ਸਮਾਜ ਵਿਚ ਇਕ ਚੰਗੇ ਮਨੁੱਖ ਵਜੋਂ ਵਿਚਰਨ ਲਈ ਸਾਨੂੰ ਅਨੇਕਾਂ ਹੀ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਨੈਤਿਕ ਸਿੱਖਿਆ ’ਤੇ ਹਰ ਵੇਲੇ ਡਟ ਕੇ ਪਹਿਰਾ ਦੇਣ ਵਾਲਾ ਵਿਅਕਤੀ ਹੀ ਦੇਸ਼ ਦਾ ਚੰਗਾ ਨਾਗਰਿਕ ਅਖਵਾਉਣ ਦਾ ਅਸਲ ਹੱਕਦਾਰ ਹੁੰਦਾ ਹੈ। ਨੈਤਿਕ ਸਿੱਖਿਆ ’ਤੇ ਪਹਿਰਾ ਦੇਣ ਵਾਲੇ ਲੋਕ ਹੀ ਦੇਸ਼ ਦੀ ਤਰੱਕੀ ਵਿਚ ਵੱਡਮੁੱਲਾ ਯੋਗਦਾਨ ਪਾਉਂਦੇ ਹਨ। ਗੁਜ਼ਰੇ ਜ਼ਮਾਨੇ ਵਿਚ ਭਾਵੇਂ ਜ਼ਿਆਦਾਤਰ ਲੋਕ ਅਨਪੜ੍ਹ ਹੁੰਦੇ ਸਨ ਪਰ ਉਹ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣਾ ਆਪਣਾ ਧਰਮ ਸਮਝਦੇ ਸਨ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਸਕੂਨ ਹੁੰਦਾ ਸੀ। ਉਸ ਵੇਲੇ ਦੇ ਲੋਕ ਪੀੜ੍ਹੀ-ਦਰ-ਪੀੜ੍ਹੀ ਆਪਣੇ ਬੱਚਿਆਂ ਨੂੰ ਨੈਤਿਕ ਸਿੱਖਿਆ ਦੇ ਗੁਣ/ਗੁਰ ਦਿੰਦੇ ਰਹਿੰਦੇ ਸਨ। ਇਸੇ ਸਦਕਾ ਲੋਕ ਇਕ-ਦੂਜੇ ਦੇ ਦੁੱਖ ਨੂੰ ਆਪਣਾ ਸਮਝਦੇ ਸਨ ਤੇ ਹਰ ਕੋਈ ਆਪਣੇ ਤੋਂ ਵੱਡਿਆਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀ। ਪਿੰਡਾਂ ’ਚ ਬੇਗਾਨਿਆਂ ਨੂੰ ਵੀ ਆਪਣੇ ਸਕੇ ਚਾਚੇ/ਤਾਏ ਵਾਂਗ ਬੁਲਾ ਕੇ ਇੱਜ਼ਤ ਦਿੱਤੀ ਜਾਂਦੀ ਸੀ। ਤ੍ਰਾਸਦੀ ਇਹ ਹੈ ਕਿ ਅਜੋਕੇ ਦੌਰ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਪੀੜ੍ਹੀ ਅਜਿਹੀ ਸਿੱਖਿਆ ਤੋਂ ਕੋਰੀ ਹੈ। ਬਹੁਤੇ ਨੌਜਵਾਨ ਆਪਣੇ-ਆਪ ਨੂੰ ਪੜਿ੍ਹਆ-ਲਿਖਿਆ ਸਮਝਦੇ ਹੋਏ ਆਪਣੇ ਗੁਆਂਢ ਵਿਚ ਰਹਿੰਦੇ ਕਿਸੇ ਬਜ਼ੁਰਗ ਨੂੰ ਬੁਲਾਉਣਾ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੇ ਹਨ। ਨੈਤਿਕ ਸਿੱਖਿਆ ਦੀ ਵੱਡੀ ਥੋੜ੍ਹ ਕਾਰਨ ਹੀ ਬਿਰਧ ਆਸ਼ਰਮਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਕਿਉਂਕਿ ਬਜ਼ੁਰਗਾਂ ਦੀ ਬੇਕਦਰੀ ਹੋ ਰਹੀ ਹੈ। ਨੈਤਿਕ-ਸਿੱਖਿਆ ਤੋਂ ਵਿਹੂਣੇ ਲੋਕ ਮਹਿਲਾਵਾਂ ਦੀ ਇੱਜ਼ਤ ਨਹੀਂ ਕਰਦੇ। ਪਹਿਲਾਂ ਦੀ ਤਰ੍ਹਾਂ ਅੱਜ-ਕੱਲ੍ਹ ਸਕੂਲਾਂ/ਕਾਲਜਾਂ ’ਚ ਵੀ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਨਹੀਂ ਦਿੱਤੀ ਜਾਂਦੀ। ਫ਼ਜ਼ੂਲਖ਼ਰਚੀ, ਨਸ਼ਿਆਂ ਦੀ ਵਰਤੋਂ, ਵਿਆਹਾਂ ਤੇ ਹੋਰ ਸਮਾਗਮਾਂ ਮੌਕੇ ਹੁੱਲੜਬਾਜ਼ੀ ਕਰਨਾ, ਦੂਜਿਆਂ ਦੇ ਕੰਮ ਨਾ ਆਉਣਾ, ਨਿਯਮਾਂ ਦੀ ਪਾਲਣਾ ਨਾ ਕਰਨਾ ਆਦਿ ਵਰਤਾਰਾ ਨੈਤਿਕ ਸਿੱਖਿਆ ਦੀ ਘਾਟ ਕਾਰਨ ਹੀ ਹੋ ਰਿਹਾ ਹੈ। ਬਹੁਤ ਸਾਰੇ ਦਫ਼ਤਰਾਂ ਵਿਚ ਅਕਸਰ ਵੇਖਿਆ ਜਾਂਦਾ ਹੈ ਕਿ ਕੁਝ ਨੌਜਵਾਨ ਮੁਲਾਜ਼ਮ ਲੋਕਾਂ ਖ਼ਾਸ ਤੌਰ ’ਤੇ ਬਜ਼ੁਰਗਾਂ ਨੂੰ ਸਹਿਯੋਗ/ਇੱਜ਼ਤ ਦੇਣ ਦੀ ਬਜਾਏ ਉਨ੍ਹਾਂ ਨੂੰ ਗੁਮਰਾਹ ਕਰਦੇ ਹਨ। ਕਈ ਤਾਂ ਖ਼ੁਦ ਨੂੰ ਇੰਜ ਸਮਝਣ ਲੱਗਦੇ ਹਨ ਜਿਵੇਂ ਉਹ ਖ਼ੁਦਾ ਹੋਣ। ਉਹ ਭੁੱਲ ਜਾਂਦੇ ਹਨ ਕਿ ਉਹ ਤਾਂ ਲੋਕਾਂ ਦੇ ਸੇਵਾਦਾਰ ਹਨ। ਅਜੋਕੀ ਨੌਜਵਾਨ ਪੀੜ੍ਹੀ ’ਚੋਂ ਨੈਤਿਕ ਸਿੱਖਿਆ ਦਾ ਵੱਡੇ ਪੱਧਰ ’ਤੇ ਘਟ ਜਾਣਾ ਸਮਾਜ ਲਈ ਬਹੁਤ ਨੁਕਸਾਨਦੇਹ ਸਾਬਿਤ ਹੋਵੇਗਾ। ਸਮਾਜ ਦੀ ਬਿਹਤਰੀ ਲਈ ਨੌਜਵਾਨ ਪੀੜ੍ਹੀ ਨੂੰ ਨੈਤਿਕ ਸਿੱਖਿਆ ਦੀ ਪ੍ਰਾਪਤੀ ਲਈ ਬਜ਼ੁਰਗਾਂ ਦੀ ਸੰਗਤ ਕਰਨੀ ਚਾਹੀਦੀ ਹੈ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨੈਤਿਕ ਸਿੱਖਿਆ ਪ੍ਰਤੀ ਜ਼ਰੂਰ ਜਾਗਰੂਕ ਕਰਨ। ਸਕੂਲਾਂ/ਕਾਲਜਾਂ ’ਚ ਵੀ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣਾ ਚਾਹੀਦਾ ਹੈ ਤਾਂ ਜੋ ਦਿਨ-ਬ-ਦਿਨ ਨਿੱਘਰ ਰਹੇ ਸਮਾਜ ਨੂੰ ਬਚਾਇਆ ਜਾ ਸਕੇ।
ਕਦਰਾਂ-ਕੀਮਤਾਂ ਦੀ ਘਾਟ ਹੈ ਚਿੰਤਾ ਦਾ ਸਬੱਬ
- ਸੰਪਾਦਕੀ, ਖ਼ਬਰਾਂ, ਦੇਸ਼, ਮੁੱਖ ਖ਼ਬਰਾਂ
- February 24, 2024
ਪੜ੍ਹੋ
ਡਾ. ਸੁਖਦੇਵ ਸਿੰਘ ਸਾਲ 2024 ਲਈ ਅਰਥਵਿਗਿਆਨ ਵਿੱਚ ਨੋਬੇਲ ਇਨਾਮ...