ਸਿਆਸੀ ਹਿੰਸਾ

ਦੋ ਦਿਨ ਪਹਿਲਾਂ ਹਰਿਆਣਾ ਦੇ ਝੱਜਰ ਜਿ਼ਲ੍ਹੇ ਵਿਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੂਬਾਈ ਪ੍ਰਧਾਨ ਨਫ਼ੇ ਸਿੰਘ ਰਾਠੀ ਦੀ ਹੱਤਿਆ ਨੇ ਸਿਆਸੀ ਹਿੰਸਾ ਦੇ ਸਿਆਹ ਪੱਖ ਨੂੰ ਬੇਪਰਦ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਸਿਆਸੀ ਸ਼ਹਿ ਵਾਲੇ ਕੁਝ ਮੁਕਾਮੀ ਸ਼ੱਕੀ ਅਨਸਰਾਂ ਵੱਲ ਉਂਗਲ ਉੱਠੀ ਹੈ; ਨਾਲ ਹੀ ਯੂਰੋਪ ਵਿਚ ਰਹਿੰਦੇ ਇਕ ਗੈਂਗਸਟਰ ਵੱਲ ਵੀ ਸ਼ੱਕ ਦੀ ਸੂਈ ਘੁੰਮੀ ਹੈ। ਇਹ ਸਮਝਿਆ ਜਾਂਦਾ ਹੈ ਕਿ ਕੁਝ ਮਹੀਨੇ ਪਹਿਲਾਂ ਦਿੱਲੀ ਵਿਚ ਭਾਜਪਾ ਆਗੂ ਦੇ ਕਤਲ ਪਿੱਛੇ ਉਸ ਦਾ ਕਥਿਤ ਤੌਰ ’ਤੇ ਹੱਥ ਸੀ। ਉਂਝ, ਇਹ ਸਾਫ਼ ਹੋ ਰਿਹਾ ਹੈ ਕਿ ਰਾਠੀ ਦਾ ਕਤਲ ਗਿਣੀ ਮਿੱਥੀ ਸਾਜਿ਼ਸ਼ ਤਹਿਤ ਕੀਤਾ ਗਿਆ ਹੈ ਅਤੇ ਇਸ ਘਿਨਾਉਣੇ ਕਾਰੇ ਲਈ ਉਹ ਤਾਕਤਾਂ ਕਸੂਰਵਾਰ ਹਨ ਜੋ ਅਪਰਾਧ ਅਤੇ ਸਿਆਸੀ ਬਦਲਾਖੋਰੀ ਵਿਚ ਸ਼ਾਮਿਲ ਹਨ। ਜਾਂਚ ਏਜੰਸੀਆਂ ਲਈ ਇਹ ਕੇਸ ਚੁਣੌਤੀ ਵਾਲਾ ਸਾਬਿਤ ਹੋ ਸਕਦਾ ਹੈ ਕਿਉਂਕਿ ਜਥੇਬੰਦਕ ਅਪਰਾਧ ਦੀਆਂ ਜੜ੍ਹਾਂ ਬਹੁਤ ਦੂਰ ਤੱਕ ਫੈਲੀਆਂ ਹੋਈਆਂ ਹਨ। ਇਨੈਲੋ ਆਗੂ ਰਾਠੀ ਦੇ ਇਸ ਤਰਾਸਦਿਕ ਅੰਤ ਨਾਲ ਇਹ ਗੱਲ ਵੀ ਉੱਭਰਦੀ ਹੈ ਕਿ ਜਿਨ੍ਹਾਂ ਜਨਤਕ ਹਸਤੀਆਂ ਨੂੰ ਜਾਨ ਦਾ ਖ਼ਤਰਾ ਰਹਿੰਦਾ ਹੈ, ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਨੇਮਾਂ ਦਾ ਫੌਰੀ ਮੁਤਾਲਿਆ ਕਰਨ ਦੀ ਲੋੜ ਹੈ। ਰਾਠੀ ਦੀਆਂ ਵਾਰ ਵਾਰ ਅਪੀਲਾਂ ਦੇ ਬਾਵਜੂਦ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ ਜਿਸ ਨਾਲ ਹਰਿਆਣਾ ਦੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਰਾਜ ਦੀ ਨਿਰਪੱਖਤਾ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਰਾਠੀ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਭਾਜਪਾ ਦੇ ਇਕ ਆਗੂ ਦੇ ਕੁਝ ਰਿਸ਼ਤੇਦਾਰ ਹੱਤਿਆ ਦੀ ਸਾਜਿ਼ਸ਼ ਵਿਚ ਸ਼ਾਮਿਲ ਸਨ। ਇਸ ਨਾਲ ਇਸ ਮਾਮਲੇ ਦਾ ਇਕ ਹੋਰ ਪੱਖ ਵੀ ਜੁੜ ਗਿਆ ਹੈ ਜਿਸ ਤੋਂ ਹੱਤਿਆ ਪਿਛਲੇ ਮੰਤਵ ਦਾ ਖੁਲਾਸਾ ਵੀ ਹੋ ਸਕਦਾ ਹੈ। ਕੇਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਹਵਾਲੇ ਕਰਨ ਦੇ ਫ਼ੈਸਲੇ ਤੋਂ ਮਾਮਲੇ ਦੀ ਗੰਭੀਰਤਾ ਅਤੇ ਸਾਰੇ ਪੱਖਾਂ ਤੇ ਕਿਸੇ ਬਾਹਰੀ ਦਖ਼ਲ ਤੋਂ ਬਿਨਾਂ ਨਿਰਪੱਖ ਜਾਂਚ ਦੀ ਲੋੜ ਜ਼ਾਹਿਰ ਹੁੰਦੀ ਹੈ। ਇਸ ਮਾਮਲੇ ਦੁਆਲੇ ਬੁਣੀ ਹੋਈ ਸਾਜਿ਼ਸ਼ ਨੂੰ ਸਾਹਮਣੇ ਲਿਆਉਣ ਲਈ ਸਾਰੇ ਹਿੱਤਧਾਰਕਾਂ ਜਿਨ੍ਹਾਂ ’ਚ ਸਰਕਾਰ, ਜਾਂਚ ਏਜੰਸੀਆਂ ਤੇ ਸਿਵਲ ਸੁਸਾਇਟੀ ਸ਼ਾਮਿਲ ਹਨ, ਦਾ ਆਪਸੀ ਤਾਲਮੇਲ ਅਤੇ ਸਹਿਯੋਗ ਅਹਿਮ ਹੋਵੇਗਾ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਉਨ੍ਹਾਂ ਦੀ ਇਸ ਘਿਨਾਉਣੀ ਕਾਰਵਾਈ ਲਈ ਸਜ਼ਾ ਮਿਲਣੀ ਬਹੁਤ ਜ਼ਰੂਰੀ ਹੈ, ਭਾਵੇਂ ਉਹ ਕਿਸੇ ਵੀ ਧਿਰ ਨਾਲ ਸਬੰਧਿਤ ਹੋਣ ਜਾਂ ਤਕੜਾ ਰਸੂਖ਼ ਵੀ ਕਿਉਂ ਨਾ ਰੱਖਦੇ ਹੋਣ। ਇਸ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੂਰਾ ਇਨਸਾਫ਼ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਅਪਰਾਧਾਂ ਦੀ ਰੋਕਥਾਮ ’ਚ ਚੁਣੌਤੀ ਬਣ ਕੇ ਉੱਭਰ ਰਿਹਾ ਹੈ।

ਸਾਂਝਾ ਕਰੋ