ਕੈਨੇਡਾ ਦਾ ਨਾਮੀ ਸ਼ੈਰੀਡਨ ਕਾਲਜ ਦਰਜਨਾਂ ਕੋਰਸ ਮੁਅੱਤਲ ਕਰਨ ਲਈ ਮਜਬੂਰ

ਵਿਨੀਪੈਗ : ਕੈਨੇਡੀਅਨ ਫੈਡਰਲ ਸਰਕਾਰ ਵੱਲੋਂ ਕੌਮਾਂਤਰੀ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ’ਤੇ ਕੈਪ ਲਗਾਉਣ ਦੇ ਐਲਾਨ ਕਰਨ ਤੋਂ ਬਾਅਦ ਸ਼ੈਰੀਡਨ ਕਾਲਜ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਾ ਪਹਿਲਾ ਕਾਲਜ ਹੈ। ਕਾਲਜ ਅਨੁਸਾਰ ਇੱਥੇ 40,000 ਤੋਂ ਵੱਧ ਵਿਦਿਆਰਥੀ ਹਨ। ਇਹ ਕੈਨੇਡਾ ਦਾ ਚੋਟੀ ਦਾ ਐਨੀਮੇਸ਼ਨ ਕਾਲਜ ਮੰਨਿਆ ਜਾਂਦਾ ਹੈ, ਜਿਸ ’ਚ ਸੱਤ ਸ਼ੈਰੀਡਨ-ਸਿਖਲਾਈ ਪ੍ਰਾਪਤ ਐਨੀਮੇਟਰਾਂ ਨੇ ਅਕੈਡਮੀ ਐਵਾਰਡ ਜਿੱਤਿਆ ਹੈ।
ਓਨਟਾਰੀਓ ਦੇ ਇਸ ਕਾਲਜ ਨੇ ਸਰਕਾਰੀ ਨੀਤੀ ਵਿਚ ਤਬਦੀਲੀ ਅਤੇ ਦਾਖਲੇ ਵਿਚ ਗਿਰਾਵਟ ਦਾ ਹਵਾਲਾ ਦਿੰਦੇ ਹੋਏ ਆਪਣੇ ਦਰਜਨਾਂ ਪ੍ਰੋਗਰਾਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਆਪਣੇ ਸਟਾਫ ਨੂੰ ਘਟਾ ਦਿੱਤਾ ਹੈ। ਸ਼ੈਰੀਡਨ ਕਾਲਜ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਕਿ ਸਾਰੇ ਮੌਜੂਦਾ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਦਾ ਮੌਕਾ ਮਿਲੇਗਾ, ਪਰ ਅਸੀਂ ਅੱਗੇ ਨਵੇਂ ਸਾਲ ਦੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਵਾਂਗੇ। ਬਰੈਂਪਟਨ, ਮਿਸੀਸਾਗਾ ਅਤੇ ਓਕਵਿਲੇ ਵਿਚ ਕੈਂਪਸ ਰੱਖਣ ਵਾਲੇ ਕਾਲਜ ਨੇ ਕਿਹਾ ਕਿ ਕੁਝ ਮੁਅੱਤਲੀਆਂ ਮਈ ਦੇ ਸ਼ੁਰੂ ਵਿਚ ਲਾਗੂ ਹੋਣਗੀਆਂ, ਪਰ ਆਉਣ ਵਾਲੇ ਮਹੀਨਿਆਂ ਤੇ ਸਾਲਾਂ ਵਿਚ ਪ੍ਰੋਗਰਾਮ ਬੰਦ ਹੋ ਜਾਣਗੇ।
ਸ਼ੈਰੀਡਨ ਕਾਲਜ ’ਚ ਮੁਅੱਤਲ ਕੀਤੇ ਜਾ ਰਹੇ ਪ੍ਰੋਗਰਾਮਾਂ ’ਚ ਅਪਲਾਈਡ ਸਾਇੰਸ ਐਂਡ ਟੈਕਨਾਲੋਜੀ ਦੀ ਫੈਕਲਟੀ ’ਚ 13, ਬਿਜ਼ਨਸ ਪ੍ਰੋਗਰਾਮਾਂ ਦੇ 13, ਐਨੀਮੇਸ਼ਨ, ਆਰਟਸ ਅਤੇ ਡਿਜ਼ਾਈਨ ਦੀ ਫੈਕਲਟੀ ’ਚ ਛੇ, ਅਪਲਾਈਡ ਹੈੱਲਥ ਐਂਡ ਕਮਿਊਨਿਟੀ ਸਟੱਡੀਜ਼ ਦੀ ਫੈਕਲਟੀ ’ਚ ਪੰਜ ਅਤੇ ਹਿਊਮੈਨਿਟੀ ਅਤੇ ਸਮਾਜਕ ਵਿਗਿਆਨ ’ਚ ਤਿੰਨ ਪ੍ਰੋਗਰਾਮ ਸ਼ਾਮਲ ਹਨ।
ਇਸ ਸਾਲ ਦੇ ਸ਼ੁਰੂ ’ਚ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਰਿਹਾਇਸ਼ ਦੀ ਘਾਟ ਅਤੇ ਰਹਿਣ ਦੀ ਲਾਗਤ ਦੇ ਜਵਾਬ ’ਚ ਕੌਮਾਂਤਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਘਟਾ ਰਹੀ ਹੈ। ਪਿਛਲੇ ਮਹੀਨੇ ਕੌਂਸਲ ਆਫ ਓਨਟਾਰੀਓ ਯੂਨੀਵਰਸਿਟੀਜ਼ ਨੇ ਕਿਹਾ ਸੀ ਕਿ ਇਸ ਸੀਮਾ ਨਾਲ ਓਨਟਾਰੀਓ ਦੇ ਸਕੂਲਾਂ ਨੂੰ ਲਗਭਗ ਇਕ ਅਰਬ ਡਾਲਰ ਦਾ ਮਾਲੀ ਨੁਕਸਾਨ ਹੋ ਸਕਦਾ ਹੈ।
ਸ਼ੈਰੀਡਨ ਕਾਲਜ ਦੀ ਪ੍ਰੈਜ਼ੀਡੈਂਟ ਜੈਨੇਟ ਮੌਰੀਸਨ ਵੱਲੋਂ ਆਏ ਬਿਆਨ ਅਨੁਸਾਰ ਕਾਲਜ ਦਾ ਅਨੁਮਾਨ ਹੈ ਕਿ ਅਗਲੇ ਸਾਲ 30 ਫੀਸਦੀ ਘੱਟ ਵਿਦਿਆਰਥੀ ਦਾਖਲਾ ਲੈਣਗੇ, ਜਿਸ ਨਾਲ ਮਾਲੀਏ ਵਿਚ ਤਕਰੀਬਨ 1120 ਲੱਕ ਡਾਲਰ ਦੀ ਕਮੀ ਆਵੇਗੀ। ਮੌਰੀਸਨ ਨੇ ਕਿਹਾ ਕਿ 27 ਹੋਰ ਪ੍ਰੋਗਰਾਮਾਂ ਦੀ ਵੀ ਕੁਸ਼ਲਤਾ ਸਮੀਖਿਆ ਕੀਤੀ ਜਾਵੇਗੀ। ਉਨ੍ਹਾ ਕਿਹਾ ਲੰਮੇ ਸਮੇਂ ਤੋਂ ਘੱਟ ਫੰਡਿੰਗ, ਬਦਲਦੀਆਂ ਸਰਕਾਰੀ ਨੀਤੀਆਂ ਅਤੇ ਸਮਾਜਕ, ਤਕਨੀਕੀ ਤੇ ਆਰਥਕ ਵਿਘਨ ਦੇ ਦੌਰਾਨ ਸ਼ੈਰੀਡਨ ਨੂੰ ਵਿੱਤੀ ਤੌਰ ’ਤੇ ਟਿਕਾਊ ਅਤੇ ਜੀਵਤ ਅਦਾਰਾ ਬਣੇ ਰਹਿਣ ਲਈ ਇਹ ਬਦਲਾਅ ਜ਼ਰੂਰੀ ਹਨ।
ਫੈਡਰਲ ਸਰਕਾਰ ਨੇ ਕਿਹਾ ਸੀ ਕਿ 2024 ਲਈ 3,60,000 ਸਟੱਡੀ ਪਰਮਿਟ ਮਨਜ਼ੂਰ ਕੀਤੇ ਜਾਣਗੇ, ਜੋ ਕਿ 2023 ਦੀ ਤੁਲਨਾ ਵਿਚ 35 ਫੀਸਦੀ ਘੱਟ ਹਨ। ਸਤੰਬਰ ’ਚ ਫੈਡਰਲ ਲਿਬਰਲ ਸਰਕਾਰ ਨੇ ਕਿਹਾ ਸੀ ਕਿ ਉਹ ਕੌਮਾਂਤਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ’ਚ ਹੋਰ 10 ਫੀਸਦੀ ਦੀ ਕਟੌਤੀ ਕਰੇਗੀ।
ਪਿਛਲੇ ਮਹੀਨੇ ਸੇਨੇਕਾ ਪੋਲੀਟੈਕਨਿਕ ਨੇ ਐਲਾਨ ਕੀਤਾ ਸੀ ਕਿ ਉਹ ਕੌਮਾਂਤਰੀ ਵਿਦਿਆਰਥੀ ਪਰਮਿਟ ’ਤੇ ਸੀਮਾ ਦੇ ਕਾਰਨ ਆਪਣੇ ਮਾਰਖਮ ਕੈਂਪਸ ਨੂੰ ਅਸਥਾਈ ਤੌਰ ’ਤੇ ਬੰਦ ਕਰ ਰਹੀ ਹੈ।
ਸ਼ੈਰੀਡਨ ਕਾਲਜ ਦੇ ਪ੍ਰੋਫੈਸਰਾਂ, ਲਾਇਬ੍ਰੇਰੀਅਨਾਂ ਅਤੇ ਕੌਂਸਲਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਦੇ ਪ੍ਰੈਜ਼ੀਡੈਂਟ ਅਤੇ ਸ਼ੈਰੀਡਨ ਫੈਕਲਟੀ ਮੈਂਬਰ ਜੈੱਕ ਓਰੋਵਿਟਜ਼ ਨੇ ਕਿਹਾ ਵਿਦਿਆਰਥੀਆਂ ’ਤੇ ਲੱਗੇ ਕੈਪ ਨੇ ਸਮੱਸਿਆ ਨੂੰ ਉਜਾਗਰ ਕੀਤਾ ਹੈ, ਪਰ ਇਸ ਦੇ ਮੂਲ ਵਿੱਚ ਕਈ ਦਹਾਕਿਆਂ ਤੋਂ ਸੂਬਾਈ ਫੰਡਿੰਗ ਵਿਚ ਲਗਾਤਾਰ ਹੋ ਰਹੀ ਕਟੌਤੀ ਵੀ ਜ਼ਿੰਮੇਵਾਰ ਹੈ। ਓਨਟਾਰੀਓ ਵਰਤਮਾਨ ’ਚ ਪ੍ਰਤੀ ਕਾਲਜ ਵਿਦਿਆਰਥੀ ਲਗਭਗ 16 ਫੀਸਦੀ ਫੰਡ ਪ੍ਰਦਾਨ ਕਰਦਾ ਹੈ, ਜੋ ਕਿ ਦੇਸ਼ ਦੇ ਕਿਸੇ ਵੀ ਸੂਬੇ ਨਾਲੋਂ ਸਭ ਤੋਂ ਘੱਟ ਹੈ। ਓਰੋਵਿਟਜ਼ ਨੇ ਕਿਹਾ ਕਿ ਜਦੋਂ ਉਨ੍ਹਾਂ 1980 ਦੇ ਦਹਾਕੇ ’ਚ ਕਾਲਜ ਪ੍ਰਣਾਲੀ ਸ਼ੁਰੂ ਕੀਤੀ ਸੀ, ਤਾਂ ਪ੍ਰਤੀ ਵਿਦਿਆਰਥੀ ਫੰਡਿੰਗ 70 ਫੀਸਦੀ ਦੇ ਬਰਾਬਰ ਸੀ। ਉਨ੍ਹਾ ਕਿਹਾ ਕਿ ਸਿਸਟਮ ਨੂੰ ਬਚਾਉਣ ਦੇ ਹਿੱਸੇ ਵਜੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਲਿਆਂਦਾ ਗਿਆ। 2019 ਵਿਚ ਪੀ ਸੀ ਸਰਕਾਰ ਨੇ ਘਰੇਲੂ ਵਿਦਿਆਰਥੀਆਂ ਲਈ ਫੀਸਾਂ ਨੂੰ ਵੀ 10 ਫੀਸਦੀ ਘਟਾ ਦਿੱਤਾ ਅਤੇ ਉਸ ਫੀਸ ਨੂੰ ਹੁਣ ਤੱਕ ਬਰਕਰਾਰ ਰੱਖਿਆ ਹੈ।
ਓਰੋਵਿਟਜ਼ ਦਾ ਕਹਿਣਾ ਹੈ ਕਿ ਓਨਟਾਰੀਓ ਦੇ ਕਾਲਜਾਂ ’ਤੇ ਵਿੱਤੀ ਦਬਾਅ ਆਖਰਕਾਰ ਸੂਬੇ ਨੂੰ ਪ੍ਰਭਾਵਤ ਕਰੇਗਾ ਅਤੇ ਪੜ੍ਹਾਈ ਖਤਮ ਹੋਣ ਤੋਂ ਤੁਰੰਤ ਬਾਅਦ ਘੱਟ ਗ੍ਰੈਜੂਏਟ ਨੌਕਰੀਆਂ ’ਚ ਸ਼ਾਮਲ ਹੋਣ ਲਈ ਤਿਆਰ ਹੋਣਗੇ। ਓਨਟਾਰੀਓ ਦੇ ਕਾਲਜ ਅਤੇ ਯੂਨੀਵਰਸਿਟੀ ਮੰਤਰਾਲੇ ਦੀ ਤਰਜਮਾਨ ਡੇਨਾ ਸਮੌਕਮ ਨੇ ਕਿਹਾ ਕਿ ਸੂਬਾ ਇਹ ਯਕੀਨੀ ਬਣਾਉਣ ਲਈ ਪੋਸਟ-ਸੈਕੰਡਰੀ ਸੈਕਟਰ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਕਿ ਵਿਦਿਆਰਥੀ ਗ੍ਰੈਜੂਏਟ ਹੋਣ ਤੋਂ ਬਾਅਦ ਚੰਗੀ ਤਨਖਾਹ ਅਤੇ ਉੱਚ ਮੰਗ ਵਾਲੀਆਂ ਨੌਕਰੀਆਂ ਪ੍ਰਾਪਤ ਕਰ ਸਕਣ

ਸਾਂਝਾ ਕਰੋ

ਪੜ੍ਹੋ

ਈਵੀਐੱਮ ਦੀ ਪ੍ਰੋੜ੍ਹਤਾ

ਭਾਰਤ ਵਿੱਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਦੀ ਭਰੋਸੇਯੋਗਤਾ ਅਤੇ ਪ੍ਰਮਾਣਿਕਤਾ...