ਭਾਰਤੀ ਸੰਸਕ੍ਰਿਤੀ ਤੇ ਲਿਵ-ਇਨ

ਅੱਜ-ਕੱਲ੍ਹ ਕੁੜੀਆਂ ਨੂੰ ਮਿਲੀ ਆਜ਼ਾਦੀ ਸਦਕਾ ਉਨ੍ਹਾਂ ਵੱਲੋਂ ਨਵੇਂ ਇਤਿਹਾਸ ਸਿਰਜੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਨਾਰੀ, ਔਰਤ, ਲੜਕੀ ਕਿਤੇ ਨਾ ਕਿਤੇ ਅਬਲਾ ਦੇ ਰੂਪ ’ਚ ਖੜ੍ਹੀ ਨਜ਼ਰ ਆਉਂਦੀ ਹੈ। ਇੱਥੇ ਸਾਡੇ ਸਮਾਜਿਕ ਵਰਤਾਰੇ ’ਤੇ ਲੱਗੇ ਇਕ ਗ੍ਰਹਿਣ ‘ਲਿਵ-ਇਨ-ਰਿਲੇਸ਼ਨਸ਼ਿਪ’ ਦੀ ਗੱਲ ਕਰਨੀ ਜ਼ਰੂਰੀ ਹੈ। ਚਾਹੇ ਅਦਾਲਤਾਂ ਵੱਲੋਂ ਇਸ ਨੂੰ ਕਾਨੂੰਨੀ ਤੌਰ ’ਤੇ ਸਹੀ ਹੋਣ ਦੀ ਮਾਨਤਾ ਮਿਲ ਚੁੱਕੀ ਹੈ ਪਰ ਇਹ ਭਾਰਤੀ ਸੰਸਕਿ੍ਰਤੀ ’ਤੇ ਇਕ ਧੱਬਾ ਬਣ ਕੇ ਹੀ ਉੱਭਰ ਰਿਹਾ ਹੈ।ਮੰਨਿਆ ਕਿ ਖਾਣ-ਪੀਣ, ਰਹਿਣ-ਸਹਿਣ, ਬੋਲ-ਬਾਣੀ ਆਦਿ ’ਤੇ ਵਿਸ਼ਵੀਕਰਨ ਕਾਰਨ ਸਾਡੀ ਸੋਚ ਬਹੁਤ ਤਰੀਕਿਆਂ ਨਾਲ ਬਦਲ ਗਈ ਹੈ, ਬਹੁਤ ਨਵੀਨਤਾ ਆ ਗਈ ਹੈ ਪਰ ਸਾਡੇ ਮਰਦ ਪ੍ਰਧਾਨ ਸਮਾਜ ਦੀ ਔਰਤਾਂ ਪ੍ਰਤੀ ਮਾਨਸਿਕਤਾ ਓਨੀ ਹੀ ਕਮਜ਼ੋਰ ਹੈ ਜਿੰਨੀ ਪੁਰਾਣੇ ਸਮਿਆਂ ਵਿਚ ਸੀ। ਜੇ ਕੁੜੀਆਂ ਬਾਕੀ ਖੇਤਰਾਂ ’ਚ ਆਪਣਾ ਸਿੱਕਾ ਜਮਾ ਕੇ ਆਪਣੀ ਨਿਰਭਰਤਾ ਤੇ ਨਿਰਬਲਤਾ ਵਾਲੇ ਵਿਚਾਰਾਂ ’ਤੇ ਪੋਚਾ ਫੇਰ ਸਕਦੀਆਂ ਹਨ ਤਾਂ ਉਨ੍ਹਾਂ ਨੂੰ ਕਿਸੇ ਲੜਕੇ ਨਾਲ ਲਿਵ-ਇਨ-ਰਿਲੇਸ਼ਨ ਵਿਚ ਰਹਿਣ ਵਾਲੀ ਮਾਨਸਿਕਤਾ ਨੂੰ ਆਪ ਹੀ ਬਦਲਣਾ ਪਵੇਗਾ ਚਾਹੇ ਉਸ ਨੂੰ ਲੱਖ ਮਨਜ਼ੂਰੀ ਮਿਲ ਗਈ ਹੋਵੇ। ਵਿਦੇਸ਼ ’ਚ ਲੋਕ ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿਣ ਤੋਂ ਬਾਅਦ ਵੀ ਆਸਾਨੀ ਨਾਲ ਅਲੱਗ ਹੋ ਜਾਂਦੇ ਹਨ। ਉਸ ਤੋਂ ਬਾਅਦ ਉਨ੍ਹਾਂ ਦੇ ਸਮਾਜਿਕ ਜੀਵਨ ਉੱਤੇ ਕੋਈ ਅਸਰ ਨਹੀਂ ਪੈਂਦਾ ਪਰ ਸਾਡੇ ਦੇਸ਼ ਵਿਚ ਉਕਤ ਰਿਸ਼ਤੇ ਵਿਚ ਰਹਿਣ ਤੋਂ ਬਾਅਦ ਕੁੜੀਆਂ ਨੂੰ ਸਾਡਾ ਸਮਾਜ ਸਵੀਕਾਰ ਨਹੀਂ ਕਰਦਾ। ਉਨ੍ਹਾਂ ਨੂੰ ਇੱਜ਼ਤ ਵਾਲੀ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ। ਵੱਡਾ ਸਵਾਲ ਇਹ ਹੈ ਕਿ ਲੋਕ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਕਿਉਂ ਰਹਿਣਾ ਚਾਹੁੰਦੇ ਹਨ? ਇਸ ਦਾ ਮਤਲਬ ਸਿੱਧਾ ਹੈ ਕਿ ਉਨ੍ਹਾਂ ਨੂੰ ਇਸ ਰਿਸ਼ਤੇ ’ਤੇ ਖ਼ੁਦ ਭਰੋਸਾ ਨਹੀਂ ਹੁੰਦਾ ਕਿ ਉਹ ਘਰ ਵਸਾਉਣ ਦੇ ਯੋਗ ਹਨ ਜਾਂ ਨਹੀਂ। ਜਦ ਇਕ-ਦੂਜੇ ਤੋਂ ਕਿਨਾਰਾ ਕਰਨ ਲਈ ਇੱਧਰ-ਉੱਧਰ ਹੱਥ-ਪੈਰ ਮਾਰਨ ਲੱਗਦੇ ਹਨ ਤਾਂ ਰਾਹ ਦਾ ਰੋੜਾ ਬਣਨ ਵਾਲੇ ਤੋਂ ਕਿਨਾਰਾ ਕਰਨ ਲਈ ਕਈ ਘਿਨਾਉਣੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਸਾਡੇ ਸਮਾਜ ’ਚ ਬਹੁਤੇ ਮਰਦਾਂ ਦੀ ਔਰਤ ਪ੍ਰਤੀ ਸੋਚ ਘਟੀਆ ਹੈ। ਜਿਹੜੇ ਸਮਾਜ ’ਚ ਸਨਮਾਨ ਸਹਿਤ ਵਿਆਹ ਕੇ ਲਿਆਂਦੀ ਇਕ ਲੜਕੀ ਨੂੰ ਉਸ ਦੇ ਪੇਕਿਆਂ ਦੇ ਜ਼ੋਰ ’ਤੇ ਵਸਾਇਆ ਜਾਂਦਾ ਹੈ ਉੱਥੇ ਸਾਰੇ ਸਮਾਜ ਤੋਂ ਬੇਪਰਵਾਹ ਹੋ ਕੇ ਕਿਸੇ ਮਰਦ ਨਾਲ ਰਹਿ ਰਹੀ ਲੜਕੀ ਨੂੰ ਜਿੱਥੇ ਸਮਾਜ ਠੁਕਰਾਉਂਦਾ ਹੈ, ਉੱਥੇ ਹੀ ਜਿਸ ਮਰਦ ਨਾਲ ਉਹ ਇਸ ਬੇਨਾਮ ਰਿਸ਼ਤੇ ਵਿਚ ਰਹਿ ਰਹੀ ਹੁੰਦੀ ਹੈ, ਉਹ ਵੀ ਉਸ ਨੂੰ ਸਿਰਫ਼ ਇਕ ਵਸਤੂ ਵਾਂਗ ਜਿਸਮਾਨੀ ਤੌਰ ’ਤੇ ਵਰਤ ਕੇ ਸੁੱਟ ਦਿੰਦਾ ਹੈ। ਇਹੋ ਜਿਹਾ ਰਿਸ਼ਤਾ ਨਾ ਤਾਂ ਸਾਡੇ ਸਮਾਜ ਵਿਚ ਸਵੀਕਾਰਿਆ ਜਾਂਦਾ ਹੈ ਤੇ ਨਾ ਹੀ ਸਾਡੀ ਸੰਸਕਿ੍ਰਤੀ ਦਾ ਹਿੱਸਾ ਹੈ। ਇਸ ਲਈ ਨੌਜਵਾਨ ਪੀੜ੍ਹੀ ਨੂੰ ਇਹੋ ਜਿਹੇ ਰਿਸ਼ਤੇ ’ਚ ਆਉਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ।

ਸਾਂਝਾ ਕਰੋ