ਲੋਕਤੰਤਰ ਨੂੰ ਚਲਾਉਣ ਲਈ ਚੋਣਾਂ ਕਰਵਾਉਣੀਆਂ ਜ਼ਰੂਰੀ ਹਨ। ਚੋਣਾਂ ਦੀ ਮੁੱਢਲੀ ਇਕਾਈ ਮਤਦਾਨ ਕੇਂਦਰ, ਪੋਲਿੰਗ ਬੂਥ ਜਾਂ ਪੋਲਿੰਗ ਸਟੇਸ਼ਨ ਹਨ ਜਿਸ ਦੀ ਦੇਖਭਾਲ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸਾਰੇ ਪੋਲਿੰਗ ਬੂਥਾਂ ਉੱਤੇ ਬੂਥ ਲੈਵਲ ਅਫ਼ਸਰ (ਬੀਐੱਲਓ) ਨਿਯੁਕਤ ਕੀਤੇ ਹਨ। ਬੀਐੱਲਓਜ਼ ਨੂੰ ਯੋਗ ਅਗਵਾਈ ਦੇਣ ਲਈ ਚੋਣ ਕਮਿਸ਼ਨ ਵੱਲੋਂ ਸਾਲ 2011 ਵਿਚ ‘ਬੂਥ ਲੈਵਲ ਅਫ਼ਸਰਾਂ ਵਾਸਤੇ ਕਿਤਾਬਚਾ’ ਪ੍ਰਕਾਸ਼ਤ ਕੀਤਾ ਗਿਆ ਅਤੇ 4 ਅਕਤੂਬਰ 2022 ਨੂੰ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਚੋਣ ਅਫ਼ਸਰਾਂ ਨੂੰ ਸੰਬੋਧਤ ਸਮਝਣ ਯੋਗ ਹਦਾਇਤਾਂ ਦਾ ਸਰਕੂਲਰ ਵੀ ਜਾਰੀ ਕੀਤਾ ਹੈ। ਇਸ ਕਿਤਾਬਚੇ ਅਨੁਸਾਰ ਲੋਕ ਪ੍ਰਤੀਨਿਧਤਾ ਕਾਨੂੰਨ 1950 ਦੀ ਧਾਰਾ 13ਬੀ (2) ਅਧੀਨ ਜ਼ਿਲ੍ਹਾ ਚੋਣ ਅਫ਼ਸਰਾਂ ਦੀ ਪ੍ਰਵਾਨਗੀ ਨਾਲ ਹਰੇਕ ਅਸੈਂਬਲੀ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ ਬੀਐੱਲਓ ਦੀ ਨਿਯੁਕਤੀ ਕੀਤੀ ਜਾਂਦੀ ਹੈ। ਬੀਐੱਲਓਜ਼ ਲੋਕ ਪ੍ਰਤੀਨਿਧਤਾ ਕਾਨੂੰਨ 1950 ਦੀ ਧਾਰਾ 13 ਸੀ ਸੀ ਅਨੁਸਾਰ ਚੋਣ ਕਮਿਸ਼ਨ ਪਾਸ ਡੈਪੂਟੇਸ਼ਨ ਉੱਤੇ ਸੇਵਾ ਕਰਨਗੇ। ਹਦਾਇਤਾਂ ਰਾਹੀਂ ਵਿਵਸਥਾ ਕੀਤੀ ਗਈ ਹੈ ਕਿ ਸਰਕਾਰੀ/ਅਰਧ-ਸਰਕਾਰੀ ਖੇਤਰਾਂ ਵਿਚ ਨੌਕਰੀ ਕਰ ਰਹੇ ਕਰਮਚਾਰੀਆਂ ਜਿਵੇਂ ਅਧਿਆਪਕ, ਆਂਗਨਵਾੜੀ ਵਰਕਰ, ਪਟਵਾਰੀ, ਲੇਖਾਕਾਰ, ਪਿੰਡ ਪੱਧਰੀ ਅਫ਼ਸਰ, ਪੰਚਾਇਤ ਸਕੱਤਰ, ਬਿਜਲੀ ਮੀਟਰ ਰੀਡਰ, ਪੋਸਟਮੈਨ, ਸਿਹਤ ਕਰਮੀ, ਮਿਡ-ਡੇ ਮੀਲ ਵਰਕਰ, ਠੇਕੇ ਉੱਤੇ ਰੱਖੇ ਗਏ ਅਧਿਆਪਕ ਅਤੇ ਹੋਰ ਕਰਮੀ, ਸਹਾਇਕ ਨਰਸਾਂ ਅਤੇ ਦਾਈਆਂ, ਕਾਰਪੋਰੇਸ਼ਨ ਟੈਕਸ ਕੁਲੈਕਟਰ, ਲੋਕਲ ਬਾਡੀ (ਮਿਊਂਸੀਪਲ ਕਮੇਟੀ/ ਕਾਰਪੋਰੇਸ਼ਨ) ਦੇ ਕਲੈਰੀਕਲ ਕਰਮਚਾਰੀ ਆਦਿ ਵਿੱਚੋਂ ਬੀਐੱਲਓ ਨਿਯੁਕਤ ਕੀਤੇ ਜਾ ਸਕਦੇ ਹਨ। ਲੋੜ ਪੈਣ ’ਤੇ ਮੌਕੇ ਅਨੁਸਾਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਵੀ ਬੀਐੱਲਓ ਲਗਾਇਆ ਜਾ ਸਕਦਾ ਹੈ। ਜੇਕਰ ਪੋਲਿੰਗ ਸਟੇਸ਼ਨ ਏਰੀਆ ਵਿਚ ਸਰਕਾਰੀ ਕਰਮਚਾਰੀ ਉਪਲਬਧ ਨਹੀ ਤਾਂ ਕੇਂਦਰ ਸਰਕਾਰ/ਰਾਜ ਸਰਕਾਰ ਦੇ ਚਾਹਵਾਨ ਸੇਵਾ ਮੁਕਤ ਕਰਮਚਾਰੀਆਂ ਨੂੰ ਵੀ ਬੀਐੱਲਓ ਲਗਾਇਆ ਜਾ ਸਕਦਾ ਹੈ। ਜਿੱਥੋਂ ਤੱਕ ਸੰਭਵ ਹੋਵੇ, ਨਿਯੁਕਤ ਬੀਐੱਲਓ ਨੂੰ ਉਸੇ ਪੋਲਿੰਗ ਸਟੇਸ਼ਨ ਦਾ ਚਾਰਜ ਦਿੱਤਾ ਜਾਵੇ ਜਿਸ ਏਰੀਆ ਦਾ ਉਹ ਵੋਟਰ ਹੈ ਅਤੇ ਉਸ ਨੂੰ ਪੋਲਿੰਗ ਏਰੀਆ ਦੀ ਉਹੀ ਵੋਟਰ ਸੂਚੀ ਦਾ ਭਾਗ ਦਿੱਤਾ ਜਾਵੇ ਜਿਸ ਏਰੀਆ ਵਿਚ ਉਹ ਸਰਵਿਸ ਕਰ ਰਿਹਾ ਹੋਵੇ। ਬੀਐੱਲਓ ਦੇ ਕੰਮਕਾਰ ਨੂੰ ਇਸ ਢੰਗ ਨਾਲ ਆਯੋਜਿਤ ਕੀਤਾ ਜਾਵੇ ਤਾਂ ਕਿ ਉਸ ਦੇ ਸਰਵਿਸ ਵਿਭਾਗ ਨੂੰ ਕੋਈ ਕਠਿਨਾਈ ਨਾ ਆਵੇ ਅਤੇ ਉਹ ਆਪਣੀ ਸਰਕਾਰੀ ਡਿਊਟੀ ਦੇ ਨਾਲ-ਨਾਲ ਆਪਣੀ ਬੀਐੱਲਓ ਦੀ ਡੈਪੂਟੇਸ਼ਨ ਵਾਲੀ ਡਿਊਟੀ ਵੀ ਸਹੀ ਢੰਗ ਨਾਲ ਨਿਭਾ ਸਕੇ। ਕਿਤਾਬਚਾ ਅਤੇ ਸਰਕੂਲਰ ਰਾਹੀਂ ਬੀਐੱਲਓਜ਼ ਦੀਆਂ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਨੂੰ ਵੀ ਨਿਰਧਾਰਤ ਕੀਤਾ ਗਿਆ ਹੈ ਜਿਸ ਅਨੁਸਾਰ ਬੀਐੱਲਓ ਦੀ ਮੁੱਢਲੀ ਜ਼ਿੰਮੇਵਾਰੀ ਵੋਟਰ ਏਰੀਆ ਨਾਲ ਸਬੰਧਤ ਵੋਟਰ ਸੂਚੀਆਂ ਦੀ ਤਿਆਰੀ ਅਤੇ ਸਮੇਂ-ਸਮੇਂ ’ਤੇ ਲੋੜ ਅਨੁਸਾਰ ਵੋਟਰ ਸੂਚੀਆਂ ਵਿਚ ਸੋਧ ਕਰਨਾ ਹੈ। ਉਸ ਦੀ ਨਿੱਜੀ ਜ਼ਿੰਮੇਵਾਰੀ ਹੈ ਕਿ ਉਸ ਦੇ ਚੋਣ ਏਰੀਆ ਨਾਲ ਸਬੰਧਤ ਵੋਟਰ ਸੂਚੀ ਵਿਚ ਮਰ ਚੁੱਕਾ ਵਿਅਕਤੀ, ਪੱਕੇ ਤੌਰ ’ਤੇ ਛੱਡ ਕੇ ਜਾ ਚੁੱਕਾ ਵਿਅਕਤੀ, ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਗਿਆ ਅਯੋਗ ਵਿਅਕਤੀ ਜਾਂ ਡੁਪਲੀਕੇਟ/ਫ਼ਰਜ਼ੀ ਨਾਮ ਦੇ ਵੋਟਰ ਸੂਚੀ ਵਿੱਚੋਂ ਖ਼ਾਰਜ ਕੀਤੇ ਜਾਣ। ਬੀਐੱਲਓ ਦੀ ਜ਼ਿੰਮੇਵਾਰੀ ਹੈ ਕਿ ਉਸ ਦੇ ਵੋਟਿੰਗ ਏਰੀਆ ਜਾਂ ਬੂਥ ਨਾਲ ਸਬੰਧਤ ਯੋਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਦੇ ਸਹੀ ਨਾਮ ਅਤੇ ਹੋਰ ਸਬੰਧਤ ਵੇਰਵੇ ਵੋਟਰ ਸੂਚੀਆਂ ਵਿਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੀ ਪ੍ਰਵਾਨਗੀ ਨਾਲ ਅਵੱਸ਼ ਦਰਜ ਹੋਣ। ਬੀਐੱਲਓ ਇਕ ਤਰ੍ਹਾਂ ਨਾਲ ਇਲਾਕੇ ਦੀ ਆਮ ਜਨਤਾ, ਵੋਟਰਾਂ ਅਤੇ ਚੋਣ ਕਮਿਸ਼ਨ ਵਿਚਾਲੇ ਇਕ ਪੁਲ ਜਾਂ ਸੂਤਰਧਾਰ ਹੈ ਜੋ ਗ਼ਲਤੀ-ਰਹਿਤ ਅਤੇ ਸ਼ੁੱਧ ਵੋਟਰ ਸੂਚੀਆਂ ਨੂੰ ਯਕੀਨੀ ਬਣਾਉਂਦਾ ਹੈ। ਹਰੇਕ ਬੀਐੱਲਓ ਨੂੰ ਚੋਣ ਕਮਿਸ਼ਨ ਵੱਲੋਂ ਬੀਐੱਲਓ ਦੀ ਕਿੱਟ, ਬੀਐੱਲਓ ਦਾ ਸ਼ਨਾਖਤੀ ਪੱਤਰ, ਰਜਿਸਟਰ ਅਤੇ ਹੋਰ ਲੋੜੀਂਦੀ ਸਮੱਗਰੀ ਉਪਲਬਧ ਕਰਵਾਈ ਜਾਂਦੀ ਹੈ। ਨਵੀਆਂ ਵੋਟਾਂ ਬਣਾਉਣ ਅਤੇ ਨਾਜਾਇਜ਼ ਬਣੀਆਂ ਜਾਂ ਕਲੈਰੀਕਲ ਗ਼ਲਤੀ ਨਾਲ ਬਣੀਆਂ ਵੋਟਾਂ ਨੂੰ ਸੋਧਣ/ਕੱਟਣ ਦੀ ਉਸ ਦੀ ਮੁੱਢਲੀ ਜ਼ਿੰਮੇਵਾਰੀ ਹੈ। ਅਣਗਹਿਲੀ ਦੀ ਸੂਰਤ ਵਿਚ ਲੋਕ ਪ੍ਰਤੀਨਿਧਤਾ ਕਾਨੂੰਨ 1950 ਦੀ ਧਾਰਾ 32 ਅਧੀਨ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਰਜਿਸਟ੍ਰੇਸ਼ਨ ਆਫ ਇਲੈਕਟਰਜ਼ ਰੂਲਜ਼ 1960 ਦੇ ਰੂਲ 4 ਤੋਂ 22 ਤੱਕ ਵੋਟਰ ਸੂਚੀਆਂ ਨਾਲ ਸਬੰਧਤ ਹਨ। ਇਸ ਕੜੀ ਵਿਚ ਵੋਟਰ-ਸੂਚੀ ਅਬਜ਼ਰਵਰ ਵੀ ਨਿਯੁਕਤ ਕੀਤੇ ਜਾਂਦੇ ਹਨ। ਬੀਐੱਲਓਜ਼ ਨੂੰ ਜ਼ਿਲ੍ਹਾ ਚੋਣ ਅਫ਼ਸਰ ਅਤੇ ਹੋਰ ਅਫ਼ਸਰਾਂ ਵੱਲੋਂ ਸਮੇਂ-ਸਮੇਂ ਦਿੱਤੀ ਜਾਂਦੀ ਟਰੇਨਿੰਗ ਵਿਚ ਨਿੱਜੀ ਤੌਰ ’ਤੇ ਭਾਗ ਲੈਣਾ ਅਤੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦਾ ਕਿਤਾਬਚਾ ਤੇ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਅਤੇ ਉਨ੍ਹਾਂ ’ਤੇ ਅਮਲ ਕਰਨਾ ਵੀ ਜ਼ਰੂਰੀ ਹੈ। ਬੀਐੱਲਓਜ਼ ਦੇ ਕੰਮਕਾਰ ਦੀ ਨਿਗਰਾਨੀ ਅਤੇ ਮੁਲਾਂਕਣ ਸਬੰਧਤ ਸੁਪਰਵਾਈਜ਼ਰ ਅਤੇ ਚੋਣਕਾਰ ਰਜਿਸਟ੍ਰੇੇਸ਼ਨ ਅਫ਼ਸਰ ਵੱਲੋਂ ਸਮੇਂ-ਸਮੇਂ ਕੀਤਾ ਜਾਂਦਾ ਹੈ। ਵੋਟਰ ਸੂਚੀਆਂ ਅਤੇ ਚੋਣਾਂ ਨਾਲ ਸਬੰਧਤ ਹੋਰ ਗਤੀਵਿਧੀਆਂ ’ਚ ਉਸ ਦੀ ਸ਼ਮੂਲੀਅਤ ਬਣੀ ਰਹਿੰਦੀ ਹੈ, ਇਸ ਲਈ ਉਸ ਦਾ ਹਰੇਕ ਕੰਮ ਚੋਣ ਰਿਕਾਰਡ ਦਾ ਹਿੱਸਾ ਹੁੰਦਾ ਹੈ। ਵੋਟਰ ਸੂਚੀਆਂ ਦੀ ਤਿਆਰੀ, ਸੋਧ, ਅੰਤਿਮ ਪ੍ਰਕਾਸ਼ਨਾ, ਚੋਣਾਂ ਨਾਲ ਸਬੰਧਤ ਜ਼ਰੂਰੀ ਪ੍ਰਕਿਰਿਆਵਾਂ, ਪੜਾਵਾਂ ਅਤੇ ਚੋਣ ਨਤੀਜਿਆਂ ਦੇ ਐਲਾਨ ਨਾਲ ਬੀਐੱਲਓ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜਿਆ ਰਹਿੰਦਾ ਹੈ। ਨਿਰਪੱਖ ਅਤੇ ਬਿਨਾਂ ਭੇਦਭਾਵ ਅਤੇ ਡਰ ਦੇ ਚੋਣ ਕਮਿਸ਼ਨ ਵੱਲੋਂ ਚੋਣਾਂ ਕਰਵਾਉਣ ਵਿਚ ਬੀਐੱਲਓ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਬਸ਼ਰਤੇ ਕਿ ਚੋਣ ਕਮਿਸ਼ਨ ਅਤੇ ਉਸ ਦੇ ਅਧਿਕਾਰੀਆਂ ਵੱਲੋਂ ਬੀਐਲਓਜ਼ ਦਾ ਸਹੀ ਮਾਰਗ-ਦਰਸ਼ਨ ਕੀਤਾ ਜਾਵੇ। ਲੋੜੀਂਦੀ ਟਰੇਨਿੰਗ ਅਤੇ ਵੋਟਰ ਸੂਚੀਆਂ ਦੀ ਤਿਆਰੀ ਅਤੇ ਸੁਧਾਈ ਨਾਲ ਸਬੰਧਤ ਲੋੜੀਂਦੀ ਸਮੱਗਰੀ, ਸਟੇਸ਼ਨਰੀ ਅਤੇ ਹਦਾਇਤਾਂ ਬਾਰੇ ਉਨ੍ਹਾਂ ਨੂੰ ਸਹੀ ਅਤੇ ਵੇਰਵੇ ਸਹਿਤ ਜਾਣਕਾਰੀ ਦਿੱਤੀ ਜਾਵੇ। ਸਮੇਂ-ਸਮੇਂ ਵੋਟਰ ਸੂਚੀਆਂ ਅਤੇ ਚੋਣਾਂ ਨਾਲ ਸਬੰਧਤ ਜ਼ਰੂਰੀ ਮਸਲਿਆਂ ਬਾਰੇ ਅਮਲੀ ਟਰੇਨਿੰਗ ਵੀ ਦਿੱਤੀ ਜਾਵੇ ਕਿਉਂਕਿ ਚੋਣ ਪ੍ਰਕਿਰਿਆਵਾਂ ਵਿਚ ਬੀਐੱਲਓ ਹੀ ਐਸਾ ਵਿਅਕਤੀ ਹੈ ਜਿਸ ਨੂੰ ਪੋਲਿੰਗ ਏਰੀਆ ਦੀ ਭੂਗੋਲਿਕ ਸਥਿਤੀ, ਵਸਦੇ ਲੋਕਾਂ ਅਤੇ ਵੋਟਰਾਂ ਬਾਰੇ ਸਹੀ ਜਾਣਕਾਰੀ ਹੋਣੀ ਜ਼ਰੂਰੀ ਹੈ। ਉਸ ਦੇ ਕੰਮਕਾਰ ਦਾ ਮੁਲਾਂਕਣ ਨਿਰਧਾਰਤ ਚੈੱਕ ਲਿਸਟ ਅਨੁਸਾਰ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਜ਼ਿਲ੍ਹਾ ਚੋਣ ਅਫ਼ਸਰ ਅਤੇ ਰਾਜ ਦੇ ਮੁੱਖ ਚੋਣ ਅਫ਼ਸਰ ਵੱਲੋਂ ਕੀਤਾ ਜਾਂਦਾ ਹੈ। ਚੋਣਾਂ ਨਾਲ ਸਬੰਧਤ ਵੱਖ-ਵੱਖ ਪੜਾਵਾਂ ਅਤੇ ਸਰਗਰਮੀਆਂ ਬਾਰੇ ਉਸ ਦੀ ਪੋਲਿੰਗ ਏਰੀਆ ਬਾਰੇ ਸਹੀ ਜਾਣਕਾਰੀ, ਗਿਆਨ ਤੇ ਅਨੁਭਵ ਚੋਣਾਂ ਦੌਰਾਨ ਪੋਲਿੰਗ ਪਾਰਟੀਆਂ, ਹੋਰ ਅਮਲੇ ਅਤੇ ਧਿਰਾਂ ਲਈ ਸਹਾਇਕ ਸਿੱਧ ਹੋ ਸਕਦਾ ਹੈ। ਖ਼ਾਸ ਤੌਰ ’ਤੇ ਉਸ ਸਮੇਂ ਜਦੋਂ ਲੋਕ ਸਭਾ ਅਤੇ ਰਾਜ ਸਭਾ ਦੀਆਂ ਚੋਣਾਂ ਜ਼ਿਆਦਾਤਰ ਡਿਜੀਟਲ ਅਤੇ ਮੁਕਾਬਲੇ ਵਾਲੀਆਂ ਬਣ ਗਈਆਂ ਹਨ। ਬੀਐੱਲਓ ਚੋਣ ਕਮਿਸ਼ਨ ਦਾ ਗਰਾਊਂਡ ਜ਼ੀਰੋ ’ਤੇ ਸਹੀ ਸੂਚਨਾ ਦੇਣ ਵਾਲਾ, ਸਭ ਤੋਂ ਨੇੜਲਾ ਅਤੇ ਭਰੋਸੇਮੰਦ ਸਰੋਤ ਹੈ। ਆਰਜ਼ੀ ਤੌਰ ’ਤੇ ਲਏ ਗਏ ਬੀਐੱਲਓਜ਼ ਆਪਣੇ ਕੰਮ ਨਾਲ ਪੂਰੀ ਤਰ੍ਹਾਂ ਇਨਸਾਫ਼ ਨਹੀਂ ਕਰ ਸਕਦੇ। ਚੋਣ ਕਮਿਸ਼ਨ ਨੂੰ ਜੇ ਇਹ ਪੱਕੇ ਮੁਲਾਜ਼ਮਾਂ ਦੇ ਤੌਰ ’ਤੇ ਮਿਲ ਜਾਣ ਤਾਂ ਉਨ੍ਹਾਂ ਨੂੰ ਵਾਰ-ਵਾਰ ਸਿਖਲਾਈ ਦੇਣ ਦੀ ਲੋੜ ਨਹੀਂ ਪਵੇਗੀ। ਬਲਕਿ ਉਹ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਵਾਂਗ ਕੰਮ ਕਰਨਗੇ। ਜ਼ਰੂਰਤ ਹੈ ਕਿ ਬੀਐੱਲਓਜ਼ ਦੀ ਆਰਜ਼ੀ ਅਤੇ ਡੈਪੂਟੇਸ਼ਨ ਵਾਲੀ ਸੇਵਾ ਵਿਚ ਸੋਧ ਕਰਦੇ ਹੋਏ ਬੂਥ ਪੱਧਰ ’ਤੇ ਉਸ ਨੂੰ ਸਥਾਈ ਤੌਰ ’ਤੇ ਚੋਣ ਕਮਿਸ਼ਨ ਦਾ ਪੱਕਾ ਨੁਮਾਇੰਦਾ ਬਣਾਇਆ ਜਾਵੇ ਅਤੇ ਬੀਐੱਲਓਜ਼ ਦੀਆਂ ਰੈਗੂਲਰ ਸੇਵਾਵਾਂ ਸਬੰਧੀ ਨਵੇਂ ਨਿਯਮ ਬਣਾਏ ਜਾਣ ਜਿਨ੍ਹਾਂ ਵਿਚ ਵਿਵਸਥਾ ਕੀਤੀ ਜਾ ਸਕਦੀ ਹੈ ਕਿ ਪੋਲਿੰਗ ਏਰੀਆ ਨਾਲ ਸਬੰਧਤ ਚਾਹਵਾਨ, ਅਨੁਭਵੀ ਕੇਂਦਰੀ/ਰਾਜ ਸੇਵਾ ਮੁਕਤ ਕਰਮਚਾਰੀਆਂ ਵਿੱਚੋਂ ਬੀਐੱਲਓਜ਼ ਲਗਾਏ ਜਾ ਸਕਣ ਜੋ 65 ਸਾਲ ਦੀ ਉਮਰ ਤੱਕ ਸੇਵਾ ਕਰਦੇ ਰਹਿਣ। ਤਦ ਹੀ ਉਹ ਲੋਕਤੰਤਰ ਦੀ ਮਜ਼ਬੂਤੀ ਲਈ ਬਤੌਰ ਬੀਐੱਲਓ ਆਪਣੀ ਭੂਮਿਕਾ ਨੂੰ ਬਹੁਤ ਜ਼ਿਆਦਾ ਸਾਰਥਕ ਬਣਾ ਸਕਣਗੇ।