ਪੇਟ ਨੂੰ ਲੰਬੇ ਸਮੇਂ ਤਕ ਭਰਿਆਂ ਰੱਖਣ ਦੇ ਨਾਲ ਸਰੀਰ ਨੂੰ ਐਨਰਜੀ ਦਿੰਦੀ ਹੈ ਸਾਬੂਦਾਣੇ ਦੀ ਖੀਰ

8 ਮਾਰਚ ਦਾ ਦਿਨ ਇਸ ਵਾਰ ਦੋ ਕਾਰਨਾਂ ਕਰਕੇ ਬਹੁਤ ਖਾਸ ਹੈ। ਇਸ ਦਿਨ ਨੂੰ ਪੂਰੀ ਦੁਨੀਆ ‘ਚ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਦਕਿ ਭਾਰਤ ‘ਚ ਮਹਿਲਾ ਦਿਵਸ ਦੇ ਨਾਲ-ਨਾਲ ਭਲਕੇ ਮਹਾਸ਼ਿਵਰਾਤਰੀ ਦਾ ਤਿਉਹਾਰ ਵੀ ਮਨਾਇਆ ਜਾਵੇਗਾ। ਉੱਤਰੀ ਭਾਰਤ ਤੋਂ ਇਲਾਵਾ ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਵੀ ਮਹਾਸ਼ਿਵਰਾਤਰੀ ਦਾ ਤਿਉਹਾਰ ਦੇਖਿਆ ਜਾਂਦਾ ਹੈ। ਸ਼ਰਧਾਲੂ ਭਗਵਾਨ ਸ਼ਿਵ ਪ੍ਰਤੀ ਆਪਣੀ ਸ਼ਰਧਾ ਦਿਖਾਉਣ ਲਈ ਵਰਤ ਰੱਖਦੇ ਹਨ ਤੇ ਪੂਰੀ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦੀ ਪੂਜਾ ਕਰਦੇ ਹਨ। ਕਿਹਾ ਜਾਂਦਾ ਹੈ ਕਿ ਇਸ ਵਰਤ ਨੂੰ ਸੱਚੇ ਮਨ ਨਾਲ ਰੱਖਣ ਨਾਲ ਮਨੋਕਾਮਨਾ ਪੂਰੀ ਹੁੰਦੀ ਹੈ। ਘਰ ਵਿੱਚ ਖੁਸ਼ਹਾਲੀ ਤੇ ਸੁੱਖ-ਸ਼ਾਤੀ ਆਉਂਦੀ ਹੈ ਤੇ ਅਣਵਿਆਹੀਆਂ ਲੜਕੀਆਂ ਦੇ ਵਿਆਹ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ। ਜੇ ਤੁਸੀਂ ਵੀ ਇਸ ਵਾਰ ਸ਼ਿਵਰਾਤਰੀ ਦਾ ਵਰਤ ਰੱਖਣ ਬਾਰੇ ਸੋਚ ਰਹੇ ਹੋ ਤਾਂ ਇਸ ਲਈ ਕੁਝ ਤਿਆਰੀਆਂ ਕਰਨੀਆਂ ਜ਼ਰੂਰੀ ਹਨ। ਵਰਤ ਦੇ ਮਹੱਤਵਪੂਰਨ ਨਿਯਮਾਂ ਦੀ ਪਾਲਣਾ ਕਰਕੇ, ਤੁਸੀਂ ਵਰਤ ਨੂੰ ਚੰਗੀ ਤਰ੍ਹਾਂ ਪੂਰਾ ਕਰ ਸਕਦੇ ਹੋ। ਜਦੋਂ ਕਿ ਕੁਝ ਲੋਕ ਸਾਰਾ ਦਿਨ ਵਰਤ ਰੱਖਦੇ ਹਨ ਜੋ ਲੋਕ ਜ਼ਿਆਦਾ ਦੇਰ ਤੱਕ ਭੁੱਖੇ ਨਹੀਂ ਰਹਿ ਸਕਦੇ, ਉਹ ਫਲਾਂ, ਖੀਰ ਜਾਂ ਮਿੱਠੀਆਂ ਚੀਜ਼ਾਂ ਦੇ ਨਾਲ ਨਮਕ ਦੀ ਵਰਤੋਂ ਵੀ ਕਰ ਸਕਦੇ ਹਨ। ਵਰਤ ਦੇ ਦੌਰਾਨ ਖਾਣ ਲਈ ਸਾਬੂਦਾਣਾ ਖੀਰ ਇੱਕ ਵਧੀਆ ਵਿਕਲਪ ਹੈ। ਜਿਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਨੂੰ ਬਣਾਉਣ ਦਾ ਤਰੀਕਾ ਜਾਣੋ। ਸਾਬੂਦਾਣੇ ਦੀ ਖੀਰ ਚੌਲਾਂ ਵਾਂਗ ਸਵਾਦਿਸ਼ਟ ਹੁੰਦੀ ਹੈ। ਇਸ ਤੋਂ ਇਲਾਵਾ ਇਹ ਜਲਦੀ ਤਿਆਰ ਹੋ ਜਾਂਦੀ ਹੈ।

ਸਮੱਗਰੀ- 1 ਕੱਪ ਸਾਬੂਦਾਣਾ, 1 ਲੀਟਰ ਦੁੱਧ, ਡੇਢ ਕੱਪ ਚੀਨੀ ਜਾਂ ਗੁੜ, 4 ਇਲਾਇਚੀ। ਬਣਾਉਣ ਤੋਂ ਲਗਪਗ 15 ਮਿੰਟ ਪਹਿਲਾਂ ਸਾਬੂਦਾਣਾ ਨੂੰ ਪਾਣੀ ਵਿੱਚ ਭਿਓ ਦਿਓ। ਕੜਾਹੀ ‘ਚ ਦੁੱਧ ਨੂੰ ਉਬਾਲ ਕੇ ਰੱਖੋ। ਉਬਾਲ ਆਉਣ ਤੋਂ ਬਾਅਦ ਇਸ ਵਿਚ ਚੀਨੀ ਅਤੇ ਇਲਾਇਚੀ ਪਾਊਡਰ ਵੀ ਪਾਓ। ਇਸ ਤੋਂ ਬਾਅਦ ਇਸ ‘ਚ ਭਿੱਜੇ ਹੋਏ ਸਾਬੂਦਾਣੇ ਨੂੰ ਪਾਓ ਅਤੇ ਲਗਭਗ 5-10 ਮਿੰਟ ਤੱਕ ਉਬਾਲਣ ਦਿਓ। ਇਸ ਨਾਲ ਸਾਬੂਦਾਣਾ ਦੁੱਧ ਨੂੰ ਸੋਖ ਲਵੇਗਾ ਤੇ ਚੰਗੀ ਤਰ੍ਹਾਂ ਫੁੱਲ ਜਾਵੇਗਾ। ਲਗਭਗ 1 ਕੱਪ ਪਾਣੀ ਵੀ ਪਾਓ। ਤਿਅਰ ਹੈ ਸਵਾਦਿਸ਼ਟ ਸਾਬੂਦਾਣੇ ਦੀ ਖੀਰ । ਖੀਰ ਤੋਂ ਇਲਾਵਾ ਤੁਸੀਂ ਸਾਬੂਦਾਣੇ ਦੀ ਖਿਚੜੀ, ਥਾਲੀਪੀਠ ਵੜੇ ਵੀ ਬਣਾ ਕੇ ਖਾ ਸਕਦੇ ਹੋ। ਇਸ ਤੋਂ ਬਣੀ ਹਰ ਡਿਸ਼ ਸ਼ਾਨਦਾਰ ਲੱਗਦੀ ਹੈ।

ਸਾਂਝਾ ਕਰੋ

ਪੜ੍ਹੋ