਿਚ ਫ਼ੌਜ ਦੇ ਬੇਤਹਾਸ਼ਾ ਦਖ਼ਲ ਕਾਰਨ ਪਾਕਿਸਤਾਨ ਦਾ ਤਾਣਾ-ਬਾਣਾ ਬਹੁਤ ਬੁਰੀ ਤਰ੍ਹਾਂ ਉਲਝ ਚੁੱਕਾ ਹੈ।