ਮੇਅਰ ਵਜੋਂ ਭਾਜਪਾ ਆਗੂ ਦੀ ਚੋਣ ਖਿਲਾਫ ਬੁੱਧਵਾਰ ਇਥੇ ਸੈਕਟਰ-17 ’ਚ ਥਾਣੇ ਦੇ ਬਾਹਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਪ੍ਰਦਰਸ਼ਨ ਕੀਤਾ। ਇਨ੍ਹਾਂ ਪਾਰਟੀਆਂ ਨੇ ਮੇਅਰ ਚੋਣ ਦੇ ਪ੍ਰੀਜ਼ਾਈਡਿੰਗ ਅਫਸਰ ਵਿਰੁੱਧ ਪੁਲਸ ਕੇਸ ਦਰਜ ਕਰਨ ਦੀ ਮੰਗ ਕੀਤੀ। ਆਪ ਤੇ ਕਾਂਗਰਸ ਦੇ ਕੌਂਸਲਰ ਸਣੇ ਵੱਡੀ ਗਿਣਤੀ ’ਚ ਪਾਰਟੀ ਆਗੂ ਪ੍ਰੀਜ਼ਾਈਡਿੰਗ ਅਫਸਰ ਵਿਰੁੱਧ ਸ਼ਿਕਾਇਤ ਦੇਣ ਲਈ ਪਹੁੰਚੇ ਸਨ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਚੰਡੀਗੜ੍ਹ ਆਪ ਦੇ ਇੰਚਾਰਜ ਐੱਸ ਐੱਸ ਆਹਲੂਵਾਲੀਆ ਵੀ ਮੌਜੂਦ ਸਨ। ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਵਿਚ ਮੇਅਰ ਦੀਆਂ ਨਵੀਂਆਂ ਚੋਣਾਂ ਕਰਵਾਉਣ ਦੀ ਆਮ ਆਦਮੀ ਪਾਰਟੀ ਦੀ ਪਟੀਸ਼ਨ ’ਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਨੋਟਿਸ ਜਾਰੀ ਕੀਤਾ। ਹਾਈ ਕੋਰਟ ਨੇ ਇਸ ਮਾਮਲੇ ’ਚ ਪ੍ਰਤੀਵਾਦੀਆਂ ਨੂੰ ਜਵਾਬ ਦੇਣ ਲਈ ਤਿੰਨ ਹਫਤਿਆਂ ਦਾ ਸਮਾਂ ਦਿੱਤਾ ਹੈ।