ਮਾਨਸਿਕ ਵਿਕਾਰ ਫੋਬੀਆ ਕੀ ਹੁੰਦਾ ਹੈ?/(ਰਵਿੰਦਰ ਚੋਟ)

2018 ਵਿੱਚ ਅਸੀਂ ਕਨੇਡਾ ਵਿੱਚ ਨਿਆਗਰਾ ਫਾਲਜ਼ ਵਿਖੇ ਖੜੇ ਬਹੁਤ ਜੋਰ ਨਾਲ ਡਿੱਗਦੇ ਪਾਣੀ  ਦੀ ਅਵਾਜ਼ ਅਤੇ ਅੰਦਾਜ਼ ਦਾ ਅਨੰਦ ਲੈ ਰਹੇ ਸਾਂ।ਸਾਡੇ ਤੋਂ ਥੋੜੀ ਦੂਰ ਇਕ ਪੰਦਰਾ-ਸੋਲਾਂ ਸਾਲ ਦਾ ਲੜਕਾ ਡਿੱਗਦੇ ਪਾਣੀ ਤੋਂ ਦੂਸਰੇ ਪਾਸੇ ਮੂੰਹ ਕਰਕੇ ਆਪਣੇ ਕੰਨਾਂ ਨੂੰ ਦੋਵੇਂ ਹੱਥਾਂ ਨਾਲ ਢੱਕ ਕੇ ਖੜਾ ਸੀ।ਉਸ ਦੇ ਨਾਲ ਆਏ ਹੋਏ ਤਿੰਨ ਚਾਰ ਬੰਦੇ ਲੜਕੇ  ਨੂੰ ਦੂਰੋਂ ਹੀ ਧਿਆਨ ਨਾਲ ਵੇਖ ਰਹੇ ਸਨ।ਉਹਨਾਂ ਵਿੱਚੋ ਦੋ ਬੰਦੇ ਪੰਜਾਬੀ ਲੱਗ ਰਹੇ ਸਨ ਇਸ ਕਰਕੇ ਸਾਡੀ ਦਿਲਚਸ਼ਪੀ ਹੋਰ ਵੀ ਵੱਧ ਗਈ।ਬੱਚਾ ਡਰਿਆ ਸਹਿਮਿਆ ਲੱਗ ਰਿਹਾ ਸੀ।ਜਦੋ ਲੜਕੇ ਨੂੰ ਉੱਥੋਂ ਲੈ ਕੇ ਤੁਰਨ ਲੱਗੇ ਤਾਂ ਅਸੀਂ ਉਹਨਾਂ ਦੇ ਇਕ ਸਾਥੀ ਨੂੰ ਪਾਸੇ ਕਰ ਕੇ ਪੁਛਿਆ ਕਿ ਲੜਕੇ ਨੂੰ ਕੀ ਹੋਇਆ ਹੈ ਤਾਂ ਉਹ ਕੁੱਝ ਵੀ ਲੜਕੇ ਦੇ ਸਾਹਮਣੇ ਦੱਸਣ ਲਈ ਤਿਆਰ ਨਹੀਂ ਸਨ।ਪਰ ਜਦੋ ਲੜਕਾ ਦੂਰ ਚਲੇ ਗਿਆ ਤਾਂ ਬੋਲੇ ਕਿ ਇਸ ਨੂੰ ਖੁਲ੍ਹੇ/ਵੱਡੇ ਪਾਣੀ ਤੋਂ ਅਤੇ ਪਾਣੀ ਦੀ ਉੱਚੀ ਅਵਾਜ਼ ਤੋਂ ਫੋਬੀਆ ਹੈ।ਇਹ ਸਮੁੰਦਰ ਕੰਢੇ,ਵੱਡੇ ਦਰਿਆ ਕੰਢੇ ਜਾਂ ਇੱਥੇ ਨਿਆਗਰਾ ਫਾਲਜ਼ ਦੇ ਕੰਢੇ ਆ ਕੇ ਚੀਕ ਮਾਰ ਕੇ ਬੇਹੋਸ਼ ਹੋ ਜਾਂਦਾ ਸੀ।ਹੁਣ ਡਾਕਟਰ ਇਸ ਇਲਾਜ ਕਰ ਰਹੇ ਹਨ।ਹਰ ਹਫਤੇ ਕਿਸੇ ਪਾਣੀ ਦੇ ਕੋਲ ਲੈ ਕੇ ਜਾਂਦੇ ਹਨ।ਹੁਣ ਇਹ ਪਾਣੀ ਦੀ ਅਵਾਜ਼ ਤੋਂ ਡਰਨ ਤੋਂ ਹਟ ਗਿਆ ਪਰ ਅਜੇ ਵੀ ਖੁਲ੍ਹੇ ਪਾਣੀ ਨੂੰ ਸਿੱਧਾ ਵੇਖ ਨਹੀ ਸਕਦਾ ਪਰ ਡਾਕਟਰ (ਮਨੋਵਿਗਿਆਨੀ)ਕਹਿੰਦੇ ਹਨ ਕਿ ਇਹ ਕੁੱਝ ਸਮੇਂ ਦੇ ਇਲਾਜ ਬਾਦ ਨਾਰਮਲ ਹੋ ਜਾਵੇਗਾ।

ਅਸਲ ਵਿੱਚ ਮਨੋਵਿਗਿਆਨੀ ਦੱਸਦੇ ਹਨ ਕਿ ਫੌਬੀਆ ਇਕ ਤਰ੍ਹਾਂ ਦਾ ਮਾਨਸਿਕ ਵਿਕਾਰ ਹੈ ਜਿਸ ਵਿੱਚ ਪ੍ਰਾਣੀ ਨੂੰ ਕਿਸੇ ਚੀਜ਼,ਸਥਿਤੀ,ਵਾਤਾਵਰਨ ਆਦਿ ਤੋਂ ਤਰਕ ਵਿਹੂਣਾਂ ਡਰ ਲਗਾਤਾਰ ਲੱਗਦਾ ਹੈ।ਉਸ ਨੂੰ ਇਸ ਡਰ ਦਾ ਕੋਈ ਕਾਰਨ ਸਮਝ ਨਹੀ ਆਉਂਦਾ।ਆਮ ਹਾਲਾਤਾਂ ਵਿੱਚ ਬੰਦਾ ਰੋਜ਼ਾਨਾ ਜ਼ਿੰਦਗੀ ਦੇ ਸਭ ਕੰਮ ਠੀਕ ਢੰਗ ਨਾਲ ਕਰਦਾ ਰਹਿੰਦਾ ਹੈ ਪਰ ਜਦੋਂ ਉਹ ਫੋਬੀਆ ਵਾਲੀ ਚੀਜ਼,ਸਥਿਤੀ ਦੇ ਸਨਮੁੱਖ ਹੁੰਦਾ ਹੈ ਤਾਂ ਉਹ ਡਰ ਕੇ ਬਹੁਤ ਘਬਰਾ ਜਾਂਦਾ ਹੈ, ਕਈ ਵਾਰੀ ਉਸ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ,ਬੇਹੋਸ਼ ਵੀ ਹੋ ਜਾਂਦਾ ਹੈ ਪਰ ਇਹ ਲੱਛਣ ਕੁੱਝ ਸਮੇਂ ਲਈ ਹੀ ਪ੍ਰਗਟ ਹੁੰਦੇ ਹਨ।ਇਸ ਡਰ ਕਾਰਨ ਉਸ ਦੇ ਮਨ ਤੇ ਹਮੇਸ਼ਾ ਚਿੰਤਾਂ ਬਣੀ ਰਹਿੰਦੀ ਹੈ।ਹੌਲੀ ਹੌਲੀ ਉਹ ਉਦਾਸੀ ਰੋਗ ਵਲ ਜਾਣ ਲੱਗਦਾ ਹੈ। ਇਹ ਮਾਨਸਿਕ ਵਿਕਾਰ ਉੱਚੀਆ ਥਾਂਵਾਂ ਤੋਂ,ਬਹੁਤ ਡੂੰਘੀਆ ਥਾਂਵਾਂ ਤੋਂ,ਕਿਸੇ ਖਾਸ ਖੁਸ਼ਬੂ ਜਾਂ ਬਦਬੂ ਤੋਂ,ਕਿਸੇ ਸਬਜ਼ੀ ਜਾਂ ਫਰੂਟ ਤੋਂ,ਸੱਪ ਤੋਂ,ਉੱਚੀ ਗਰਜਣ ਤੋਂ,ਅਸਮਾਨੀ ਬਿਜਲੀ ਦੀ ਲਿਸ਼ਕੋਰ ਤੋਂ,ਰਾਤ ਦੇ ਹਨੇਰੇ ਤੋਂ,ਟੀਕੇ ਦੀ ਸੂਈ ਤੋਂ,ਜ਼ਰਮਾਂ ਤੇ ਰੋਗਾਣੂਆ ਤੋਂ,ਪਸ਼ੂਆ ਅਤੇ ਛੋਟੇ ਮੋਟੇ ਜਾਨਵਰਾਂ ਤੋਂ ਵੀ ਹੋ ਸਕਦਾ ਹੈ।ਇਹ ਵੀ ਦੇਖਿਆ ਗਿਆ ਹੈ ਕਿ 6%ਤੋਂ10% ਲੋਕਾਂ ਨੂੰ ਕੋਈ ਨਾ ਕੋਈ ਫੋਬੀਆ ਜਰੂਰ ਹੁੰਦਾ ਹੈ।ਫੋਬੀਆ ਸ਼ਬਦ ਯੁਨਾਨੀ ਸ਼ਬਦ ਫੋਬਸ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਦੀਰਘ ਡਰ ਜਿਸ ਸਪਸ਼ਟ ਕਾਰਨ ਨਾ ਪਤਾ ਹੋਵੇ।ਆਮ ਕਰਕੇ ਬਚਪਨ ਦੇ ਦੁੱਖਦਾਈ ਅਤੇ ਬੁਰੇ ਤਜ਼ਰਬੇ ਹੀ ਅਗਲੀ ਉਮਰ ਵਿੱਚ ਫੋਬੀਆ ਦਾ ਵਿਕਰਾਲ ਰੂਪ ਧਾਰਦੇ ਹਨ।ਅਠਾਰਵੀਂ ਸਦੀ ਵਿੱਚ ਯੂਰਪ ਦੇ ਮਨੋਵਿਗਿਆਂਨੀਆਂ ਅਤੇ ਮਨੋਚਿਕਤਸਾਂ ਨੇ ਇਸ ਵਿਸ਼ੇ ਤੇ ਖੋਜ ਕਰਨ ਦੀ ਕੋਸ਼ਿਸ਼ ਅਰੰਭੀ ਪਰੰਤੂ ਕੋਈ ਲਾਹੇਬੰਦ ਨਤੀਜੇ ਸਾਹਮਣੇ ਨਾ ਆਏ।ਕਾਪਰ ਪਹਿਲਾ ਮਨੋਵਿਗਿਆਨੀ ਸੀ ਜਿਸ ਨੇ 1846 ਈਸਵੀ ਵਿੱਚ ਦੱਸਿਆ ਕਿ ਫੋਬੀਆ  ਗੰਭੀਰ ਸਮਾਜਿਕ ਡਰ ਹੁੰਦਾ ਹੈ ਜਿਹੜਾ ਕਿ ਕਿਸੇ ਪ੍ਰਾਣੀ ਦੀ ਆਮ ਜ਼ਿੰਦਗੀ ਨੂੰ ਸਹੀ ਤਰ੍ਹਾਂ ਨਹੀ ਚਲਣ ਦਿੰਦਾ।

ਬਹੁਤ ਸਾਰੇ ਲੋਕਾਂ ਨੂੰ ਸਮਾਜਿਕ ਫੋਬੀਆਂ ਹੁੰਦਾ ਹੈ।ਉਹ ਸਮਾਜਿਕ ਇਕੱਠਾਂ,ਮੀਟਿੰਗਾਂ ਅਤੇ ਭੀੜ ਵਾਲੀਆਂ ਥਾਂਵਾਂ ਤੇ ਜਾਣ ਤੋਂ ਆਸਧਾਰਨ ਤੌਰ ਤੇ ਡਰਦੇ ਹਨ।ਉਹ ਇਹੋ ਜਿਹੀਆਂ ਥਾਂਵਾਂ ਤੇ ਲੋਕਾਂ ਨਾਲ ਸਹੀ ਤਰ੍ਹਾਂ ਗੱਲ ਬਾਤ ਨਹੀ ਕਰ ਸਕਦੇ,ਉਹਨਾਂ ਨੂੰ ਬੇਲੋੜਾ ਪਸੀਨਾ ਆਉਦਾ ਹੈ,ਦਿਲ ਦੀ ਧੜਕਣ ਵੱਧ ਜਾਂਦੀ ਹੈ।ਉਹ ਦੂਸਰਿਆ ਨਾਲ ਅੱਖਾਂ ਨਾਲ ਅੱਖਾਂ ਮਿਲਾ ਕੇ ਗੱਲ ਨਹੀ ਕਰ ਸਕਦੇ,ਗੱਲ ਕਰਦੇ ਸਮੇਂ ਜੁਬਾਨ ਥਥਲਾ ਜਾਂਦੀ ਹੈ,ਕਈ ਵਾਰੀ ਹੱਥਾਂ-ਪੈਰਾਂ ਵਿੱਚ ਕੰਬਣੀ ਛਿੜ ਜਾਂਦੀ ਹੈ।ਸਟੇਜ ਤੇ ਬੋਲਣ ਵੇਲੇ ਸਭ ਕੁਝ ਭੁਲ ਜਾਂਦਾ ਹੈ।ਉਹਨਾਂ ਨੂੰ ਸ਼ਕ ਹੋਣ ਲੱਗਦਾ ਹੈ ਕਿ ਆਲੇ ਦੁਆਲੇ ਸਾਰੇ ਲੋਕ ਉਹਨਾਂ ਬਾਰੇ ਹੀ ਗੱਲਾਂ ਕਰ ਰਹੇ ਹਨ।ਉਸ ਦੇ ਪਹਿਰਾਵੇ ਦੇ ਨੁਕਸ ਕੱਢ ਰਹੇ ਹਨ। ਇਹੋ ਜਿਹੇ ਡਰ ਆਮ ਕਰਕੇ ਬਚਪਨ ਤੋਂ ਹੀ ਸੁਰੂ ਹੋ ਜਾਂਦੇ ਹਨ।ਉਹਨਾਂ ਦੀ ਜੀਵਨ ਸ਼ੈਲੀ ਅਸੰਤੁਲਤ ਹੋ ਜਾਂਦੀ ਹੈ। ਇਹ ਸ਼ਮੱਸਿਆ ਆਮ ਕਰਕੇ ਨਵੇਂ ਅਧਿਆਪਕਾਂ,ਵੱਡੇ ਕਲਾਕਾਰਾਂ ਅਤੇ ਗਾਇਕਾਂ ਵਿੱਚ ਵੀ ਦੇਖੀ ਗਈ ਹੈ।ਇਹ ਸਮੱਸਿਆ 9% ਬੱਚਿਆਂ ਵਿੱਚ ਅਤੇ 12% ਜਵਾਨਾਂ ਵਿੱਚ ਨੋਟ ਕੀਤੀ ਗਈ ਹੈ।ਪਰ ਲੰਬੇ ਅਭਿਆਸ ਨਾਲ ਇਸ ਤੇ ਕਾਬੂ ਪਾਇਆਂ ਜਾ ਸਕਦਾ ਹੈ।

ਫੋਬੀਆ ਦੀ ਦੂਸਰੀ ਮੁੱਖ ਕਿਸਮ ਐਗਰੋਫੋਬੀਆ ਹੈ ਜਿਸ ਵਿੱਚ ਮਰੀਜ਼ ਵਿਆਕਤੀ ਹਮੇਸ਼ਾ ਅਜਿਹੀ ਸਥਿਤ ਤੋਂ ਡਰਦਾ ਹੈ ਜਿਥੋਂ ਬਾਹਰ ਨਿਕਲਣਾ ਔਖਾ ਹੋਵੇ ਜਿਵੇ ਭੀੜ,ਬਸ,ਰੇਲ ਗੱਡੀ ਜਾਂ ਲਿਫਟ ਆਦਿ।ਜੇ ਕਰ ਇਹੋ ਜਿਹੇ ਵਿਆਕਤੀ ਨੂੰ ਇਹੋ ਜਿਹੀ ਥਾਂ ਤੇ ਜਾਣਾ ਪੈ ਜਾਵੇ ਤਾਂ ਉਸ ਦੇ ਹੱਥ-ਪੈਰ ਕੰਬਣ ਲੱਗਦੇ ਹਨ ਤੇ ਕਈ ਵਾਰੀ ਹੱਥਾਂ-ਪੈਰਾਂ ਤੇ ਸੋਜ਼ ਪੈ ਜਾਂਦੀ ਹੈ।ਸਾਹ ਦੀ ਗਤੀ ਤੇਜ਼ ਹੋ ਜਾਂਦੀ ਹੈ,ਪਸੀਨਾ ਆ ਜਾਂਦਾ ਹੈ।ਕਈ ਵਾਰੀ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ,ਮੂੰਹ ਸੁਕਦਾ ਹੈ ਅਤੇ ਕਈ ਵਾਰੀ ਵਿਆਕਤੀ ਬੇਹੋਸ਼ ਵੀ ਹੋ ਜਾਂਦੇ ਹਨ।ਇਹ ਵੀ ਦੇਖਿਆ ਗਿਆ ਹੈ ਕਿ ਇਹ ਵਿਕਾਰ ਆਮ ਕਰਕੇ ਔਰਤਾ ਵਿੱਚ ਜ਼ਿਆਦਾ ਹੁੰਦਾ ਹੈ।  ਤੀਸਰੀ ਕਿਸਮ ਦੇ ਖਾਸ ਫੋਬੀਆ ਵਿੱਚ ਵਿਆਕਤੀ  ਛੋਟੇ ਛੋਟੇ ਜਾਨਵਰ ਜਿਵੇ ਕਾਕਰੋਚਾਂ ਤੋਂ,ਬਿਲੀਆਂ-ਕੁੱਤਿਆਂ ਤੋਂ,ਕਿਰਲੀਆਂ ਤੋਂ ਡਰਨਾ,ਹਨੇਰੇ ਤੋਂ ਡਰਨਾ,ਤੇਜ਼ ਰੌਸ਼ਨੀ ਤੋਂ ਡਰਨਾ,ਉੱਚੀਆਂ ਇਮਾਰਤਾਂ ਤੋਂ ਡਰਨਾ,ਵਗਦਾ ਖੂਨ ਵੇਖ ਕੇ ਬੇਹੋਸ਼ ਜਾਣਾ,ਉੱਚੀ ਥਾਂ ਤੋਂ ਹੇਠਾਂ ਵਲ ਵੇਖ ਕੇ ਘਬਰਾ ਜਾਣਾ ਵੀ ਇਸੇ ਫੋਬੀਆ ਹੇਠ ਆਉਂਦਾ ਹੈ।ਇਹ ਸਾਰੇ ਆਮ ਡਰ ਨਹੀ ਹਨ ਸਗੋ ਦੀਰਘ ਡਰ ਹਨ ਜਿਹੜੇ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੰਤੁਲਤ  ਚਲਣ ਵਿੱਚ ਮੁਸ਼ਕਲ ਪੈਦਾ ਕਰਦੇ ਹਨ।

ਜੇ ਕਰ ਅਸੀਂ ਫੋਬੀਆਜ਼ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਵਿੱਚ ਖਾਨਦਾਨੀ ਲਾਗ ਵੀ ਕਈ ਵਾਰੀ ਵੱਡਾ ਰੋਲ ਅਦਾ ਕਰਦੀ ਹੈ।ਜੇਕਰ ਸਾਡੇ ਵੱਡਿਆ ਨੂੰ ਕਿਸੇ ਤਰ੍ਹਾਂ ਦਾ ਫੋਬੀਆ ਜਾਂ ਕੋਈ ਹੋਰ ਮਾਨਸਿਕ ਰੋਗ ਰਿਹਾ ਹੋਵੇ ਤਾਂ ਅਗਲੀਆਂ ਪੀਹੜੀਆਂ ਨੂੰ ਵੀ ਉਹੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।ਇੱਥੇ ਇਹ ਗੱਲ ਇਕ ਛੋਟੀ ਜਿਹੀ ਕਹਾਣੀ ਨਾਲ ਸਮਝੀ ਜਾ ਸਕਦੀ ਹੈ।ਕੋਈ ਆਦਮੀ ਕਿਸੇ ਊਠਾਂ ਦੇ ਵਪਾਰੀ ਕੋਲੋ ਇਕ ਊਠਣੀ ਖਰੀਦ ਕੇ ਲੈ ਗਿਆ। ਅਜੇ ਉਹ ਰਸਤੇ ਵਿੱਚ ਲੈ ਕੇ ਜਾ ਰਿਹਾ ਸੀ,ਅਗੇ ਇਕ ਪਾਣੀ  ਦਾ ਚੋਅ ਵਗ ਰਿਹਾ ਸੀ। ਪਾਣੀ ਵੇਖ ਕੇ ਊਠਣੀ ਪਾਣੀ ਦੇ ਕੰਢੇ ਤੇ ਹੀ ਬੈਠ ਗਈ।ਬਹੁਤ ਕੋਸ਼ਿਸ਼ ਕੀਤੀ ਗਈ ਕਿ ਊਠਣੀ ਪਾਣੀ ਦੇ ਵਿੱਚੋ ਲੰਘ ਜਾਵੇ ਪਰ ਉਹ ਉਸਨੇ ਪਾਣੀ ਵਿੱਚੋ ਲੰਘਣ ਤੋਂ ਇਨਕਾਰ ਕਰ ਦਿਤਾ। ਉਹ ਕੰਢੇ ਤੇ ਹੀ ਬੈਠ ਗਈ,ਜਿਵੇਂ ਉਹ ਪਾਣੀ ਤੋਂ ਬਹੁਤ ਡਰ ਗਈ ਹੋਵੇ।ਖਰੀਦਦਾਰ ਮੁੜ ਊਠਾ ਦੇ ਵਪਾਰੀ ਕੋਲ ਊਠਣੀ ਲੈ ਕੇ ਵਾਪਿਸ ਆ ਗਿਆ ਤੇ ਉਸ ਨੇ ਪੁਛਿਆ ਕਿ ਇਹ ਤਾਂ ਪਾਣੀ ਤੋਂ ਡਰਦੀ ਹੈ।ਤਾਂ ਵਪਾਰੀ ਨੇ ਦੱਸਿਆ ਕਿ ਮੈਂ ਦੱਸਣਾ ਭੁੱਲ ਗਿਆ ਸੀ ਕਿ ਇਸ ਦੀ ਮਾਂ ਵੀ ਪਾਣੀ ਤੋਂ ਬਹੁਤ ਡਰਦੀ ਸੀ।ਉਹ ਵੀ ਪਾਣੀ ਵਿੱਚ ਨਹੀਂ ਵੜਦੀ ਸੀ.-ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਇਸ ਦੀ ਮਾਂ ਦੀ ਮਾਂ ਵੀ ਬਹਤ ਵੱਡੇ ਪਾਣੀ ਤੋਂ ਡਰਦੀ ਸੀ।ਇਸੇ ਤਰ੍ਹਾਂ ਮਨੁੱਖਾਂ ਵਿੱਚ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ/ਫੋਬੀਏ ਵੀ ਖਾਨਦਾਨਾਂ ਵਿੱਚ ਅੱਗੇ ਤੋਂ ਅੱਗੇ ਚਲਦੀਆਂ ਹਨ। ਇਹ ਬੀਮਾਰੀਆਂ ਸਾਡੇ ਜੀਨਜ਼ ਰਾਹੀ ਅਗਲੀਆਂ ਪੀਹੜੀਆਂ ਨੂੰ ਪਹੁੰਚ ਜਾਂਦੀਆਂ ਹਨ।ਸਾਡੇ ਅਚੇਤ ਮਨ ਵਿੱਚ ਸਾਡੀਆਂ ਬੀਤ ਗਈਆ ਪੀਹੜੀਆਂ ਦਾ ਡਾਟਾ ਭਰਿਆ ਤੇ ਸਾਭਿਆ ਰਹਿੰਦਾ ਹੈ।ਇਹ ਸਾਰਾ ਡਾਟਾ ਸਮੇਂ ਸਮੇਂ ਸਾਡੇ ਵਰਤਾਰੇ ਨੂੰ ਪ੍ਰਭਾਵਤ ਕਰਦਾ ਰਹਿੰਦਾ ਹੈ।ਇਸ ਵਿੱਚ ਪਏ ਮਾਨਸਿਕ ਵਿਕਾਰ ਵੀ ਉਘੜਦੇ ਰਹਿੰਦੇ ਹਨ।

ਫੌਬੀਆਂ ਦੇ ਕੁੱਝ ਕਾਰਨ ਮਾਨਸਿਕ ਵੀ ਹੁੰਦੇ ਹਨ।ਰੋਜ਼ਾਨਾ ਜ਼ਿੰਦਗੀ ਵਿੱਚ ਸਾਡੇ ਚੇਤਨ ਮਨ ਨੂੰ ਬਹੁਤ ਸਾਰੇ ਗਮ ਤੇ ਚਿੰਤਾਵਾਂ ਘੇਰੀ ਰੱਖਦੀਆਂ ਹਨ।ਕੁੱਝ ਹੱਦ ਤਕ ਸਾਡਾ ਚੇਤਨ ਮਨ ਇਹਨਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਜਦੋ ਬਹੁਤੇ ਗਮਾਂ ਦਾ ਭਾਰ ਇਸ ਤੋਂ ਨਾ ਚੁੱਕ ਹੋਵੇ ਤਾਂ ਚੇਤਨ ਮਨ ਆਪਣਾ ਭਾਰ ਹੌਲਾ ਕਰਨ ਲਈ ਇਹਨਾਂ ਚਿੰਤਾਵਾਂ ਨੂੰ ਅਚੇਤਨ ਮਨ ਵਲ ਧੱਕਣ ਦੀ ਕੋਸ਼ਿਸ਼ ਕਰਦਾ ਹੈ ਤੇ ਆਪਣੀ ਅਸਾਂਤੀ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।ਜੇਕਰ ਉਹ ਇਸ ਤਰ੍ਹਾਂ ਕਰਨ ਵਿੱਚ ਸਫਲ ਨਹੀ ਹੁੰਦਾ ਤਾਂ ਉਹੀ ਡਰ ਜਾਂ ਚਿੰਤਾ ਫੋਬੀਏ ਦਾ ਰੂਪ ਧਾਰ ਲੈਂਦੀ ਹੈ।ਮਾਨਸਿਕ ਵਿਕਾਰ ਪੈਦਾ ਕਰਨ ਵਿੱਚ ਸਾਡਾ ਆਲਾ-ਦੁਆਲਾ,ਮਾਂ-ਪਿਓ ਤੋਂ ਬੱਚੇ ਦਾ ਦੂਰ ਰਹਿਣਾ,ਘਰ ਦਾ ਮਹੌਲ ਸਕਾਰਆਤਮਕ ਨਾ ਹੋਣਾ,ਸਮਾਜਿਕ ਤੇ ਧਾਰਮਿਕ ਅਵਿਗਿਆਨਕ ਵਿਸ਼ਵਾਸ਼ਾਂ ਦੀ ਕੱਟੜਤਾ ਆਦਿ ਮਾਨਸਿਕ ਵਿਕਾਰ ਜਾਂ ਫੋਬੀਆ ਪੈਦਾ ਕਰਨ ਵਿੱਚ ਵੱਡਾ ਰੋਲ ਅਦਾ ਕਰਦੇ ਹਨ।

ਫੋਬੀਆ ਦੇ ਇਲਾਜ਼ ਲਈ ਆਮ ਕਰਕੇ ਤਿੰਨ ਸਾਧਨ ਵਰਤੇ ਜਾਂਦੇ ਹਨ।ਪਹਿਲਾ-ਵਿਵਹਾਰਕ ਥੈਰੇਪੀ-ਮਰੀਜ਼ ਦੇ ਫੋਬੀਆਜ਼ ਦਾ ਨਿਰੀਖਣ ਕਰਕੇ ਲਿਸਟ ਬਣਾਈ ਜਾਂਦੀ ਹੈ। ਫਿਰ ਇਕ ਇਕ ਤੇ ਕੰਮ ਕੀਤਾ ਜਾਂਦਾ ਹੈ।ਜਿਸ ਚੀਜ਼,ਥਾਂ ਜਾਂ  ਹਾਲਾਤ ਤੋਂ ਮਰੀਜ਼ ਡਰਦਾ ਹੋਵੇ ਉਸ ਨੂੰ ਵਾਰ ਵਾਰ ਉੱਥੇ ਲਿਜਾਇਆ ਜਾਂਦਾ ਹੈ।ਮਨੋਵਿਗਿਆਨਕ ਢੰਗ ਨਾਲ ਮਰੀਜ਼ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ।ਇਸ ਤਰ੍ਹਾਂ ਹੌਲੀ ਹੌਲੀ ਡਰ ਚੁੱਕਿਆ ਜਾਂਦਾ ਹੈ।ਇਹ ਪ੍ਰਕਿਰਿਆ ਲੰਬੇ ਸਮੇਂ ਲਈ ਦੁਹਰਾਈ ਜਾਂਦੀ ਹੈ।ਦੂਸਰਾ ਇਲਾਜ਼ ਕੋਰਾਨਿਇਵ ਥੇਰੈਪੀ ਹੈ ਜਿਸ ਵਿੱਚ ਨਾਕਾਰਆਤਮਕ ਵਿਚਾਰਾਂ ਨੂੰ ਸਾਕਾਰਆਤਮਕ ਵਿਚਾਰਾਂ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੇ।ਇਹ ਕੰਮ ਮਨੋਵਿਗਿਆਨੀ ਹੀ ਕਰ ਸਕਦੇ ਹਨ।ਉਹ ਹਿਪਨੋਟਾਈਜ਼ ਕਰ ਕੇ ਡਰ ਦਾ ਮੁੱਖ ਕਾਰਨ ਲੱਭ ਕੇ ਫੋਬੀਆ ਨੂੰ ਜੜੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ।ਤੀਸਰਾ ਇਲਾਜ਼ ਮਨੋ-ਚਕਿਤਸਕ ਦਵਾਈਆਂ ਨਾਲ ਕਰਦੇ ਹਨ। ਕਿਉਂਕਿ ਫੋਬੀਆ ਵੀ ਇਕ ਚਿੰਤਾਂ ਰੋਗ ਹੀ ਹੈ।ਦਵਾਈਆ ਆਮ ਕਰਕੇ ਐਂਟੀ-ਡੀਪਰੈਸਿੰਟ ਹੀ ਹੁੰਦੀਆਂ ਹਨ,ਇਸ ਲਈ ਡਾਕਟਰ ਦੀ ਸਲਾਹ ਨਾਲ ਹੀ ਲੈਣੀਆ ਚਾਹੀਦੀਆ ਹਨ।ਆਪਣੇ ਆਪ ਹੀ ਕਮੈਸਿਟ ਤੋਂ ਲੈ ਕੇ ਨਹੀਂ ਖਾਣੀਆ ਚਾਹੀਦੀਆ।ਦਵਾਈਆਂ ਨਾਲ ਆਪ ਹੁੱਦਰੀ ਕਰ ਕੇ ਕਈ ਵਾਰੀ ਮਰੀਜ਼ ਖਤਰਨਾਕ ਖਤਰੇ ਸਹੇੜ ਲੈਂਦੇ ਹਨ।

ਫੋਬੀਆ ਇਕ ਸਧਾਰਨ ਰੋਗ ਹੈ ਜਿਸ ਤੇ ਅਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ। ਇਸ ਰੋਗ ਤੋਂ ਘਬਰਾ ਕੇ ਹੋਰ ਗੰਭੀਰ ਮਾਨਸਿਕ ਰੋਗ ਨਹੀ ਸਹੇੜਨੇ ਚਾਹੀਦੇ ਕਿਉਂਕਿ ਫੋਬੀਆ ਬਾਰੇ ਜ਼ਿਆਦਾ ਡੂੰਘਾ ਸੋਚਣ ਨਾਲ ਕਈ ਵਾਰੀ ਪੈਨਿਕ ਅਟੈਕ ਵੀ ਆਉਣ ਲੱਗਦੇ ਹਨ,ਬੀ.ਪੀ.ਵੱਧ ਜਾਂਦਾ ਹੈ ਅਤੇ ਘੋਰ ਚਿੰਤਾ ਰੋਗ ਵੀ ਸ਼ੁਰੂ ਹੋ ਸਕਦਾ ਹੈ।ਇਸ ਦੇ ਇਲਾਜ਼ ਵਿੱਚ ਡਾਕਟਰ ਮਦਦ ਕਰ ਸਕਦੇ ਹਨ ਉੱਥੇ ਘਰ ਵਿੱਚ ਰਹਿਣ ਵਾਲੇ ਹੋਰ ਪਰਵਾਰਿਕ ਮੈਂਬਰ ਬਹੁਤ ਮਦਦ ਕਰ ਸਕਦੇ ਹਨ।ਮਰੀਜ਼ ਨੂੰ ਵਧੀਆ ਸੁਖਾਵਾਂ ਮਹੌਲ ਮਿਲਣਾ ਚਾਹੀਦਾ ਹੈ।ਫੋਬੀਆ ਨੂੰ ਬਹੁਤ ਖਤਰਨਾਕ ਰੋਗ ਬਣਾ ਕੇ ਮਰੀਜ਼ ਅੱਗੇ ਪੇਸ਼ ਨਹੀ ਕਰਨਾ ਚਾਹੀਦਾ ਸਗੋ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਸਧਾਰਨ ਗੱਲ ਹੈ ਅਤੇ ਅਰਾਮ ਨਾਲ ਠੀਕ ਹੋ ਸਕਦਾ ਹੈ।ਮਰੀਜ਼ ਨੂੰ ਦੱਸਣ ਦੀ ਲੋੜ ਹੈ ਕਿ ਬਹੁਤ ਸਾਰੇ ਵੱਡੇ ਕਲਾਕਾਰ,ਸੰਗੀਤਕਾਰ,ਅਭਿਨੇਤਾ,ਨਿਰਦੇਸ਼ਕ ਅਤੇ ਕਈ ਵੱਡੇ ਖਿਡਾਰੀ ਵੀ ਫੋਬੀਆ ਦੇ ਸ਼ਿਕਾਰ ਰਹੇ ਹਨ ਪਰ ਉਹਨਾਂ ਨੇ ਠੀਕ ਹੋ ਕੇ ਬਹੁਤ ਮਹੱਤਵ ਪੂਰਨ ਪ੍ਰਾਪਤੀਆਂ ਕੀਤੀਆ। ਬਰਬਰਾ ਸਟਰੀਸੈਂਡ ਜਿਹੜੀ ਕਿ ਮਸ਼ਹੂਰ ਗਾਇਕਾ ਤੇ ਨਿਰਦੇਸ਼ਕਾ ਸੀ ਵੀ ਸਮਾਜਿਕ ਫੋਬੀਆ ਦੀ ਸ਼ਿਕਾਰ ਸੀ ਜਿਸ ਕਾਰਨ ਉਹ 27 ਸਾਲ ਤਕ ਸਟੇਜ ਤੇ ਬੋਲਣ ਦੀ ਹਿੰਮਤ ਨਾ ਕਰ ਸਕੀ ਪਰ ਜਦੋ ਉਸ ਨੇ ਇਸ ਤੇ ਕੰਟਰੋਲ ਕਰ ਲਿਆ ਤਾਂ ਸਟੇਜ ਤੇ ਲੋਕਾਂ ਨੂੰ ਕੀਲ ਕੇ ਬੈਠਾ ਸਕਦੀ ਸੀ।ਡੋਨੀ ਓਸਮੰਡ ਅਤੇ ਸਰ ਲਾਰੈਂਸ ੳਲਿਵਰ ਵੀ ਇਸੇ ਮਨੋ ਵਿਕਾਰ ਦਾ ਸ਼ਿਕਾਰ ਸਨ।ਪਰ ਸਭ ਨੇ ਇਸ ਤੇ ਕਾਬੂ ਪਾਇਆ ਅਤੇ ਆਪਣੇ ਆਪਣੇ ਖੇਤਰ ਵਿੱਚ ਨਾਮਣਾ ਖੱਟਿਆ। ਸੂਜੀ.ਓ.ਨੀਲ ਨੇ ਤੈਰਾਕੀ ਵਿੱਚ ਰਾਸ਼ਟਰ ਮੰਡਲ ਖੇਡਾਂ ਵਿੱਚ ਸੋਨ ਤਗਮਾ ਪ੍ਰਾਪਤ ਕੀਤਾ ਪਹਿਲਾਂ ਜਿਸ ਨੂੰ ਪਾਣੀ ਤੋ ਫੋਬੀਆ ਸੀ।ਆਸਕਰ ਅਵਾਰਡ ਜੇਤੂ ਅਭਿਨੇਤਾ ਕਿਮ ਬਸਿੰਗਰ ਜੋ ਕਿ ਸਟੇਜ ਫੋਬੀਆ ਦਾ ਸ਼ਿਕਾਰ ਸੀ ਪਰ ਬਾਅਦ ਵਿੱਚ ਉਸ ਨੇ ਇਸ ਤੇ ਕਾਬੂ ਪਾ ਲਿਆ ਸੀ ਅਤੇ ਆਸਕਰ ਅਵਾਰਡ ਵੀ ਪ੍ਰਾਪਤ ਕੀਤਾ।ਹਰਕੁਲੀਜ਼ ਪਾਣੀ ਤੋਂ ਬਹੁਤ ਡਰਦਾ ਸੀ।ਨਿਪੋਲੀਅਨ ਖੁਲ੍ਹੇ ਦਰਵਾਜਿਆਂ ਤੋਂ ਬਹਤ ਡਰਦਾ ਸੀ।ਇਹਨਾਂ ਸਭਨਾਂ ਨੇ ਆਪਣੇ ਆਪਣੇ ਡਰ ਤੇ ਕਾਬੂ ਪਾ ਲਿਆ ਸੀ।

ਰਵਿੰਦਰ ਚੋਟ/9872673703

   246,ਅਰਬਨ ਐਸਟੇਟ ਫਗਵਾੜਾ। 

 

 

 

ਸਾਂਝਾ ਕਰੋ

ਪੜ੍ਹੋ