ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਸ਼ਨੀਵਾਰ ਯੂ ਪੀ ਪੁਲਸ ਕਾਂਸਟੇਬਲ ਭਰਤੀ ਪ੍ਰੀਖਿਆ-2023 ਰੱਦ ਕਰਨ ਤੇ ਛੇ ਮਹੀਨਿਆਂ ਵਿਚ ਦੁਬਾਰਾ ਕਰਾਉਣ ਦੇ ਹੁਕਮ ਦਿੱਤੇ ਹਨ। ਪ੍ਰੀਖਿਆ 17-18 ਫਰਵਰੀ ਨੂੰ ਹੋਈ ਸੀ ਤੇ ਨੌਜਵਾਨਾਂ ਨੇ ਪੇਪਰ ਲੀਕ ਹੋਣ ਦੇ ਖਿਲਾਫ 19 ਫਰਵਰੀ ਤੋਂ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਸਨ। ਜਦੋਂ ਇਸ ਮਸਲੇ ਨੂੰ 23 ਫਰਵਰੀ ਨੂੰ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਨੇ ਚੁੱਕਿਆ ਤਾਂ ਲੋਕ ਸਭਾ ਚੋਣਾਂ ਦੇ ਐਨ ਪਹਿਲਾਂ ਹੋਈ ਫਜ਼ੀਹਤ ਨੂੰ ਦੇਖਦਿਆਂ ਯੋਗੀ ਨੇ ਪ੍ਰੀਖਿਆ ਰੱਦ ਕਰਨ ਦਾ ਤੁਰੰਤ ਐਲਾਨ ਕਰ ਦਿੱਤਾ, ਜਦਕਿ ਉਨ੍ਹਾ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਦਾਅਵਾ ਕੀਤਾ ਸੀ ਕਿ ਪੇਪਰ ਲੀਕ ਹੋਣ ਦੇ ਦਾਅਵੇ ਗਲਤ ਹਨ। ਰਾਹੁਲ ਨੇ ਆਪਣੀ ਯਾਤਰਾ ਦੌਰਾਨ ਪੇਪਰ ਲੀਕ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਮੋਸ਼ੀ ’ਤੇ ਸਵਾਲ ਉਠਾਉਦਿਆਂ ਕਿਹਾ ਸੀ ਕਿ ਲਖਨਊ ਤੋਂ ਲੈ ਕੇ ਪ੍ਰਯਾਗਰਾਜ ਤੱਕ ਪੇਪਰ ਲੀਕ ਹੋਣ ਖਿਲਾਫ ਨੌਜਵਾਨ ਸੜਕਾਂ ’ਤੇ ਹਨ ਤੇ ਉਹ ਵਾਰਾਨਸੀ ਵਿਚ ਨੌਜਵਾਨਾਂ ਦੇ ਨਾਂਅ ’ਤੇ ਦੇਸ਼ ਨੂੰ ਗੁੰਮਰਾਹ ਕਰਨ ਲੱਗੇ ਹੋਏ ਹਨ। ਪਿ੍ਰਅੰਕਾ ਨੇ ਕਿਹਾ ਕਿ ਨੌਜਵਾਨਾਂ ਦੀ ਤਾਕਤ ਅੱਗੇ ਝੂਠ ਟਿਕ ਨਹੀਂ ਸਕਿਆ। ਪੇਪਰ ਲੀਕ ਹੋਣਾ ਭਾਜਪਾ ਰਾਜ ਵਿਚ ਚੱਲ ਰਿਹਾ ਭਿ੍ਰਸ਼ਟਾਚਾਰ ਦਾ ਸਬੂਤ ਤਾਂ ਹੈ ਹੀ, ਇਸ ਤੋਂ ਵੱਧ ਸਰਕਾਰ ਦਾ ਬੇਪਰਵਾਹ ਤੇ ਭਟਕਾਊ ਰਵੱਈਆ ਹੈ। ਪਹਿਲਾਂ ਮੰਨਿਆ ਹੀ ਨਹੀਂ। ਪੇਪਰ ਲੀਕ ਕਰਨ ਵਾਲੇ ਸਰਗਨੇ ਆਜ਼ਾਦ ਘੁੰਮਦੇ ਰਹੇ। ਪੇਪਰ ਲੀਕ ਦੇ ਘਟਨਾਕ੍ਰਮ ਦਰਮਿਆਨ 23 ਫਰਵਰੀ ਨੂੰ ਕਨੌਜ ਦੇ ਇਕ ਬੇਰੁਜ਼ਗਾਰ ਨੇ ਖੁਦਕੁਸ਼ੀ ਵੀ ਕਰ ਲਈ ਸੀ। ਉਸ ਨੇ ਖੁਦਕੁਸ਼ੀ ਨੋਟ ਵਿਚ ਲਿਖਿਆ ਸੀਕੀ ਫਾਇਦਾ ਅਜਿਹੀ ਡਿਗਰੀ ਦਾ, ਜੋ ਇਕ ਨੌਕਰੀ ਨਾ ਦਿਵਾ ਸਕੀ। ਅੱਧੀ ਉਮਰ ਪੜ੍ਹਦਿਆਂ ਨਿਕਲ ਗਈ। ਇਸ ਲਈ ਹੁਣ ਮਨ ਭਰ ਗਿਆ ਹੈ।
ਯੋਗੀ ਰਾਜ ਵਿਚ ਭਰਤੀ ਪ੍ਰੀਖਿਆ ਦਾ ਪੇਪਰ ਪਹਿਲੀ ਵਾਰ ਲੀਕ ਨਹੀਂ ਹੋਇਆ। 2017 ਵਿਚ ਥਾਣੇਦਾਰਾਂ ਦਾ ਪੇਪਰ ਲੀਕ ਹੋਣ ਤੋਂ ਬਾਅਦ ਪ੍ਰੀਖਿਆ ਰੱਦ ਕੀਤੀ ਗਈ ਸੀ, ਫਰਵਰੀ 2018 ਵਿਚ ਯੂ ਪੀ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ, ਅਗਸਤ 2018 ਵਿਚ ਸਿਹਤ ਵਿਭਾਗ ਵਿਚ ਪ੍ਰਮੋਸ਼ਨ ਦੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ, ਜੁਲਾਈ 2018 ਵਿਚ ਯੂ ਪੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦਾ ਪੇਪਰ ਲੀਕ ਹੋਇਆ, ਸਤੰਬਰ 2018 ਵਿਚ ਟਿਊਬਵੈੱਲ ਅਪ੍ਰੇਟਰਾਂ ਦਾ ਪੇਪਰ ਲੀਕ ਹੋਇਆ ਤੇ ਪ੍ਰੀਖਿਆ ਰੱਦ ਕਰਨੀ ਪਈ, ਅਗਸਤ 2021 ਵਿਚ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦਾ ਪੀ ਈ ਟੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ ਤੇ ਪ੍ਰੀਖਿਆ ਰੱਦ ਕੀਤੀ ਗਈ, ਅਗਸਤ 2021 ਵਿਚ ਬੀ ਐੱਡ ਦਾਖਲਾ ਪ੍ਰੀਖਿਆ ਦਾ ਪੇਪਰ ਲੀਕ ਹੋਇਆ, ਸਤੰਬਰ 2021 ਵਿਚ ਮੈਡੀਕਲ ਦੀ ਨੀਟ ਪ੍ਰੀਖਿਆ ਨੂੰ ਲੈ ਕੇ ਸੂਬੇ ਦੇ ਕੁਝ ਸ਼ਹਿਰਾਂ ਵਿਚ ਪੇਪਰ ਲੀਕ ਹੋਣ ਦੇ ਮਾਮਲੇ ਸਾਹਮਣੇ ਆਏ ਅਤੇ ਨਵੰਬਰ 2021 ਵਿਚ ਟੀ ਈ ਟੀ ਦਾ ਪੇਪਰ ਲੀਕ ਹੋਇਆ ਤੇ ਰੱਦ ਕਰਨਾ ਪਿਆ। ਕਿਸੇ ਵੀ ਸਰਕਾਰ ਦੇ ਸਮੇਂ ਪੇਪਰ ਲੀਕ ਹੋਣਾ ਕਲੰਕ ਮੰਨਿਆ ਜਾਂਦਾ ਹੈ, ਪਰ ਯੂ ਪੀ ’ਚ ਤਾਂ ਲਗਭਗ ਹਰ ਭਰਤੀ ਪ੍ਰੀਖਿਆ ਦਾ ਪੇਪਰ ਲੀਕ ਹੁੰਦਾ ਆ ਰਿਹਾ ਹੈ। ਸਾਫ ਹੈ ਕਿ ਬਹੁਤ ਵੱਡਾ ਗਰੋਹ ਸਰਗਰਮ ਰਹਿੰਦਾ ਹੈ। ਉਸ ਨੂੰ ਨੱਥ ਪਾਉਣ ਦੀ ਥਾਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਵਰਗੇ ਹੁਕਮਰਾਨ ਪਤਾ ਨਹੀਂ ਕਿਉ ਝੁਠਲਾਉਣ ’ਤੇ ਲੱਗੇ ਰਹਿੰਦੇ ਹਨ। ਐਤਕੀਂ ਚੋਣਾਂ ਸਿਰ ’ਤੇ ਹੋਣ ਅਤੇ ਮੋਦੀ ਦੇ 400 ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਨੂੰ ਧੱਕਾ ਲੱਗਦਾ ਦੇਖ ਮੁੱਖ ਮੰਤਰੀ ਯੋਗੀ ਨੂੰ ਤੁਰੰਤ ਪ੍ਰੀਖਿਆ ਰੱਦ ਕਰਨ ਅਤੇ ਛੇ ਮਹੀਨਿਆਂ ਦੇ ਵਿਚ-ਵਿਚ ਦੁਬਾਰਾ ਕਰਾਉਣ ਦਾ ਐਲਾਨ ਕਰਨਾ ਪਿਆ ਹੈ।