ਇਨਸਾਨ ਹੀ ਨਹੀਂ ਰੋਬੋਟ ਵੀ ਬਣਾ ਰਹੇ ਹਨ ਗਿਨੀਜ਼ ਵਰਲਡ ਰਿਕਾਰਡ, ਜਾਣੋ ਪੂਰੀ ਜਾਣਕਾਰੀ

ਅਕਸਰ ਅਸੀਂ ਸੁਣਦੇ ਹਾਂ ਕਿ ਅੱਜ ਕਿਸੇ ਵਿਅਕਤੀ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ ਪਰ ਹੁਣ ਕੁਝ ਰੋਬੋਟਾਂ ਨੇ ਵੀ ਨਵੇਂ ਰਿਕਾਰਡ ਬਣਾ ਲਏ ਹਨ। ਹਾਲ ਹੀ ਵਿਚ ਗਿਨੀਜ਼ ਵਰਲਡ ਰਿਕਾਰਡਜ਼ ਨੇ ਇਕ ਵੀਡੀਓ ਤਿਆਰ ਕੀਤੀ ਹੈ, ਜਿਸ ਵਿਚ ਰੋਬੋਟ ਦੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਵੀਡੀਓ ਨੂੰ Robots are taking over record-breaking ਟਾਈਟਲ ਨਾਲ ਪੇਸ਼ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਤੁਹਾਨੂੰ ਵਿਸ਼ਵ ਪੱਧਰ ‘ਤੇ ਟੀਮਾਂ ਦੁਆਰਾ ਬਣਾਏ ਗਏ ਵੱਖ-ਵੱਖ ਤਰ੍ਹਾਂ ਦੇ ਰੋਬੋਟ ਦਿਖਾਏ ਗਏ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ। ਸੋਮਵਾਰ ਯਾਨੀ 19 ਫਰਵਰੀ ਨੂੰ ਗਿਨੀਜ਼ ਵਰਲਡ ਰਿਕਾਰਡਜ਼ ਨੇ ਇਕ ਵੀਡੀਓ ਜਾਰੀ ਕੀਤੀ ਹੈ। ਇਸ ‘ਚ ਤੁਹਾਨੂੰ ਰੋਬੋਟ ਇਕੱਠੇ ਡਾਂਸ ਕਰਦੇ ਨਜ਼ਰ ਆਉਣਗੇ, ਜਿਨ੍ਹਾਂ ਨੇ ਨੱਚਣ ਦਾ ਰਿਕਾਰਡ ਬਣਾਇਆ ਹੈ। ਇਹ 1,300 ਤੋਂ ਵੱਧ ਰੋਬੋਟ ਹਨ, ਜੋ ਲਗਾਤਾਰ ਨਾਲ-ਨਾਲ ਡਾਂਸ ਮੂਵ ਨੂੰ ਫਾਲੋ ਕਰ ਰਹੇ ਹਨ। ਵੀਡੀਓ ਵਿਚ ਟੋਇਟਾ ਦਾ ਬਾਸਕਟਬਾਲ ਰੋਬੋਟ ਵੀ ਦਿਖਾਇਆ ਗਿਆ ਹੈ, ਜਿਸ ਨੇ ਕੁਝ ਸਾਲ ਪਹਿਲਾਂ ਇਕ ਹਿਊਮਨਾਈਡ ਰੋਬੋਟ ਦੁਆਰਾ ਸਭ ਤੋਂ ਵੱਧ ਲਗਾਤਾਰ ਬਾਸਕਟਬਾਲ ਫਰੀ ਥ੍ਰੋਅ ਦਾ ਰਿਕਾਰਡ ਕਾਇਮ ਕੀਤਾ ਸੀ। ਇਸ ਨੇ ਬਿਨਾਂ ਕਿਸੇ ਖਰਾਬੀ ਜਾਂ ਬ੍ਰੇਕ ਦੇ ਲਗਾਤਾਰ 6.5 ਘੰਟਿਆਂ ਵਿਚ 2,020 ਸ਼ਾਟ ਲਗਾਏ। ਇਸ ਤੋਂ ਇਲਾਵਾ ਜਾਪਾਨ ਦੇ ਇਕ ਰੋਬੋਟ ਨੇ ਇਕ ਮਿੰਟ ਵਿਚ ਸਭ ਤੋਂ ਵੱਧ ਛਾਲਾਂ ਮਾਰਨ ਦਾ ਰਿਕਾਰਡ ਬਣਾਇਆ ਹੈ। ਇਹ ਰੋਬੋਟ ਇਕ ਪੰਛੀ ਵਰਗਾ ਦਿਸਦਾ ਹੈ, ਜਿਸ ਨੇ ਇਕ ਮਿੰਟ ਵਿਚ 106 ਵਾਰ ਰੱਸੀ ਤੋਂ ਕੁੱਦਣ ਦਾ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਵੀਡੀਓ ਵਿਚ ਤੁਹਾਨੂੰ ਇਕ ਟੇਬਲ ਟੈਨਿਸ ਖੇਡਣ ਵਾਲਾ ਰੋਬੋਟ ਵੀ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਇਕ ਅਜਿਹਾ ਰੋਬੋਟ ਵੀ ਹੈ, ਜੋ ਰੂਬਿਕਸ ਕਿਊਬ ਨੂੰ ਕੁਝ ਹੀ ਸਕਿੰਟਾਂ ‘ਚ ਹੱਲ ਕਰ ਸਕਦਾ ਹੈ। ਗਿਨੀਜ਼ ਵਰਲਡ ਰਿਕਾਰਡ ਦੀ ਇਸ ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਦੋ ਪੈਰਾਂ ਵਾਲੇ ਰੋਬੋਟ ਨੇ ਸਭ ਤੋਂ ਤੇਜ਼ ਦੌੜਨ ਦਾ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਸਭ ਤੋਂ ਵੱਡਾ ਹਿਊਮਨਾਈਡ ਵਾਹਨ ਵੀ ਦਿਖਾਇਆ ਗਿਆ ਹੈ, ਜੋ ਕਿ 27 ਫੁੱਟ ਅਤੇ 9 ਇੰਚ (8.46 ਮੀਟਰ) ਉਚਾਈ ਵਾਲਾ ਹੈ। ਇਸ ਵੀਡੀਓ ਵਿਚ ਤੁਸੀਂ ਇੱਕ ਅਜਿਹਾ ਰੋਬੋਟ ਵੀ ਦੇਖੋਗੇ, ਜਿਸ ਨੇ ਸਭ ਤੋਂ ਤੇਜ਼ ਤੈਰਾਕੀ ਦਾ ਰਿਕਾਰਡ ਬਣਾਇਆ ਹੈ। ਇਸ ਨੇ 165 ਫੁੱਟ (50 ਮੀਟਰ) ਦੀ ਦੂਰੀ 22.16 ਸਕਿੰਟਾਂ ਵਿਚ ਤੈਅ ਕੀਤੀ।

ਸਾਂਝਾ ਕਰੋ

ਪੜ੍ਹੋ