ਅਨੇਕਾਂ ਦੁੱਖਾਂ ਦਾ ਕਾਰਨ ਮੋਟਾਪਾ : ਕਾਰਨ ਤੇ ਇਲਾਜ/ਡਾਕਟਰ ਅਜੀਤਪਾਲ ਸਿੰਘ ਐਮ ਡੀ

ਜੋ ਲੋਕ ਦੁਬਲੇ-ਪਤਲੇ ਸ਼ਰੀਰ ਵਾਲੇ ਹੁੰਦੇ ਹਨ,ਉਹਨਾਂ ਦਾ ਇਹ ਅਰਮਾਨ ਹੁੰਦਾ ਹੈ ਕਿ ਕਾਸ਼ ਉਹਨਾਂ ਦਾ ਸਰੀਰ ਥੋੜਾ ਜਿਹਾ ਮੋਟਾ, ਤਾਜਾ ਹੋ ਜਾਵੇ ਤਾਂ ਕਿ ਉਹ ਖਾਂਦੇ ਪੀਂਦੇ ਘਰ ਦੇ ਨਜ਼ਰ ਆਉਣ ਅਤੇ ਦੂਜੇ ਪਾਸੇ ਮੋਟੇ ਲੋਕ ਮੋਟਾਪੇ ਤੋਂ ਨਾ ਸਿਰਫ ਪ੍ਰੇਸ਼ਾਨ ਹੀ ਹਨ ਬਲਕਿ ਕੁਝ ਮੁਸ਼ਕਿਲਾਂ,ਰੋਗਾਂ ਨਾਲ ਵੀ ਗ੍ਰਸਤ ਰਹਿੰਦੇ ਹਨ,ਜੋ ਮੋਟਾਪਾ ਕਰਕੇ ਪੈਦਾ ਹੁੰਦੇ ਹਨ l ਇਸ ਲਈ ਇਸ ਲੇਖ ਵਿੱਚ ਮੋਟਾਪੇ ਦੇ ਕਾਰਨ ਅਤੇ ਉਸ ਦੇ ਹੱਲ ਬਾਰੇ ਕੁਝ ਚਰਚਾ ਕਰਦੇ ਹਾਂ l ਸਾਡੀ ਸ਼ਰੀਰਕ ਸਿਹਤ ਦੇ ਬਣੇ ਰਹਿਣ ਲਈ ਲੋੜੀਂਦੀ ਖੁਰਾਕ ਦੇ ਤੱਤ ਤੇ ਸ਼ਰੀਰਕ ਅਮਲ ਤੇ ਸ਼ਕਤੀ ਲਈ ਜਰੂਰੀ ਊਰਜਾ ਦੀ ਸਪਲਾਈ ਉਸ ਭੋਜਨ ਰਾਹੀਂ ਹੁੰਦੀ ਹੈ ਜੋ ਅਸੀਂ ਰੋਜ਼ਾਨਾ ਖਾਂਦੇ ਹਾਂ l ਜੇ ਇਹ ਸਪਲਾਈ ਲੋੜ ਤੋਂ ਵੱਧ ਹੋ ਜਾਵੇ, ਯਾਨੀ ਲੋੜੀਂਦੀ ਮਾਤਰਾ ਤੋਂ ਵੱਧ ਅੰਨ ਖਾਧਾ ਜਾਵੇ ਤਾਂ ਵਾਧੂ ਭੋਜਨ ਨੂੰ ਚਰਬੀ ਚ ਤਬਦੀਲ ਕਰਕੇ ਸ਼ਰੀਰ ਚ ਇਸ ਨੂੰ ਇਕੱਠਾ ਕਰਨ ਦਾ ਰੁਝਾਣ ਸਾਡੇ ਸਰੀਰ ਚ ਪੈਦਾ ਹੁੰਦਾ ਹੈ। ਜੇ ਵੱਧ ਮਾਤਰਾ ਚ ਆਹਾਰ ਲੈਣਾ ਜਾਰੀ ਰਹਿੰਦਾ ਹੈ ਤਾਂ ਚਰਬੀ ਇਕੱਠੀ ਹੋਣ ਨਾਲ ਵਜਨ ਵੱਧਦਾ ਹੈ ਅਤੇ ਜੇ ਉਹ ਵਜਨ ਵਧਣਾ ਜਾਰੀ ਰਹਿੰਦਾ ਹੈ,ਤਾਂ ਮੋਟਾਪੇ/ਓਬੇਸਟੀ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਦੀ ਸਿੱਟੇ ਗੰਭੀਰ ਵੀ ਹੋ ਸਕਦੇ ਹਨ। ਮੌਤ ਦੇ ਜਿਹੜੇ ਕਾਰਨਾਂ ਨੂੰ ਟਾਲਿਆ ਜਾ ਸਕਦਾ ਹੈ, ਉਹਨਾਂ ਚ ਤੰਬਾਕੂ ਤੋਂ ਪਿੱਛੋਂ ਦੂਜੇ ਨੰਬਰ ਤੇ ਮੋਟਾਪਾ ਆਉਂਦਾ ਹੈ l ਮੋਟਾਪੇ ਦੇ ਕਾਰਨਾਂ ਬਾਰੇ ਪਹਿਲਾਂ ਗੱਲ ਕਰ ਲਈਏ l ਮੋਟਾਪਾ ਹੋਣ ਦੇ ਕਾਰਨਾਂ ਨੂੰ ਜਾਨਣਾ ਬਹੁਤ ਜਰੂਰੀ ਹੈ ਅਤੇ ਕਾਰਨਾਂ ਨੂੰ ਜਾਣੇ ਬਿਨਾਂ ਇਸ ਤੋਂ ਬਚਾਅ ਨਹੀਂ ਕੀਤਾ ਜਾ ਸਕਦਾ l ਮੋਟਾਪਾ ਆਵੇ ਹੀ ਨਾ ਇਹ ਚੰਗੀ ਗੱਲ ਹੈ l ਦੂਜਾ ਜੋ ਲੌਕ ਮੋਟਾਪੇ ਤੋਂ ਪੀੜਿਤ ਹਨ ਉਹ ਇਹਨਾਂ ਕਾਰਨਾਂ ਤੋਂ ਬਚਾਅ ਕਰਕੇ ਮੋਟਾਪੇ ਨੂੰ ਵਧਣ ਤੋਂ ਰੋਕ ਸਕਦੇ ਹਨ l ਜੇ ਮੋਟਾਪਾ ਵਧਣ ਵਾਲੇ ਕਾਰਨਾਂ ਦਾ ਖਹਿੜਾ ਨਾ ਛੱਡਿਆ ਜਾਵੇ ਤਾਂ ਫਿਰ ਮੋਟਾਪਾ ਘੱਟ ਕਰਨ ਲਈ ਜਿੰਨੇ ਮਰਜੀ ਉਪਾਅ ਤੇ ਇਲਾਜ ਕੀਤੇ ਜਾਣ,ਸਾਰੇ ਵਿਅਰਥ ਹੀ ਜਾਣਗੇ,ਕਿਉਂਕਿ ਜਦ ਤੱਕ ਕਾਰਨ ਬਣਿਆ ਰਹੇਗਾ,ਉਦੋਂ ਤੱਕ ਉਹ ਕੰਮ ਹੁੰਦਾ ਰਹੇਗਾ l ਮੋਟਾਪੇ ਦੇ ਮਹੱਤਵਪੂਰਨ ਕਾਰਨ ਇਸ ਪ੍ਰਕਾਰ ਹਨ :
-ਪਹਿਲਾਂ ਕਾਰਨ ਹੁੰਦਾ ਹੈ ਪਿਤਾਪੁਰਖੀ ਅਸਰ ਭਾਵ ਮਾਂ-ਬਾਪ,ਦਾਦਾ- ਦਾਦੀ ਨਾਨਾ-ਨਾਨੀ ਜੇ ਮੋਟਾਪੇ ਨਾਲ ਪੀੜਤ ਹੋਣ ਤਾਂ ਇਸ ਗੱਲ ਦੀ ਬਹੁਤ ਸੰਭਾਵਨਾ ਹੁੰਦੀ ਹੈ ਕਿ ਉਹਨਾਂ ਦੇ ਬੱਚੇ ਵੀ ਮੋਟੇ ਹੋਣਗੇ l ਇਸ ਦਾ ਇੱਕ ਹੀ ਉਪਾਅ ਹੈ ਕਿ ਬੱਚੇ ਦਾ ਖਾਣ-ਪੀਣ ਤੇ ਰਹਿਣ-ਸਹਿਣ ਅਜਿਹਾ ਰੱਖਿਆ ਜਾਵੇ ਜੋ ਮੋਟਾਪਾ ਲਿਆਉਣ ਵਾਲਾ ਨਾ ਹੋਵੇ l ਉਸ ਨੂੰ ਆਪਣੇ ਖਾਣ-ਪੀਣ ਅਤੇ ਰਹਿਣ-ਸਹਿਣ ਬਾਰੇ ਬਚਪਨ ਤੋਂ ਹੀ ਸਾਵਧਾਨ ਕਰ ਦਿੱਤਾ ਜਾਵੇ ਤੇ ਉਸਨੂੰ ਉਹਨਾਂ ਕਾਰਨਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਵੇ ਜੋ ਸਰੀਰ ਨੂੰ ਮੋਟਾ ਕਰਦੇ ਹਨ l
ਦੂਜਾ ਕਾਰਨ ਹੈ ਗਲਤ ਭੋਜਨ :
ਅੱਜਕੱਲ ਬੰਦੇ ਦਾ ਖਾਣ ਪੀਣ ਹੀ ਗਲਤ ਨਹੀਂ ਹੈ। ਬਲਕਿ ਇਸ ਦਾ ਰੁਟੀਨ ਤੇ ਜੀਵਨ ਸ਼ੈਲੀ ਵੀ ਠੀਕ ਨਹੀਂ l ਰੋਜਾਨਾ ਜੀਵਨ ਚ ਸਰੀਰਕ ਮਿਹਨਤ ਦਾ ਨਾ ਹੋਣਾ ਉਹਨਾਂ ਦੇ ਮੋਟਾਪੇ ਦਾ ਇੱਕ ਵੱਡਾ ਕਾਰਨ ਹੈ। ਪਹਾੜੀ ਇਲਾਕੇ ਚ ਰਹਿਣ ਵਾਲੇ ਲੋਕਾਂ ਚ ਮੋਟਾਪਾ ਲੱਭਦਾ ਵੀ ਨਹੀਂ, ਜਦ ਕਿ ਉਹ ਦਿਨ ਚ ਕਈ ਵਾਰ ਖਾਂਦੇ ਹਨ l ਕਾਰਨ ਇਹ ਹੈ ਕਿ ਪਹਾੜ ਚੜਨਾ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ l ਇਸ ਤਰ੍ਹਾਂ ਪਿੰਡ ਚ ਖੇਤੀ ਕਰਨ ਵਾਲੇ ਬੰਦੇ ਨੂੰ ਰੋਜ਼ ਕਈ ਮੀਲ ਚਲਣਾ ਪੈਂਦਾ ਹੈ ਤੇ ਧੁੱਪ ਚ ਮਿਹਨਤ ਕਰਨੀ ਪੈਂਦੀ ਹੈ l ਇਸ ਲਈ ਪਿੰਡਾਂ ਚ ਮੋਟਾਪੇ ਵਾਲੇ ਲੋਕ ਬਹੁਤ ਘੱਟ ਮਿਲਦੇ ਹਨ l ਸਮੱਸਿਆ ਤਾਂ ਸ਼ਹਿਰੀ ਤੇ ਖੁਸ਼ਹਾਲ ਜਮਾਤ ਦੀ ਹੈ ਕਿਉਂਕਿ ਇੱਕ ਤਾਂ ਬਹੁਤ ਲੋਕਾਂ ਦਾ ਕਾਰੋਬਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਪੂਰਾ ਦਿਨ ਕੁਰਸੀ ਜਾਂ ਮੰਜਾ ਤੋੜਦਿਆਂ ਹੀ ਲੰਘ ਜਾਂਦਾ ਹੈ l ਦੂਜਾ ਵਸੀਲਿਆਂ ਤੇ ਸਹੂਲਤਾਂ ਮਿਲਣ ਕਰਕੇ ਸਰੀਰਕ ਮਿਹਨਤ ਨਾਂਹ ਦੇ ਬਰਾਬਰ ਹੈ। ਇਸ ਤੇ ਆਰਾਮਪ੍ਰਸਤ ਮਨੋ-ਬਿਰਤੀ, ਸੁਭਾਅ,ਦੇਰ ਤੱਕ ਸੁਤੇ ਰਹਿਣਾ,ਭੋਜਨ ਖਾਣ ਪਿੱਛੋਂ ਹੀ ਸੌਂ ਜਾਣਾ,ਕਿਸੇ ਕਿਸਮ ਦੀ ਵੀ ਕਸਰਤ ਨਾ ਕਰਨੀ ਆਦਿ ਕਾਰਨ ਵੀ ਜੁੜੇ ਹੋਏ ਹਨ l ਲੋੜ ਤੋਂ ਵੱਧ ਵਾਰ-ਵਾਰ ਖਾਣ ਦਾ ਰੁਝਾਨ ਮੋਟਾਪੇ ਦਾ ਅਹਿਮ ਕਾਰਨ ਹੈ l ਨਾਲ ਹੀ ਅੱਜ ਦੇ ਦੌਰ ਵਿੱਚ ਖਰਾਬ ਚਰਬੀ (ਟ੍ਰਾਂਸਫੈਟ) ਤੇ ਮੈਦੇ ਤੋਂ ਬਣੇ ਭੋਜਨਾਂ ਨੂੰ ਖਾਣ ਦਾ ਰਿਵਾਜ ਵੀ ਇਸ ਮਰਜ਼ ਨੂੰ ਵਧਾਉਣ ਚ ਸਹਿਯੋਗੀ ਹੋ ਰਿਹਾ ਹੈ। ਅੱਜ ਕੱਲ ਦੇ ਹੱਥ ਰੇਸ਼ੇ ਫਾਈਬਰ ਦੀ ਮਾਤਰਾ ਬਹੁਤ ਘੱਟ ਰਹਿ ਗਈ ਹੈ ਮੋਟਾਪਾ ਆ ਜਾਣ ਤੇ ਇੱਕ ਗਧੀ ਗੇੜ ਸ਼ੁਰੂ ਹੋ ਜਾਂਦਾ ਹੈ l ਮੋਟੇ ਬੰਦੇ ਨੂੰ ਵਾਰ-ਵਾਰ ਭੁੱਖ ਲੱਗਦੀ ਹੈ ਤੇ ਬੰਦਾ ਵਾਰੀ ਵਾਰੀ ਖਾਣ ਵਾਲੀਆਂ ਫਾਲਤੂ ਚੀਜ਼ਾਂ ਨੂੰ ਮੂੰਹ ਮਾਰਦਾ ਰਹਿੰਦਾ ਹੈ l ਅੱਜ ਕੱਲ ਪਨੀਰ ਮੱਖਣ ਘਿਓ ਨਾਲ ਭਰਪੂਰ ਭੋਜਨ ਪਦਾਰਥ,ਮੈਦੇ ਤੋਂ ਬਣੀਆਂ ਚੀਜ਼ਾਂ,ਆਈਸਕ੍ਰੀਮ,ਕੋਲਡ ਡਰਿੰਕਸ,ਸ਼ਰਾਬ ਦੇ ਨਾਲ ਤਲੇ ਹੋਏ ਮੀਟ ਦਾ ਬਹੁਤ ਰਿਵਾਜ ਹੋ ਗਿਆ ਹੈ l ਇਹ ਸਾਰੇ ਕਾਰਕ ਮੋਟਾਪਾ ਵਧਾਉਣ ਵਾਲੇ ਹੁੰਦੇ ਹਨ l
-ਤੀਜਾ ਕਰਨ ਸਤਰਾਵੀ ਗ੍ਰੰਥੀਆਂ (ਐਂਡੋਕਰਾਇਨ ਗਲੈਂਡਸ) ਦਾ ਵਿਗਾੜ:
ਇਸ ਨਾਲ ਵਿਸ਼ੇਸ਼ ਕਿਸਮ ਦਾ ਮੋਟਾਪਾ ਹੁੰਦਾ ਹੈ,ਜਿਸ ਚ ਸਰੀਰ ਬਹੁਤ ਭਾਰੀ ਬੋਝਲ,ਘਟਵਾਅ ਤੇ ਮੋਟਾ ਹੋ ਜਾਂਦਾ ਹੈ l ਥਾਇਰਡ ਗ੍ਰੰਥੀ,ਪਚੂਟਰੀ ਗ੍ਰੰਥੀ ਤੇ ਆਰਡੀਨਲ ਗ੍ਰੰਥੀ ਚ ਵਿਗਾੜ ਪੈਦਾ ਹੋ ਜਾਣ ਕਰਕੇ ਮੋਟਾਪਾ ਹੋ ਜਾਂਦਾ ਹੈ।
ਮੋਟਾਪੇ ਤੋਂ ਪੈਦਾ ਵਿਗਾੜ ਅਤੇ ਹਾਨੀਆਂ :
ਬੇਹਦ ਸੁਸਤ ਬੰਦੇ ਚ ਸ਼ਰੀਰਕ ਕਰੂਪਤਾ ਤੋਂ ਇਲਾਵਾ ਹੋਰ ਦੂਜੇ ਦੋਸ਼ ਵੀ ਪੈਦਾ ਹੁੰਦੇ ਹਨ l ਸੁਸਤ ਬੰਦੇ ਦੀ ਉਮਰ ਘੱਟ ਜਾਂਦੀ ਹੈ l ਸ਼ਰੀਰਕ ਤੇ ਸੈਕਸ ਸ਼ਕਤੀ ਚ ਕਮੀ,ਦੁਰਬਲਤਾ,ਸਰੀਰ ਚੋਂ ਬਦਬੂ ਆਉਣੀ ਆਦਿ ਵੱਧ ਭੁੱਖ ਲੱਗਦੀ ਹੈ, ਵੱਧ ਪਿਆਸ ਲੱਗਦੀ ਹੈ l ਇਹ ਅੱਠ ਵਿਗਾੜ/ ਲੱਛਣ ਮੋਟਾਪੇ ਤੋਂ ਪੀੜਤ ਬੰਦੇ ‘ਚ ਹੁੰਦੇ ਹਨ l ਮੋਟਾਪੇ ਕਰਕੇ ਸਰੀਰ ਵਿੱਚ ਹੋਰ ਕਈ ਵਿਗਾੜ ਪੈਦਾ ਹੋ ਜਾਂਦੇ ਹਨ ਜਿਵੇਂ ਸ਼ੂਗਰ ਦੀ ਬਿਮਾਰੀ/ ਡਾਇਬਿਟੀਜ਼ ਤੇ ਹਾਈ ਬਲੱਡ ਪ੍ਰੈਸ਼ਰ l ਦਿਲ ਦੇ ਰੋਗ,ਹੱਡੀਆਂ ਤੇ ਜੋੜਾਂ ਦੇ ਦਰਦ,ਨੀਂਦ ਦੌਰਾਨ ਥੋੜਾ ਚਿਰ ਸਾਹ ਰੁਕਣਾ ਸਲੀਪ ਐਪਨੀਆ ਆਦਿ,ਘੁਰਾੜੇ ਮਾਰਨੇ,ਔਰਤਾਂ ਚ ਮਹਾਂਵਾਰੀ ਦੀ ਅਨਿਯਮਤਾ, ਗਰਭਪਾਤ ਜਾਂ ਜਣੇਪੇ ਸਬੰਧੀ ਸਮੱਸਿਆ,ਕੈਂਸਰ ਆਦਿ l
ਇਲਾਜ ਕਰਨ ਤੋਂ ਪਹਿਲਾਂ ਕਈ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਜਰੂਰੀ ਹੈ ਜਿਵੇਂ ਰੋਗੀ ਦੀ ਉਮਰ ਕਿੰਨੀ ਹੈ ਜੇ ਪਹਿਲਾਂ ਕੋਈ ਰੋਗ ਹੈ ਤਾਂ ਉਸਦਾ ਇਲਾਜ ਸ਼ੁਰੂ ਕੀਤਾ ਜਾਵੇ l ਰੋਗੀ ਦੀ ਇੱਛਾ ਸ਼ਕਤੀ ਮਜਬੂਤ ਹੋਣੀ ਚਾਹੀਦੀ ਹੈ ਕਿਉਂਕਿ ਇਹ ਮਹੀਨੇ ਵੀਹ ਦਿਨਾਂ ਚ ਠੀਕ ਹੋਣ ਵਾਲਾ ਰੋਗ ਨਹੀਂ ਹੈ l ਇਸ ਲਈ ਵੱਡੇ ਸਬਰ ਦੀ ਲੋੜ ਹੁੰਦੀ ਹੈ lਰੋਜ਼ਾਨਾ ਕਸਰਤ ਤੇ ਲੰਮੀ ਸੈਰ ਕਰਨੀ ਚਾਹੀਦੀ ਹੈ l ਭੋਜਨ ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਘੱਟ ਖਾਓ l ਮੂੰਹ ਦੇ ਸਵਾਦ ਲਈ ਖਾਣਾ ਬੰਦ ਕਰ ਦਿਓ l ਜਾਂ ਮਾਨਸਿਕ ਸੰਤੁਸ਼ਟੀ ਲਈ ਹੀ ਨਾ ਖਾਈ ਜਾਓਂ l ਸੁਬਾਹ ਵਜੇ ਉੱਠ ਕੇ ਰੋਗੀ ਨੂੰ ਪੰਜ ਤੋਂ ਸੱਤ ਕਿਲੋਮੀਟਰ ਚ ਲਣਾ ਚਾਹੀਦਾ ਹੈ l ਭੋਜਨ ਚ ਛਿੱਲਕੇ ਵਾਲੀ ਮੂੰਗੀ ਦੀ ਦਾਲ ਜਾਂ ਖਿਚੜੀ ਹਰਾ ਸਾਗ ਤੇ ਪੱਤਿਆਂ ਵਾਲੀਆਂ ਸਬਜੀਆਂ, ਜੌਅ ਦੀ ਰੋਟੀ ਦੀ ਵਰਤੋਂ ਆਮ ਤੌਰ ਤੇ ਕੀਤੀ ਜਾਂਦੀ ਹੈ l ਤਲੀਆਂ ਚੀਜ਼ਾਂ ਬੰਦ ਰੱਖਣੀਆਂ ਚਾਹੀਦੀਆਂ ਹਨ l ਗਾਂ ਦਾ ਦੁੱਧ 250 ਗ੍ਰਾਮ,ਅਮਰੂਦ ਪਪੀਤਾ ਤਾ ਵਰਤਿਆ ਜਾਣਾ ਚਾਹੀਦਾ ਹੈ l ਦੁਪਹਿਰੇ ਇੱਕ ਕੌਲੀ ਮੂੰਗੀ ਦੀ ਛਿੱਲਕੇ ਵਾਲੀ ਦਾਲ,ਇੱਕ ਕਟੋਰੀ ਹਰੀ ਸਬਜ਼ੀ ਜਿਵੇਂ ਲੋਕੀ ਤੋਰੀ ਕੱਦੂ,ਟਿੰਡੇ,ਪਾਲਕ ਪੱਤ ਗੋਭੀ,ਪਰਵਲ ਆਦਿ ਇਕ ਕੌਲੀ ਸਪਰੇਟੇ ਦੁੱਧ ਦੀ ਦਹੀ,ਬਿਨਾਂ ਚੋਪੜੀ ਇੱਕ ਰੋਟੀ ਲੈਣੀ ਚਾਹੀਦੀ ਹੈ l ਨਾਸ਼ਤੇ ਚ ਸਪਰੇਟਾ ਫਿੱਕਾ ਦੁੱਧ ਇੱਕ ਪਾਈਆ,ਉਬਲੇ ਕਾਲੇ ਦੇਸੀ ਛੋਲੇ ਤੇ ਇੱਕ ਫਲ (ਜਿਸ ਵਿੱਚ ਅੰਬ ਤੇ ਕੇਲਾ ਨਾ ਹੋਵੇ) ਲਿਆ ਜਾਣਾ ਚਾਹੀਦਾ ਹੈ l ਦੁਪਹਿਰ ਵੇਲੇ ਬਿਨਾਂ ਚੀਨੀ ਦੇ ਇੱਕ ਕੱਪ ਚਾਹ ਦਿੱਤੀ ਜਾਣੀ ਚਾਹੀਦੀ ਹੈ ਤੇ ਰਾਤ ਦਾ ਭੋਜਨ ਵੀ ਦੁਪਹਿਰ ਦੇ ਭੋਜਨ ਵਰਗਾ ਹਲਕਾ ਹੀ ਹੋਣਾ ਚਾਹੀਦਾ ਹੈ। ਰੋਜਾਨਾ 30 ਮਿੰਟ ਹਲਕੀ ਕਸਰਤ ਕਰਨੀ ਚਾਹੀਦੀ ਹੈ l ਜੇ ਹੋ ਤਾਂ ਰਾਤ ਦਾ ਖਾਣਾ ਬੰਦ ਕਰਕੇ ਉਸਦੀ ਥਾਂ ਤੇ ਦੋ ਕੌਲੀਆਂ ਟਮਾਟਰ ਦਾ ਸਰੂਪ ਜਾਂ ਸੁਹਾਜਣੇ ਦੀ ਫਲੀ ਦਾ ਸੂਪ ਬਿਨਾਂ ਮੱਖਣ ਦੇ ਲੈਣਾ ਚਾਹੀਦਾ ਹੈ l ਜੋ ਸ਼ੂਗਰ ਦੀ ਬਿਮਾਰੀ ਦੇ ਰੋਗੀ ਹੁੰਦੇ ਹਨ,ਉਹ ਸ਼ੂਗਰ ਨਿਯਮਤ ਤੌਰ ਤੇ ਚੈੱਕ ਕਰਾਉਂਦੇ ਰਹਿਣ ਤੇ ਜੇ ਸ਼ੂਗਰ ਵਧੀ ਹੋਵੇ ਤਾਂ ਹੀ ਸ਼ੂਗਰ ਘਟਾਉਣ ਦੀ ਦਵਾਈ ਲੈਣ ਨਹੀਂ ਤਾਂ ਨਾ ਲੈਣ l ਮੋਟਾਪਾ ਘਟਾਉਣ ਚ ਖੁਰਾਕ ਦੇ ਕੰਟਰੋਲ ਅਹਿਮ ਯੋਗਦਾਨ ਹੈ l ਇਸ ਬਿਨਾਂ ਸਾਰੀ ਕੋਸ਼ਿਸ਼ ਬੇਕਾਰ ਜਾਂਦੀ ਹੈ l ਪੱਕੇ ਇਰਾਦੇ ਨਾਲ ਹੀ ਮੋਟਾਪੇ ਤੇ ਕਾਬੂ ਪਾਇਆ ਜਾ ਸਕਦਾ ਹੈ l ਦਵਾਈਆਂ ਘੱਟ ਹੀ ਮਦਦ ਕਰਦੀਆਂ ਹਨ l ਭੁੱਖ ਘਟਾਉਣ ਲਈ ਦਵਾਈਆਂ ਲੈਣ ਨਾਲ ਹਾਈ ਬਲੱਡ ਵਿੱਚ ਰਹਿਣ ਦਾ ਖਤਰਾ ਬਣਿਆ ਰਹਿੰਦਾ ਹੈ
* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301

ਸਾਂਝਾ ਕਰੋ

ਪੜ੍ਹੋ