ਆਸਟਰੇਲੀਆ ਵਿਰੁਧ ਛੇਵਾਂ ਵਿਸ਼ਵ ਕੱਪ ਖਿਤਾਬ ਜਿੱਤਣ ਲਈ ਤਿਆਰ ਭਾਰਤੀ ਨੌਜੁਆਨ ਜਾਂਬਾਜ਼

ਭਾਰਤ ਦੇ 18 ਅਤੇ 19 ਸਾਲ ਦੇ ਨੌਜੁਆਨ ਕ੍ਰਿਕਟਰ ਐਤਵਾਰ ਨੂੰ ਇੱਥੇ ਆਸਟਰੇਲੀਆ ਵਿਰੁਧ ਫਾਈਨਲ ਜਿੱਤ ਕੇ ਰੀਕਾਰਡ ਛੇਵਾਂ ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਖਿਤਾਬ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ, ਜਿਸ ਤੋਂ ਬਾਅਦ ਕੁੱਝ ਦੇ ਕਰੀਅਰ ਨੂੰ ਉਡਾਣ ਭਰਨ ਦਾ ਮੌਕਾ ਮਿਲੇਗਾ ਜਦਕਿ ਕੁੱਝ ਗੁੰਮਨਾਮੀ ’ਚ ਡੁੱਬ ਜਾਣਗੇ। ਪਿਛਲੇ ਸਾਲ 19 ਨਵੰਬਰ ਨੂੰ ਆਸਟਰੇਲੀਆ ਦੀ ਟੀਮ ਨੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਸੀਨੀਅਰ ਭਾਰਤੀ ਟੀਮ ਨੂੰ ਵਿਸ਼ਵ ਪੱਧਰ ’ਤੇ ਰੁਆਇਆ ਸੀ, ਜਿਸ ਤੋਂ ਬਾਅਦ ਉਦੈ ਸਹਾਰਨ ਦੀ ਅਗਵਾਈ ਵਾਲੀ ਟੀਮ ਲਈ ਆਸਟਰੇਲੀਆ ਦੀ ਅੰਡਰ-19 ਟੀਮ ਨੂੰ ਹਰਾ ਕੇ ਖਿਤਾਬ ਜਿੱਤਣਾ ਖੁਸ਼ੀ ਦੀ ਗੱਲ ਹੋਵੇਗੀ। ਕਪਤਾਨ ਸਹਾਰਨ ਨੇ ਹਾਲ ਹੀ ’ਚ ਦਿਤੇ ਇਕ ਇੰਟਰਵਿਊ ’ਚ ਬੇਨੋਨੀ ਤੋਂ ਕਿਹਾ, ‘‘ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਆਸਟਰੇਲੀਆ ਜਾਂ ਪਾਕਿਸਤਾਨ ਫਾਈਨਲ ’ਚ ਹਨ। ਅਸੀਂ ਵਿਰੋਧੀ ਟੀਮ ’ਤੇ ਧਿਆਨ ਨਹੀਂ ਦੇ ਰਹੇ ਅਤੇ ਅਪਣੀ ਖੇਡ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਅਸੀਂ ਮੈਚ-ਦਰ-ਮੈਚ ਰਣਨੀਤੀ ਬਣਾਈ ਹੈ ਅਤੇ ਹਰ ਮੈਚ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ।’’ ਇਹ ਪੁੱਛੇ ਜਾਣ ’ਤੇ ਕਿ ਕੀ ਆਸਟਰੇਲੀਆ ਤੋਂ ਬਦਲਾ ਲੈਣਾ ਉਨ੍ਹਾਂ ਦੇ ਦਿਮਾਗ਼ ’ਤੇ ਹੋਵੇਗਾ, ਕਿਉਂਕਿ ਸੀਨੀਅਰ ਟੀਮ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਫਾਈਨਲ ’ਚ ਉਨ੍ਹਾਂ ਤੋਂ ਹਾਰ ਗਈ ਸੀ, ਉਨ੍ਹਾਂ ਕਿਹਾ, ‘‘ਅਜਿਹਾ ਕੁੱਝ ਨਹੀਂ ਸੋਚ ਰਿਹਾ। ਅਸੀਂ ਅਪਣੀ ਖੇਡ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਅਤੇ ਸਾਨੂੰ ਅਪਣਾ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ। ਸਥਿਤੀ ਦੇ ਹਿਸਾਬ ਨਾਲ ਮੈਚ ਖੇਡੇ ਜਾ ਰਹੇ ਹਨ। ਹਰ ਮੈਚ ਮਹੱਤਵਪੂਰਨ ਹੈ ਕਿਉਂਕਿ ਇਹ ਵਿਸ਼ਵ ਕੱਪ ਹੈ ਅਤੇ ਸਾਰੀਆਂ ਟੀਮਾਂ ਚੰਗੀਆਂ ਹਨ।’’ ਆਸਟਰੇਲੀਆ ਦੇ ਕਪਤਾਨ ਹਿਊ ਵੈੱਬਗਨ, ਸਲਾਮੀ ਬੱਲੇਬਾਜ਼ ਹੈਰੀ ਡਿਕਸਨ, ਤੇਜ਼ ਗੇਂਦਬਾਜ਼ ਟੌਮ ਸਟ੍ਰੇਕਰ ਅਤੇ ਕੈਲਮ ਵਿਡਲਰ ਨੇ ਇਸ ਪੜਾਅ ਦੌਰਾਨ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ ਜੋ ਭਾਰਤ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਹਾਲਾਂਕਿ ਪੰਜਾਬੀ ਮੂਲ ਦੇ ਹੋਣ ਕਾਰਨ ਹਰਕੀਰਤ ਬਾਜਵਾ ਖਿੱਚ ਦਾ ਕੇਂਦਰ ਹਨ, ਪਰ ਉਹ ਬੱਲੇਬਾਜ਼ ਵਜੋਂ ਉਹ ਕੋਈ ਅਸਰਦਾਰ ਸਾਬਤ ਨਹੀਂ ਹੋ ਸਕੇ। ਉਸ ਤੋਂ ਇਲਾਵਾ ਪੰਜਾਬੀ ਮੂਲ ਦੇ ਹਰਜਸ ਬਾਜਵਾ ਵੀ ਟੀਮ ਦਾ ਹਿੱਸਾ ਹੈ ਪਰ ਉਸ ਨੂੰ ਕਿਸੇ ਮੈਚ ਲਈ ਨਹੀਂ ਉਤਾਰਿਆ ਗਿਆ, ਜਿਸ ਕਾਰਨ ਫ਼ਾਈਨਲ ’ਚ ਖੇਡਣਾ ਵੀ ਉਸ ਲਈ ਲਗਭਗ ਅਸੰਭਵ ਹੈ। ਭਾਰਤ ਦੀ ਅੰਡਰ-19 ਟੀਮ, ਜਿਸ ਨੇ 2012 ਅਤੇ 2018 ਦੇ ਫਾਈਨਲ ’ਚ ਆਸਟਰੇਲੀਆ ਨੂੰ ਹਰਾਇਆ ਸੀ, ਇਸ ਐਡੀਸ਼ਨ ਦਾ ਖਿਤਾਬੀ ਮੈਚ ਵੀ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਹੋਵੇਗੀ। ਭਾਰਤੀ ਟੀਮ ਇਸ ਉਮਰ ਵਰਗ ਦੇ ਟੂਰਨਾਮੈਂਟਾਂ ’ਚ ਹਮੇਸ਼ਾ ਪਾਵਰਹਾਊਸ ਰਹੀ ਹੈ ਅਤੇ ਇਸ ਟੂਰਨਾਮੈਂਟ ’ਚ ਨੌਵੀਂ ਵਾਰ ਫਾਈਨਲ ’ਚ ਪਹੁੰਚਣਾ ਇਸ ਦਾ ਸਬੂਤ ਹੈ। ਭਾਰਤ ਦੀ ਅੰਡਰ-19 ਟੀਮ ਨੇ 2016 ਤੋਂ ਲੈ ਕੇ ਹੁਣ ਤਕ ਸਾਰੇ ਫਾਈਨਲ ਖੇਡੇ ਹਨ, 2018 ਅਤੇ 2022 ਦੇ ਐਡੀਸ਼ਨ ’ਚ ਖਿਤਾਬ ਜਿੱਤੇ ਹਨ ਜਦਕਿ 2016 ਅਤੇ 2020 ’ਚ ਹਾਰ ਗਈ ਸੀ। ਵਿਰਾਟ ਕੋਹਲੀ ਦੀ ਟੀਮ ਨੇ 2008 ’ਚ ਟਰਾਫੀ ਜਿੱਤੀ ਸੀ, ਜਿਸ ਤੋਂ ਬਾਅਦ ਅੰਡਰ-19 ਵਰਲਡ ਕੱਪ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਲਾਈਵ ਟੀ.ਵੀ. ਕਵਰੇਜ ਅਤੇ ਸਟ੍ਰੀਮਿੰਗ ਨੇ ਵੀ ਇਸ ਬਾਰੇ ਉਤਸੁਕਤਾ ਵਧਾ ਦਿਤੀ ਹੈ। ਅੰਡਰ-19 ਵਿਸ਼ਵ ਕੱਪ ’ਚ ਯੁਵਰਾਜ ਸਿੰਘ, ਮੁਹੰਮਦ ਕੈਫ, ਸੁਰੇਸ਼ ਰੈਨਾ, ਸ਼ਿਖਰ ਧਵਨ, ਰੋਹਿਤ ਸ਼ਰਮਾ, ਕੋਹਲੀ, ਰਵਿੰਦਰ ਜਡੇਜਾ, ਕੇਐਲ ਰਾਹੁਲ, ਰਿਸ਼ਭ ਪੰਤ, ਸ਼ੁਭਮਨ ਗਿੱਲ ਅਤੇ ਯਸ਼ਸਵੀ ਜੈਸਵਾਲ ਵਰਗੇ ਸਟਾਰ ਕ੍ਰਿਕਟਰ ਪੈਦਾ ਹੋਏ ਹਨ। ਪਰ ਉਨ੍ਹਾਂ ਖਿਡਾਰੀਆਂ ਦੀ ਸੂਚੀ ਹੋਰ ਵੀ ਵੱਡੀ ਹੈ ਜੋ ‘ਸਟਾਰਡਮ’ ਪ੍ਰਾਪਤ ਕਰਨ ਤੋਂ ਬਾਅਦ ਚੋਟੀ ਦੇ ਪੱਧਰ ’ਤੇ ਪਹੁੰਚਣ ’ਚ ਅਸਫਲ ਰਹੇ। 2000 ਦੇ ਦਹਾਕੇ ਦੇ ਸ਼ੁਰੂ ’ਚ ਰੀਤਿੰਦਰ ਸਿੰਘ ਸੋਢੀ ਅਤੇ ਗੌਰਵ ਧੀਮਾਨ ਤੋਂ ਲੈ ਕੇ ਉਨਮੁਕਤ ਚੰਦ, ਹਰਮੀਤ ਸਿੰਘ, ਵਿਜੇ ਜੋਲ, ਸੰਦੀਪ ਸ਼ਰਮਾ, ਅਜੀਤੇਸ਼ ਅਰਗਲ, ਕਮਲ ਪਾਸੀ, ਸਿਧਾਰਥ ਕੌਲ, ਸਮਿਤ ਪਟੇਲ, ਰਵੀਕਾਂਤ ਸਿੰਘ ਅਤੇ ਕਮਲੇਸ਼ ਨਾਗਰਕੋਟੀ ਤਕ, ਸੂਚੀ ਲੰਮੀ ਹੈ। ਪ੍ਰਿਥਵੀ ਸ਼ਾਅ ਅਪਣੇ ਕਰੀਅਰ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਯਸ਼ ਧੂਲ ਨੂੰ ਸੀਨੀਅਰ ਪੱਧਰ ਦੇ ਕ੍ਰਿਕਟ ਦੇ ਮਿਆਰਾਂ ਨਾਲ ਨਜਿੱਠਣਾ ਬਹੁਤ ਮੁਸ਼ਕਲ ਲੱਗ ਰਿਹਾ ਹੈ। ਸਹਾਰਨ ਦੀ ਅਗਵਾਈ ਵਾਲੀ ਮੌਜੂਦਾ ਟੀਮ ਸ਼ੁਰੂਆਤ ’ਚ ਇੰਨੀ ਚੰਗੀ ਨਹੀਂ ਲੱਗ ਰਹੀ ਸੀ ਕਿਉਂਕਿ ਉਹ ਕੁੱਝ ਮਹੀਨੇ ਪਹਿਲਾਂ ਅੰਡਰ-19 ਏਸ਼ੀਆ ਕੱਪ ਦੇ ਫਾਈਨਲ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੀ ਸੀ। ਪਰ ਇੱਥੇ ਟੀਮ ਫਾਰਮ ’ਚ ਆ ਗਈ ਹੈ। 389 ਦੌੜਾਂ ਨਾਲ ਬੱਲੇਬਾਜ਼ੀ ਸੂਚੀ ’ਚ ਸਿਖਰ ’ਤੇ ਰਹਿਣ ਵਾਲੇ ਸਹਾਰਨ ਦੀ ਅਗਵਾਈ ’ਚ ਟੀਮ ਦੇ ਪ੍ਰਦਰਸ਼ਨ ’ਚ ਹਰ ਮੈਚ ’ਚ ਸੁਧਾਰ ਹੋਇਆ ਅਤੇ ਉਸ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਇਹ ਸਿਰਫ ਸੈਮੀਫਾਈਨਲ ਸੀ ਜਿਸ ’ਚ ਉਸ ਨੇ ਮੇਜ਼ਬਾਨ ਦਖਣੀ ਅਫਰੀਕਾ ਨੂੰ ਸਿਰਫ ਇਕ ਵਿਕਟ ਨਾਲ ਹਰਾਇਆ ਸੀ। ਸਰਫਰਾਜ਼ ਖਾਨ ਦਾ ਛੋਟਾ ਭਰਾ ਮੁਸ਼ੀਰ ਖਾਨ ਕਪਤਾਨ ਤੋਂ ਬਾਅਦ ਦੂਜਾ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ ਅਤੇ ਖੱਬੇ ਹੱਥ ਦਾ ਉਪਯੋਗੀ ਸਪਿਨਰ ਵੀ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਰਾਜ ਲਿਮਬਾਨੀ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨਮਨ ਤਿਵਾੜੀ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ ਪਰ ਉਹ ਅਗਲੇ ਪੱਧਰ ਲਈ ਤਿਆਰ ਨਹੀਂ ਹਨ। ਪਰ ਐਤਵਾਰ ਨੂੰ ਉਸ ਦਾ ਸਰਬੋਤਮ ਪ੍ਰਦਰਸ਼ਨ ਇਸ ਪੱਧਰ ਲਈ ਕਾਫ਼ੀ ਹੋਵੇਗਾ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...