ਪੁਰਾਣੀ ਪੈਨਸ਼ਨ ਸਕੀਮ ਦੀ ਜ਼ਰੂਰਤ

ਅਜੋਕੇ ਸਮੇਂ ’ਚ ਆਰਥਿਕਤਾ ’ਤੇ ਹੀ ਜੀਵਨ ਦਾ ਚੱਕਰ ਚੱਲਦਾ ਹੈ, ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ’ਚ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਉਹ ਆਪਣੀ ਕਮਾਈ ’ਚੋਂ ਟੈਕਸ ਭਰ ਕੇ ਦੇਸ਼ ਦੀ ਅਰਥ ਵਿਵਸਥਾ ਨੂੰ ਚਲਾਉਣ ’ਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ, ਪਰ ਬੁਢਾਪੇ ’ਚ ਉਨ੍ਹਾਂਦਾ ਆਰਥਿਕ ਢਾਂਚਾ ਵਿਗੜਨ ਲੱਗਦਾ ਹੈ। ਜਿਸ ਦਾ ਵੱਡਾ ਕਾਰਨ ਨਵੀਂ ਪੈਨਸ਼ਨ ਪ੍ਰਣਾਲੀ ਹੈ। ਇਸ ਪ੍ਰਣਾਲੀ ਦੀ ਸਭ ਤੋਂ ਵੱਡੀ ਹਮਾਇਤੀ ਧਿਰ ਕਾਰਪੋਰੇਟ ਜਗਤ ਹੈ। ਕੇਂਦਰ ਸਰਕਾਰ ਨੇ 2004 ’ਚ ਕਾਰਪੋਰੇਟ ਜਗਤ ਦੇ ਇਸ਼ਾਰੇ ’ਤੇ ਵਿੱਤੀ ਬੋਝ ਦਾ ਹਵਾਲਾ ਦਿੰਦੇ ਹੋਏ ਪੁਰਾਣੀ ਪੈਨਸ਼ਨ ਪ੍ਰਣਾਲੀ (ਓਪੀਐੱਸ) ਨੂੰ ਖ਼ਤਮ ਕਰਦੇ ਹੋਏ ਨਵੀਂ ਪੈਨਸ਼ਨ ਪ੍ਰਣਾਲੀ (ਐੱਨਪੀਐੱਸ) ਲਿਆਂਦੀ ਸੀ। ਅੱਜ ਫਿਰ ਮੁਲਾਜ਼ਮ ਵਰਗ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਚੋਣਾਂ ਦੇ ਸਮੇਂ ’ਚ ਇਹ ਮੁੱਦਾ ਕਾਫ਼ੀ ਚਰਚਾ ਦਾ ਵਿਸ਼ਾ ਬਣਦਾ ਹੈ। ਹਿਮਾਚਲ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਝਾਰਖੰਡ ਨੇ ਓਪੀਐੱਸ ਨੂੰ ਲਾਗੂ ਕਰ ਦਿੱਤਾ ਹੈ, ਬਾਕੀ ਸੂਬੇ ਕਮੇਟੀਆਂ ਬਣਾ ਕੇ ਇਸ ਬਾਰੇ ਸੋਚ ਰਹੇ ਹਨ। ਹਾਲਾਂਕਿ ਵੱਡੇ ਕਾਰਪੋਰੇਟ ਘਰਾਣੇ, ਵੱਡੇ ਕਾਰਪੋਰੇਟ ਮੀਡੀਆ ਤੇ ਸਰਕਾਰੀ ਅਰਥਵਿਵਸਥਾ ਦੇ ਮੋਹਰੀ ਆਗੂ ਇਸ ਨੂੰ ਸਰਕਾਰਾਂ ’ਤੇ ਵਿੱਤੀ ਬੋਝ ਦੱਸਦੇ ਹਨ। ਇਸ ਦੇ ਉਲਟ ਆਮ ਤੌਰ ’ਤੇ ਜਿੰਨੀ ਵਾਰ ਨੇਤਾ ਜਿੱਤਦਾ ਹੈ ਓਨੀ ਹੀ ਵਾਰ ਉਹ ਪੈਨਸ਼ਨ ਦਾ ਹੱਕਦਾਰ ਹੁੰਦਾ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਲਈ ਇਕ ਪੈਨਸ਼ਨ ਕਰ ਕੇ ਮਿਸਾਲ ਕਾਇਮ ਕਰ ਦਿੱਤੀ ਹੈ, ਪਰ ਮੁਲਾਜ਼ਮਾਂ ਦੇ ਹੱਕ ’ਚ ਇਸ ਚੰਗੇ ਫ਼ੈਸਲੇ ਦੇ ਆਉਣ ਦੀ ਉਡੀਕ ਜਾਰੀ ਹੈ। ਪੁਰਾਣੀ ਪੈਨਸ਼ਨ ਬਿ੍ਰਟਿਸ਼ ਸਰਕਾਰ ਸਮੇਂ 1857 ਤੋਂ ਸ਼ੁਰੂ ਹੋਈ ਸੀ। ਆਜ਼ਾਦੀ ਤੋਂ ਬਾਅਦ ਵੱਖ-ਵੱਖ ਸਮੇਂ ਇਹ ਸਕੀਮ ਕਾਰਪੋਰੇਟ ਅਤੇ ਸਰਕਾਰਾਂ ਦੀ ਅੱਖ ’ਚ ਰੜਕਦੀ ਰਹੀ। 2004 ’ਚ ਤਾਂ ਇਸ ਸਕੀਮ ਨੂੰ ਬੰਦ ਕਰਕੇ ਐੱਨਪੀਐੱਸ ਨੂੰ ਥੋਪ ਦਿੱਤਾ ਗਿਆ। ਸਰਕਾਰੀ ਵਿਭਾਗਾਂ ’ਚ ਆਪਣਾ ਪੂਰਾ ਜੀਵਨ ਲਾ ਦੇਣ ਤੋਂ ਬਾਅਦ ਰਿਟਾਇਰ ਹੋ ਕੇ ਘਰ ਜਾਣ ’ਤੇ ਅਜੋਕੇ ਸਮੇਂ ’ਚ ਕੁਝ ਨਹੀਂ ਬਚਦਾ। ਕਈ ਸਰਕਾਰੀ ਮੁਲਾਜ਼ਮ ਚੰਗੀ ਤਨਖ਼ਾਹ ਤਾਂ ਲੈਂਦੇ ਹਨ ਪਰ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਚਾਰ ਹਜ਼ਾਰ ਤੋਂ ਛੇ ਹਜ਼ਾਰ ਤੱਕ ਹੀ ਲੱਗਦੀ ਹੈ। ਮੁਲਾਜ਼ਮ ਸੇਵਾਮੁਕਤ ਹੋਣ ਤੋਂ ਬਾਅਦ ਸਿਰਫ਼ ਪੈਨਸ਼ਨ ’ਤੇ ਹੀ ਨਿਰਭਰ ਹੁੰਦਾ ਹੈ, ਸੇਵਾ ਕਾਲ ਸਮੇਂ ਜ਼ਿੰਦਗੀ ਦੇ ਫ਼ਰਜ਼ ਨਿਭਾਉਂਦੇ ਸਾਰੀ ਤਨਖ਼ਾਹ ਚਲੀ ਜਾਂਦੀ ਹੈ। ਸੇਵਾ ਮੁਕਤੀ ’ਤੇ ਮਿਲਦਾ ਹੈ ਐਨਪੀਐੱਸ ਦਾ ਤੋਹਫ਼ਾ। ਇਸ ਦੇ ਉਲਟ ਕਰੋੜਪਤੀ ਨੇਤਾ ਕਈ-ਕਈ ਪੈਨਸ਼ਨਾਂ ਪ੍ਰਾਪਤ ਕਰਦੇ ਹਨ। ਅਜੋਕੇ ਸਮੇਂ ’ਚ ਨੌਕਰੀ ਦੇਰ ਨਾਲ ਮਿਲਣ ਕਾਰਨ ਐੱਨਪੀਐੱਸ ਦੀ ਕਟੌਤੀ ਕਰਦੇ ਹੋਏ ਵੀ ਕੁਝ ਖ਼ਾਸ ਫੰਡ ਇਕੱਤਰ ਨਹੀਂ ਹੁੰਦਾ। 15-20 ਸਾਲ ਦੀ ਨੌਕਰੀ ਤੋਂ ਬਾਅਦ ਬੁਢਾਪੇ ਦੀ ਚਿੰਤਾ ਸ਼ੁਰੂ ਹੋ ਜਾਂਦੀ ਹੈ। ਨਵੀਂ ਪੈਨਸ਼ਨ ਸਕੀਮ ਤੋਂ ਤਾਂ ਕੋਈ ਉਮੀਦ ਕੀਤੀ ਹੀ ਨਹੀਂ ਜਾ ਸਕਦੀ। ਪੁਰਾਣੀ ਪੈਨਸ਼ਨ ਕੋਈ ਖੈਰਾਤ ਨਹੀਂ ਬਲਕਿ ਹੱਕ ਹੈ। ਪੁਰਾਣੀ ਪੈਨਸ਼ਨ ਸਾਰੀ ਉਮਰ ਦੀ ਸੇਵਾ ਦਾ ਮੁੱਲ ਹੁੰਦੀ ਹੈ।

ਸਾਂਝਾ ਕਰੋ

ਪੜ੍ਹੋ