ਮੱਧ ਕਾਲ ਦੌਰਾਨ ਭਾਰਤ ਵਿਚ ਚੱਲੀ ਭਗਤੀ ਲਹਿਰ ਰੂਹਾਨੀਅਤ ਦੀ ਅਮੀਰੀ ਦੇ ਨਾਲ-ਨਾਲ ਇੱਕ ਧਾਰਮਿਕ ਅਤੇ ਸਮਾਜਿਕ ਚੇਤਨਾ ਦੀ ਲਹਿਰ ਵੀ ਸੀ। ਮਨੁੱਖਤਾ ਨੂੰ ਰੂਹਾਨੀ ਰੰਗ ਵਿਚ ਰੰਗਣ ਵਾਲੀ ਇਸ ਭਗਤੀ ਲਹਿਰ ਦਾ ਧਾਰਮਿਕ ਖੇਤਰ ਵਿਚ ਇੱਕ ਅਹਿਮ ਯੋਗਦਾਨ ਰਿਹਾ ਹੈ। ਇਸ ਲਹਿਰ ਨਾਲ ਜੁੜੇ ਭਗਤਾਂ ਵੱਲੋਂ ਜਿਹੜੀ ਬਾਣੀ ਉਚਾਰਣ ਕੀਤੀ ਗਈ ਹੈ, ਉਸ ਵਿਚ ਧਰਮ ਦੇ ਕਰਮਕਾਂਡੀ ਰੂਪ ਨੂੰ ਰੱਦ ਕਰ ਕੇ ਸੱਚੇ ਅਚਾਰ ਅਤੇ ਸੁਚੱਜੇ ਵਿਹਾਰ ਨੂੰ ਧਰਮ ਦਾ ਬੁਨਿਆਦੀ ਤੱਤ ਮੰਨਿਆ ਗਿਆ ਹੈ। ਇਹ ਮਾਨਤਾ ਸਿਰਫ ਗੱਲੀਂ-ਬਾਤੀ ਹੀ ਨਹੀਂ ਦਿੱਤੀ ਗਈ ਸਗੋਂ ਭਗਤਾਂ ਦਾ ਆਪਣਾ ਸਮੁੱਚਾ ਜੀਵਨ ਵੀ ਇਸ ਮਾਨਤਾ ਦੇ ਅਨੁਸਾਰੀ ਹੀ ਰਿਹਾ। ਅਧਿਆਤਮਕ ਖੇਤਰ ਵਿਚ ਰੱਬੀ ਏਕਤਾ ਦਾ ਹੋਕਾ ਦੇਣ ਵਾਲੇ ਇਹ ਭਗਤ ਆਪਣੇ ਸਮੇਂ ਦੇ ਸਮਾਜ ਨੂੰ ਸੁਧਾਰਨ ਅਤੇ ਨਿਖ਼ਾਰਨ ਵਿਚ ਵੀ ਆਪਣਾ ਬਣਦਾ-ਸਰਦਾ ਯੋਗਦਾਨ ਪਾਉਂਦੇ ਰਹੇ। ਇਸ ਯੋਗਦਾਨ ਦੇ ਬਦਲੇ ਇਨ੍ਹਾਂ ਮਹਾਪੁਰਖਾਂ ਨੂੰ ਕਈ ਵਾਰ ਕੱਟੜਵਾਦੀਆਂ ਦੀ ਨਫਰਤ ਅਤੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈਂਦਾ ਰਿਹਾ। ਆਪਣੀ ਵਿਸ਼ੇਸ਼ ਤੇ ਵਿਲੱਖਣ ਵਿਚਾਰਧਾਰਾ ਨਾਲ ਜਿੱਥੇ ਇਨ੍ਹਾਂ ਪ੍ਰਭੂ-ਪਿਆਰਿਆਂ ਨੇ ਗ਼ੈਰ-ਮਨੁੱਖੀ ਵਰਤਾਰਿਆਂ ਨੂੰ ਖ਼ਾਰਜ ਕੀਤਾ, ਉਥੇ ਹੀ ਨਵੀਨ ਮੁਹਾਂਦਰੇ ਵਾਲੇ ਸਮਾਜ ਦੀ ਸਿਰਜਣਾ ਲਈ ਵੀ ਅਣਥੱਕ ਕੋਸ਼ਿਸ਼ਾਂ ਕੀਤੀਆਂ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਭਗਤਾਂ ਦੀ ਇੱਕ ਵੱਖਰੀ ਪਛਾਣ ਸਥਾਪਤ ਹੁੰਦੀ ਰਹੀ ਹੈ, ਜਿਹੜੀ ਉਨ੍ਹਾਂ ਨੂੰ ਇਲਾਕਾਈ ਅਤੇ ਭਾਸ਼ਾਈ ਹੱਦਾਂ-ਬੰਨਿਆਂ ਤੋਂ ਪਾਰ ਲਿਜਾ ਕੇ ਲੋਕਾਈ ਦੇ ਸਤਿਕਾਰ ਦਾ ਪਾਤਰ ਬਣਾਉਂਦੀ ਰਹੀ ਹੈ। ਉਤਰੀ ਭਾਰਤ ਦੀ ਭਗਤੀ ਲਹਿਰ ਦੇ ਮੋਢੀ ਭਗਤ ਰਾਮਾਨੰਦ ਜੀ ਦਾ ਨਾਮ ਵੀ ਇਨ੍ਹਾਂ ਸਤਿਕਾਰਤ ਪਾਤਰਾਂ ਵਿਚ ਹੀ ਸ਼ਾਮਲ ਹੈ। ਭਗਤ ਰਾਮਾਨੰਦ ਜੀ (ਜਿਨ੍ਹਾਂ ਨੂੰ ਸਵਾਮੀ ਰਾਮਾਨੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਦਾ ਜਨਮ 15 ਅਗਸਤ 1366 ਈ. (ਸੰਮਤ 1423) ਨੂੰ ਸ੍ਰੀ ਭੂਰਿਕਰਮਾ ਅਤੇ ਮਾਤਾ ਸੁਸ਼ੀਲਾ ਦੇਵੀ ਦੇ ਘਰ ਪ੍ਰਯਾਗ ਰਾਜ (ਅਲਾਹਾਬਾਦ), ਉੱਤਰ ਪ੍ਰਦੇਸ਼ ਵਿਚ ਹੋਇਆ। ਕੁੱਝ ਕੁ ਲੇਖਕਾਂ ਦੀਆਂ ਲਿਖਤਾਂ ਵਿਚ ਭਗਤ ਜੀ ਦੇ ਪਿਤਾ ਦਾ ਨਾਮ ਸਦਨ ਸ਼ਰਮਾ ਅਤੇ ਜਨਮ ਸਥਾਨ ਕਾਂਸ਼ੀ ਵੀ ਲਿਖਿਆ ਗਿਆ ਹੈ। ਬਚਪਨ ਵਿਚ ਉਨ੍ਹਾਂ ਨੂੰ ਰਾਮਾਦੱਤ ਦੇ ਨਾਂ ਨਾਲ ਵੀ ਬੁਲਾਇਆ ਜਾਂਦਾ ਸੀ। ਭਗਤ ਜੀ ਦੀ ਰੂਚੀ ਬਚਪਨ ਤੋਂ ਹੀ ਪ੍ਰਭੂ ਭਗਤੀ ਵੱਲ ਸੀ। ਉਨ੍ਹਾਂ ਨੇ ਮਨੁੱਖਤਾ ਨੂੰ ਸੱਚ ਨਾਲ ਜੋੜਿਆ ਤੇ ਕੂੜ ਤੋਂ ਮੋੜਿਆ। ਭਗਤ ਰਾਮਾਨੰਦ ਜੀ ਅਚਾਰੀਆ ‘ਰਾਮਾਨੁਜ’ ਜੀ ਵੱਲੋਂ ਚਲਾਈ ਗਈ ਸ੍ਰੀ ਸੰਪਰਦਾ ਦੇ ਇੱਕ ਉੱਘੇ ਪ੍ਰਚਾਰਕ ਸਵਾਮੀ ਰਾਘਵਨੰਦ ਦੇ ਚੇਲੇ ਸਨ, ਜਿਹੜੇ ਇਸ ਸੰਪਰਦਾ ਦੇ 13ਵੇਂ ਮੁਖੀ ਸਨ। ਭਗਤ ਜੀ ਦਾ ਜੀਵਨ ਕਾਲ ਇੱਕ ਸਦੀ ਤੋਂ ਵੀ ਵਧੇਰੇ ਮੰਨਿਆ ਜਾਂਦਾ ਹੈ, ਜਿਸ ਦਾ ਬਹੁਤਾ ਹਿੱਸਾ ਉਨ੍ਹਾਂ ਨੇ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿ ਕੇ ਹੀ ਗੁਜ਼ਾਰਿਆ। ਭਗਤ ਜੀ ਲੰਮੇ ਸਮੇਂ ਤੱਕ ਸ੍ਰੀ ਸੰਪਰਦਾ ਨਾਲ ਜੁੜ ਕੇ ਆਪਣੀਆਂ ਅਧਿਆਤਮਕ ਗਤੀਵਿਧੀਆਂ ਨੂੰ ਨੇਪਰੇ ਚੜ੍ਹਦੇ ਰਹੇ ਹਨ ਪਰ ਬਾਅਦ ਵਿਚ ਉਨ੍ਹਾਂ ਨੇ ਰਾਮਾਵਤ/ਰਾਮਾਦਤ ਸੰਪਰਦਾ ਦੀ ਸਥਾਪਨਾ ਕਰ ਲਈ। ਇਸ ਸੰਪਰਦਾ ਦੇ ਸਿਧਾਂਤ ਤਾਂ ਪਹਿਲਾਂ (ਸ੍ਰੀ ਸੰਪਰਦਾ) ਵਾਲੇ ਹੀ ਰਹੇ ਪਰ ਸਾਧਨਾ-ਪਧਤੀ ਵਿਚ ਕੁੱਝ ਉਦਾਰਤਾ ਜ਼ਰੂਰ ਕਾਇਮ ਹੋ ਗਈ। ਇਸ ਲਹਿਰ ਨਾਲ ਭਗਤੀ ਲਹਿਰ ਵਿਚ ਇੱਕ ਨਵੇਕਲਾ ਰੰਗ ਅਤੇ ਢੰਗ ਦਿਖਾਈ ਦੇਣ ਲੱਗ ਪਿਆ। ਇਸ ਰੰਗ ਅਤੇ ਢੰਗ ਕਾਰਨ ਹੀ ਉਸ ਵੇਲੇ ਦੀਆਂ ਕੁੱਝ ਛੁੱਟਿਆਈਆਂ ਜਾਂਦੀਆਂ ਜਾਤਾਂ ਦੇ ਲੋਕ ਵੀ ਇਸ ਕ੍ਰਾਂਤੀਕਾਰੀ ਲਹਿਰ ਨਾਲ ਜੁੜਨ ਲੱਗੇ ਅਤੇ ਪਰਮ ਪਿਤਾ ਦੀ ਭਗਤੀ ਦਾ ਹੱਕ ਹਾਸਲ ਕਰਨ ਲੱਗੇ। ਭਗਤ ਰਾਮਾਨੰਦ ਜੀ ਦੀਆਂ ਉਚੇਚਿਚੀਆਂ ਕੋਸ਼ਿਸ਼ਾਂ ਸਦਕਾ ਰਾਮ-ਨਾਮ ਦੀ ਗੰਗਾ ਝੁੱਗੀਆਂ ਝੋਪੜੀਆਂ ਦੇ ਬਾਸ਼ਿੰਦਿਆਂ ਤੱਕ ਵੀ ਪਹੁੰਚ ਗਈ ਅਤੇ ਉਨ੍ਹਾਂ ਦਾ ਆਤਮਿਕ ਜੀਵਨ ਵੀ ਆਨੰਦਿਤ ਹੋਣ ਲੱਗਾ। ਉਸ ਵੇਲੇ ਦੇ ਵਰਣ-ਵੰਡ ਵਾਲੇ ਸਮਾਜ ਵਿਚ ਭਗਤ ਜੀ ਵੱਲੋਂ ਕੀਤਾ ਗਿਆ ਬਰਾਬਰਤਾ ਦਾ ਇਹ ਉਪਰਾਲਾ ਕਿਸੇ ਕ੍ਰਾਂਤੀਕਾਰੀ ਕਦਮ ਤੋਂ ਘੱਟ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਵੇਲੇ ਪੂਜਾ-ਪਾਠ ਦਾ ਅਧਿਕਾਰ ਕੁੱਝ ਰਾਖਵੀਆਂ ਸ਼੍ਰੇਣੀਆਂ ਦੇ ਲੋਕਾਂ ਦੇ ਹੀ ਹਿੱਸੇ ਆਉਂਦਾ ਸੀ। ਭਗਤ ਜੀ ਦੀ ਇਸ ਫ਼ਰਾਖਦਿਲੀ ਵਾਲੀ ਸੋਚ-ਸਮਝ ਤੋਂ ਪ੍ਰਭਾਵਿਤ ਹੋ ਕੇ ਵੈਰਾਗੀ ਸੰਪਰਦਾ ਵਾਲੇ ਵੀ ਉਨ੍ਹਾਂ ਨੂੰ ਆਪਣਾ ਅਚਾਰੀਆ ਮੰਨਣ ਲੱਗ ਪਏ। ਸਮਾਂ ਪਾ ਕੇ ਭਗਤ ਰਾਮਾਨੰਦ ਜੀ ਨੇ ਵੈਸ਼ਨਵ ਮੱਤ ਨੂੰ ਤਿਆਗ ਦਿੱਤਾ ਅਤੇ ਅਕਾਲ-ਪੁਰਖ ਦੇ ਨਿਰਗੁਣ ਸਰੂਪ ਦੇ ਉਪਾਸ਼ਕ ਬਣ ਗਏ। ਭਗਤ ਜੀ ਦੀ ਇਸ ਉਪਾਸ਼ਨਾ ਕਰ ਕੇ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦਾ ਬਸੰਤ ਰਾਗ ਵਿਚ ਉਚਾਰਣ ਕੀਤਾ ਹੋਇਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ।
ਕਤ ਜਾਈਐ ਰੇ ਘਰ ਲਾਗੋ ਰੰਗੁ।।
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ।।
ਏਕ ਦਿਵਸ ਮਨ ਭਈ ਉਮੰਗ॥
ਘਸਿ ਚੰਦਨ ਚੋਆ ਬਹੁ ਸੁਗੰਧ॥
ਪੂਜਨ ਚਾਲੀ ਬ੍ਰਹਮ ਠਾਇ॥
ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ।।
ਭਗਤ ਜੀ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਗ 1195 ਉਪਰ ਦਰਜ ਕੀਤਾ ਹੈ। ਇਸ ਸ਼ਬਦ ਵਿੱਚ ਆਪਣੀ ਮਾਨਸਿਕ ਅਵਸਥਾ ਨੂੰ ਬਿਆਨਦੇ ਹੋਏ ਸਵਾਮੀ ਜੀ ਦੱਸਦੇ ਹਨ ਕਿ ਮੇਰਾ ਮਨ ਪਿੰਗਲਾ ਹੋ ਗਿਆ ਹੈ ਭਾਵ ਹੁਣ ਇਹ ਦਰ-ਦਰ ’ਤੇ ਨਹੀਂ ਭਟਕਦਾ ਸਗੋਂ ਆਪਣੇ ਪਿਆਰੇ ਨੂੰ ਪੂਰਨ ਰੂਪ ਵਿਚ ਸਮਰਪਿਤ ਹੋ ਗਿਆ ਹੈ। ਭਗਤ ਰਾਮਾਨੰਦ ਜੀ ਦੇ ਕਈ ਹੋਰ ਵੀ ਪ੍ਰਸਿੱਧ ਚੇਲੇ ਹੋਏ ਹਨ ਜਿਨ੍ਹਾਂ ਨੇ ਆਪਣੇ-ਆਪਣੇ ਸਮੇਂ ਵਿਚ ਮਨੁੱਖਤਾ ਨੂੰ ਸੱਚ ਨਾਲ ਜੋੜਿਆ ਅਤੇ ਕੂੜ ਤੋਂ ਮੋੜਿਆ ਹੈ। ਭਗਤ ਜੀ ਦੇ ਇਨ੍ਹਾਂ ਚੇਲਿਆਂ ਵਿਚ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ ਅਤੇ ਭਗਤ ਪੀਪਾ ਜੀ ਦਾ ਨਾਮ ਵਰਨਣ ਯੋਗ ਹੈ। ਇਸ ਸੂਚੀ ਵਿਚ ਕਈ ਲੇਖਕਾਂ ਨੇ ਭਗਤ ਧੰਨਾ ਜੀ ਦੇ ਨਾਂ ਨੂੰ ਵੀ ਸ਼ਾਮਿਲ ਕੀਤਾ ਹੈ ਪਰ ਇਹ ਪੂਰਨ ਰੂਪ ਵਿਚ ਪ੍ਰਮਾਣਿਤ ਨਹੀਂ ਹੈ। ਭਗਤੀ ਲਹਿਰ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਇਨ੍ਹਾਂ ਸਾਰੇ ਭਗਤਾਂ ਨੇ ਕਾਬਲ-ਏ-ਤਰੀਫ਼ ਯੋਗਦਾਨ ਪਾਇਆ ਹੈ ਅਤੇ ਰੱਬੀ ਨੇੜਤਾ ਤੇ ਪਿਆਰ ਹਾਸਲ ਕਰਨ ਲਈ ਭਗਤੀ ਦੇ ਮਾਰਗ ਨੂੰ ਇੱਕ ਉੱਤਮ ਮਾਰਗ ਦਰਸਾਇਆ ਹੈ। ਆਪਣੀ ਹਯਾਤੀ ਦਾ ਲੰਮਾ ਸਮਾਂ ਗੰਗਾ ਦੇ ਕੰਢੇ (ਕਾਂਸ਼ੀ ਵਿਚ) ਬਤੀਤ ਕਰ ਕੇ ਭਗਤ ਰਾਮਾਨੰਦ ਜੀ 12 ਦਸੰਬਰ 1467 ਈਂ ਨੂੰ ਪ੍ਰਲੋਕ ਗਮਨ ਕਰ ਗਏ। ਭਗਤ ਜੀ ਮੁਤਾਬਕ ਪੂਰੇ ਗੁਰੂ ਦੀ ਸ਼ਰਨ ਹੀ ਜਨਮਾਂ-ਜਨਮਾਤਰਾਂ ਦੇ ਬੰਧਨਾਂ ਨੂੰ ਕੱਟਣ ਦੇ ਸਮਰੱਥ ਬਣਦੀ ਹੈ। ਅੱਜ ਵੀ ਭਗਤ ਰਾਮਾਨੰਦ ਜੀ ਦੇ ਕਮਾਏ ਹੋਏ ਉਪਦੇਸ਼ਾਂ ਦੀ ਓਨੀ ਹੀ ਸਾਰਥਿਕਤਾ ਹੈ ਜਿੰਨੀ ਉਨ੍ਹਾਂ ਦੇ ਸਮਕਾਲ ਵਿਚ ਸੀ। ਲੋੜ ਸਿਰਫ਼ ਉਨ੍ਹਾਂ ਨੂੰ ਆਪਣੇ ਅੰਗ-ਸੰਗ ਲਗਾਉਣ ਦੀ ਹੈ ਪਰ ਅਫਸੋਸ ਕਿ ਅਸੀਂ ਆਪਣੇ ਪੁਰਖਿਆਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚੋਂ ਦਿਨ-ਬ-ਦਿਨ ਮਨਫ਼ੀ ਕਰੀ ਜਾ ਰਹੇ ਹਾਂ ਅਤੇ ਕਈ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਸੰਤਾਪ ਭੋਗੀ ਜਾ ਰਹੇ ਹਾਂ।