ਬਾਇਜੂ’ਸ ਦਾ ਵਿਵਾਦ

ਯੂਨਾਨੀ ਪੌਰਾਣਿਕ ਕਥਾ ਵਾਂਗ ਇਹ ‘ਇਕਾਰਸ’ ਕਿਸੇ ਈਜਾਦਕਰਤਾ ਦਾ ਨਹੀਂ ਬਲਕਿ ਦਿਹਾਤ ’ਚ ਪੜ੍ਹਾਉਂਦੇ ਦੋ ਅਧਿਆਪਕਾਂ ਦਾ ਪੁੱਤਰ ਹੈ। ਬਾਵਜੂਦ ਇਸ ਦੇ ਉਸ ਨੇ ਭਾਰਤ ਵਿਚ ਚੋਟੀ ਦੀ ਕੰਪਨੀ ਸਥਾਪਿਤ ਕਰ ਕੇ ਉੱਚੀ ਉਡਾਰੀ ਮਾਰੀ ਜਿਸ ਦੀ ਕੀਮਤ ਕਿਸੇ ਵੇਲੇ 22 ਅਰਬ ਅਮਰੀਕੀ ਡਾਲਰ ਦੱਸੀ ਗਈ। ਦੁਨੀਆ ਦੇ ਮਹਾਨ ਫੁਟਬਾਲਰਾਂ ਵਿਚੋਂ ਇਕ ਲਿਓਨਲ ਮੈਸੀ ਨੂੰ ਉਸ ਨੇ ਆਪਣੀ ਕੰੰਪਨੀ ਦਾ ਬਰਾਂਡ ਅੰਬੈਸਡਰ ਬਣਾਇਆ। ਉਸ ਨੇ ਭਾਰਤੀ ਕ੍ਰਿਕਟ ਟੀਮ ਨੂੰ ਸਪਾਂਸਰ ਕੀਤਾ ਤੇ ਫੀਫਾ ਵਿਸ਼ਵ ਕੱਪ 2022 ਦੇ ਅਧਿਕਾਰਤ ਨਿਵੇਸ਼ਕਾਂ ਵਿਚ ਵੀ ਉਸ ਦਾ ਨਾਂ ਸੀ। ਇੱਥੇ ਬਾਇਜੂ ਰਵੀਂਦਰਨ ਦੀ ਗੱਲ ਹੋ ਰਹੀ ਹੈ ਜਿਸ ਨੇ ‘ਬਾਇਜੂ’ਸ’ ਨਾਂ ਦਾ ਬਰਾਂਡ ਖੜ੍ਹਾ ਕੀਤਾ। ਉਸ ਵੱਲੋਂ 2011 ਵਿਚ ਸ਼ੁਰੂ ਕੀਤੀ ਇਸ ‘ਐੱਡਟੈੱਕ’ ਕੰਪਨੀ ਨੇ 2015 ਵਿਚ ਸਿੱਖਿਆ ਖੇਤਰ ਨਾਲ ਸਬੰਧਿਤ ਐਪਲੀਕੇਸ਼ਨ ਲਾਂਚ ਕੀਤੀ ਤੇ ਬਹੁਤ ਘੱਟ ਸਮੇਂ ਵਿਚ ਹੀ 15 ਲੱਖ ਲੋਕਾਂ ਨੇ ਇਸ ਨੂੰ ਸਬਸਕ੍ਰਾਈਬ ਕਰ ਲਿਆ ਤੇ ਇਸ ਨਾਲ ਜੁੜ ਗਏ। 2018 ਵਿਚ ਕੰਪਨੀ ਦੀ ਕੀਮਤ ਇਕ ਅਰਬ ਡਾਲਰ ਨੂੰ ਛੂਹ ਗਈ। ਕੋਵਿਡ-19 ਮਹਾਮਾਰੀ ਨੇ ਉਸ ਨੂੰ ‘ਆਨਲਾਈਨ’ ਸਿੱਖਿਆ ਖੇਤਰ ਦਾ ਮਹਾਨਾਇਕ ਬਣਾ ਦਿੱਤਾ ਜਿਸ ਦੀ ਚਰਚਾ ਹਾਰਵਰਡ ਬਿਜ਼ਨਸ ਸਕੂਲ ਦੀ ਇਕ ਕੇਸ ਸਟੱਡੀ ਵਿਚ ਵੀ ਹੋਈ। ਬਾਇਜੂ ਵਾਂਗ ਉਤਾਂਹ ਤੋਂ ਇਕਦਮ ਹੇਠਾਂ ਆਉਣ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ। ਉਹ ਜਿੰਨੀ ਤੇਜ਼ੀ ਨਾਲ ਅਰਸ਼ ਉੱਤੇ ਗਿਆ, ਓਨੀ ਹੀ ਤੇਜ਼ੀ ਨਾਲ ਉਹ ਫ਼ਰਸ਼ ’ਤੇ ਆ ਗਿਆ। ਤਿੰਨ ਸਾਲਾਂ ਤੋਂ ਵੀ ਘੱਟ ਸਮੇਂ ਵਿਚ ਉਸ ਦੀ ਕੰਪਨੀ ਦੀ ਕੀਮਤ 99 ਪ੍ਰਤੀਸ਼ਤ ਡਿੱਗ ਕੇ 22 ਅਰਬ ਡਾਲਰ ਤੋਂ ਮਹਿਜ਼ 20 ਕਰੋੜ ਡਾਲਰ ਰਹਿ ਗਈ ਹੈ। ਕੰਪਨੀ ਦੇ ਹਤਾਸ਼ ਨਿਵੇਸ਼ਕ ਹੁਣ ਭੱਜ-ਨੱਠ ਕਰ ਕੇ ਆਪਣਾ ਨਿਵੇਸ਼ ਬਚਾਉਣ ਵਿਚ ਲੱਗੇ ਹੋਏ ਹਨ। ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ਕਿ ਇੰਨੇ ਵੱਡੇ ਪੱਧਰ ’ਤੇ ਇਹ ਸਾਰਾ ਕੁਝ ਕਿਵੇਂ ਵਾਪਰਿਆ। ਉਸ ਦੇ ਨਿਵੇਸ਼ਕਾਂ ਵਿਚ ‘ਪ੍ਰੋਸਸ’, ‘ਜਨਰਲ ਐਟਲਾਂਟਿਕ’,‘ਸੋਫੀਨਾ’ ਤੇ ‘ਪੀਕ ਐਕਸਵੀ ਪਾਰਟਰਨਜ਼’ ਜਿਹੇ ਨਾਂ ਸ਼ਾਮਲ ਹਨ; ਕੰਪਨੀ ਵਿਚ ‘ਟਾਈਗਰ ਗਲੋਬਲ’ ਤੇ ‘ਆਓਲ ਵੈਂਚਰਜ਼’ ਜਿਹੀਆਂ ਫਰਮਾਂ ਸ਼ੇਅਰਧਾਰਕ ਹਨ। ਰਵੀਂਦਰਨ ਨੂੰ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਅਤੇ ਉਸ ਦੀ ਪਤਨੀ ਤੇ ਭਰਾ ਨੂੰ ਕੰਪਨੀ ਦੇ ਬੋਰਡ ਵਿਚੋਂ ਬਾਹਰ ਕਰਨ ਲਈ ਪਿਛਲੇ ਹਫ਼ਤੇ ਨਿਵੇਸ਼ਕਾਂ ਤੇ ਸ਼ੇਅਰਧਾਰਕਾਂ ਨੇ ਹੰਗਾਮੀ ਕਦਮਾਂ ਵਜੋਂ ਜਨਰਲ ਬਾਡੀ ਮੀਟਿੰਗ ਕੀਤੀ ਹੈ। ਕੰਪਨੀ ਵਿਚ ਚੋਟੀ ਦੇ ਚਾਰ ਨਿਵੇਸ਼ਕਾਂ ਵੱਲੋਂ ਬਾਨੀ ਪਰਿਵਾਰ ਵਿਰੁੱਧ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ, ਬੰਗਲੂਰੂ ਦਾ ਰੁਖ਼ ਕਰਨ ਤੋਂ ਕੁਝ ਘੰਟਿਆਂ ਦੇ ਅੰਦਰ ਹੀ ਇਹ ਸਭ ਵਾਪਰਿਆ ਹੈ। ਟ੍ਰਿਬਿਊਨਲ ਕੋਲ ਪਹੁੰਚ ਕਰ ਕੇ ਨਿਵੇਸ਼ਕਾਂ ਨੇ ਕੰਪਨੀ ਚਲਾਉਣ ’ਚ ਬਾਇਜੂ ਪਰਿਵਾਰ ਨੂੰ ਅਯੋਗ ਠਹਿਰਾਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀ ਉਲੰਘਣਾ ਦੇ ਪੱਖ ਤੋਂ ਬਾਇਜੂ ਵਿਰੁੱਧ ਜਾਂਚ ਕਰ ਰਹੀ ਹੈ, ਮਾਮਲਾ 9362.35 ਕਰੋੜ ਰੁਪਏ ਦਾ ਹੈ। ਇਹ ਇਕਾਰਸ ‘ਕਾਗ਼ਜ਼ੀ’ ਖੰਭਾਂ ਆਸਰੇ ਉਡਾਰੀ ਮਾਰ ਸੂਰਜ ਦੇ ਕਾਫੀ ਨੇੜੇ ਢੁਕ ਗਿਆ। ਬਾਇਜੂ ਦੀ ਕਹਾਣੀ ਸੰਸਥਾਪਕਾਂ ਅਤੇ ਨਿਵੇਸ਼ਕਾਂ ਦੇ ਵਧਦੇ ਲਾਲਚ ਦੀ ਮਿਸਾਲ ਹੈ ਜੋ ਮਾਲੀਏ ਅਤੇ ਅਸਲ ਭਾਅ ਤੋਂ ਬਿਨਾਂ ਕਾਰੋਬਾਰੀ ਮਾਡਲ ਨੂੰ ਤੋੜ-ਮਰੋੜ ਕੇ ਆਪਣੇ ਹਿਸਾਬ ਨਾਲ ਕੀਮਤਾਂ ਲਾ ਰਹੇ ਹਨ।

ਸਾਂਝਾ ਕਰੋ