ਬੁੱਢੇ ਰਾਸ਼ਟਰਪਤੀ ਚੁਣਨਾ ਅਮਰੀਕੀ ਮਜਬੂਰੀ!

ਅਜੋਕੇ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਹਰ ਰਾਸ਼ਟਰ ਦੇ ਲੋਕ ਇਹੀ ਕਾਮਨਾ ਕਰਦੇ ਹਨ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਰਾਸ਼ਟਰ ਦੇ ਵਿਕਾਸ, ਸੁਰੱਖਿਆ, ਬਿਹਤਰ ਜੀਵਨ, ਵਿਸ਼ਵ ਬਰਾਦਰੀ ਨਾਲ ਨਿੱਘੇ ਸਬੰਧਾਂ ਲਈ ਰਾਸ਼ਟਰ ਦੀ ਅਗਵਾਈ ਇਕ ਵਧੀਆ, ਗਤੀਸ਼ੀਲ, ਦੂਰਅੰਦੇਸ਼, ਤਜਰਬੇਕਾਰ ਤੇਜ਼-ਤਰਾਰ ਸਰੀਰਕ, ਮਾਨਸਿਕ ਅਤੇ ਬੌਧਿਕ ਤੌਰ ’ਤੇ ਰਿਸ਼ਟ-ਪੁਸ਼ਟ ਆਗੂ ਦੇ ਹੱਥ ਹੋਵੇ। ਲੋਕਤੰਤਰੀ ਵਿਵਸਥਾ ਵਿਚ ਲੋਕ, ਰਾਜਨੀਤਕ ਪਾਰਟੀਆਂ ਅਤੇ ਪ੍ਰਭਾਵਸ਼ਾਲੀ ਗਰੁੱਪ ਹਮੇਸ਼ਾ ਅਜਿਹੀ ਲੀਡਰਸ਼ਿਪ ਦੀ ਚੋਣ ਕਰਨ ਦਾ ਯਤਨ ਕਰਦੇ ਹਨ। ਕਈ ਰਾਜਨੀਤਕ ਪਾਰਟੀਆਂ ਤੇ ਦੇਸ਼ਾਂ ਨੇ ਐਸੀ ਵਿਵਸਥਾ ਕੀਤੀ ਹੋਈ ਹੈ ਜਿਵੇਂ ਕਿ ਨੀਦਰਲੈਂਡ ਵਿਚ ਮੇਅਰ 69 ਸਾਲ ਦੀ ਉਮਰ ਤੋਂ ਬਾਅਦ ਪਦ ’ਤੇ ਨਹੀਂ ਰਹਿ ਸਕਦੇ। ਯੂਗਾਂਡਾ ਵਿਚ ਰਾਸ਼ਟਰਪਤੀ 75 ਸਾਲ ਤੱਕ ਆਪਣੇ ਪਦ ’ਤੇ ਰਹਿ ਸਕਦਾ ਹੈ। ਭਾਰਤੀ ਜਨਤਾ ਪਾਰਟੀ ਨੇ ਐਕਟਿਵ ਲੀਡਰਸ਼ਿਪ ਲਈ 75 ਸਾਲ ਉਮਰ ਤਹਿ ਕਰ ਰੱਖੀ ਹੈ। ਲੇਕਿਨ ਜ਼ਿਆਦਾਤਰ ਦੇਸ਼ਾਂ ਵਿਚ ਅਜਿਹੀ ਵਿਵਸਥਾ ਨਹੀਂ ਰੱਖੀ ਗਈ ਹੈ। ਸੰਯੁਕਤ ਰਾਜ ਅਮਰੀਕਾ ਵਿਸ਼ਵ ਦੀ ਸਭ ਤੋਂ ਵੱਡੀ ਮਹਾ-ਸ਼ਕਤੀ ਅਤੇ ਤਾਕਤਵਰ ਸਥਾਪਤ ਲੋਕਤੰਤਰ ਹੈ। ਇੱਥੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਸਿਰਫ਼ ਦੋ ਕਾਰਜਕਾਲ ਦੀ ਪਰੰਪਰਾ ਸਥਾਪਤ ਕੀਤੀ ਭਾਵੇਂ ਅਜਿਹਾ ਸੰਵਿਧਾਨਕ ਤੌਰ ’ਤੇ ਅੰਕਿਤ ਨਹੀਂ ਹੈ। ਇਸੇ ਕਰਕੇ ਫਰੈਂਕਲਿਨ ਰੂਜ਼ਵੈਲਟ ਦੂਜੀ ਵਿਸ਼ਵ ਜੰਗ ਸਮੇਂ ਪੈਦਾ ਹੋਏ ਹਾਲਾਤ ਕਾਰਨ ਚਾਰ ਵਾਰ ਰਾਸ਼ਟਰਪਤੀ ਚੁਣੇ ਗਏ। ਉਹ ਚੌਥੇ ਕਾਰਜਕਾਲ ਸਮੇਂ ਸਵਰਗ ਸਿਧਾਰ ਗਏ। ਉਨ੍ਹਾਂ ਦੀ ਥਾਂ ਉਪ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਰਹਿੰਦੇ ਕਾਲ ਲਈ ਰਾਸ਼ਟਰਪਤੀ ਪਦ ਸੰਭਾਲਿਆ। ਅਮਰੀਕਾ ਅੰਦਰ ਹੁਣ ਤੱਕ ਦੇ ਸਭ ਰਾਸ਼ਟਰਪਤੀਆਂ ’ਚੋਂ ਰੋਨਾਲਡ ਰੀਗਨ ਸਭ ਤੋਂ ਵੱਡੀ ਉਮਰ ਭਾਵ 77 ਸਾਲ ਤੱਕ ਰਾਸ਼ਟਰਪਤੀ ਬਣੇ ਰਹੇ। ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਰਾਸ਼ਟਰਪਤੀ ਜੋਅ ਬਾਇਡਨ ਦੀ ਉਮਰ 81 ਸਾਲ ਹੈ। ਦੂਜਾ ਉਮੀਦਵਾਰ 77 ਸਾਲਾ ਡੋਨਾਲਡ ਟਰੰਪ ਹੈ ਜੋ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਹੈ। ਅਮਰੀਕਾ ਅੰਦਰ ਦੋ ਪਾਰਟੀ ਸਿਸਟਮ ਹੀ ਸੱਤਾ ’ਤੇ ਲਗਾਤਾਰ ਕਾਬਜ਼ ਚੱਲਿਆ ਆ ਰਿਹਾ ਹੈ। ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਕਾਕਸ ਅਤੇ ਪ੍ਰਾਇਮਰੀ ਚੋਣਾਂ ਹੀ ਡੈਲੀਗੇਟ ਚੁਣ ਕੇ ਤਹਿ ਕਰਦੀਆਂ ਹਨ ਕਿ ਅਗਲਾ ਉਮੀਦਵਾਰ ਕੌਣ ਹੋਵੇਗਾ। ਰਾਸ਼ਟਰਪਤੀ ਪਦ ਦਾ ਕਾਰਜਕਾਲ 4 ਸਾਲ ਹੁੰਦਾ ਹੈ। ਅਮਰੀਕਾ ਅੰਦਰ ਬਿ੍ਰਟਿਸ਼ ਪਾਰਲੀਮੈਂਟਰੀ ਸਿਸਟਮ ਦੀ ਥਾਂ ਪ੍ਰਧਾਨਗੀ ਸਿਸਟਮ ਅਪਣਾਇਆ ਗਿਆ ਹੈ। ਪੰਜ ਨਵੰਬਰ 2024 ਨੂੰ ਰਾਸ਼ਟਰਪਤੀ (ਪ੍ਰਧਾਨ) ਪਦ ਦੀ ਚੋਣ ਲਈ 15 ਜਨਵਰੀ ਤੋਂ 4 ਜੂਨ 2024 ਤੱਕ ਕਾਕਸ ਤੇ ਪ੍ਰਾਇਮਰੀ ਚੋਣਾਂ ਸੂਬਾਈ ਪੱਧਰ ’ਤੇ ਚੱਲ ਰਹੀਆਂ ਹਨ। ਦੋਹਾਂ ਪਾਰਟੀਆਂ ਵਿੱਚੋਂ ਰਿਪਬਲਿਕਨ ਪਾਰਟੀ ਵੱਲੋਂ ਮਿਲਵਾਕੀ (ਵਿਸਕਾਂਸਟਨ) ਵਿਖੇ ਰਾਸ਼ਟਰੀ ਕਨਵੈਂਸ਼ਨ 15 ਤੋਂ 18 ਜੁਲਾਈ ਤੱਕ, ਡੈਮੋਕ੍ਰੈਟਿਕ ਪਾਰਟੀ ਵੱਲੋਂ ਸ਼ਿਕਾਗੋ (ਇਲੋਨੀਅਸ) ਵਿਖੇ 19 ਤੋਂ 22 ਅਗਸਤ ਤੱਕ ਰੱਖੀ ਹੋਈ ਹੈ। ਪਰ ਹੁਣ ਤੋਂ ਹੀ ਸਪਸ਼ਟ ਹੋ ਗਿਆ ਹੈ ਡੈਮੋਕ੍ਰੈਟਾਂ ਵੱਲੋਂ ਰਾਸ਼ਟਰਪਤੀ ਜੋਅ ਬਾਇਡਨ ਅਤੇ ਰਿਪਬਲਿਕਨਾਂ ਵੱਲੋਂ ਡੋਨਾਲਡ ਟਰੰਪ ਹੋਣਗੇ। ਪਾਰਟੀਆਂ ਅੰਦਰ ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਨੇ ਹਥਿਆਰ ਸੁੱਟ ਦਿੱਤੇ ਹਨ। ਟਰੰਪ ਵਿਰੋਧੀ ਭਾਰਤੀ ਮੂਲ ਨਾਲ ਸਬੰਧਤ ਨਿੱਕੀ ਹੇਲੀ ਤੇ ਘਰੋਂ ਵਿਰੋਧੀ ਰਿਪਬਲਿਕਨ ਸੈਨੇਟ ਆਗੂ ਮਿੱਚ ਮੈਕਾਨਲ ਨੇ ਉਨ੍ਹਾਂ ਦੀ ਉਮੀਦਾਵਾਰੀ ’ਤੇ ਮੋਹਰ ਠੋਕ ਦਿੱਤੀ ਹੈ। ਇਵੇਂ ਹੀ ਡੈਮੋਕ੍ਰੈਟਾਂ ਨੇ ਜੋਅ ਬਾਇਡਨ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ। ਜੋਅ ਬਾਇਡਨ ਨੇ ਇਕ ਪ੍ਰੈੱਸ ਕਾਨਫਰੰਸ ਬੁਲਾਈ ਪਰ ਉਹ ਮਿਸਰ ਦੇ ਰਾਸ਼ਟਰਪਤੀ ਨੂੰ ਮੈਕਸੀਕੋ ਦੇ ਰਾਸ਼ਟਰਪਤੀ ਕਹਿੰਦੇ ਰਹੇ। ਇਕ ਹੋਰ ਭਾਸ਼ਣ ਵਿਚ ਸਾਬਕਾ ਜਰਮਨ ਚਾਂਸਲਰ ਐਂਜੋਲਾ ਮਰਕਲ ਦੀ ਥਾਂ ਹੈਲਮਟ ਕੋਹਲ ਬੋਲਦੇ ਰਹੇ ਜਿਨ੍ਹਾਂ ਦਾ ਦੇਹਾਂਤ 2017 ਵਿਚ ਹੋ ਗਿਆ ਸੀ। ਜਿਸ ਸ਼ਹਿਰ ਵਿਚ ਉਹ ਚੋਣ ਪ੍ਰਚਾਰ ਲਈ ਜਾਂਦੇ ਹਨ, ਕਈ ਵਾਰ ਉਸ ਦਾ ਨਾਂ ਭੁੱਲ ਜਾਂਦੇ ਹਨ। ਫ਼ਲਸਤੀਨ ਜੰਗੀ ਖੇਤਰ ਗਾਜ਼ਾ ਅੰਦਰ ਖਾਣ-ਪੀਣ ਦੀਆਂ ਵਸਤਾਂ ਭੁੱਖ ਨਾਲ ਮਰ ਰਹੇ ਬੇਘਰੇ ਲੋਕਾਂ ਲਈ ਭੇਜਣ ਸਬੰਧੀ ‘ਯੂਕਰੇਨ’ ਜੰਗੀ ਖੇਤਰ ਦਾ ਹਵਾਲਾ ਦਿੰਦੇ ਹਨ। ਸਤੱਤਰ ਸਾਲਾ ਡੋਨਾਲਡ ਟਰੰਪ ਦਾ ਹਾਲ ਇਹ ਹੈ ਕਿ ਉਹ 24 ਘੰਟੇ ਵਿਚ 24 ਝੂਠ ਬੋਲਣੋਂ ਬਾਜ਼ ਨਹੀਂ ਆਉਂਦਾ। ਵੈਸੇ ਵੀ ਕੋਈ ਪਤਾ ਨਹੀਂ ਕਦੋਂ ਉਹ ਕੀ ਬੋਲ ਦੇਵੇ। ਉਹ ਵੀ ਬਾਇਡਨ ਤੋਂ ਘੱਟ ਭੁਲੱਕੜ ਨਹੀਂ। ਕਹਿੰਦਾ, ‘ਪੁਤਿਨ, ਓਬਾਮਾ ਦੀ ਕੋਈ ਪਰਵਾਹ ਨਹੀਂ ਕਰਦਾ। ਪਰਮਾਣੂ ਬੰਬ ਦੀ ਵਰਤੋਂ ਦੀ ਧਮਕੀ ਦਿੰਦਾ ਹੈ।’ ਵੇਖੋ! ਕਿਵੇਂ ਅਜੋਕੇ ਰਾਸ਼ਟਰਪਤੀ ਬਾਇਡਨ ਦੀ ਥਾਂ ਓਬਾਮਾ ਨੂੰ ਰਾਸ਼ਟਰਪਤੀ ਦੱਸੀ ਜਾ ਰਿਹਾ ਹੈ ਜੋ 7 ਸਾਲ ਪਹਿਲਾਂ ਸੇਵਾ ਮੁਕਤ ਹੋ ਚੁੱਕੇ ਹਨ। ਇਕ ਹੋਰ ਥਾਂ ਆਪਣੀ ਮੁੱਖ ਵਿਰੋਧੀ ਉਮੀਦਵਾਰ ਰਹੀ ਨਿੱਕੀ ਹੇਲੀ ਦਾ ਥਾਂ ਸਾਬਕਾ ਪ੍ਰਤੀਨਿਧੀ ਸਦਨ ਕਾਂਗਰਸ ਦੀ ਸਪੀਕਰ ਨੈਂਸੀ ਪੇਲੋਸੀ ਬੋਲੀ ਜਾਂਦਾ ਹੈ। ਜਦੋਂ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਦੀ ਉਸਤਤ ਕਰਦਾ ਹੈ ਤਾਂ ਉਸ ਨੂੰ ਤੁਰਕੀ ਦੇ ਆਗੂ ਵਜੋਂ ਸਲਾਹੀ ਜਾਂਦਾ ਹੈ। ਬਾਵਜੂਦ ਆਪ ਬੌਧਿਕ ਤੌਰ ’ਤੇ ਭੁਲੱਕੜ ਹੁੰਦੇ ਹੋਏ ਰਾਸ਼ਟਰਪਤੀ ਜੋਅ ਬਾਇਡਨ ਦੇ ਬੌਧਾਤਮਕ ਟੈਸਟ ਦੀ ਮੰਗ ਕਰਦਾ ਹੈ। ਅਖੇ! ਰਾਸ਼ਟਰਪਤੀ ਪਦ ਲੲ ਉਮੀਦਵਾਰਾਂ ਦਾ ਬੌਧਾਤਮਕ ਟੈਸਟ ਜ਼ਰੂਰੀ ਕਰ ਦੇਣਾ ਚਾਹੀਦਾ ਹੈ। ਡੋਨਾਲਡ ਟਰੰਪ ਜੀ, ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ? ਅਮਰੀਕੀ ਇਤਿਹਾਸ ਵਿਚ ਫਰੈਂਕਲਿਨ ਡੀ ਰੂਜ਼ਵੈਲਟ ਤੋਂ ਬਾਅਦ ਟਰੰਪ ਲਗਾਤਾਰ ਤੀਜੀ ਵਾਰ ਰਾਸ਼ਟਰਪਤੀ ਪਦ ਲਈ ਉਮੀਦਵਾਰੀ ਹਾਸਲ ਕਰਨ ਵਿਚ ਸਫਲ ਹੋਇਆ ਹੈ। ਟਰੰਪ ਅਪਰਾਧੀ ਹੈ। ਉਸ ’ਤੇ ਚਾਰ ਕੇਸ ਚੱਲ ਰਹੇ ਹਨ ਤੇ 91 ਦੋਸ਼ ਲੱਗੇ ਹੋਏ ਹਨ। ਨਿਊਯਾਰਕ ਦੀ ਅਦਾਲਤ ਨੇ ਬਿਜ਼ਨਸ ਹੇਰਾਫੇਰੀ ਕੇਸ ਵਿਚ 355 ਮਿਲੀਅਨ ਡਾਲਰ ਵਾਪਸ ਕਰਨ, ਦੋ ਪੁੱਤਰਾਂ ਤੇ ਇਕ ਸਾਥੀ ਸਮੇਤ ਤਿੰਨ ਸਾਲ ਲਈ ਨਿਊਯਾਰਕ ਵਿਚ ਬਿਜ਼ਨਸ ’ਤੇ ਰੋਕ ਲਗਾਈ ਹੈ। ਕਲਾਸੀਫਾਈਡ ਦਸਤਾਵੇਜ਼ ਵ੍ਹਾਈਟ ਹਾਊਸ ਤੋਂ ਗਾਇਬ ਕਰਨ, 6 ਜਨਵਰੀ 2021 ਨੂੰ ਅਮਰੀਕੀ ਕੈਪੀਟਲ ’ਤੇ ਹਮਲਾ ਕਰਵਾਉਣ, ਫਲੋਰੀਡਾ ਚੋਣ ਵਿਚ ਦਖ਼ਲ ਆਦਿ ਸੰਗੀਨ ਕੇਸ ਹਨ। ਪਰ ਸੁਪਰੀਮ ਕੋਰਟ ਉਸ ਨੂੰ ਫੈਡਰਲ ਦੋਸ਼ਾਂ ਵਿਚ ਰਾਹਤ ਦੇ ਮੂਡ ਵਿਚ ਹੈ। ਕੀ ਅਜਿਹਾ ਕਰ ਕੇ ਉਹ ਅਮਰੀਕੀ ਰਾਸ਼ਟਰਪਤੀ ਨੂੰ ਡਿਕਟੇਟਰ ਸਥਾਪਤ ਕਰਨ ਦੀ ਭੁੱਲ ਨਹੀਂ ਕਰ ਰਹੀ? ਰਿਪਬਲਿਕਨ ਅਮਰੀਕਾ ਦੇ ਝੰਡੇ ਦੇ ਸਨਮਾਨ ਦੀ ਥਾਂ ਟਰੰਪ ਨੂੰ ਸਨਮਾਨ ਦੇ ਰਹੇ ਹਨ। ਸਪਸ਼ਟ ਹੈ ਕਿ ਟਰੰਪ ਨੇ ਰਿਪਬਲਿਕਨ ਪਾਰਟੀ ਨੂੰ ਇਕ ਪਿੱਠੂ ਪਾਰਟੀ ਵਜੋਂ ਸਥਾਪਤ ਕਰ ਦਿੱਤਾ ਹੈ ਜੋ ਦੇਸ਼ ਭਗਤੀ ਦੀ ਥਾਂ ਟਰੰਪ-ਭਗਤ ਬਣ ਗਈ ਹੈ। ਉਸ ਦੇ ਗੰਦੇ ਤੇ ਸਵਾਰਥੀ ਮੰਤਵਾਂ ਦੀ ਪੂਰਤੀ ਲਈ ਮਦਦਗਾਰ ਬਣ ਗਈ ਹੈ। ਟਰੰਪ ਅਮਰੀਕਾ ਨੂੰ ਬੇਮਿਸਾਲ ਨਹੀਂ, ਆਪਣੇ-ਆਪ ਨੂੰ ਬੇਮਿਸਾਲ ਸਥਾਪਤ ਕਰਨਾ ਚਾਹੁੰਦਾ ਹੈ। ਉਹ ਅਮਰੀਕੀ ਲੋਕਤੰਤਰ ਤੋਂ ਉੱਪਰ ਹੈ। ਚੋਣਾਂ ਵਿਚ ਦਖ਼ਲ ਦਿੰਦਾ ਹੈ। ਨਤੀਜੇ ਬਦਲਣ ਲਈ ਕਾਂਗਰਸ ਸਦਨ ’ਤੇ ਹਮਲਾ ਕਰਾਉਂਦਾ ਹੈ। ਪੁਤਿਨ, ਐਰਡੋਗਨ, ਵਿਕਟਰ ਓਰਬਨ ਜਿਹੇ ਡਿਕਟੇਟਰਾਂ ਦੀ ਸ਼ਲਾਘਾ ਕਰਦਾ ਹੈ। ਪੁਤਿਨ ਨੂੰ ਨਾਟੋ ਦੇਸ਼ਾਂ ਵਿਰੁੱਧ ਸਖ਼ਤ ਕਾਰਵਾਈ ਲਈ ਉਕਸਾਉਂਦਾ ਹੈ ਕਿਉਂਕਿ ਉਹ ਆਪਣੇ ਸੰਗਠਨ ਲਈ ਵਿੱਤੀ ਜ਼ਿੰਮੇਵਾਰੀ ਤੋਂ ਭੱਜਦੇ ਹਨ। ਆਲਮੀ ਪੱਧਰ ’ਤੇ ਅਮਰੀਕਾ ਦੀ ਇੱਜ਼ਤ ਬਾਇਡਨ ਜਿਹੇ ਕਮਜ਼ੋਰ ਰਾਸ਼ਟਰਪਤੀ ਕਰਕੇ ਘਟ ਰਹੀ ਹੈ। ਟਰੰਪ ਗੁੰਡਾਗਰਦਾਂ ਵਾਂਗ ਵਿਰੋਧੀਆਂ ਨੂੰ ਡਰਾਉਣ-ਧਮਕਾਉਣ ਦੇ ਹਰਬੇ ਵਰਤ ਰਿਹਾ ਹੈ। ਪੱਤਰਕਾਰਾਂ ਨੂੰ ਧਮਕੀਆਂ ਦੀਆਂ ਸੁਨਾਮੀਆਂ ਨਾਲ ਚੁੱਪ ਕਰਾਉਣਾ ਹੁੰਦਾ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਖ਼ਤਮ ਕਰਨ ਦੇ ਡਰਾਵੇ ਦੇ ਰਿਹਾ ਹੈ। ਕਾਲੇ-ਗੋਰਿਆਂ ਵਿਚ ਨਫ਼ਰਤ ਪੈਦਾ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਕਿਸੇ ਕਾਲੇ ਨੂੰ ਅਮਰੀਕੀ ਰਾਸ਼ਟਰਪਤੀ ਬਣਨ ਦਾ ਹੱਕ ਨਹੀਂ ਹੋਣਾ ਚਾਹੀਦਾ। ਉਸ ਦੀ ਆਪਣੀ ਪਾਰਟੀ ਅੰਦਰ ਵਿਰੋਧੀ ਉਸ ਤੋਂ ਡਰ ਰਹੇ ਹਨ। ਮਿਸਾਲ ਵਜੋਂ ਸੈਨੇਟਰ ਮਿੱਟ ਰੋਮਨੀ ਨੂੰ ਧਮਕੀਆਂ ਕਰਕੇ ਰੋਜ਼ਾਨਾ ਸਵੈ-ਸੁਰੱਖਿਆ ਲਈ 5000 ਡਾਲਰ ਖ਼ਰਚਣੇ ਪੈ ਰਹੇ ਹਨ। ਟਰੰਪ ਹੀ ਨਹੀਂ, ਜਾਬਰ ਸਿਆਸਤਦਾਨਾਂ ਦਾ ਪੂਰੇ ਵਿਸ਼ਵ ਵਿਚ ਇਹੀ ਵਰਤਾਰਾ ਹੈ। ਪੁਤਿਨ ਦੀ ਇੰਟਰਵਿਊ ਲੈਣ ਵਾਲੇ ਮਿਸਰ ਦੇ ਪੱਤਰਕਾਰ ਟੱਕਰ ਕਾਰਲਸਨ ਦਾ ਮੰਨਣਾ ਹੈ ਉਸ ਨੇ ਜਾਣਬੁੱਝ ਕੇ ਉਸ ਨੂੰ ਪ੍ਰੈੱਸ ਦੀ ਆਜ਼ਾਦੀ ਅਤੇ ਵਿਰੋਧੀਆਂ ਨੂੰ ਮਰਵਾਉਣ ਬਾਰੇ ਸਵਾਲ ਨਹੀਂ ਪੁੱਛੇ ਕਿਉਂਕਿ ਹਰ ਰਾਜਨੀਤਕ ਆਗੂ ਲੋਕਾਂ ਨੂੰ ਕਤਲ ਕਰਵਾਉਂਦਾ ਹੈ। ਟਰੰਪ ਨੇ ਹੀ ਨਹੀਂ, ਉਦਾਰਵਾਦੀ ਸਮਝੇ ਜਾਂਦੇ ਰਾਸ਼ਟਰਪਤੀ ਬਾਇਡਨ ਨੇ ਵੀ ਆਪਣੇ ਸਿਆਸੀ ਪ੍ਰਭਾਵ ਅਤੇ ਜ਼ੋਰ ਦੇ ਬਲਬੂਤੇ ਅਮਰੀਕਾ ਵਰਗੇ ਤਕੜੇ ਲੋਕਤੰਤਰ ਤੇ ਮਹਾ-ਸ਼ਕਤੀ ਦੇਸ਼ ਅੰਦਰ ਅਗਲੇ ਰਾਸ਼ਟਰਪਤੀ ਪਦ ਲਈ ਉਮੀਦਵਾਰੀ ਪ੍ਰਾਪਤ ਕਰ ਲਈ ਹੈ। ਫਿਰ ਇਹ ਕੈਸਾ ਲੋਕਤੰਤਰ ਤੇ ਸਿਸਟਮ ਹੈ ਜਿੱਥੇ ਲੋਕਾਂ ਤੇ ਰਾਜਨੀਤਕ ਪਾਰਟੀਆਂ ਦੀ ਕੋਈ ਵੁੱਕਤ ਨਹੀਂ? ਫਿਰ 16ਵੇਂ ਅਮਰੀਕੀ ਰਾਸ਼ਟਰਪਤੀ ਅਬਰਾਹਮ Çਲੰਕਨ ਦੀ ਲੋਕਤੰਤਰ ਦੀ ਪਰਿਭਾਸ਼ਾ ਕਿ ਇਹ ‘ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ’ ਹੁੰਦੀ ਹੈ, ਉਸ ਦਾ ਕੀ ਮਾਅਨਾ ਰਹਿ ਜਾਂਦਾ ਹੈ।

ਸਾਂਝਾ ਕਰੋ