ਆਖ਼ਰਕਾਰ ਉਹੀ ਪਾਈ ਚਿੱਠੀ ਆ ਗਈ ਜਿਸ ਤੋਂ ਬਾਅਦ ਇਨਸਾਨ ਦਾ ਦੁਨੀਆ ਨਾਲੋਂ ਨਾਤਾ ਪੱਕੇ ਤੌਰ ’ਤੇ ਟੁੱਟ ਜਾਂਦਾ ਹੈ। ਬੇਪਨਾਹ ਮੁਹੱਬਤਾਂ ਵੰਡਣ ਵਾਲੇ ਤੇ ਮਖਮਲੀ ਆਵਾਜ਼ ਵਾਲੇ ਫ਼ਨਕਾਰ ਤੇ ਮੇਰੇ ਪਿਆਰੇ ਮਿੱਤਰ ਫਿਲਮੀ ਗਾਇਕ ਤੇ ਦੁਨੀਆ ਭਰ ਦੀਆਂ ਮਹਿਫ਼ਲਾਂ ਦੀ ਸ਼ਾਨ ਪੰਕਜ ਉਧਾਸ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਮੰਗਲਵਾਰ ਨੂੰ ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਨਸ਼ਰ ਹੋਈ ਤਾਂ ਪੂਰੀ ਭਾਰਤੀ ਫਿਲਮ ਇੰਡਸਟਰੀ ਭਾਵੁਕਤਾ ਤੇ ਗ਼ਮ ਨਾਲ ਭਰ ਗਈ। ਭਾਰਤੀ ਗਾਇਕੀ ਦੇ ਸ਼ਾਸਤਰੀ ਰਾਗਾਂ ਵਿਚ ਗ਼ਜ਼ਲਾਂ ਦੇ ਗੁਲਦਸਤਾ ਪੇਸ਼ ਕਰਨ ਵਾਲੇ ਤੇ ਦਿਲ ਦੀਆਂ ਗਹਿਰਾਈਆਂ ਵਿਚ ਉਤਰ ਜਾਣ ਵਾਲੇ ਗਾਇਕ ਪੰਕਜ ਦੀਆਂ ਹੁਣ ਯਾਦਾਂ ਹੀ ਬਾਕੀ ਹਨ। ਅੱਜ ਭਾਰਤੀ ਮਿਊਜ਼ਿਕ ਇੰਡਸਟਰੀ ਗ਼ਮਜ਼ਦਾ ਹੈ। ਅਸਲ ਵਿਚ ਪੰਕਜ ਉਧਾਸ ਉਹ ਸੰਗੀਤ ਸਿਤਾਰੇ ਸਨ ਜਿਨ੍ਹਾਂ ਦੀ ਗਾਇਕੀ ਵਿਚ ਮਿਠਾਸ ਦੀ ਖਣਕ ਤੇ ਲਫ਼ਜ਼ਾਂ ਦੀ ਅਦਾਇਗੀ ਬੇਹੱਦ ਗਹਿਰੇ ਤਰੀਕੇ ਨਾਲ ਦਿਲਾਂ ’ਤੇ ਅਸਰ ਕਰਦੀ ਸੀ। ਉਨ੍ਹਾਂ ਨੂੰ ਮਿਲਣਾ ਤੇ ਸਾਹਮਣੇ ਬੈਠ ਕੇ ਸੁਣਨਾ ਆਪਣੇ-ਆਪ ਵਿਚ ਇਕ ਵੱਡਾ ਅਨੁਭਵ ਸੀ। ਉਹ ਮੇਰੇ ਹਮ-ਉਮਰ ਸਨ ਜਾਂ ਕਹਿ ਲਓ ਕਿ ਕੁਝ ਵਰ੍ਹੇ ਹੀ ਵੱਡੇ ਸਨ। ਸਾਡੀ ਦੋਸਤੀ ਪਿਛਲੇ 43 ਸਾਲਾਂ ਤੋਂ ਜ਼ਿੰਦਾ ਸੀ। ਮੈਂ ਪਹਿਲੀ ਵਾਰ ਪੰਕਜ ਜੀ ਨੂੰ ਬਰਮਿੰਘਮ ਫਾਈਵ ਸਟਾਰ ਸਟੂਡੀਓ ਵਿਚ ਮਿਲਿਆ ਸੀ 1982 ਵਿਚ। ਉਹ ਪੰਕਜ ਦੀ ਗਾਇਕੀ ਦੇ ਮੁੱਢਲੇ ਦਿਨ ਸਨ ਤੇ ਜਵਾਨੀ ਦੀਆਂ ਲਹਿਰਾਂ ਵਿਚ ਉਹ ਦੁਨੀਆ ਵਿਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਰਹੇ ਸਨ। ਫਿਰ ਤਾਂ ਫਿਲਮ ਇੰਸਟੀਚਿਊਟ ਪੁਣੇ ਤੋਂ ਲੈ ਕੇ ਮੁੰਬਈ, ਰਾਜਕੋਟ, ਦਿੱਲੀ ਤੇ ਜੈਪੁਰ ਤੱਕ ਇਕ ਅਦਬ ਤੇ ਸੰਗੀਤ ਦੀ ਦੋਸਤੀ ਦਾ ਪੁਲ ਬਣ ਗਿਆ। ਕਈ ਵਾਰੀ ਮੈਨੂੰ ਪੰਕਜ ਦੇ ਸ਼ੋਅ ਰਿਕਾਰਡ ਕਰਨ ਦਾ ਸਬੱਬ ਬਣਿਆ। ਆਪਣੀਆਂ ਜੈਪੁਰ ਦੂਰਦਰਸ਼ਨ ਤੇ ਦੇਹਰਾਦੂਨ ਦੀਆਂ ਕਈ ਭਾਵੁਕ ਕਰਨ ਵਾਲੀਆਂ ਯਾਦਾਂ ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਨਾਲ ਖ਼ਤਮ ਹੋ ਗਈਆਂ ਹਨ ਪਰ ਮੇਰੀਆਂ ਸਮਿ੍ਰਤੀਆਂ ਵਿਚ ਉਹ ਇਕ ਉਦਾਰਦਿਲ ਮਿੱਤਰ ਤੇ ਇਕ ਦਿਲ ਉਡਾ ਕੇ ਲੈ ਜਾਣ ਵਾਲੇ ਗਾਇਕ ਵਜੋਂ ਵਸਦੇ ਰਹਿਣਗੇ। ਉਹ ਕਰੋੜਾਂ ਸੰਗੀਤ ਪ੍ਰੇਮੀਆਂ ਦੀਆਂ ਯਾਦਾਂ ਵਿਚ ਵੀ ਤਾਜ਼ਾ ਰਹਿਣਗੇ। ‘ਚਾਂਦੀ ਜੈਸਾ ਰੰਗ ਹੈ ਤੇਰਾ, ਸੋਨੇ ਜੈਸੇ ਵਾਲ…’ ਜਾਂ ਫਿਰ ‘ਚਿੱਠੀ ਆਈ ਹੈ, ਵਤਨ ਸੇ ਚਿੱਠੀ ਆਈ ਹੈ…’ ਵਰਗੇ ਗਾਣੇ ਕਰੋੜਾਂ ਭਾਰਤੀਆਂ ਦੀ ਜ਼ੁਬਾਨ ’ਤੇ ਸਦਾ ਤਾਜ਼ਾ ਰਹਿਣਗੇ। ਉਹ ਮਹਾਨ ਗ਼ਜ਼ਲ ਸਿੰਗਰ ਤੇ ਭਾਰਤੀ ਫਿਲਮਾਂ ਦੇ ਪਿੱਠਵਰਤੀ ਗਾਇਕ ਸਨ। ਪੰਕਜ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਬੀਤੇ ਪੰਜ-ਛੇ ਮਹੀਨਿਆਂ ਤੋਂ ਉਨ੍ਹਾਂ ਨੇ ਸਾਰੇ ਸ਼ੋਅ ਤੇ ਆਪਣੀਆਂ ਸਰਗਰਮੀਆਂ ਬੰਦ ਕਰ ਦਿੱਤੀਆਂ ਸਨ ਪਰ ਫੋਨ ’ਤੇ ਹਮੇਸ਼ਾ ਪੁਰਾਣੇ ਗੀਤਾਂ ਦੇ ਮੁਖੜੇ ਗੁਣਗੁਣਾ ਦਿੰਦੇ ਸਨ। ਮੈਨੂੰ ਯਾਦ ਹੈ ਕਿ ਆਪਣੀਆਂ ਮੁਲਾਕਾਤਾਂ ਵਿਚ ਪੰਕਜ ਕਹਿੰਦੇ ਹੁੰਦੇ ਸਨ, ‘‘ਜ਼ਿੰਦਗੀ ਤਾਂ ਪਾਣੀ ਦਾ ਤੁਪਕਾ ਹੈ, ਪਤਾ ਨਹੀਂ ਕਦੋਂ ਭਾਫ ਬਣ ਕੇ ਉੱਡ ਜਾਵੇ। ਉਹ ਗੁਜਰਾਤੀ ਮੂਲ ਦੇ ਹੱਸਮੁੱਖ ਕਲਾਕਾਰ ਸਨ। ਉਹ 17 ਮਈ 1951 ਨੂੰ ਜੇਤਪੁਰ (ਗੁਜਰਾਤ) ਵਿਚ ਪੈਦਾ ਹੋਏ ਸਨ ਤੇ ਹਿੰਦੀ, ਪੰਜਾਬੀ, ਉਰਦੂ ਤੇ ਗੁਜਰਾਤੀ ਵਿਚ ਇਸ ਤਰ੍ਹਾਂ ਗਾਉਂਦੇ ਸਨ ਕਿ ਦਰਸ਼ਕ ਉਨ੍ਹਾਂ ਦੇ ਅਲਾਪ ਦੇ ਨਾਲ ਹੀ ਵਹਿ ਜਾਂਦੇ ਸਨ। ਹਜ਼ਾਰਾਂ ਰੋਂਦਿਆਂ ਲੋਕਾਂ ਨੂੰ ਉਨ੍ਹਾਂ ਦੀ ਵੈਰਾਗਮਈ ਸ਼ੈਲੀ ਰੁਆ ਦਿੰਦੀ ਸੀ। ਇਹ ਉਨ੍ਹਾਂ ਦੀ ਸ਼ੋਖ ਤੇ ਮਖਮਲੀ ਆਵਾਜ਼ ਦਾ ਕਮਾਲ ਸੀ। ਉਨ੍ਹਾਂ ਨੇ ਫਰੀਦਾ ਨਾਲ ਸ਼ਾਦੀ ਕੀਤੀ ਸੀ। ਦੋ ਬੇਟੀਆਂ ਨਾਯਾਬ ਤੇ ਰੇਵਾ ਵੀ ਆਰਟਿਸਟ ਹਨ ਤੇ ਇਕ ਸੰਗੀਤ ਦੇ ਸੁਰ ਵਿਚ ਰਚੀ ਹੋਈ ਪਰਿਵਾਰਕ ਕੜੀ ਦੇ ਉਹ ਮੁਖੀ ਸਨ ਜੋ ਹੁਣ ਬਿਖਰ ਗਈ ਹੈ। ਪੰਕਜ ਹੁਣ ਵਾਪਸ ਨਹੀਂ ਆਉਣਗੇ। ਪ੍ਰਧਾਨ ਮੰਤਰੀ ਮੋਦੀ ਨੇ ਵੀ ਭਾਵੁਕ ਪੋਸਟ ਵਿਚ ਲਿਖਿਆ ਹੈ ਕਿ ਪੰਕਜ ਦੀ ਕਮੀ ਕਦੇ ਵੀ ਪੂਰੀ ਨਹੀਂ ਹੋਵੇਗੀ। ਪੰਕਜ ਦੀਆਂ ਜਗਤ ਪ੍ਰਸਿੱਧ ਗ਼ਜ਼ਲਾਂ ਵਿਚ ‘ਚਿੱਠੀ ਆਈ ਹੈ…’ ਤੋਂ ਇਲਾਵਾ ‘ਨਾ ਕਜਰੇ ਕੀ ਧਾਰ’, ‘ਥੋੜ੍ਹੀ-ਥੋੜ੍ਹੀ ਪੀਆ ਕਰੋ’, ਅਤੇ ‘ਘੂੰਘਟ ਕੋ ਮਤ ਖੋਲ੍ਹ’, ‘ਚੁਪਕੇ-ਚੁਪਕੇ ਸਖਿਓਂ ਸੇ ਵੋ ਬਾਤੇਂ ਕਰਨਾ ਭੂਲ ਗਈ’, ‘ਅਹਿਸਤਾ ਬਾਤੇਂ ਕੀਜੀਏ’, ‘ਦੀਵਾਰੋਂ ਸੇ ਮਿਲ ਕਰ ਰੋਨਾ ਅੱਛਾ ਲਗਤਾ ਹੈ’ ਬਹੁਤ ਮਸ਼ਹੂਰ ਹੋਈਆਂ ਪਰ ‘ਥੋੜ੍ਹੀ-ਥੋੜ੍ਹੀ ਪੀਆ ਕਰੋ’ ਨੇ ਤਾਂ ਕਮਾਲ ਹੀ ਕਰ ਦਿੱਤਾ ਸੀ। ਸੰਨ 2006 ਵਿਚ ਪੰਕਜ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਆ ਗਿਆ ਸੀ। ਉਨ੍ਹਾਂ ਨੂੰ ਹੋਰ ਵੀ ਕਈ ਐਵਾਰਡ ਮਿਲੇ ਸਨ ਪਰ 1986 ਵਿਚ ਫਿਲਮ ‘ਨਾਮ’ ਦੀ ‘ਚਿੱਠੀ ਆਈ ਹੈ…’ ਵਾਲੀ ਗ਼ਜ਼ਲ ਨੇ ਤਾਂ ਉਨ੍ਹਾਂ ਨੂੰ ਹੀਰੋ ਬਣਾ ਦਿੱਤਾ ਸੀ। ਉਸ ਵਿਚ ਉਨ੍ਹਾਂ ਦੀ ਬੇਹੱਦ ਪ੍ਰਭਾਵਸ਼ਾਲੀ ਲਾਈਵ ਪਰਫਾਰਮੈਂਸ ਸੀ। ‘ਯੇ ਦਿਲਲਗੀ’, ‘ਫਿਰ ਤੇਰੀ ਕਹਾਨੀ ਯਾਦ ਆਈ’, ‘ਤੇਰੇ ਬਿਨ’ ਵਿਚ ਉਨ੍ਹਾਂ ਦੀ ਆਵਾਜ਼ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ ਸੀ। ਪੰਕਜ ਉਧਾਸ ਨੂੰ ਸੰਨ 2012 ਵਿਚ ਮਹਾਰਾਸ਼ਟਰ ਗੌਰਵ ਐਵਾਰਡ, ਆਇਫਾ ਐਵਾਰਡ ਅਤੇ ‘ਚਿੱਠੀ ਆਈ ਹੈ…’ ਲਈ ਫਿਲਮ ਫੇਅਰ ਐਵਾਰਡ 1988 ਵਿਚ ਦਿੱਤਾ ਗਿਆ ਸੀ। ਉਨ੍ਹਾਂ ਨੂੰ ਮੈਂ ਜਿਵੇਂ ਜਾਣਿਆ, ਮੈਂ ਕਹਿ ਸਕਦਾ ਹਾਂ ਕਿ ਉਹ ਭਾਰਤੀ ਗਾਇਕੀ ਦੇ ਇਕ ਅਜਿਹੇ ਜਾਦੂਗਰ ਸਿਤਾਰੇ ਤੇ ਖਣਕਦੇ ਸੁਰਾਂ ਦੇ ਬਾਦਸ਼ਾਹ ਸਨ, ਇਕ ਜ਼ਹੀਨ ਆਵਾਜ਼ ਤੇ ਦਿਲਕਸ਼ ਅੰਦਾਜ਼ ਦੇ ਹੁਨਰਮੰਦ, ਯਾਰਾਂ ਦੇ ਯਾਰ ਸਨ ਜੋ ਹੁਣ ਸਾਡੇ ਵਿਚਕਾਰ ਨਹੀਂ ਹਨ ਪਰ ਉਹ ਸਾਡੀਆਂ ਯਾਦਾਂ ਵਿਚ ਹਮੇਸ਼ਾ ਤਾਜ਼ਾ ਰਹਿਣਗੇ। ਅਲਵਿਦਾ! ਪੰਕਜ ਉਧਾਸ।