ਪਾਕਿਸਤਾਨ ਦੇ ਨਵੇਂ ਪੀਐੱਮ ਸ਼ਾਹਬਾਜ਼ ਸ਼ਰੀਫ਼ ਅੱਗੇ ਚੁਣੌਤੀਆਂ

ਤਿੰਨ ਮਾਰਚ 2024 ਨੂੰ ਨਵ-ਗਠਿਤ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਪਲੇਠੇ ਇਜਲਾਸ ਵਿਚ ਰੌਲੇ-ਰੱਪੇ ਦੌਰਾਨ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਉਮੀਦਵਾਰ ਸ਼ਾਹਬਾਜ਼ ਸ਼ਰੀਫ਼ ਦੇਸ਼ ਦੇ 24ਵੇਂ ਵਜ਼ੀਰ-ਏ-ਆਜ਼ਮ ਚੁਣ ਲਏ ਗਏ। ਉਨ੍ਹਾਂ ਨੇ 336 ਮੈਂਬਰੀ ਨੈਸ਼ਨਲ ਅਸੈਂਬਲੀ ’ਚ 201 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਦੇ ਮੁਕਾਬਲੇ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਉਮੀਦਵਾਰ ਉਮਰ ਅਯੂਬ ਖ਼ਾਨ ਖੜ੍ਹੇ ਸਨ ਜਿਨ੍ਹਾਂ ਨੂੰ 92 ਵੋਟ ਹਾਸਲ ਹੋਏ ਅਤੇ ਉਹ ਹਾਰ ਗਏ। ਸ਼ਾਹਬਾਜ਼ ਨੂੰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ), ਮੁਤੈਹਿਦਾ ਕੌਮੀ ਮੂਵਮੈਂਟ ਪਾਕਿਸਤਾਨ ਤੇ ਇਸਤਹਿਕਮ-ਏ-ਪਾਕਿਸਤਾਨ ਪਾਰਟੀ ਦੀ ਹਮਾਇਤ ਪ੍ਰਾਪਤ ਹੋਈ। ਉਮਰ ਅਯੂਬ ਖ਼ਾਨ ਨੂੰ ਸੁੰਨੀ ਇਤਹਾਦ ਕੌਂਸਲਜ਼ ਦੀ ਹਮਾਇਤ ਮਿਲੀ। ਦੂਜੀ ਵਾਰੀ ਚੁਣੇ ਗਏ ਵਜ਼ੀਰ-ਏ-ਆਜ਼ਮ (ਪ੍ਰਧਾਨ ਮੰਤਰੀ) ਸ਼ਾਹਬਾਜ਼ ਸ਼ਰੀਫ਼ ਵੱਲੋਂ 4 ਮਾਰਚ ਨੂੰ ਬਾਅਦ ਦੁਪਹਿਰ ਆਪਣੇ ਪਦ ਦੀ ਸਹੁੰ ਚੁੱਕ ਲਈ ਗਈ। ਲੇਕਿਨ ਉਨ੍ਹਾਂ ਦਾ ਇਹ ਕਾਰਜਕਾਲ ਨਿਸ਼ਚਤ ਤੌਰ ’ਤੇ ਫੁੱਲਾਂ ਦੀ ਸੇਜ ਨਹੀਂ ਬਲਕਿ ਕੰਡਿਆਂ ਦਾ ਤਾਜ ਅਤੇ ਰਾਜਨੀਤਕ, ਆਰਥਿਕ, ਸੁਰੱਖਿਆ, ਅਮਨ-ਕਾਨੂੰਨ ਵਜੋਂ ਅਤਿ ਔਝੜਾ ਪੰਧ ਸਾਬਿਤ ਹੋਣ ਵਾਲਾ ਹੈ। ਕਹਿੰਦੇ ਨੇ ‘ਕੋਹ ਨਾ ਚੱਲੀ ਬਾਬਾ ਤ੍ਰਿਹਾਈ’। ਪੀਟੀਆਈ ਦੇ ਹਾਰੇ ਉਮੀਦਵਾਰ ਉਮਰ ਅਯੂਬ ਖ਼ਾਨ ਨੇ ਪੈਂਦਿਆਂ ਹੀ ਤਾਬੜਤੋੜ ਹਮਲਾ ਕਰਦਿਆਂ ਸ਼ਾਹਬਾਜ਼ ਸ਼ਰੀਫ਼ ਦੀ ਗਠਜੋੜ ਸਰਕਾਰ ਨੂੰ ‘ਫਾਸ਼ੀਵਾਦੀ ਸਰਕਾਰ’ ਗਰਦਾਨਦੇ ਹੋਏ ਕਿਹਾ ਕਿ ਇਸ ਵਿਚਾਰਧਾਰਾ ਰਹਿਤ ਸਰਕਾਰ ਦਾ ਇੱਕੋ-ਇੱਕ ਨਿਸ਼ਾਨਾ ਪਾਕਿਸਤਾਨ ਦੇ ਆਰਥਿਕ, ਸਮਾਜਿਕ ਅਤੇ ਕੁਦਰਤੀ ਸਰੋਤਾਂ ਨੂੰ ਲੁੱਟਣਾ ਹੈ। ਉਨ੍ਹਾਂ ਨੈਸ਼ਨਲ ਅਸੈਂਬਲੀ ਵਿਚ ਗਰਜਦਿਆਂ ਕਿਹਾ ਕਿ ਸਾਨੂੰ ਧੱਕਾਸ਼ਾਹੀ ਕਰ ਕੇ ਓਨੀਆਂ ਸੀਟਾਂ ਨਹੀਂ ਦਿੱਤੀਆਂ ਜਿੰਨੀਆਂ ’ਤੇ ਅਸੀਂ ਜਿੱਤ ਪ੍ਰਾਪਤ ਕਰ ਰਹੇ ਸਾਂ। ਇਸ ਲਈ ਇਸ ਸਦਨ ਵੱਲੋਂ ਚੁਣੇ ਗਏ ਵਜ਼ੀਰ-ਏ-ਆਜ਼ਮ, ਸਪੀਕਰ ਅਤੇ ਡਿਪਟੀ ਸਪੀਕਰ ਗ਼ੈਰ-ਕਾਨੂੰਨੀ ਹਨ। ਇਹ ਜੇਤੂ ਫਾਰਮ-47 ਦੀ ਉਪਜ ਹਨ। ਜੇਕਰ ਫਾਰਮ-45 ਅਨੁਸਾਰ ਨਤੀਜੇ ਐਲਾਨੇ ਹੁੰਦੇ ਤਾਂ ਪੀਟੀਆਈ ਨੂੰ ਸਦਨ ਵਿਚ 180 ਸੀਟਾਂ ਪ੍ਰਾਪਤ ਹੁੰਦੀਆਂ। ਇਨ੍ਹਾਂ ਨੇ ਜਨਤਕ ਫ਼ਤਵਾ ਚੁਰਾਇਆ ਹੈ। 23 ਸਤੰਬਰ 1951 ਨੂੰ ਲਾਹੌਰ ਵਿਚ ਜਨਮੇ ਸ਼ਾਹਬਾਜ਼ ਸ਼ਰੀਫ਼ ਭਾਰਤੀ ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਕਸ਼ਮੀਰੀ ਪਰਿਵਾਰ ਨਾਲ ਸਬੰਧਤ ਹਨ ਜਿਨ੍ਹਾਂ ਦੇ ਵਡੇਰੇ 20ਵੀਂ ਸਦੀ ਵਿਚ ਉੱਥੋਂ ਉੱਠ ਕੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਜਾਤੀ ਉਮਰਾ ਪਿੰਡ ਵਿਚ ਵਸ ਗਏ ਸਨ। ਉਨ੍ਹਾਂ ਦੇ ਪਿਤਾ ਮੁਹੰਮਦ ਸ਼ਰੀਫ਼ ਸਟੀਲ ਕਾਰੋਬਾਰੀ ਸਨ ਜੋ ਦੇਸ਼ ਦੀ ਵੰਡ ਤੋਂ ਬਾਅਦ ਲਾਹੌਰ ਚਲੇ ਗਏ ਤੇ ਉੱਥੇ ਸ਼ਹਿਰੋਂ ਬਾਹਰਵਾਰ ਸਟੀਲ ਫੈਕਟਰੀ ਸਥਾਪਤ ਕਰ ਲਈ। ਸ਼ਾਹਬਾਜ਼ ਸ਼ਰੀਫ਼ ਤਿੰਨਾਂ ਭਰਾਵਾਂ ਵਿੱਚੋਂ ਮੰਝਲੇ ਹਨ, ਵੱਡੇ ਨਵਾਜ਼ ਸ਼ਰੀਫ ਹਨ। ਸ਼ਾਹਬਾਜ਼ ਸ਼ਰੀਫ਼ ਦੀਆਂ ਤਿੰਨ ਸ਼ਾਦੀਆਂ ਹਨ। ਦੋ ਪਤਨੀਆਂ ਜੀਵਿਤ ਹਨ। ਦੋ ਪੁੱਤਰ ਤੇ ਦੋ ਧੀਆਂ ਹਨ। ਵੱਡਾ ਪੁੱਤਰ ਹਮਜ਼ਾ ਸ਼ਰੀਫ਼ ਉਨ੍ਹਾਂ ਦਾ ਜਾਨਸ਼ੀਨ ਹੈ। ਪਾਕਿਸਤਾਨ ਦੇ ਮਰਹੂਮ ਪ੍ਰਧਾਨ ਮੰਤਰੀ ਜ਼ੁਲਿਫਕਾਰ ਅਲੀ ਭੁੱਟੋ ਨੇ ਰਾਸ਼ਟਰੀਕਰਨ ਦੀ ਨੀਤੀ ਤਹਿਤ ਸ਼ਰੀਫ਼ ਖਾਨਦਾਨ ਦੀ ਸਟੀਲ ਫੈਕਟਰੀ ਤੇ ਕਾਰੋਬਾਰ ਜ਼ਬਤ ਕਰ ਲਿਆ ਸੀ। ਪਰ ਜਦੋਂ ਜਨਰਲ ਜ਼ਿਆ-ਉੱਲ-ਹੱਕ ਨੇ ਰਾਸ਼ਟਰਪਤੀ ਦਾ ਪਦ ਸੰਭਾਲਿਆ ਤਾਂ ਉਨ੍ਹਾਂ ਦੀ ਫੈਕਟਰੀ ਵਾਪਸ ਕਰ ਦਿੱਤੀ। ਇੱਥੇ ਹੀ ਬਸ ਨਹੀਂ, ਮਾਰਸ਼ਲ ਲਾਅ ਅਤੇ ਜਨਰਲ ਜਿਲਾਨੀ ਦੀ ਨਵਾਜਿਸ਼ ਕਰ ਕੇ ਉਨ੍ਹਾਂ ਨੂੰ ਰਾਜਨੀਤੀ ਵਿਚ ਲਿਆਂਦਾ ਗਿਆ। ਸੰਨ 1985 ਵਿਚ ਸ਼ਾਹਬਾਜ਼ ²ਸ਼ਰੀਫ਼ ਪਹਿਲੀ ਵਾਰ ਲਾਹੌਰ ਚੈਂਬਰਜ਼ ਆਫ ਕਾਮਰਸ ਦੇ ਚੇਅਰਮੈਨ ਬਣੇ। ਵੱਡੇ ਭਰਾ ਸੰਗ ਰਾਜਨੀਤੀ ਵਿਚ ਪੈਰ ਧਰਨ ਉਪਰੰਤ 1988 ਵਿਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਸੰਨ 1990 ਵਿਚ ਨੈਸ਼ਨਲ ਅਸੈਂਬਲੀ ਲਈ ਚੁਣੇ ਗਏ ਪਰ ਸੰਨ 1993 ਵਿਚ ਮੁੜ ਪੰਜਾਬ ਅਸੈਂਬਲੀ ਮੈਂਬਰ ਚੁਣੇ ਗਏ। ਸੰਨ 1993-96 ਤੱਕ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਬਣੇ। ਸੰਨ 1997 ਤੋਂ 1999 ਤੱਕ ਪੰਜਾਬ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਦੇ ਭਰਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ ਜਨਰਲ ਪ੍ਰਵੇਜ਼ ਮੁਸ਼ੱਰਫ ਨੂੰ ਪਦ ਤੋਂ ਹਟਾਉਣ ਦੇ ਰੱਫੜ ਵਿਚ ਉਨ੍ਹਾਂ ਨੂੰ ਵੀ ਮੁੱਖ ਮੰਤਰੀ ਦੇ ਪਦ ਤੋਂ ਬਰਖ਼ਾਸਤ ਕਰ ਦਿੱਤਾ। ਦੋਹਾਂ ਭਰਾਵਾਂ ’ਤੇ ਹੋਰਨਾਂ ਸਮੇਤ ਜਨਰਲ ਦਾ ਸ੍ਰੀਲੰਕਾ ਤੋਂ ਵਾਪਸ ਆਉਂਦਾ ਹਵਾਈ ਜਹਾਜ਼ ਅਗਵਾ ਕਰਨ ਦਾ ਕੇਸ ਚੱਲਿਆ। ਖ਼ੈਰ! ਦੋਵੇਂ ਭਰਾ ਜਨਰਲ ਦੇ ਕਹਿਰ ਤੋਂ ਸਾਊਦੀ ਅਰਬ ਦੇ ਬਾਦਸ਼ਾਹ ਅਬਦੁੱਲਾ-ਬਿਨ-ਅਬਦੁਲ-ਅਜ਼ੀਜ਼ ਦੀ ਵਿਚੋਲਗੀ ਰਾਹੀਂ ਬਚੇ ਤੇ ਜਲਾਵਤਨ ਕੀਤੇ ਗਏ। ਛੇ ਸਾਲ ਜੱਦਾਹ ਵਿਖੇ ਜਲਾਵਤਨ ਰਹਿਣ ਤੋਂ ਬਾਅਦ ਵਾਪਸੀ ਹੋਈ। ਸੰਨ 2008 ਤੋਂ 2013 ਤੇ ਫਿਰ 2013 ਤੋਂ 2018 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਸੰਨ 2017 ਵਿਚ ਨਵਾਜ਼ ਸ਼ਰੀਫ਼ ਦੀ ਪਨਾਮਾ ਪੇਪਰਜ਼ ਕੇਸ ਵਿਚ ਨਿਆਪਾਲਿਕਾ ਵੱਲੋਂ ਕਿਸੇ ਰਾਜਨੀਤਕ ਪਦ ਲਈ ਅਯੋਗ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਪੀਐੱਮਐੱਲ (ਨਵਾਜ਼) ਦਾ ਪ੍ਰਧਾਨ ਬਣਾਇਆ ਗਿਆ ਜਿਸ ਪਦ ’ਤੇ ਅੱਜ ਤੱਕ ਕਾਇਮ ਹਨ। ਸੰਨ 2022 ਵਿਚ ਇਮਰਾਨ ਖ਼ਾਨ ਵੱਲੋਂ ਨੈਸ਼ਨਲ ਅਸੈਂਬਲੀ ਵਿਚ ਵਿਸ਼ਵਾਸ ਮਤ ਗੁਆਉਣ ਤੋਂ ਬਾਅਦ ਉਹ 11 ਅਪ੍ਰੈਲ 2022 ਨੂੰ ਵਜ਼ੀਰ-ਏ-ਆਜ਼ਮ ਬਣੇ। ਚੋਣਾਂ ਖ਼ਾਤਰ ਕੇਅਰ ਟੇਕਰਜ਼ ਸਰਕਾਰ ਅਨਵਾਰ-ਉੱਲ-ਹੱਕ ਕੱਕੜ ਦੀ ਅਗਵਾਈ ਵਿਚ ਗਠਨ ਹੋਣ ਤੋਂ ਪਹਿਲਾਂ 13 ਅਗਸਤ 2023 ਤੱਕ ਇਸ ਪਦ ’ਤੇ 16 ਕੁ ਮਹੀਨੇ ਬਣੇ ਰਹੇ। ਸ਼ਾਹਬਾਜ਼ ਸ਼ਰੀਫ਼ ਦਾ ਸਭ ਤੋਂ ਵੱਡਾ ਰਾਜਨੀਤਕ ਗੁਣ ਇਹ ਰਿਹਾ ਹੈ ਕਿ ਉਹ ਆਪਣੇ ਵੱਡੇ ਭਰਾ ਨਵਾਜ਼ ਸਰੀਫ਼ ਦੇ ਹਮੇਸ਼ਾ ਵਫ਼ਾਦਾਰ ਰਹੇ ਹਨ। ਉਨ੍ਹਾਂ ਦੇ ਔਖੇ ਭਾਰੇ ਤੇ ਜਲਾਵਤਨੀ ਦੇ ਸਮੇਂ ’ਚ ਸਾਥ ਦਿੱਤਾ। ਉਨ੍ਹਾਂ ਨੇ ਚੀਨ ਤੇ ਤੁਰਕੀ ਨਾਲ ਨਿੱਘੇ ਸਬੰਧ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਚੀਨ ਦੇ 64 ਬਿਲੀਅਨ ਡਾਲਰ ਦੇ ਪਾਕਿਸਤਾਨ ਇਕਨਾਮਿਕ ਲਾਂਘੇ ਵਿਚ ਵੱਡਾ ਯੋਗਦਾਨ ਪਾਇਆ। ਤੁਰਕੀ ਦੇ ਵਿਕਾਸ ਮਾਡਲ ਨੂੰ ਪੰਜਾਬ ਵਿਚ ਅਪਣਾਇਆ। ਲੇਕਿਨ ਆਪਣੇ ਭਰਾ ਦੇ ਉਲਟ ਉਹ ਫ਼ੌਜ, ਸਥਾਪਿਤ ਨਿਜ਼ਾਮ ਅਤੇ ਮੌਲਾਣਾਵਾਦ ਨਾਲ ਨਜ਼ਦੀਕੀ ਸਾਜ਼ਗਾਰ ਸਬੰਧ ਬਣਾਉਣ ਵਿਚ ਸਫਲ ਰਹੇ। ਜੇ ਉਹ ਦੂਜੀ ਵਾਰ ਵਜ਼ੀਰ-ਏ-ਆਜ਼ਮ ਬਣੇ ਹਨ ਤਾਂ ਇਹ ਸ਼ਕਤੀਆਂ ਇਸ ਕਾਰਜ ਲਈ ਸਾਜ਼ਗਾਰ ਸਾਬਿਤ ਹੋਈਆਂ ਹਨ। ਤਿੰਨ ਵਾਰ ਮੁੱਖ ਮੰਤਰੀ ਵਜੋਂ ਪੰਜਾਬ ਵਿਚ ਲਾਹੌਰ ਤੇ ਹੋਰ ਸ਼ਹਿਰਾਂ ਦੇ ਵਿਕਾਸ, ਮੈਟਰੋ ਬੱਸ ਸੇਵਾ, ਸੰਚਾਰ ਅਤੇ ਆਵਾਜਾਈ ਦੇ ਖੇਤਰ ਵਿਚ ਕੀਤੇ ਕੰਮਾਂ ਨੂੰ ਲੋਕ ਯਾਦ ਕਰਦੇ ਹਨ। ਉਨ੍ਹਾਂ ਅੱਗੇ ਚੁਣੌਤੀਆਂ ਵੀ ਬੇਸ਼ੁਮਾਰ ਹਨ। ਪਾਕਿਸਤਾਨ ਦੀ ਆਰਥਿਕ ਹਾਲਤ ਦੀਵਾਲੀਆਪਣ ਦੀ ਸ਼ਿਕਾਰ ਹੈ। ਇਸ ਦਾ ਵਿਦੇਸ਼ੀ ਮੁਦਰਾ ਭੰਡਾਰ ਸਿਰਫ਼ 8 ਬਿਲੀਅਨ ਡਾਲਰ ਦੇ ਕਰੀਬ ਹੈ ਜੋ ਸਿਰਫ਼ 2 ਮਹੀਨੇ ਦੀ ਦਰਾਮਦ ਲਈ ਦਰਕਾਰ ਹੈ। ਭਾਵੇਂ ਸਾਲ ਪਹਿਲਾਂ ਇਸ ਨੇ ਆਈਐੱਮਐੱਫ ਤੋਂ 3.1 ਬਿਲੀਅਨ ਡਾਲਰ ਲਏ। ਪਾਕਿਸਤਾਨ ਸਿਰ ਜੀਡੀਪੀ ਦਾ 70 ਪ੍ਰਤੀ²ਸ਼ਤ ਕਰਜ਼ਾ ਹੈ। ਇਸ ਸਾਲ ਦੀ ਆਮਦਨ ਦਾ 60 ਪ੍ਰਤੀਸ਼ਤ ਤਾਂ ਕਰਜ਼ਾ ਹੀ ਖਾ ਜਾਵੇਗਾ। ਇਸੇ ਕਰਕੇ ਸਾਲਾਨਾ ਟੈਕਸਾਂ ਤੇ ਗੈਸ ’ਤੇ ਵਾਧਾ ਕਰਨਾ ਮਜਬੂਰੀ ਹੈ ਤੇ 331 ਰੁਪਏ ਇਕ ਡਾਲਰ ਦੀ ਕੀਮਤ ਹੋ ਚੁੱਕੀ ਹੈ। ਆਈਐੱਮਐੱਫ ਦੀ ਮਦਦ ਤੋਂ ਬਗੈਰ ਦੇਸ਼ ਦੀ ਆਰਥਿਕਤਾ ਚੱਲ ਹੀ ਨਹੀਂ ਸਕਦੀ। ਪੈਟਰੋਲ 280 ਰੁਪਏ, ਡੀਜ਼ਲ 287, ਖੰਡ 240, ਚਾਵਲ 200 ਤੋਂ 450, ਆਟਾ 150-200 ਰੁਪਏ ਪ੍ਰਤੀ ਕਿੱਲੋ, ਸੀਮੈਂਟ ਇਕ ਬੋਰਾ 1200 ਰੁਪਏ, ਸਟੀਲ ਪ੍ਰਤੀ ਟਨ 27000 ਰੁਪਏ ਆਦਿ ਵਿਕ ਰਹੇ ਹਨ। ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਆਰਥਿਕ ਮਾਹਿਰਾਂ ਦਾ ਮਸ਼ਵਰਾ ਹੈ ਕਿ ਸ਼ਾਹਬਾਜ਼ ਸ਼ਰੀਫ਼ ਪਿਛਲੇ 16 ਮਹੀਨੇ ਦੀ ਸਰਕਾਰ ਵਿਚ ਰਹੇ ਵਿੱਤ ਮੰਤਰੀ ਇਸ਼ਾਕ ਡਾਰ ਵਰਗੇ ਨੂੰ ਕਦਾਚਿਤ ਵਿੱਤ ਮੰਤਰੀ ਨਾ ਲਵੇ ਜਿਸ ਨੇ ਦੇਸ਼ ਦੀ ਆਰਥਿਕਤਾ ਦਾ ਬੇੜਾ ਡੋਬ ਦਿੱਤਾ ਸੀ। ਉਸ ਨੇ ਮਹਿੰਗਾਈ ਦਾ ਤੂਫ਼ਾਨ ਖੜ੍ਹਾ ਕੀਤਾ ਸੀ। ਸਾਬਕਾ ਰਾਜਦੂਤ ਅਮਰੀਕਾ ਮਲੀਹਾ ਲੋਧੀ ਦਾ ਵਿਚਾਰ ਹੈ ਕਿ ਰਾਜਨੀਤਕ ਸਥਿਰਤਾ ਤੋਂ ਬਿਨਾਂ ਨਵੀਂ ਸਰਕਾਰ ਲਈ ਆਰਥਿਕ ਮਸਲੇ ਨਜਿੱਠਣਾ ਔਖਾ ਹੋਵੇਗਾ। ਅੱਤਵਾਦ ਬੁਰੀ ਤਰ੍ਹਾਂ ਸਿਰ ਚੁੱਕ ਰਿਹਾ ਹੈ ਜੋ ਦੇਸ਼ ਦੀ ਸੁਰੱਖਿਆ ਲਈ ਵੱਡੀ ਚੁਣੌਤੀ ਹੈ। ਆਪਣੇ ਭਾਸ਼ਣ ਵਿਚ ਆਪਣੇ ਪੂਰਵਧਿਕਾਰੀ ਸ਼ਾਸਕਾਂ ਵਾਂਗ ਕਸ਼ਮੀਰ ਦਾ ਮੁੱਦਾ ਉਠਾਇਆ ਪਰ ਅਗਲੇ ਸਾਹ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਨ ਦੀ ਗੱਲ ਵੀ ਕੀਤੀ। ਭਾਰਤ ਪ੍ਰਧਾਨ ਮੰਤਰੀ ਦੇ ²ਸ਼ਰੀਫ਼ ਭਰਾਵਾਂ ਨਾਲ ਚੰਗੇ ਸਬੰਧਾਂ ਤੋਂ ਸਭ ਜਾਣੂ ਹਨ, ਤਾਹੀਓਂ ਵਿਦੇਸ਼ ਯਾਤਰਾ ਤੋਂ ਪਰਤਦੇ ਉਹ ਲਾਹੌਰ ਉਨ੍ਹਾਂ ਦੇ ਨਿਵਾਸ ’ਤੇ ਜਾ ਪਹੁੰਚੇ ਸਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਤੁਰਕੀ ਦੇ ਮੁਖੀ ਐਰਡੋਗਨ ਅਤੇ ਹੋਰ ਰਾਸ਼ਟਰਾਂ ਦੇ ਮੁਖੀਆਂ ਵੱਲੋਂ ਵਧਾਈ ਸੁਨੇਹੇ ਦਰਸਾਉਂਦੇ ਹਨ ਕਿ ਪਾਕਿਸਤਾਨ ’ਚ ਚੋਣਾਂ ਵਿਚ ਧਾਂਦਲੀ, ਰਾਜਨੀਤਕ ਅਸਥਿਰਤਾ, ਪੀਟੀਆਈ ਦੇ ਵਿਰੋਧ ਦੇ ਬਾਵਜੂਦ ਵਿਸ਼ਵ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਸਰਕਾਰ ਨਾਲ ਮਿਲਵਰਤਨ ਰੱਖਣ ਲਈ ਸਹਿਮਤ ਹਨ। ਪੀਪੀਪੀ ਦੇ ਵੱਡੇ ਆਗੂ ਆਸਿਫ ਅਲੀ ਜ਼ਰਦਾਰੀ ਨੂੰ 9 ਮਾਰਚ ਨੂੰ ਰਾਸ਼ਟਰਪਤੀ ਦੇ ਅਹੁਦੇ ਬਿਠਾਉਣ ਦਾ ਯਤਨ ਕੀਤਾ ਜਾਵੇਗਾ। ਵੇਖੋ। ਦੇਖੋ, ਦੋ ਤਲਵਾਰਾਂ ਇਕ ਮਿਆਨ ’ਚ ਕਿੰਨਾ ਕੁ ਚਿਰ ਟਿਕਦੀਆਂ ਹਨ।

ਸਾਂਝਾ ਕਰੋ