ਫੇਸਬੁੱਕ ਦੇ ਨਿਯਮ ਆਮ ਲੋਕਾਂ ਲਈ ਵੱਖਰੇ ਹਨ ਅਤੇ ਉੱਚ ਪ੍ਰੋਫਾਈਲ ਉਪਭੋਗਤਾਵਾਂ ਲਈ ਵੱਖਰੇ

ਸੇਨ ਫ੍ਰਾਂਸਿਸਕੋ: ਫੇਸਬੁੱਕ ਦੇ ਨਿਯਮ ਆਮ ਲੋਕਾਂ ਲਈ ਵੱਖਰੇ ਹਨ ਅਤੇ VIP ਉਪਭੋਗਤਾਵਾਂ ਲਈ ਵੱਖਰੇ ਹਨ। ਕੰਪਨੀ ਵੱਲੋਂ ਇਹ ਸਹੂਲਤ ਪ੍ਰਾਪਤ ਕਰਨ ਵਾਲੇ ਉਪਭੋਗਤਾਵਾਂ ਦੀ ਗਿਣਤੀ 58 ਲੱਖ ਤੋਂ ਜ਼ਿਆਦਾ ਹੈ। ਇਨ੍ਹਾਂ ਵਿਚ ਮਸ਼ਹੂਰ ਹਸਤੀਆਂ, ਸਿਆਸਤਦਾਨ ਅਤੇ ਉੱਚ ਪ੍ਰੋਫਾਈਲ ਉਪਭੋਗਤਾ ਸ਼ਾਮਲ ਹਨ। ਕੰਪਨੀ ਉਨ੍ਹਾਂ ਨੂੰ ਬਿਨਾਂ ਕਿਸੇ ਨਿਗਰਾਨੀ ਦੇ ਕਿਸੇ ਵੀ ਕਿਸਮ ਦੀ ਪੋਸਟ ਕਰਨ ‘ਤੇ ਪੂਰੀ ਛੋਟ ਦਿੰਦੀ ਹੈ। ਜਦੋਂ ਕਿ ਆਮ ਲੋਕਾਂ ‘ਤੇ ਸਖ਼ਤੀ ਕੀਤੀ ਜਾਂਦੀ ਹੈ। ਇਹ ਖੁਲਾਸਾ ਵਾਲ ਸਟਰੀਟ ਜਰਨਲ ਦੀ ਰਿਪੋਰਟ ਵਿਚ ਕੀਤਾ ਗਿਆ ਹੈ। ਇਨ੍ਹਾਂ ਉਪਭੋਗਤਾਵਾਂ ਦੇ ਬਚਾਅ ਲਈ, ਕੰਪਨੀ ਨੇ ਗੁਣਵੱਤਾ ਨਿਯੰਤਰਣ ਵਿਧੀ ਦੇ ਅਧੀਨ ‘ਕਰਾਸ ਚੈਕ’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸਨੂੰ ‘ਐਕਸਚੈਕ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰਿਪੋਰਟ ਅਨੁਸਾਰ, ਇਸ ਪ੍ਰੋਗਰਾਮ ਦੇ ਤਹਿਤ ਲੱਖਾਂ ਉਪਯੋਗਕਰਤਾਵਾਂ ਨੂੰ ‘ਵਾਈਟ ਲਿਸਟ’ ਵਿਚ ਰੱਖਿਆ ਗਿਆ ਹੈ। ਉਹ ਕਾਰਵਾਈ ਤੋਂ ਸੁਰੱਖਿਅਤ ਹਨ, ਜਦੋਂ ਕਿ ਦੂਜੇ ਮਾਮਲਿਆਂ ਵਿਚ ਵਿਵਾਦਪੂਰਨ ਸਮਗਰੀ  ਦੀ ਬਿਲਕੁਲ ਸਮੀਖਿਆ ਨਹੀਂ ਕੀਤੀ ਜਾਂਦੀ।

‘ਵਾਈਟ ਲਿਸਟ’ ਵਿਚ ਰੱਖੇ ਗਏ ਖਾਤਿਆਂ ਤੋਂ ਅਜਿਹੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਜਿਵੇਂ ਕਿ, ਹਿਲੇਰੀ ਕਲਿੰਟਨ ‘ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਇੱਕ ਗੈਂਗ ਚਲਾਉਂਦੀ ਹੈ’ ਜਾਂ ਫਿਰ ਅਮਰੀਕਾ ਦੇ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ ਨੇ ਅਮਰੀਕਾ ਵਿਚ ਸ਼ਰਨ ਮੰਗ ਰਹੇ ਲੋਕਾਂ ਨੂੰ ਜਾਨਵਰ ਕਿਹਾ ਹੈ। ਰਿਪੋਰਟ ਵਿਚ ਕੁਝ ਪ੍ਰਸਿੱਧ ਲੋਕਾਂ ਦੁਆਰਾ ਸਾਂਝੀ ਕੀਤੀ ਗਈ ਪੋਸਟ ਦਾ ਵੀ ਹਵਾਲਾ ਦਿੱਤਾ ਗਿਆ ਹੈ। ਉਨ੍ਹਾਂ ਵਿਚੋਂ ਫੁੱਟਬਾਲ ਖਿਡਾਰੀ ਨੇਮਾਰ ਦੀ ਇਕ ਪੋਸਟ ਹੈ, ਜਿਸ ਵਿਚ ਉਸ ਨੇ ਇਕ ਔਰਤ ਦੀਆਂ ਇਤਰਾਜ਼ਯੋਗ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਦ ਉਸ ਔਰਤ ਨੇ ਨੇਮਾਰ ‘ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਫੇਸਬੁੱਕ ਨੇ ਨੇਮਾਰ ਦੀ ਸੁਰੱਖਿਆ ਲਈ ਇਹ ਪੋਸਟ ਹਟਾ ਦਿੱਤੀ।

ਫੇਸਬੁੱਕ ‘ਤੇ ਕੀ ਪੋਸਟ ਕੀਤਾ ਜਾਣਾ ਚਾਹੀਦਾ ਹੈ, ਇਸ ਬਾਰੇ ਵਿਵਾਦ ਸੁਲਝਾਉਣ ਲਈ ਇਕ ਸੁਤੰਤਰ ਬੋਰਡ ਸਥਾਪਤ ਕੀਤਾ ਗਿਆ ਹੈ। ਫੇਸਬੁੱਕ ਨੇ ਬੋਰਡ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਮਗਰੀ ਦੇ ਸੰਚਾਲਨ ਬਾਰੇ ਕੋਈ ਦੋਹਰੀ ਨੀਤੀ ਨਹੀਂ ਅਪਨਾਈ ਜਾ ਰਹੀ ਹੈ। ਪਰ ਤਾਜ਼ਾ ਰਿਪੋਰਟ ਵਿਚ ਕੀਤੇ ਗਏ ਦਾਅਵਿਆਂ ਨੂੰ ਵੇਖਦੇ ਹੋਏ, ਫੇਸਬੁੱਕ ਵੱਲੋਂ ਦਿਵਾਇਆ ਗਿਆ ਭਰੋਸਾ ਗਲਤ ਸਾਬਤ ਹੋਇਆ ਹੈ। ਬੋਰਡ ਦੇ ਬੁਲਾਰੇ ਜੌਹਨ ਟੇਲਰ ਦੇ ਅਨੁਸਾਰ, ਨਿਗਰਾਨੀ ਬੋਰਡ ਨੇ ਫੇਸਬੁੱਕ ਦੀ ਸਮਗਰੀ ਸੰਚਾਲਨ ਪ੍ਰਕਿਰਿਆ ਵਿਚ ਪਾਰਦਰਸ਼ਤਾ ਦੀ ਘਾਟ ਖਾਸ ਕਰਕੇ ਮਸ਼ਹੂਰ ਹਸਤੀਆਂ ਦੇ ਖਾਤਿਆਂ ਬਾਰੇ ਕੰਪਨੀ ਦੀ ਨੀਤੀ ‘ਤੇ ਕਈ ਵਾਰ ਚਿੰਤਾ ਪ੍ਰਗਟ ਕੀਤੀ ਹੈ।

ਸਾਂਝਾ ਕਰੋ