ਮੋਦੀ ਨੂੰ ਹਰਾਉਣਾ ਮੁਮਕਿਨ

ਸਵਾ ਕੁ ਮਹੀਨਾ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਹਿੰਦੀ ਪੱਟੀ ਦੇ ਤਿੰੰਨ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਿੱਤੀ ਸੀ। ਉਦੋਂ ਤੋਂ ਹੀ ਗੋਦੀ ਮੀਡੀਆ ਇਸ ਜਿੱਤ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਸੈਮੀਫਾਈਨਲ ਕਹਿ ਕੇ ਭਾਜਪਾ ਦੇ ਹੱਕ ਵਿੱਚ ਮੁਹਿੰਮ ਖੜ੍ਹੀ ਕਰ ਰਿਹਾ ਸੀ। ਉਹ ਇਹ ਵੀ ਭੁੱਲ ਗਿਆ ਸੀ ਕਿ 2023 ਦੇ ਵਰ੍ਹੇ ਦੌਰਾਨ ਕਾਂਗਰਸ ਨੇ ਭਾਜਪਾ ਕੋਲੋਂ ਦੋ ਰਾਜ ਕਰਨਾਟਕ ਤੇ ਹਿਮਾਚਲ ਪ੍ਰਦੇਸ਼ ਖੋਹੇ ਸਨ ਤੇ ਤੀਜੇ ਰਾਜ ਤੇਲੰਗਾਨਾ ਵਿੱਚ ਭਾਜਪਾ ਦੀ ਬੀ ਟੀਮ ਕਹੀ ਜਾਣ ਵਾਲੀ ਭਾਰਤ ਰਾਸ਼ਟਰੀ ਸਮਿਤੀ ਨੂੰ ਕਰਾਰੀ ਹਾਰ ਦਿੱਤੀ ਸੀ। ਗੋਦੀ ਮੀਡੀਆ ਨੇ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਕਿ 2018 ਵਿੱਚ ਹੋਈਆਂ ਇਨ੍ਹਾਂ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਭਾਜਪਾ ਨੂੰ ਹਰਾ ਦਿੱਤਾ ਸੀ, ਪਰ 6 ਮਹੀਨੇ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਕਾਂਗਰਸ ਦਾ ਸਫ਼ਾਇਆ ਕਰ ਦਿੱਤਾ ਸੀ।
ਹੁਣ ਜਦੋਂ ਰਾਜਸਥਾਨ ਦੀ ਸ੍ਰੀ ਕਰਨਪੁਰ ਸੀਟ ਦਾ ਰਿਜ਼ਲਟ ਆਇਆ ਹੈ ਤਾਂ ਗੋਦੀ ਮੀਡੀਆ ਨੂੰ ਸੱਪ ਸੰੁਘ ਗਿਆ ਹੈ। ਸ੍ਰੀ ਕਰਨਪੁਰ ਦੇ ਨਤੀਜੇ ਨੇ ਸੰਕੇਤ ਦਿੱਤਾ ਹੈ ਕਿ ਰਾਜ ਦੇ ਲੋਕ ਪਿਛਲੀ ਵਾਰ ਦਾ ਇਤਿਹਾਸ ਦੁਹਰਾਉਣ ਦੇ ਮੂਡ ਵਿੱਚ ਹਨ। ਇਸ ਸੀਟ ’ਤੇ ਕਾਂਗਰਸ ਉਮੀਦਵਾਰ ਗੁਰਮੀਤ ਸਿੰਘ ਦੀ ਮੌਤ ਹੋਣ ਕਾਰਨ ਚੋਣ ਮੁਲਤਵੀ ਹੋ ਗਈ ਸੀ। ਭਾਜਪਾ ਨੇ 199 ਸੀਟਾਂ ਵਿੱਚੋਂ 115 ਜਿੱਤ ਕੇ ਸਰਕਾਰ ਬਣਾ ਲਈ ਸੀ। ਕਾਂਗਰਸ ਦੇ ਪੱਲੇ 69 ਸੀਟਾਂ ਪਈਆਂ ਸਨ।
ਕਿਹਾ ਜਾਂਦਾ ਹੈ ਕਿ ਜ਼ਿਮਨੀ ਚੋਣ ਵਿੱਚ ਆਮ ਤੌਰ ਉਤੇ ਸੱਤਾਧਾਰੀ ਪਾਰਟੀ ਦੀ ਜਿੱਤ ਹੁੰਦੀ ਹੈ। ਭਾਜਪਾ ਨੇ ਤਾਂ ਇਹ ਸੀਟ ਜਿੱਤਣ ਲਈ ਸਭ ਲੋਕਤੰਤਰੀ ਅਸੂਲਾਂ ਨੂੰ ਬਲੀ ਚੜ੍ਹਾਉਦਿਆਂ ਆਪਣੇ ਉਮੀਦਵਾਰ ਸੁਰਿੰਦਰ ਪਾਲ ਸਿੰਘ ਟੀਟੀ ਨੂੰ ਜਿੱਤਣ ਤੋਂ ਪਹਿਲਾਂ ਹੀ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾ ਦਿੱਤੀ ਸੀ। ਚੋਣ ਕਮਿਸ਼ਨ ਨੇ ਵੀ ਸ਼ਿਕਾਇਤ ਦੇ ਬਾਵਜੂਦ ਇਸ ਦੀ ਅਣਦੇਖੀ ਕਰਕੇ ਸੱਤਾਧਾਰੀ ਧਿਰ ਦੀ ਕੁਠਪੁਤਲੀ ਹੋਣ ਦੇ ਦੋਸ਼ਾਂ ਉੱਤੇ ਮੋਹਰ ਲਾ ਦਿੱਤੀ। ਇਸ ਦੇ ਬਾਵਜੂਦ ਜਨਤਾ ਨੇ ਸੱਤਾਧਾਰੀਆਂ ਤੇ ਉਸ ਦੇ ਦਲਾਲਾਂ ਦੇ ਮੂੰਹ ਉੱਤੇ ਕਰਾਰੀ ਚਪੇੜ ਮਾਰਦਿਆਂ ਕਾਂਗਰਸੀ ਉਮੀਦਵਾਰ ਨੂੰ ਵੱਡੇ ਫ਼ਰਕ ਨਾਲ ਜਿਤਾ ਦਿੱਤਾ। ਕਾਂਗਰਸੀ ਉਮੀਦਵਾਰ ਰੁਪਿੰਦਰ ਸਿੰਘ ਕੂਨਰ ਨੇ ਭਾਜਪਾਈ ਸੁਰਿੰਦਰ ਪਾਲ ਸਿੰਘ ਨੂੰ 11261 ਵੋਟਾਂ ਨਾਲ ਹਰਾਇਆ। ਇਸ ਸੀਟ ਤੋਂ ‘ਇੰਡੀਆ’ ਗੱਠਜੋੜ ਵਿੱਚ ਭਾਈਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੀ 11912 ਵੋਟ ਹਾਸਲ ਕੀਤੇ ਹਨ। ਇਸ ਤਰ੍ਹਾਂ ‘ਇੰਡੀਆ’ ਗੱਠਜੋੜ ਨੂੰ ਭਾਜਪਾ ਉਮੀਦਵਾਰ ਨਾਲੋਂ 23 ਹਜ਼ਾਰ 173 ਵੋਟ ਵੱਧ ਮਿਲੇ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸ੍ਰੀਗੰਗਾਨਗਰ ਲੋਕ ਸਭਾ ਸੀਟ, ਜਿਸ ਵਿੱਚ ਸ੍ਰੀਕਰਨਪੁਰ ਵਿਧਾਨ ਸਭਾ ਸੀਟ ਪੈਂਦੀ ਹੈ, ਤੋਂ ਭਾਜਪਾ ਦੇ ਨਿਹਾਲਚੰਦ ਮੇਘਵਾਲ 61.8 ਫੀਸਦੀ ਵੋਟਾਂ ਲੈ ਕੇ ਜਿੱਤੇ ਸਨ। ਹੁਣ ਸ੍ਰੀਕਰਨਪੁਰ ਵਿਧਾਨ ਸਭਾ ਦੀ ਚੋਣ ਵਿੱਚ ਪਈਆਂ ਵੋਟਾਂ ਨੂੰ ਦੇਖੀਏ ਤਾਂ ਕਾਂਗਰਸ ਨੂੰ 48.56 ਫ਼ੀਸਦੀ, ਆਪ ਨੂੰ 6.10 ਫ਼ੀਸਦੀ, ਭਾਵ ਇੰਡੀਆ ਗੱਠਜੋੜ ਨੂੰ 54.66 ਫ਼ੀਸਦੀ ਤੇ ਭਾਜਪਾ ਨੂੰ 42.73 ਫ਼ੀਸਦੀ ਵੋਟਾਂ ਪਈਆਂ ਹਨ।
ਇੱਕ ਗੱਲ ਸਪੱਸ਼ਟ ਸਮਝ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਰਾਜ ਦੇ ਲੋਕ ਇਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਰਾਜ ਦਾ ਮੁਖੀ ਦਿੱਲੀ ਵਾਲੇ ਨਾਮਜ਼ਦ ਕਰਨ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਤਿੰਨਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਚੋਣ ਜਿਸ ਤਰ੍ਹਾਂ ਰਾਜ ਦੇ ਸਥਾਪਤ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਕੀਤੀ ਹੈ, ਉਸ ਨੂੰ ਰਾਜ ਦੇ ਲੋਕਾਂ ਨੇ ਪਸੰਦ ਨਹੀਂ ਕੀਤਾ। ਅਸਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ੁਰੂ ਤੋਂ ਹੀ ਇਹ ਸੋਚ ਰਹੀ ਹੈ ਕਿ ਉਨ੍ਹਾਂ ਦੇ ਹੁਕਮ ਤੋਂ ਬਿਨਾਂ ਕਿਸੇ ਰਾਜ ਵਿੱਚ ਵੀ ਪੱਤਾ ਨਹੀਂ ਹਿੱਲਣਾ ਚਾਹੀਦਾ। ਤਿੰਨਾਂ ਰਾਜਾਂ ਦੇ ਮੁੱਖ ਮੰਤਰੀ ਇਸੇ ਸੋਚ ਨੂੰ ਸਾਹਮਣੇ ਰੱਖ ਕੇ ਬਣਾਏ ਗਏ ਹਨ। ਹੁਣ ਤਿੰਨਾਂ ਰਾਜਾਂ ਦੇ ਮੁੱਖ ਸਕੱਤਰ ਤੇ ਪੁਲਸ ਮੁਖੀਆਂ ਦਾ ਫ਼ੈਸਲਾ ਵੀ ਪੀ ਐੱਮ ਓ ਤੋਂ ਹੋਵੇਗਾ। ਇਸ ਤਰ੍ਹਾਂ ਅਸਲ ਵਿੱਚ ਰਾਜ ਦੇ ਮੁਖੀ ਇਹ ਅਫ਼ਸਰ ਹੋਣਗੇ ਤੇ ਵਾਗਡੋਰ ਕੇਂਦਰ ਵਿੱਚ ਬੈਠੇ ਦੋਵੇਂ ਸ਼ਹਿਨਸ਼ਾਹਾਂ ਹੱਥ ਹੋਵੇਗੀ। ਇਸ ਤੋਂ ਪਹਿਲਾਂ ਹਰਿਆਣਾ, ਉੱਤਰਾਖੰਡ ਤੇ ਗੁਜਰਾਤ ਵਿੱਚ ਇਹੋ ਸਿਲਸਲਾ ਚਲਦਾ ਰਿਹਾ। ਸਿਆਸੀ ਲੀਡਰਸ਼ਿਪ ਤਾਂ ਸਿਰਫ਼ ਨਾਂਅ ਦੀ ਲੀਡਰਸ਼ਿਪ ਹੋਵੇਗੀ, ਅਸਲ ਰਾਜ ਪ੍ਰਬੰਧ ਅਫ਼ਸਰਸ਼ਾਹੀ ਦੇ ਹੱਥ ਹੋਵੇਗਾ।
ਇਨ੍ਹਾਂ ਤਿੰਨਾਂ ਰਾਜਾਂ ਦੇ ਸਥਾਪਤ ਆਗੂ, ਭਾਵੇਂ ਉਹ ਵਸੁੰਧਰਾ ਰਾਜੇ ਸਿੰਧੀਆ ਹੋਵੇ ਜਾਂ ਮੱਧ ਪ੍ਰਦੇਸ਼ ਦਾ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਤੇ ਛੱਤੀਸਗੜ੍ਹ ਦਾ ਰਮਨ ਸਿੰਘ, ਖੂਨ ਦੇ ਘੁੱਟ ਪੀ ਕੇ ਰਹਿ ਗਏ ਹਨ। ਇਨ੍ਹਾਂ ਦਾ ਦਰਦ ਰਹਿ-ਰਹਿ ਕੇ ਸਾਹਮਣੇ ਆ ਰਿਹਾ ਹੈ। ਇਨ੍ਹਾਂ ਆਗੂਆਂ ਨੂੰ ਸਮਝ ਆਵੇ ਜਾਂ ਨਾ, ਫਾਸ਼ੀ ਸੋਚ ਦੇ ਆਗੂ ਸਭ ਤੋਂ ਪਹਿਲਾਂ ਆਪਣੀ ਪਾਰਟੀ ਅੰਦਰਲੇ ਵਿਰੋਧੀਆਂ ਦਾ ਸਫ਼ਾਇਆ ਕਰਦੇ ਹੁੰਦੇ ਹਨ। ਲਾਲ ਕਿ੍ਰਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਇਸ ਦੀਆਂ ਪ੍ਰਤੱਖ ਮਿਸਾਲਾਂ ਹਨ। ਇਨ੍ਹਾਂ ਆਗੂਆਂ ਨੂੰ ਤਾਂ ਪਾਰਟੀ ਅਨੁਸ਼ਾਸਨ ਦੇ ਡੰਡੇ ਦਾ ਡਰ ਹੋਵੇਗਾ, ਪਰ ਜਨਤਾ ਜਨਾਰਧਨ ਤਾਂ ਅਜ਼ਾਦ ਹੈ। ਉਹ ਕਦੇ ਨਹੀਂ ਚਾਹੇਗੀ ਕਿ ਉਨ੍ਹਾਂ ਦੀ ਕਮਾਨ ਦਿੱਲੀ ਦੇ ਹਾਕਮਾਂ ਹੱਥ ਹੋਵੇ। ਕਾਂਗਰਸ ਨੇ ਸ੍ਰੀਕਰਨਪੁਰ ਦੀ ਚੋਣ ਦੇ ਪ੍ਰਚਾਰ ਦੌਰਾਨ ਲੋਕਾਂ ਨੂੰ ਇਹੋ ਅਪੀਲ ਕੀਤੀ ਸੀ ਕਿ ਦਿੱਲੀ ਤੋਂ ਆਉਣ ਵਾਲੀ ਪਰਚੀ ਨੂੰ ਨਕਾਰ ਦਿਓ ਤੇ ਲੋਕਾਂ ਨਕਾਰ ਦਿੱਤਾ। ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਨੂੰ ਇਸ ਤੋਂ ਸਬਕ ਸਿੱਖਦਿਆਂ ਆਪਣੇ ਮਤਭੇਦ ਭੁਲਾ ਕੇ ਅੱਗੇ ਵਧਣਾ ਚਾਹੀਦਾ ਹੈ, ਮੋਦੀ ਅਜਿੱਤ ਨਹੀਂ ਹੈ।
-ਚੰਦ ਫਤਿਹਪੁਰੀ

ਸਾਂਝਾ ਕਰੋ

ਪੜ੍ਹੋ

ਐਕਸਿਸ ਬੈਂਕ ਵੱਲੋਂ ਅੱਡਾ 24X7 ਨਾਲ ਸਮਝੌਤਾ

  ਚੰਡੀਗੜ੍ਹ, 25 ਨਵੰਬਰ – ਐਕਸਿਸ ਬੈਂਕ ਨੇ ਨੌਜਵਾਨਾਂ ਵਿੱਚ...