ਆਪਣੀ ਖੂਬਸੂਰਤੀ ਨੂੰ ਨਿਖਾਰਨ ਲਈ ਸਿਰਫ਼ ਚਮੜੀ ਦਾ ਹੀ ਨਹੀਂ, ਵਾਲਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਧੂੜ, ਮਿੱਟੀ ਤੇ ਪ੍ਰਦੂਸ਼ਣ ਕਾਰਨ ਵਾਲ ਬਹੁਤ ਖਰਾਬ ਹੋ ਜਾਂਦੇ ਹਨ। ਇਸ ਕਾਰਨ ਲਗਭਗ ਹਰ ਵਿਅਕਤੀ ਨੂੰ ਡੈਂਡਰਫ, ਵਾਲਾਂ ਦਾ ਝੜਨਾ, ਦੋ ਮੂੰਹੇ ਵਾਲ ਆਦਿ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਲਾਂ ਦੀਆਂ ਇਨ੍ਹਾਂ ਸਮੱਸਿਆਵਾਂ ਕਾਰਨ ਵਾਲ ਪਤਲੇ ਤੇ ਬਹੁਤ ਸੁੱਕੇ ਦਿਖਾਈ ਦਿੰਦੇ ਹਨ ਜੋ ਤੁਹਾਡੀ ਲੁਕ ਨੂੰ ਵਿਗਾੜ ਸਕਦੇ ਹਨ। ਇਸ ਤੋਂ ਇਲਾਵਾ ਵਾਲ ਝੜਨ ਦੀ ਸਮੱਸਿਆ ਕਾਰਨ ਵੀ ਕਈ ਲੋਕ ਤਣਾਅ ਵਿਚ ਰਹਿੰਦੇ ਹਨ। ਇਸ ਲਈ ਵਾਲਾਂ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਵਾਲਾਂ ਨੂੰ ਸਿਹਤਮੰਦ ਬਣਾਉਣ ਲਈ ਡਾਈਟ ‘ਚ ਕੁਝ ਖਾਧ ਪਦਾਰਥਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਜ਼ਰੂਰੀ ਪੋਸ਼ਣ ਮਿਲ ਸਕੇ। ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਦੀ ਮਦਦ ਨਾਲ ਵਾਲਾਂ ਨੂੰ ਸਿਹਤਮੰਦ ਬਣਾਇਆ ਜਾ ਸਕਦਾ ਹੈ।ਵਾਲਾਂ ਨੂੰ ਸਿਹਤਮੰਦ ਰੱਖਣ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ। ਪ੍ਰੋਟੀਨ ਦੀ ਕਮੀ ਕਾਰਨ ਅਕਸਰ ਵਾਲ ਝੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਆਂਡੇ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਵਾਲਾਂ ਨੂੰ ਸਿਹਤਮੰਦ ਅਤੇ ਸੰਘਣਾ ਬਣਾਉਣ ਵਿੱਚ ਮਦਦ ਕਰਦਾ ਹੈ। ਪ੍ਰੋਟੀਨ ਦੇ ਨਾਲ-ਨਾਲ ਇਸ ‘ਚ ਬਾਇਓਟਿਨ ਵੀ ਪਾਇਆ ਜਾਂਦਾ ਹੈ ਜੋ ਕੇਰਾਟਿਨ ਪ੍ਰੋਟੀਨ ਬਣਾਉਣ ‘ਚ ਮਦਦ ਕਰਦਾ ਹੈ। ਕੇਰਾਟਿਨ ਸਿਹਤਮੰਦ ਵਾਲਾਂ ਲਈ ਬਹੁਤ ਜ਼ਰੂਰੀ ਹੈ। ਇਸ ਲਈ ਆਪਣੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਆਪਣੀ ਡਾਈਟ ‘ਚ ਆਂਡਿਆਂ ਨੂੰ ਸ਼ਾਮਲ ਕਰਨਾ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਵਿਟਾਮਿਨ ਈ ਵਾਲਾਂ ਦੇ ਵਾਧੇ ਲਈ ਬਹੁਤ ਜ਼ਰੂਰੀ ਹੈ। ਇਹ ਖੋਪੜੀ ਨੂੰ ਸਿਹਤਮੰਦ ਰੱਖਣ ਲਈ ਵੀ ਬਹੁਤ ਜ਼ਰੂਰੀ ਹੈ। ਬਦਾਮ ਵਿੱਚ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਵਿਚ ਸਿਹਤਮੰਦ ਚਰਬੀ ਤੇ ਜ਼ਿੰਕ ਹੁੰਦੇ ਹਨ ਜੋ ਵਾਲਾਂ ਲਈ ਜ਼ਰੂਰੀ ਹੁੰਦੇ ਹਨ। ਇਸ ਲਈ ਸਿਹਤਮੰਦ ਵਾਲਾਂ ਲਈ ਬਦਾਮ ਖਾਣਾ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ।