ਇਸ ਜੱਗ ਤੋਂ ਗਿਆਂ ਰਾਜਿੰਦਰ ਪਰਦੇਸੀ ਨੂੰ ਅੱਜ ਪੂਰੇ ਤਿੰਨ ਵਰ੍ਹੇ ਹੋ ਗਏ ਹਨ। ਅੱਜ ਜਦੋਂ ਪਿਛਾਂਹ ਮੁੜ ਕੇ ਵੇਖਦੇ ਹਾਂ ਤਾਂ ਸਾਰੀ ਦੀ ਸਾਰੀ ਉਹ ਸਾਹਿਤਕ ਤਸਵੀਰ ਅੱਖਾਂ ਅੱਗੇ ਘੁੰਮ ਜਾਂਦੀ ਹੈ ਜਿਹੜੀ ਪਰਦੇਸੀ ਦੀ ਸ਼ਾਇਰੀ ਨੇ ਪੰਜਾਬੀ ਪਾਠਕਾਂ/ਸਰੋਤਿਆਂ ਦੇ ਮਨਾਂ ’ਤੇ ਕਈ ਦਹਾਕਿਆਂ ਤੋਂ ਬਣਾਈ ਹੋਈ ਸੀ। ਦਰਅਸਲ ਪਰਦੇਸੀ ਰੱਜੀ ਹੋਈ ਰੂਹ ਵਾਲਾ ਸ਼ਾਇਰ ਸੀ। ਉਸ ਨੂੰ ‘ਸੀ’ ਲਿਖਦਿਆਂ ਵੀ ਅੰਦਰੋਂ ਸੇਕ ਜਿਹਾ ਨਿਕਲਦਾ ਹੈ। ਧੂਹ ਜਿਹੀ ਪੈਂਦੀ ਹੈ। ਇੰਜ ਲੱਗਦਾ ਹੈ ਜਿਵੇਂ ਆਪਣੇ-ਆਪ ਨਾਲ ਹੀ ਕੋਈ ਜ਼ਿਆਦਤੀ ਕਰ ਰਹੇ ਹੋਈਏ ਪਰ ਹਕੀਕਤਾਂ ਨੂੰ ਹੋਰ ਥਾਂ ਕਿੱਥੋਂ ਦਿੱਤਾ ਜਾ ਸਕਦਾ ਹੈ। ਆਪਣੇ ਸਮੇਂ ਦੇ ਨਾਮਵਰ ਪੰਜਾਬੀ ਸ਼ਾਇਰ ਡਾ. ਰਣਧੀਰ ਸਿੰਘ ਚੰਦ ਅਕਸਰ ਆਖਿਆ ਕਰਦਾ ਸੀ ਕਿ ‘ਜੋ ਸਾਡੇ ਕੋਲ ਹੈ, ਉਹ ਸਾਡੀ ਸੱਭਿਅਤਾ ਹੈ ਤੇ ਜੋ ਅਸੀਂ ਹਾਂ, ਉਹ ਸਾਡਾ ਸੱਭਿਆਚਾਰ ਹੈ। ਸੱਭਿਅਤਾ ਤੇ ਸੱਭਿਆਚਾਰ ਦੇ ਵਿਚ-ਵਿਚਾਲੇ ਵਿਚਰਦੇ ਪ੍ਰਾਣੀ ਜੇਕਰ ਵੱਧ ਤੋਂ ਵੱਧ ਸੱਭਿਅਕ ਹੋਣ ਤਾਂ ਸਿਰਫ਼ ਸਾਹਿਤ ਤਾਂ ਕੀ, ਸਮੁੱਚਾ ਮਨੁੱਖੀ ਜੀਵਨ ਹੀ ਸ਼ਾਇਸਤਗੀ ਭਰਿਆ ਹੋ ਸਕਦਾ ਹੈ।’’ ਰਾਜਿੰਦਰ ਪਰਦੇਸੀ ਦਾ ਕਲਾਮ ਮੁੜ ਪੜ੍ਹਦਿਆਂ ਅੱਜ ਕਈ ਵਰਿ੍ਹਆਂ ਬਾਅਦ ਚੰਦ ਦੀ ਆਖੀ ਹੋਈ ਉਪਰੋਕਤ ਗੱਲ ਯਾਦ ਆਈ ਹੈ ਜਿਹੜੀ ਸਾਹਿਤਕ ਪ੍ਰਸੰਗ ਵਿਚ ਰਾਜਿੰਦਰ ਪਰਦੇਸੀ ਤੇ ਉਸ ਦੀ ਸ਼ਾਇਰੀ ’ਤੇ ਪੂਰੀ ਢੁੱਕਦੀ ਹੈ। ਨਿਰਸੰਦੇਹ ਉਹ ਬਾਕਮਾਲ ਸ਼ਾਇਰ ਸੀ। ਪਰਦੇਸੀ ਨੂੰ ਮਿਲ ਕੇ ਅਤੇ ਉਸ ਦੀਆਂ ਰਚਨਾਵਾਂ ਪੜ੍ਹ ਕੇ ਇਸ ਗੱਲ ਦੀ ਪੁਸ਼ਟੀ ਸਹਿਜੇ ਹੀ ਹੋ ਜਾਂਦੀ ਸੀ। ਉਸ ਦਾ ਜਨਮ ਪਿਤਾ ਤਰਲੋਕ ਸਿੰਘ ਤੇ ਮਾਤਾ ਇਕਬਾਲ ਕੌਰ ਦੇ ਘਰ 10 ਅਕਤੂਬਰ 1952 ਨੂੰ ਬਸਤੀ ਗੋਬਿੰਦਗੜ੍ਹ (ਮੋਗਾ) ਵਿਖੇ ਹੋਇਆ ਸੀ। ਪਰਦੇਸੀ ਨੇ ਆਪਣਾ ਸਾਹਿਤਕ ਸਫ਼ਰ 1969 ਤੋਂ ਸ਼ੁਰੂ ਕੀਤਾ ਸੀ। ਅੱਧੀ ਸਦੀ ਤੋਂ ਵੱਧ ਦੇ ਸਮੇਂ ਤੱਕ ਪੰਜਾਬੀ ਕਾਵਿ-ਜਗਤ ਅੰਦਰ ਕਾਰਜਸ਼ੀਲ/ਸਰਗਰਮ ਰਿਹਾ ਇਹ ਜ਼ਹੀਨ ਸ਼ਾਇਰ ਉਦੋਂ ਤੋਂ ਹੀ ਗ਼ਜ਼ਲਾਂ, ਗੀਤਾਂ ਤੇ ਨਜ਼ਮਾਂ ਰਾਹੀਂ ਪੰਜਾਬੀ ਸਾਹਿਤ ਦੀ ਸੇਵਾ ਕਰਦਾ ਆ ਰਿਹਾ ਸੀ। ‘ਅੱਖਰ ਅੱਖਰ ਤਨਹਾਈ’ (ਗ਼ਜ਼ਲਾਂ) , ‘ਨਗਮਾ ਉਦਾਸ ਹੈ’ (ਕਾਵਿ-ਸੰਗ੍ਰਹਿ), ‘ਉਦਰੇਵੇਂ ਦੀ ਬੁੱਕਲ’ (ਕਾਵਿ-ਸੰਗ੍ਰਹਿ) ਤੇ ‘ਗੂੰਗੀ ਰੁੱਤ ਦੀ ਪੀੜ’ (ਗ਼ਜ਼ਲਾਂ) ਪਰਦੇਸੀ ਦੀਆਂ ਇਨ੍ਹਾਂ ਚਾਰ ਪੁਸਤਕਾਂ ਦੀ ਅੰਤਰਝਾਤ ਉਪਰੰਤ ਹੀ ਉਸ ਦੀ ਗ਼ਜ਼ਲ ਬਾਰੇ ਉਸ ਦੇ ਉਸਤਾਦ ਪਿ੍ਰੰ. ਤਖਤ ਸਿੰਘ ਦੇ ਇਹ ਵਿਚਾਰ ਪੂਰਨ ਰੂਪ ਵਿਚ ਸਹੀ ਸਾਬਿਤ ਹੋ ਜਾਂਦੇ ਹਨ ਕਿ ਪਰਦੇਸੀ ਰੂਪ ਦੀ ਥਾਂ ਗ਼ਜ਼ਲ ਦੇ ਅਰਥਾਂ ਪ੍ਰਤੀ ਵਧੇਰੇ ਸੁਚੇਤ ਹੈ। ਉਸ ਨੇ ਨਵੇਂ-ਨਵੇਂ ਕਾਫ਼ੀਆ ਰਦੀਫ਼ ਦੇ ਸਹਾਰੇ ਵਿਸ਼ੇ-ਵਸਤੂ ਦੇ ਚਿੰਤਨ ਦੇ ਮਹਿਲ ਉਸਾਰੇ ਹਨ। ਪਰਦੇਸੀ ਦੀ ਗ਼ਜ਼ਲ ਸਪਸ਼ਟ ਹੁੰਦੀ ਵੀ ਸੰਕੇਤਾਂ ਤੇ ਰਦੀਫ਼ਾਂ ਦੇ ਪਰਦੇ ਪਿੱਛਿਓਂ ਕੁਝ ਇਉਂ ਭਾਸਦੀ ਹੈ ਕਿ ‘ਸਾਫ਼ ਛੁਪਤੀ ਭੀ ਨਹੀਂ, ਸਾਮਨੇ ਆਤੀ ਭੀ ਨਹੀਂ।’ ਪਰਦੇਸੀ ਦੀਆਂ ਨਜ਼ਮਾਂ ਦਾ ਨਰੋਆਪਣ ਤੇ ਗੀਤਾਂ ਅੰਦਰਲੀ ਪ੍ਰਸੰਗਾਤਮਕਤਾ ਵੀ ਪਾਠਕ ਨੂੰ ਪੂਰਾ ਪ੍ਰਭਾਵਿਤ ਕਰਦੀ ਹੈ। ਉਸ ਦੇ ਇਕ ਗੀਤ ਦੇ ਕੁਝ ਬੰਦ ਇੱਥੇ ਸਾਂਝੇ ਕੀਤੇ ਜਾਂਦੇ ਹਨ :
ਏਥੇ ਮੇਰੀ ਖੁਸ਼ਬੋਈ ਹੋਈ ਅਗਨੀ ਹਵਾਲੇ
ਅਜੇ ਤੀਕ ਵੀ ਨੇ ਜੀਂਦੇ ਮੇਰੇ ਸਾਹਾਂ ਦੇ ਛਾਲੇ
ਇਨ੍ਹਾਂ ਸੜਕਾਂ ਹੀ ਸਨ ਮੇਰੇ ਹਾਸੇ ਹਥਿਆਏ
ਤੂੰ ਨੲ੍ਹੀਂ ਜਾਣਦੀ ਮੈਂ ਏਥੇ ਕਿੰਨੇ ਹਾਦਸੇ ਹੰਢਾਏ।
ਏਥੇ ਗੁੰਮੀ ਸੀ ਸਫੈਦਿਆਂ ਦੇ ਹਾਣ ਜਿੱਡੀ ਚੀਕ
ਉਦੋਂ ਝੁੱਲੀ ਜੋ ਹਨੇਰੀ ਮੈਨੂੰ ਯਾਦ ਹੁਣ ਤੀਕ
ਏਥੋਂ ਫੀਤਾ ਫੀਤਾ ਕਰ ਮੇਰੇ ਸੁਪਨੇ ਉਡਾਏ
ਰਤਾ ਠਹਿਰ ਵੀ ਜਾ ਠਹਿਰ ਏਨੀ ਤੱਤੀਏ ਹਵਾਏ।
ਰਾਜਿੰਦਰ ਅਰਦੇਸੀ ਨੇ ਜਦੋਂ ਆਮ ਗੱਲਬਾਤ ਦੌਰਾਨ ਆਪਣੀਆਂ ਪੁਸਤਕਾਂ ਦਾ ਜ਼ਿਕਰ ਕਰਨਾ ਤਾਂ ਉਸ ਦੇ ਚਿਹਰੇ ਦਾ ਨੂਰ ਇਕ ਸਮਰਪਿਤ ਅਕੀਬ ਹੋਣ ਦੀ ਸੁਭਾਵਿਕ ਹੀ ਪੁਸ਼ਟੀ ਕਰ ਜਾਂਦਾ ਸੀ। ਉਪਰੋਕਤ ਵਰਣਿਤ ਪੁਸਤਕਾਂ ਤੋਂ ਇਲਾਵਾ ‘ਗੀਤ ਕਰਨ ਅਰਜ਼ੋਈ’ (ਗੀਤ ਸੰਗ੍ਰਹਿ) ਵਿਚ (ਨਜ਼ਮਾਂ) ‘ਨਗਮਗੀ ਸੁਪਨੇ’ (ਕਾਵਿ-ਸੰਗ੍ਰਹਿ ਹਿੰਦੀ), ‘ਖੁਦਾ ਹਾਫ਼ਿਜ਼’ (ਕਾਵਿ-ਸੰਗ੍ਰਹਿ ਉਰਦੂ) ਤੇ ‘ਰੰਗ ਸਮੁੰਦਰੋਂ ਪਾਰ ਦੇ’ (ਸਫ਼ਰਨਾਮਾ) ਆਦਿ ਲਿਖੀਆਂ ਜਾ ਚੁੱਕੀਆਂ ਪੁਸਤਕਾਂ ਦਾ ਜਦੋਂ ਪਰਦੇਸੀ ਨੇ ਵਿਸਥਾਰ ਸਹਿਤ ਜ਼ਿਕਰ ਕਰਨਾ ਤਾਂ ਉਸ ਦੇ ਬੋਲਾਂ ’ਚੋਂ ਭਰਵੀਂ ਤਸੱਲੀ ਦਾ ਅਹਿਸਾਸ ਸਾਫ਼ ਮਹਿਸੂਸ ਹੋਣਾ। ਮੈਨੂੰ ਪਰਦੇਸੀ ਨਾਲ ਜਲੰਧਰ ਛਾਉਣੀ ’ਚ ਕਈ ਵਾਰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਉਸ ਨਾਲ ਆਮ ਗੱਲਬਾਤ ਵੀ ਖ਼ਾਸ ਹੁੰਦੀ ਸੀ। ਨਿੱਕੇ-ਨਿੱਕੇ ਫਿਕਰਿਆਂ ’ਚ ਉਹ ਵੱਡੀਆਂ ਗੱਲਾਂ ਕਹਿਣ ਦੀ ਸਮਰੱਥਾ ਰੱਖਦਾ ਸੀ। ਇਨ੍ਹਾਂ ਗੱਲਾਂ ’ਚੋਂ ਕੁਝ ਦਾ ਜ਼ਿਕਰ ਕਰੀਏ ਤਾਂ ਪਰਦੇਸੀ ਦਾ ਮੰਨਣਾ ਸੀ ਕਿ ਪੰਜਾਬੀ ਗ਼ਜ਼ਲ ਦੀ ਮੌਜੂਦਾ ਸਥਿਤੀ ਬਹੁਤ ਹੀ ਖੁਸ਼ਗਵਾਰ ਹੈ। ਸ਼ਾਇਰੀ ਦੇ ਕਾਇਦੇ-ਕਾਨੂੰਨਾਂ ਦੀ ਹਾਮੀ ਭਰਦਿਆਂ ਪਰਦੇਸੀ ਦਾ ਕਹਿਣਾ ਸੀ ਕਿ ‘ਵਿਚਾਰਧਾਰਾ ਕੋਈ ਵੀ ਹੋਵੇ, ਸ਼ਾਇਰੀ ਦੀ ਜ਼ੁਬਾਨ ਵਿਚ ਗੱਲ ਕਰਦਿਆਂ ਸ਼ਾਇਰੀ ਦੇ ਕਾਇਦੇ-ਕਾਨੂੰਨ ਬਰਕਰਾਰ ਰੱਖਣੇ ਹੀ ਚਾਹੀਦੇ ਹਨ। ਜਿੱਥੋਂ ਤੱਕ ਨਾਮਵਰ ਸ਼ਾਇਰਾਂ ਦੀ ਗੱਲ ਹੈ, ਕੁਝ ਲੋਕ ਅਵੇਸਲਾਪਣ ਵਰਤ ਰਹੇ ਹਨ। ਕੁਝ ਲੋਕ ਖੱਲ੍ਹੀ ਕਵਿਤਾ ਵਾਲਿਆਂ ਵਿਚ ਆਪਣੀ ਪੈਂਠ ਬਣਾਈ ਰੱਖਣ ਲਈ ਅਜਿਹਾ ਜਾਣਬੁੱਝ ਕੇ ਵੀ ਕਰ ਰਹੇ ਹਨ। ਜਿੱਥੋਂ ਤੱਕ ਵਿਚਾਰਧਾਰਾ ਦੀ ਗੱਲ ਹੈ, ਤੁਸੀ ਗ਼ਜ਼ਲ ਦੀਆਂ ਬਹਿਰਾਂ ਵਿਚ ਹਰ ਵਿਚਾਰਧਾਰਾ ਨੂੰ ਫਿੱਟ ਕਰ ਸਕਦੇ ਹੋ…। ਜਦੋਂ ਕਦੇ ਪਰਦੇਸੀ ਨੇ ਆਪਣੇ ਮਨ ਦੀ ਮੌਜ ਵਿਚ ਹੋਣਾ ਤਾਂ ਆਖਣਾ ‘ਹੁਣ ਮੈਂ ਤੁਹਾਨੂੰ ਕਲਾਤਮਿਕ ਪੱਖ ਬਾਰੇ ਇਕ ਪੇਂਡੂ ਘਟਨਾ ਸੁਣਾਉਂਦਾ ਹਾਂ। ਇਕ ਰਾਹੀ ਪੈਦਲ ਜਾ ਰਿਹਾ ਸੀ। ਉਸ ਨੂੰ ਭੁੱਖ ਬੜੀ ਲੱਗੀ ਹੋਈ ਸੀ। ਉਸ ਨੇ ਪਸ਼ੂ ਚਾਰਦੇ ਮੁੰਡਿਆਂ ਨੂੰ ਕਿਹਾ, ‘‘ਤੁਸੀ ਮੈਨੂੰ ਰੋਟੀ ਖੁਆ ਦਿਉ, ਮੈਂ ਤੁਹਾਨੂੰ ਮਿਰਜ਼ਾ ਸੁਣਾਵਾਂਗਾ।’’ ਮੁੰਡੇ ਬੜੇ ਖ਼ੁਸ਼ ਹੋਏ। ਕੋਈ ਰੋਟੀ ਲੈਣ ਚਲਾ ਗਿਆ, ਕੋਈ ਲੱਸੀ ਜਾਂ ਆਚਾਰ ਤੇ ਸਬਜ਼ੀ ਵਗੈਰਾ ਲੈਣ ਚਲਾ ਗਿਆ। ਉਨ੍ਹਾਂ ਮੁੰਡਿਆਂ ਨੇ ਉਸ ਰਾਹੀ ਨੂੰ ਰਜਾ ਕੇ ਕਿਹਾ, ‘‘ਸੁਣਾ ਹੁਣ ਮਿਰਜ਼ਾ।’’ ਉਸ ਨੂੰ ਗਾਉਣਾ ਤਾਂ ਆਉਂਦਾ ਨਹੀਂ ਸੀ। ਉਹ ਕਹਿਣ ਲੱਗਾ, ‘‘ਬਈ ਸੁਣੋ ਗੱਲ, ਛੋਹਰੀ ਨੂੰ ਛੋਹਰਾ ਲੈ ਗਿਆ। ਰਾਹ ਜਾਂਦਾ ਢੈਹ ਗਿਆ। ਬਸ ਏਨੀ ਕੁ ਕਹਾਣੀ ਏ। ਐਵੇਂ ਲੋਕੀਂ ਪਏ ਸੰਘ ਪਾੜੀ ਜਾਂਦੇ ਨੇ।’’ ਸੋ ਜਿਸ ਨੂੰ ਕੁਝ ਆਉਂਦਾ ਹੀ ਨਹੀਂ, ਉਸ ਦਾ ਰਵੱਈਆ ਤਾਂ ਨਾਂਹ-ਪੱਖੀ ਹੋਵੇਗਾ ਹੀ। ਪੀਡਬਲਯੂਡੀ ਮਹਿਕਮੇ ’ਚੋਂ ਸੇਵਾ ਮੁਕਤੀ ਉਪਰੰਤ ਵੀ ਸਹਿਤ ਸੇਵਾ ਨੂੰ ਹੀ ਆਪਣਾ ਉਦੇਸ਼ ਦੱਸਦਿਆਂ ਪਰਦੇਸੀ ਸਾਹਿਤ ਦੀ ਵਰਤਮਾਨ ਇਨਾਮ ਵੰਡ ਪ੍ਰਣਾਲੀ ਬਾਰੇ ਰਾਇ ਰੱਖਦਾ ਸੀ ਕਿ ਇਹ ਇਮਾਨਦਾਰੀ ਭਰਪੂਰ ਹੋਣੀ ਚਾਹੀਦੀ ਹੈ। ਪਿਛਲੇ ਕੁਝ ਅਰਸੇ ’ਚ ਰਾਜਿੰਦਰ ਪਰਦੇਸੀ ਦੀਆਂ ਗ਼ਜ਼ਲਾਂ ਦਾ ਇਕ ਹੋਰ ਸੰਗ੍ਰਹਿ ‘ਯਾਰ ਭਰਾਵਾਂ ਵਰਗੇ’ ਛਪਿਆ ਹੈ ਜਿਸ ਨੂੰ ਪਰਦੇਸੀ ਦੇ ਇਸ ਫਾਨੀ ਸੰਸਾਰ ਤੋਂ ਤੁਰ ਜਾਣ ਉਪਰੰਤ ਉਨ੍ਹਾਂ ਦੇ ਪੁੱਤਰ ਨੇ ਛਪਵਾਇਆ ਹੈ। ਇਹ ਆਪਣੇ-ਆਪ ’ਚ ਉਸ ਦੇ ਸਪੁੱਤਰ ਦਾ ਬਹੁਤ ਸਲਾਹੁਣਯੋਗ ਉੱਦਮ ਹੈ। ਅੱਜ ਇਕ ਲੰਬੇ ਅਰਸੇ ਬਾਅਦ ਵੀ ਪਰਦੇਸੀ ਦੀ ਕਾਵਿ-ਰਚਨਾ ਜੇ ਸਮੇਂ ਦੇ ਹਾਣ ਦੀ ਹੈ ਤਾਂ ਇਹ ਉਸ ਦੀ ਕਲਮ ਦਾ ਕਮਾਲ ਹੈ, ਉਸ ਦੀ ਸ਼ਾਇਸਤਗੀ ਦਾ ਸਿਖ਼ਰ ਹੀ ਹੈ। ਇਸ ਸ਼ਾਇਸਤਾ ਸ਼ਾਇਰ ਦੀਆਂ ਉਨ੍ਹਾਂ ਕਾਵਿ-ਸਤਰਾਂ ਨਾਲ ਹੀ ਇੱਥੇ ਇਜਾਜ਼ਤ ਲਈ ਜਾਂਦੀ ਹੈ।
ਤੂੰ ਤੇ ਲੈ ਕੇ ਤੁਰ ਗਿਉਂ ਮਹਿਕਾਂ ਤੋਂ ਬਨਵਾਸ
ਗੂੰਗੀ ਰੁੱਤ ਦੀ ਪੀੜ ਦਾ ਕੌਣ ਕਰੇ ਅਹਿਸਾਸ
ਤੈਨੂੰ ਤਾਂ ਇਹ ਦੁੱਖ ਹੈ ਹੈਂ ਤੂੰ ਵਤਨੋਂ ਦੂਰ
ਸਾਨੂੰ ਸਾਡੇ ਦੇਸ਼ ਹੀ ਉਮਰਾਂ ਦਾ ਪਰਵਾਸ।