September 23, 2024

ਅੱਜ ਆਤਿਸ਼ੀ ਨੇ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ, 23 ਸਤੰਬਰ – ਸ਼ਨਿੱਚਰਵਾਰ ਨੂੰ ਅਹੁਦੇ ਦੀ ਸਹੁੰ ਚੁੱਕਣ ਉਪਰੰਤ ‘ਆਪ’ ਆਗੂ ਬੀਬੀ ਆਤਿਸ਼ੀ ਨੇ ਸੋਮਵਾਰ ਨੂੰ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਬੀਬੀ ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਅਹੁਦਾ ਛੱਡ ਕੇ ਰਾਜਨੀਤੀ ਵਿਚ ਵੱਡੀ ਮਿਸਾਲ ਕਾਇਮ ਕੀਤੀ ਹੈ। ਭਾਜਪਾ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਲਈ ਕੋਈ ਕਸਰ ਨਹੀਂ ਛੱਡੀ ਸੀ। ਅਹੁਦਾ ਸੰਭਾਲਣ ਮੌਕੇ ਆਤਿਸ਼ੀ ਮੁੱਖ ਕੁਰਸੀ ਦੇ ਨਾਲ ਇੱਕ ਵੱਖਰੀ ਕੁਰਸੀ ’ਤੇ ਬੈਠੀ ਅਤੇ ਕਿਹਾ, ‘‘ਉਮੀਦ ਹੈ ਕਿ ਲੋਕ ਫਰਵਰੀ ਦੀਆਂ ਚੋਣਾਂ ਵਿਚ ਕੇਜਰੀਵਾਲ ਨੂੰ ਵਾਪਸ ਲਿਆਉਣਗੇ, ਉਦੋਂ ਤੱਕ ਉਨ੍ਹਾਂ ਦੀ ਕੁਰਸੀ ਮੁੱਖ ਮੰਤਰੀ ਦਫ਼ਤਰ ਵਿਚ ਰਹੇਗੀ।

ਅੱਜ ਆਤਿਸ਼ੀ ਨੇ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ Read More »

ਓਂਕਾਰ ਸਿੰਘ ਦੀ ਮੁੱਖ ਮੰਤਰੀ ਦੇ ਓਐੱਸਡੀ ਵਜੋਂ ਛੁੱਟੀ

ਚੰਡੀਗੜ੍ਹ, 23 ਸਤੰਬਰ – ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਐਨ ਪਹਿਲਾਂ ਆਪਣੇ ਓਐਸਡੀ ਪ੍ਰੋ. ਓਂਕਾਰ ਸਿੰਘ ਨੂੰ ਹਟਾ ਦਿੱਤਾ ਹੈ। ਓਂਕਾਰ ਸਿੰਘ ਸੰਗਰੂਰ ਦੇ ਰਹਿਣ ਵਾਲੇ ਹਨ। ਓਂਕਾਰ ਸਿੰਘ ਨੂੰ ਭਗਵੰਤ ਮਾਨ ਦਾ ਕਰੀਬ ਮੰਨਿਆ ਜਾਂਦਾ ਹੈ। ਉਹ ਮੁੱਖ ਮੰਤਰੀ ਦਫ਼ਤਰ ਦੇ ਸਾਰੇ ਕੰਮ-ਕਾਜ ਸੰਭਾਲਦੇ ਸਨ। ਕਈ ਮਾਮਲਿਆਂ ’ਤੇ ਮੁੱਖ ਮੰਤਰੀ ਨੂੰ ਸਲਾਹ ਵੀ ਦਿੰਦੇ ਸਨ।

ਓਂਕਾਰ ਸਿੰਘ ਦੀ ਮੁੱਖ ਮੰਤਰੀ ਦੇ ਓਐੱਸਡੀ ਵਜੋਂ ਛੁੱਟੀ Read More »

ਹਿਮਾਚਲ ’ਚ ਸਬਸਿਡੀ ’ਤੇ ਕੱਟ

ਵੱਡੇ ਉਦਯੋਗਾਂ ਦੀ ਬਿਜਲੀ ਸਬਸਿਡੀ ਖ਼ਤਮ ਕਰ ਕੇ ਹਿਮਾਚਲ ਪ੍ਰਦੇਸ਼ ਨੇ ਦਲੇਰਾਨਾ ਕਦਮ ਚੁੱਕਿਆ ਹੈ। ਇਸ ਕਦਮ ਨਾਲ ਸੂਬਾ ਸਰਕਾਰ ਸਾਲਾਨਾ 700 ਕਰੋੜ ਰੁਪਏ ਬਚਾਉਣ ਬਾਰੇ ਸੋਚ ਰਹੀ ਹੈ। ਆਰਥਿਕ ਤੰਗੀ ਨਾਲ ਜੂਝ ਰਿਹਾ ਸੂਬਾ ਇਸ ਫ਼ੈਸਲੇ ਨਾਲ ਵਿੱਤੀ ਅਨੁਸ਼ਾਸਨ ਵੱਲ ਮੁੜਿਆ ਹੈ, ਜੋ ਕਿ ਲੋੜੀਂਦਾ ਤੇ ਅਤਿ-ਮਹੱਤਵਪੂਰਨ ਸੀ। ਹਾਲਾਂਕਿ ਇਸ ਕਦਮ ਤੋਂ ਰਾਜ ਦੇ ਉਦਯੋਗਾਂ ਉੱਤੇ ਪੈਣ ਵਾਲੇ ਅਸਰਾਂ ਬਾਰੇ ਵੀ ਸਵਾਲ ਉੱਠੇ ਹਨ, ਜਿਨ੍ਹਾਂ ਨੂੰ ਗੁਆਂਢੀ ਰਾਜਾਂ ਦੇ ਮੁਕਾਬਲੇ ਲੰਮੇ ਸਮੇਂ ਤੱਕ ਘੱਟ ਦਰਾਂ ਉੱਤੇ ਬਿਜਲੀ ਪ੍ਰਾਪਤ ਕਰਨ ਦਾ ਲਾਭ ਮਿਲਿਆ ਹੈ। ਰਾਜ ਸਰਕਾਰ ਦਾ ਇਹ ਫ਼ੈਸਲਾ ਵਿਹਾਰਕ ਹੈ। ਉਦਯੋਗਿਕ ਖੇਤਰ ਨੂੰ ਹਾਲਾਂਕਿ ਫਿਰ ਵੀ ਬਿਜਲੀ ਡਿਊਟੀ ’ਚ ਛੋਟ ਦਾ ਲਾਭ ਮਿਲਦਾ ਰਹੇਗਾ, ਜਿਸ ਦੀ ਦਰ 2.5 ਪ੍ਰਤੀਸ਼ਤ ਤੋਂ ਲੈ ਕੇ 9 ਪ੍ਰਤੀਸ਼ਤ ਤੱਕ ਹੈ। ਇਸ ਨਾਲ ਸੀਮਿੰਟ, ਸਟੋਨ ਕਰੱਸ਼ਿੰਗ ਤੇ ਹੋਰਨਾਂ ਖੇਤਰਾਂ ਨੂੰ ਲੱਗਣ ਵਾਲਾ ਝਟਕਾ ਕੁਝ ਹੱਦ ਤੱਕ ਘੱਟ ਜਾਵੇਗਾ। ਇਸ ਤੋਂ ਇਲਾਵਾ ਹਿਮਾਚਲ ਦੀਆਂ ਬਿਜਲੀ ਦਰਾਂ ਹਾਲੇ ਵੀ ਪੰਜਾਬ, ਹਰਿਆਣਾ ਤੇ ਉੱਤਰਾਖੰਡ ਵਰਗੇ ਸੂਬਿਆਂ ਤੋਂ ਘੱਟ ਹੀ ਹਨ, ਜਿਸ ਨਾਲ ਸੂਬੇ ਦਾ ਉਦਯੋਗਿਕ ਨਿਵੇਸ਼ ਖਿੱਚਣ ਵਿੱਚ ਹੱਥ ਅਜੇ ਵੀ ਉੱਚਾ ਹੀ ਰਹੇਗਾ। ਤਿੰਨ ਸੌ ਯੂਨਿਟਾਂ ਤੋਂ ਉੱਤੇ ਬਿਜਲੀ ਵਰਤਣ ਵਾਲੇ ਘਰੇਲੂ ਖ਼ਪਤਕਾਰਾਂ ਤੋਂ 125 ਯੂਨਿਟਾਂ ਦੀ ਸਬਸਿਡੀ ਵਾਪਸ ਲੈਣ ਦਾ ਫ਼ੈਸਲਾ ਵੀ ਸਰਕਾਰ ਨੇ ਆਪਣਾ ਲੇਖਾ-ਜੋਖਾ ਸਹੀ ਰੱਖਣ ਲਈ ਲਿਆ ਹੈ। ਇਸ ਕਟੌਤੀ ਦੀ ਚੋਭ ਮੱਧਵਰਗੀ ਪਰਿਵਾਰਾਂ ਨੂੰ ਬਿਜਲੀ ਬਚਾਉਣ ਵੱਲ ਤੋਰੇਗੀ ਤਾਂ ਕਿ ਉਹ ਉੱਚੀਆਂ ਬਿਜਲੀ ਕੀਮਤਾਂ ਦੇ ਝਟਕੇ ਨੂੰ ਬਰਦਾਸ਼ਤ ਕਰ ਸਕਣ। ਬਿਜਲੀ ਦੀ ਖ਼ਪਤ ਜ਼ਿੰਮੇਵਾਰਾਨਾ ਢੰਗ ਨਾਲ ਕਰਨ ਬਾਰੇ ਪ੍ਰਚਾਰ ਮੁਹਿੰਮ ਚਲਾ ਕੇ ਸਰਕਾਰ ਚੰਗਾ ਉੱਦਮ ਕਰ ਸਕਦੀ ਹੈ ਤੇ ਲੋਕਾਂ ਦੇ ਬਿਜਲੀ ਬਿੱਲ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਦੂਜੇ ਪਾਸੇ ਘੱਟ ਖ਼ਪਤ ਵਾਲੇ ਪਰਿਵਾਰਾਂ ਲਈ ਸਬਸਿਡੀਆਂ ਉਹੀ ਰੱਖੀਆਂ ਗਈਆਂ ਹਨ ਤਾਂ ਕਿ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਵਧੀਆਂ ਕੀਮਤਾਂ ਦੀ ਮਾਰ ਤੋਂ ਬਚਾਇਆ ਜਾ ਸਕੇ। ਮਾਲੀਆ ਪੈਦਾ ਕਰਨ ਲਈ ਸੈਰ-ਸਪਾਟੇ, ਖਣਨ ਤੇ ਬਿਜਲੀ ਉਤਪਾਦਨ ’ਤੇ ਹਿਮਾਚਲ ਦੀ ਨਿਰਭਰਤਾ ਦੇ ਕਈ ਫ਼ਾਇਦੇ-ਨੁਕਸਾਨ ਹਨ। ਭਾਵੇਂ ਇਹ ਖੇਤਰ ਰਾਜ ਦੇ ਅਰਥਚਾਰੇ ਲਈ ਅਹਿਮ ਹਨ, ਪਰ ਨਾਲ ਹੀ ਟਿਕਾਊ ਤੇ ਸੰਤੁਲਿਤ ਵਿਕਾਸ ਵੀ ਜ਼ਰੂਰੀ ਹੈ। ਸਰਕਾਰ ਨੂੰ ਹੁਣ ਧਿਆਨ ਨਾਲ ਅੱਗੇ ਵਧਣਾ ਪਏਗਾ ਤੇ ਇਹ ਖਿਆਲ ਰੱਖਣਾ ਪਏਗਾ ਕਿ ਵਿੱਤੀ ਬੱਚਤ ਕਰਦਿਆਂ ਕਿਤੇ ਸਨਅਤੀ ਵਿਕਾਸ ਤੇ ਲੋਕ ਭਲਾਈ ਦਾਅ ਉੱਤੇ ਨਾ ਲੱਗ ਜਾਵੇ। ਜੇ ਉਦਯੋਗਾਂ ਨੇ ਕਿਤੇ ਹੋਰ ਜਾਣ ਦਾ ਰਾਹ ਚੁਣ ਲਿਆ ਤਾਂ ਇਸ ਦਾ ਲੰਮੇ ਸਮੇਂ ਲਈ ਵੱਡਾ ਆਰਥਿਕ ਨੁਕਸਾਨ ਹੋ ਸਕਦਾ ਹੈ। ਉਦਯੋਗਿਕ ਨਿਵੇਸ਼ ਦਾ ਰਾਹ ਖੁੱਲ੍ਹਾ ਰੱਖਣ ਲਈ ਤੇ ਰੁਜ਼ਗਾਰ ਨੂੰ ਬਚਾਉਣ ਲਈ ਹੋਰ ਕਦਮ ਚੁੱਕਣੇ ਪੈਣਗੇ ਤਾਂ ਜੋ ਹਿਮਾਚਲ ਪ੍ਰਦੇਸ਼ ਦੀ ਵਿੱਤੀ ਸਥਿਰਤਾ ਬਣੀ ਰਹੇ।

ਹਿਮਾਚਲ ’ਚ ਸਬਸਿਡੀ ’ਤੇ ਕੱਟ Read More »

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 47 ਕੈਡਿਟਾਂ ਨੇ ਐਨਡੀਏ ਦੀ ਲਿਖਤੀ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ

*74.6 ਫੀਸਦ ਦੀ ਸਫ਼ਲ ਦਰ ਨਾਲ ਦੇਸ਼ ਭਰ ‘ਚੋਂ ਮੋਹਰੀ ਰਹੀ ਸੰਸਥਾ *ਅਮਨ ਅਰੋੜਾ ਨੇ ਕੈਡਿਟਾਂ ਨੂੰ ਰੌਸ਼ਨ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ ਚੰਡੀਗੜ੍ਹ/ ਐਸਏਐਸ ਨਗਰ, 23 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ) – ਪੰਜਾਬ ਸਰਕਾਰ ਦੇ ਐਸ.ਏ.ਐਸ. ਨਗਰ (ਮੋਹਾਲੀ) ‘ਚ ਬਣੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ.) ਦੇ 47 ਕੈਡਿਟਾਂ ਨੇ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ ਲਈ ਗਈ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.-।।) ਦੀ ਲਿਖਤੀ ਪ੍ਰੀਖਿਆ ਨੂੰ ਸਫਲਤਾਪੂਰਵਕ ਪਾਸ ਕਰਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਇਹ ਨਤੀਜੇ ਬੀਤੇ ਦਿਨ ਐਲਾਨੇ ਗਏ ਸਨ, ਜਿਸ ਵਿੱਚ 74.6 ਪ੍ਰਤੀਸ਼ਤ ਦੀ ਸਫ਼ਲਤਾ ਦਰ ਨਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇਸ਼ ਵਿੱਚੋਂ ਸਭ ਤੋਂ ਮੋਹਰੀ ਰਿਹਾ ਹੈ। ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਵਿਸ਼ਵ ਪੱਧਰ ‘ਤੇ ਭਾਰਤੀ ਰੱਖਿਆ ਬਲਾਂ ਦੇ ਮਾਣ-ਸਨਮਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰੀਖਿਆ ਪਾਸ ਕਰਨ ਵਾਲੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਸ਼ਵ ਭਰ ਵਿੱਚ ਸੂਬੇ ਅਤੇ ਦੇਸ਼ ਲਈ ਵੱਧ ਤੋਂ ਵੱਧ ਨਾਮ ਕਮਾਉਣ ਲਈ ਪ੍ਰੇਰਿਤ ਕੀਤਾ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ.ਐਚ. ਚੌਹਾਨ (ਸੇਵਾਮੁਕਤ), ਵੀ.ਸੀ.ਐਮ. ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਐਨ.ਡੀ.ਏ. ਦੀਆਂ ਅਗਲੀਆਂ ਚੁਣੌਤੀਆਂ ਵਾਸਤੇ ਤਿਆਰ ਰਹਿਣ ਲਈ ਐਸ.ਐਸ.ਬੀ. ਸਿਖਲਾਈ ਨੂੰ ਗੰਭੀਰਤਾ ਨਾਲ ਲੈਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸਦੇ ਕੁੱਲ 238 ਕੈਡਿਟ ਵੱਖ-ਵੱਖ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਦਾਖਲਾ ਲੈਣ ਵਿੱਚ ਸਫ਼ਲ ਹੋਏ ਹਨ ਅਤੇ 160 ਕੈਡਿਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਚੁਣੇ ਗਏ ਹਨ। ਮੌਜੂਦਾ ਸਮੇਂ ਇੰਸਟੀਚਿਊਟ ਦੇ 21 ਕੈਡਿਟ, ਜਿਨ੍ਹਾਂ ਨੇ ਆਪਣੀ ਐਸ.ਐਸ.ਬੀ. ਇੰਟਰਵਿਊ ਪਾਸ ਕਰ ਲਈ ਹੈ, ਮੈਰਿਟ ਸੂਚੀ ਦੀ ਉਡੀਕ ਕਰ ਰਹੇ ਹਨ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 47 ਕੈਡਿਟਾਂ ਨੇ ਐਨਡੀਏ ਦੀ ਲਿਖਤੀ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ Read More »

ਹਰਭਜਨ ਸਿੰਘ ਈ.ਟੀ.ਓ. ਵੱਲੋਂ 62 ਲੱਖ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦੀ ਸ਼ੁਰੂਆਤ

*ਜਲਾਲ ਉਸਮਾ ਵਿੱਚ 70 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਖੇਡ ਨਰਸਰੀ -ਈ ਟੀ ਓ ਅੰਮ੍ਰਿਤਸਰ , 23 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ) – ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਅੰਮ੍ਰਿਤਸਰ ਮਹਿਤਾ ਰੋਡ ਦੇ ਪਿੰਡ ਨਵਾਂ ਤਨੇਲ ਤੋਂ ਗੁਰਦੁਆਰਾ ਬਾਬਾ ਕੱਲੂਆਣਾ ਸਾਹਿਬ ਦੇ ਰਸਤੇ ਜਿਸ ਉਤੇ 34 . 19 ਲੱਖ ਰੁਪਏ ਦੀ ਲਾਗਤ ਅਤੇ ਪਿੰਡ ਰਸੂਲਪੁਰ ਦੇ ਰਸਤੇ ‘ਤੇ 28.50 ਲੱਖ ਰੁਪਏ ਦੀ ਲਾਗਤ ਨਾਲ ਨਿਊ ਲਿੰਕ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਤੋਂ ਇਲਾਵਾ ਪਿੰਡ ਜਲਾਲ ਉਸਮਾ ਵਿੱਚ 70 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਖੇਡ ਨਰਸਰੀ ਬੁਨਾਉਣ ਦਾ ਐਲਾਨ ਕੀਤਾ। ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪਿੰਡ ਨਵਾਂ ਤਨੇਲ ਦੇ ਰਸਤੇ ਦੀ ਲੰਬਾਈ 1.20 ਕਿਲੋਮੀਟਰ ਅਤੇ ਚੌੜਾਈ 10 ਫੁੱਟ ਹੋਵੇਗੀ। ਉਹਨਾ ਦੱਸਿਆ ਕਿ ਇਸ ਕਾਰਜ ਨੂੰ 6 ਮਹੀਨੇ ਦੀ ਸਮਾਂ ਸੀਮਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਰਸਤੇ ਤੇ ਨਵੀਂ ਸੜਕ ਦੀ ਉਸਾਰੀ ਨਾਲ ਇਲਾਕੇ ਦੇ ਵਸਨੀਕਾਂ ਨੂੰ ਆਵਾਜਾਈ ਵਿਚ ਕਾਫੀ ਰਾਹਤ ਮਿਲੇਗੀ। ਪਿੰਡ ਰਸੂਲਪੁਰ ਵਿਖੇ ਬਣ ਰਹੇ ਰਸਤੇ ਜਿਸ ‘ਤੇ 28.50 ਲੱਖ ਰੁਪਏ ਦੀ ਲਾਗਤ ਆਉਣੀ ਹੈ ਬਾਬਤ ਬੋਲਦੇ ਸ ਹਰਭਜਨ ਸਿੰਘ ਈ ਟੀ.ਓ. ਨੇ ਦੱਸਿਆ ਕਿ ਇਸ ਰਸਤੇ ਦੀ ਲੰਬਾਈ 1.00 ਕਿਲੋਮੀਟਰ ਅਤੇ ਚੌੜਾਈ 10 ਫੁੱਟ ਹੋਵੇਗੀ। ਉਹਨਾਂ ਦੱਸਿਆ ਕਿ ਇਸ ਕਾਰਜ ਨੂੰ ਵੀ 6 ਮਹੀਨੇ ਦੀ ਸਮਾਂ ਸੀਮਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਪਿੰਡ ਜਲਾਲਉਸਮਾ ਵਿਖੇ ਖੇਡ ਨਰਸਰੀ ਦੀ ਉਸਾਰੀ ਸਬੰਧੀ ਬੋਲਦੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਖੇਡ ਨਰਸਰੀ ਦੀ ਉਸਾਰੀ ਦੀ ਅਨੁਮਾਨਤ ਰਕਮ 69.71 ਲੱਖ ਰੁਪਏ ਆਵੇਗੀ। ਇਸ ਖੇਡ ਨਰਸਰੀ ਵਿੱਚ ਚਾਰ ਗਰਾਉਂਡਾ , ਜਿਸ ਵਿੱਚ ਬਾਸਕਿਟ ਬਾਲ, ਫੁਟਬਾਲ, ਵਾਲੀ ਬਾਲ, ਖੋ ਖੋ ਅਤੇ ਇੱਕ 200 ਮੀਟਰ ਦਾ ਰਨਿੰਗ ਟਰੈਕ ਦੀ ਉਸਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਦੀ ਚਾਰ ਦੁਆਰੀ ਅਤੇ ਬਾਥਰੂਮ ਵੀ ਉਡਾਰੀਆਂ ਦੀ ਸਹੂਲਤ ਲਈ ਉਸਾਰੇ ਜਾਣਗੇ ਉਹਨਾਂ ਕਿਹਾ ਕਿ ਇਹ ਖੇਡ ਨਰਸਰੀ ਇਲਾਕੇ ਦੇ ਬੱਚਿਆਂ ਲਈ ਵਰਦਾਨ ਸਾਬਿਤ ਹੋਵੇਗੀ ਅਤੇ ਇੱਥੋਂ ਤਿੰਨਾਂ ਖੇਡਾਂ ਦੇ ਵੱਡੇ ਖਿਡਾਰੀ ਭਵਿੱਖ ਵਿੱਚ ਪੈਦਾ ਹੋਣਗੇ।

ਹਰਭਜਨ ਸਿੰਘ ਈ.ਟੀ.ਓ. ਵੱਲੋਂ 62 ਲੱਖ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦੀ ਸ਼ੁਰੂਆਤ Read More »

ਸੁਰਜੀਤ ਕਾਉੰਕੇ ਦੀ ਪੁਸਤਕ “ ਸਮੇਂ ਦੀ ਅੱਖ “ ਲੋਕ ਅਰਪਣ

ਮੋਗਾ 23 ਸਤੰਬਰ (ਏ.ਡੀ.ਪੀ ਨਿਊਜ) – ਲਿਖਾਰੀ ਸਭਾ ਮੋਗਾ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਲੰਬੀ ਉਮਰ 95 ਸਾਲ ਦੇ ਸੁਹਿਰਦ ਲੇਖਕ ਜੋਧ ਸਿੰਘ ਮੋਗਾ ਅਤੇ ਪੱਤਰਕਾਰ ਤੇ ਕਾਲਮ ਨਵੀਸ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਦੀ ਰਹਿਨੁਮਾਈ ਹੇਠ ਸਭਾ ਦੇ ਸਮੂਹ ਮੈੰਬਰਾਂ ਵੱਲੋਂ ਨੇਚਰ ਪਾਰਕ ਮੋਗਾ ਵਿਖੇ ਸਭਾ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਦੀ ਨਵੀਂ ਪੁਸਤਕ “ ਸਮੇਂ ਦੀ ਅੱਖ” (ਗ਼ਜ਼ਲ ਸੰਗ੍ਰਹਿ) ਲੋਕ ਅਰਪਿਤ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸਹਾਇਕ ਸਕੱਤਰ ਉੱਭਰਦੇ ਸ਼ਾਇਰ ਮੀਤ ਗੁਰਮੀਤ ਨੇ ਬਾਖੂਬੀ ਨਿਭਾਉੰਦਿਆਂ ਕਿਹਾ ਕਿ ਪ੍ਰੋਫੈਸਰ ਕਾਉੰਕੇ ਦੀ ਇਹ ਦਸਵੀਂ ਪੁਸਤਕ ਹੈ ਅਤੇ ਕਿਸੇ ਵੀ ਲੇਖਕ ਦਾ ਸੁਭਾਅ , ਸ਼ਖਸੀਅਤ , ਬੌਧਿਕਤਾ , ਵਿਦਵਤਾ ਤੇ ਸਮਾਜ ਅਤੇ ਸ਼ਭਿਆਚਾਰ ਪ੍ਰਤੀ ਪ੍ਰਤੀਬੱਧਤਾ ਉਸਦੀਆਂ ਪੁਸਤਕਾਂ ਤੋਂ ਹੀ ਜਾਣਿਆ ਜਾ ਸਕਦਾ ਹੈ ਅਤੇ ਸਾਨੂੰ ਉਸ ਦੀਆਂ ਲਿਖਤਾਂ ਤੋਂ ਊਰਜਾ ਉਤਸ਼ਾਹ ਅਤੇ ਪ੍ਰੇਰਨਾ ਮਿਲ ਰਹੀ ਹੈ । ਇਸ ਮੌਕੇ ਜੋਧ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਕਾਉੰਕੇ ਪੰਜਾਬੀ ਸ਼ਾਇਰੀ ਦਾ ਇਕ ਉੱਚਾ ਬੁਰਜ ਹੈ ਹਥਲਾ ਗ਼ਜ਼ਲ ਸੰਗ੍ਰਹਿ ਉਸ ਦੀ ਨਿਰੰਤਰ ਸਾਧਨਾ ਦਾ ਚਮਤਕਾਰ ਹੈ ਜੋ ਉਸਨੂੰ ਬੁਲੰਦ ਗਜਲਗਾਰਾਂ ਦੀ ਕਤਾਰ ਵਿਚ ਖੜ੍ਹਾ ਕਰਦਾ ਹੈ । ਸਾਬਕਾ ਡੀ ਪੀ ਆਰ ਓ ਗਿਆਨ ਸਿੰਘ ਨੇ ਕਿਹਾ ਕਿ ਸੁਰਜੀਤ ਕਾਉੰਕੇ ਦਾ ਕਾਵਿ- ਬੋਧ ਆਪਣੀ ਰੂਪਕ ਗੁਣਵੱਤਾ ਅਤੇ ਬਿੰਬਾਵਲੀ ਸਦਕਾ ਨਵੇਂ ਦਿਸਹੱਦੇ ਕਾਇਮ ਕਰਦਾ ਦਿਖਾਈ ਦਿੰਦਾ ਹੈ ਉਸਨੂੰ ਸ਼ਬਦਾਂ ਦੀਆਂ ਉੱਡਦੀਆਂ ਚਿੜੀਆਂ ਫੜਨ ਦਾ ਸ਼ੌਕ ਹੈ । ਇਸ ਸਮੇਂ ਨਾਮਵਰ ਲੇਖਕ ਸੁਰਜੀਤ ਕਾਲੇਕੇ ਨੇ ਉਸ ਵੱਲੋਂ ਇਸ ਪੁਸਤਕ ਦਾ ਲਿਖਿਆ ਮੁੱਖ ਬੰਦ ਪੜ੍ਹ ਕੇ ਸੁਣਾਇਆ ਅਤੇ ਕਿਹਾ ਕਿ ਕਾਉਕੇ ਦੀ ਵਿਸ਼ੇਸ਼ਤਾ ਹੈ ਕਿ ਬੜਾ ਹੀ ਭਿਆਨਕ ਅਤੇ ਵਿਸ਼ਾਲ ਰੂਪ ਧਾਰਨ ਕਰ ਚੁੱਕੀਆਂ ਵਰਤਮਾਨ ਹਕੀਕਤਾਂ , ਬੁਰਿਆਈਆਂ , ਸਮੱਸਿਆਵਾਂ ਤੇ ਤ੍ਰਾਸਦੀਆਂ ਨੂੰ ਸਮਾਜ ਨੂੰ ਮਹਸੂਸ ਕਰਾਉਣ ਲਈ ਉਹ ਕੁੜੀਆਂ, ਚਿੜੀਆਂ, ਕੂੰਜਾਂ ਅਤੇ ਕੰਜਕਾਂ ਜੇਹੇ ਬਹੁਤ ਹੀ ਮਹੀਨ ਅਤੇ ਸੂਖਮ ਪ੍ਰਤੀਕ ਸਿਰਜਦਾ ਹੈ । ਸਮਾਗਮ ਦੌਰਾਨ ਚੇਅਰਮੈਨ ਪਰਮਜੀਤ ਸਿੰਘ ਚੂਹੜਚੱਕ ਜਨਰਲ ਸਕੱਤਰ ਨੇ ਇਸ ਪੁਸਤਕ ਦੇ ਅਖੀਰ ਵਿਚ ਲਿਖਿਆ ਜੋਧ ਸਿੰਘ ਦਾ ਰੇਖਾ ਚਿੱਤਰ ਬੜੇ ਹੀ ਠਰ੍ਹੰਮੇ , ਪ੍ਰਭਾਵੀ , ਭਾਵਪੂਰਤ ਲਹਿਜੇ ਅਤੇ ਸ਼ਿੱਦਤ ਨਾਲ ਪੇਸ਼ ਕਰਕੇ ਪਾਠਕਾਂ ਨੂੰ ਸਰਸ਼ਾਰ ਕਰ ਦਿੱਤਾ। ਕੈਨੇਡਾ ਤੋਂ ਪੰਜਾਬ ਫੇਰੀ ਤੇ ਆਏ ਸਭਾ ਦੇ ਸੁਹਿਰਦ ਤੇ ਸੀਨੀਅਰ ਮੈਂਬਰ ਠਾਕਰਪਰੀਤ ਰਾਊਕੇ ਨੇ ਕਿਹਾ ਕਿ ਸੁਰਜੀਤ ਕਾਉੰਕੇ ਸਮਾਜਕ ਸਰੋਕਾਰਾਂ ਦਾ ਸ਼ਾਇਰ ਹੈ ਅਤੇ ਇਸ ਦੀਆਂ ਪੁਸਤਕਾਂ ਵਿਦੇਸ਼ਾਂ ਵਿਚ ਵੀ ਪਾਠਕ ਬੜੇ ਸ਼ੌਕ ਨਾਲ ਪੜ੍ਹਦੇ ਹਨ,ਜਿਸ ਲਈ ਉਹ ਵਧਾਈ ਦੇ ਪਾਤਰ ਹਨ । ਗੀਤਾਂ ਦੇ ਬਾਦਸ਼ਾਹ ਪਿਆਰਾ ਸਿੰਘ ਚਹਿਲ ਨੇ ਬਹੁਤ ਪਿਆਰੀ ਗ਼ਜ਼ਲ ਤਰੰਨਮ ਵਿਚ ਪੇਸ਼ ਕਰਕੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ । ਉਪਰੋਕਤ ਤੋਂ ਇਲਾਵਾ ਇਸ ਸਮੇਂ ਹਾਜ਼ਰ ਡਾਃ ਬਲਦੇਵ ਸਿੰਘ ਢਿੱਲੋੰ , ਅਰੁਨ ਸ਼ਰਮਾ ਜੋਨੀ , ਪ੍ਰੇਮ ਕੁਮਾਰ ਵਿੱਤ ਸਕੱਤਰ , ਬਲਬੀਰ ਸਿੰਘ ਪਰਦੇਸੀ , ਈਲੀਨਾ ਧੀਮਾਨ , ਗਿੱਲ ਕੋਟਲੀ ਸੰਘਰ , ਗੁਰਨਾਮ ਸਿੰਘ ਅਟਵਾਲ, ਜਗੀਰ ਖੋਖਰ , ਅਕਾਸ਼ਦੀਪ ਸਿੰਘ , ਬਲਜੀਤ ਸਿੰਘ , ਗੀਤਕਾਰ ਬਲਵਿੰਦਰ ਸਿੰਘ ਕੈਂਥ ਆਦਿ ਨੇ ਪਰੋਫੈਸਰ ਕਾਉੰਕੇ ਨੂੰ ਵਧਾਈ ਦਿੱਤੀ। ਸੁਰਜੀਤ ਸਿੰਘ ਕਾਉੰਕੇ ਨੇ ਦੂਰੋੰ ਨੇੜਿਓੰ ਆਏ ਸਾਰੇ ਲੇਖਕਾਂ ਦਾ ਤਹਿਦਿਲੋੰ ਧੰਨਵਾਦ ਕੀਤਾ।

ਸੁਰਜੀਤ ਕਾਉੰਕੇ ਦੀ ਪੁਸਤਕ “ ਸਮੇਂ ਦੀ ਅੱਖ “ ਲੋਕ ਅਰਪਣ Read More »