ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਨਿਤੀਸ਼ ਕੁਮਾਰ ਨੂੰ ਚਾਲਬਾਜ਼ ਕਰਾਰ ਦਿੰਦਿਆਂ ਕਿਹਾ ਕਿ ਉਹ ਬਿਹਾਰ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਉਨ੍ਹਾ ਇਹ ਵੀ ਕਿਹਾ ਕਿ ਨਿਤੀਸ਼ ਦਾ ਭਾਜਪਾ ਨਾਲ ਗੱਠਜੋੜ 2025 ਵਿਚ ਹੋਣ ਵਾਲੀਆਂ ਅਸੰਬਲੀ ਚੋਣਾਂ ਤੱਕ ਨਹੀਂ ਨਿਭੇਗਾ। ਉਹ ਅਸੰਬਲੀ ਚੋਣ ਭਾਜਪਾ ਨਾਲ ਜਾਂ ਰਾਜਦ ਨਾਲ ਮਿਲ ਕੇ ਲੜਨ, ਉਨ੍ਹਾ ਦੀ ਪਾਰਟੀ ਨੂੰ 20 ਸੀਟਾਂ ਵੀ ਨਹੀਂ ਮਿਲਣੀਆਂ। ਜੇ 20 ਤੋਂ ਵੱਧ ਮਿਲ ਗਈਆਂ ਤਾਂ ਉਹ (ਪ੍ਰਸ਼ਾਂਤ) ਆਪਣੇ ਕੰਮ ਤੋਂ ਸੰਨਿਆਸ ਲੈ ਲੈਣਗੇ, ਲਿਖ ਕੇ ਰੱਖ ਲਓ। ਬਿਹਾਰ ਦੇ ਲੋਕ ਨਿਤੀਸ਼ ਨੂੰ ਵਿਆਜ ਸਣੇ ਭਾਜੀ ਮੋੜਨਗੇ। ਅਸੰਬਲੀ ਚੋਣਾਂ ਵਿਚ ਰਾਜਦ ਨੂੰ ਬਹੁਮਤ ਮਿਲ ਸਕਦਾ ਹੈ। ਉਨ੍ਹਾ ਅੱਗੇ ਕਿਹਾਇਸ ਵੇਲੇ ਬਿਹਾਰ ਵਿਚ ਦੋ ਧਿਰਾਂ ਹਨ। ਇਕ ਭਾਜਪਾ ਦੀ ਹਮਾਇਤ ਵਾਲਾ ਨਿਤੀਸ਼ ਦਾ ਚਿਹਰਾ ਤੇ ਦੂਜੀ ਰਾਜਦ ਤੇ ਹੋਰ ਪਾਰਟੀਆਂ। ਬਿਹਾਰ ਅਸੰਬਲੀ ਚੋਣਾਂ ਵਰਤਮਾਨ ਸਮੀਕਰਨ ਮੁਤਾਬਕ ਨਹੀਂ ਹੋਣਗੀਆਂ। ਉਸ ਤੋਂ ਪਹਿਲਾਂ ਕਈ ਕੌਤਕ ਹੋਣਗੇ। ਲੋਕ ਸਭਾ ਚੋਣਾਂ ਦੇ ਛੇ ਮਹੀਨਿਆਂ ਬਾਅਦ ਇਹ ਕੌਤਕ ਹੋਣਗੇ। ਉਦੋਂ ਤੱਕ ਭਾਜਪਾ-ਨਿਤੀਸ਼ ਦਾ ਗੱਠਜੋੜ ਚਲਦਾ ਰਹੇਗਾ। ਉਨ੍ਹਾ ਕਿਹਾਜੇ ਤੁਸੀਂ ਮੇਰੇ ਪਿਛਲੇ ਇਕ ਸਾਲ ਦੇ ਬਿਆਨ ਪੜ੍ਹੇ ਹੋਣ ਤਾਂ ਤੁਸੀਂ ਦੇਖੋਗੇ ਕਿ ਮੈਂ ਹੀ ਇਕੱਲਾ ਸੀ, ਜਿਹੜਾ ਕਹਿ ਰਿਹਾ ਸੀ ਕਿ ਨਿਤੀਸ਼ ਕਿਸੇ ਵੇਲੇ ਵੀ ਪਲਟੀ ਮਾਰ ਸਕਦੇ ਹਨ, ਪਰ ਅੱਜ ਦੇ ਘਟਨਾਕ੍ਰਮ ਤੋਂ ਬਾਅਦ ਸਾਬਤ ਹੋ ਗਿਆ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੀ ਪਲਟੂ ਰਾਮ ਅੱਲ ਲਈ ਠੀਕ ਹਨ।