ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਹਫ਼ਤੇ ਆਪੋ-ਆਪਣੀਆਂ ਪ੍ਰਾਇਮਰੀ (ਪਾਰਟੀ ਡੈਲੀਗੇਟ) ਚੋਣਾਂ ਜਿੱਤ ਕੇ ਨਾਮਜ਼ਦਗੀ ਪੱਕੀ ਕਰ ਲਈ ਹੈ ਅਤੇ ਹੁਣ ਦੋਵੇਂ ਇਸ ਸਾਲ ਨਵੰਬਰ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਵਿਚ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ। ਬਾਇਡਨ ਨੂੰ ਅਗਸਤ ਮਹੀਨੇ ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ਵਿਚ ਪਾਰਟੀ ਦਾ ਬਾਕਾਇਦਾ ਉਮੀਦਵਾਰ ਐਲਾਨਿਆ ਜਾਵੇਗਾ; ਟਰੰਪ ਦੀ ਅਧਿਕਾਰਤ ਨਾਮਜ਼ਦਗੀ ਜੁਲਾਈ ਵਿਚ ਮਿਲਵਾਕੀ ਵਿੱਚ ਹੋਣ ਵਾਲੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿਚ ਕੀਤੀ ਜਾਵੇਗੀ। 1956 ਤੋਂ ਬਾਅਦ ਇਹ ਪਹਿਲੀ ਚੋਣ ਹੋਵੇਗੀ ਜਦੋਂ ਦੋਵੇਂ ਉਮੀਦਵਾਰ ਦੂਜੀ ਵਾਰ ਇਕ ਦੂਜੇ ਦਾ ਮੁਕਾਬਲਾ ਕਰਨਗੇ। ਉਸ ਸਾਲ ਰਿਪਬਲਿਕਨ ਪਾਰਟੀ ਨਾਲ ਸਬੰਧਿਤ ਰਾਸ਼ਟਰਪਤੀ ਡਵਾਇਟ ਡੀ ਆਇਜ਼ਨਹੌਵਰ ਨੇ ਡੈਮੋਕਰੈਟਿਕ ਪਾਰਟੀ ਦੇ ਐਡਲਾਈ ਸਟੀਵਨਸਨ ਨੂੰ ਚਾਰ ਸਾਲਾਂ ਵਿਚ ਦੂਜੀ ਵਾਰ ਹਰਾਇਆ ਸੀ। ਚੋਣ ਪ੍ਰਚਾਰ ਮੁਹਿੰਮ ਦੌਰਾਨ ਬਾਇਡਨ ਅਤੇ ਟਰੰਪ ਦੋਵੇਂ ਇਕ ਦੂਜੇ ਨੂੰ ਬਚਾਓ ਲਈ ਕੋਈ ਥਾਂ ਨਹੀਂ ਦੇਣਗੇ। 81 ਸਾਲਾ ਰਾਸ਼ਟਰਪਤੀ ਬਾਇਡਨ ਨੇ ਖ਼ਬਰਦਾਰ ਕੀਤਾ ਹੈ ਕਿ ਟਰੰਪ ਦੇਸ਼ ਲਈ ਬਹੁਤ ਵੱਡਾ ਖ਼ਤਰਾ ਹੈ ਜਿਸ ਕਰ ਕੇ ਲੋਕਾਂ ਨੂੰ ਦੇਸ਼ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਸੋਚ ਸਮਝ ਕੇ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਆਖਿਆ: “ਕੀ ਅਸੀਂ ਆਪਣੇ ਲੋਕਰਾਜ ਦੀ ਰਾਖੀ ਲਈ ਖੜ੍ਹੇ ਹੋਵਾਂਗੇ ਜਾਂ ਹੋਰਨਾਂ ਨੂੰ ਇਸ ਨੂੰ ਲੀਰੋ-ਲੀਰ ਕਰਨ ਦੀ ਆਗਿਆ ਦੇਵਾਂਗੇ?” ਟਰੰਪ ਨੇ ਜਵਾਬੀ ਹਮਲਾ ਕਰਦਿਆਂ ਆਖਿਆ ਕਿ ਬਾਇਡਨ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਮਾੜੇ ਰਾਸ਼ਟਰਪਤੀ ਸਾਬਿਤ ਹੋਏ ਹਨ। 2024 ਦਾ ਇਹ ਜਮਹੂਰੀ ਮੁਕਾਬਲਾ 2020 ਦੇ ਮੁਕਾਬਲੇ ਨਾਲੋਂ ਬਹੁਤ ਵੱਖਰਾ ਹੋਵੇਗਾ ਕਿਉਂਕਿ ਇਸ ਸਮੇਂ ਟਰੰਪ ਨੂੰ 90 ਤੋਂ ਵੱਧ ਅਪਰਾਧਿਕ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਹੀਨੇ ਦੇ ਅੰਤ ਵਿਚ ਉਹ ਪਹਿਲੇ ਅਮਰੀਕੀ ਸਾਬਕਾ ਰਾਸ਼ਟਰਪਤੀ ਬਣ ਜਾਣਗੇ ਜਿਨ੍ਹਾਂ ਖਿਲਾਫ਼ ਕਿਸੇ ਫ਼ੌਜਦਾਰੀ ਕੇਸ ਦਾ ਮੁਕੱਦਮਾ ਚਲਾਇਆ ਜਾਵੇਗਾ; ਟਰੰਪ ’ਤੇ ਦੋਸ਼ ਹੈ ਕਿ ਉਨ੍ਹਾਂ ਇਕ ਪੋਰਨ ਸਟਾਰ ਨੂੰ ਨਾਜਾਇਜ਼ ਪੈਸੇ ਦੀ ਅਦਾਇਗੀ ਕਰਨ ਲਈ ਝੂਠੇ ਕਾਰੋਬਾਰੀ ਕਾਗਜ਼ਾਤ ਤਿਆਰ ਕਰਵਾਏ ਸਨ। ਜ਼ਾਹਿਰ ਹੈ ਕਿ ਇਕ ਪਾਸੇ ਟਰੰਪ ਦੀਆਂ ਕਾਨੂੰਨੀ ਲੜਾਈਆਂ ਚੱਲਣਗੀਆਂ ਤੇ ਦੂਜੇ ਪਾਸੇ ਚੁਣਾਵੀ ਮੁਹਿੰਮ। ਇਸ ਲਈ ਉਹ ਵੋਟਾਂ ਹਾਸਲ ਕਰਨ ਲਈ ਆਪਣੇ ਆਪ ਨੂੰ ਪੀੜਤ ਵਜੋਂ ਪੇਸ਼ ਕਰਨ ਵਿਚ ਕੋਈ ਕਸਰ ਨਹੀਂ ਰਹਿਣ ਦੇਣਗੇ। ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਅਮਰੀਕੀ ਵੋਟਰ ਕਿਸੇ ਬਿਹਤਰ ਉਮੀਦਵਾਰ ਦੀ ਚੋਣ ਕਰਨਗੇ ਜਾਂ ਘੱਟ ਬੁਰਾਈ ਦੀ। ਸੱਜਰੇ ਚੋਣ ਸਰਵੇਖਣ ਤੋਂ ਦੇਸ਼ ਦੇ ਸਿਆਸੀ ਮਿਜ਼ਾਜ ਦੀ ਝਲਕ ਮਿਲਦੀ ਹੈ। ਇਸ ਸਰਵੇਖਣ ਵਿਚ ਸ਼ਾਮਲ 36 ਫ਼ੀਸਦ ਲੋਕਾਂ ਨੇ ਕਿਹਾ ਹੈ ਕਿ ਉਹ ਟਰੰਪ ’ਤੇ ਭਰੋਸਾ ਕਰਦੇ ਹਨ; 33 ਫ਼ੀਸਦ ਲੋਕਾਂ ਨੇ ਬਾਇਡਨ ’ਤੇ ਭਰੋਸਾ ਦਰਸਾਇਆ ਹੈ। ਉਂਝ, ਹਰ ਪੰਜਾਂ ’ਚੋਂ ਇਕ ਸ਼ਖ਼ਸ ਜਾਂ ਕਹੋ ਕਿ 20 ਫ਼ੀਸਦ ਲੋਕਾਂ ਨੇ ਬਾਇਡਨ ਅਤੇ ਟਰੰਪ, ਦੋਵਾਂ ਨੂੰ ਰੱਦ ਕੀਤਾ ਹੈ। ਆਸਾਰ ਹਨ ਕਿ 2024 ਦੀ ਰਾਸ਼ਟਰਪਤੀ ਦੀ ਚੋਣ ਦਾ ਫ਼ੈਸਲਾ ਕਰਨ ਵਿਚ ਇਨ੍ਹਾਂ ਵੋਟਰਾਂ ਦਾ ਰੁਖ਼ ਅਹਿਮ ਭੂਮਿਕਾ ਨਿਭਾਅ ਸਕਦਾ ਹੈ।