ਸਾਡੇ ਦੇਸ਼ ‘ਚ ਤੰਬਾਕੂ, ਸੁਪਾਰੀ, ਸਿਗਰਟਨੋਸ਼ੀ, ਸ਼ਰਾਬ, ਅਨਿਯਮਿਤ ਜੀਵਨਸ਼ੈਲੀ ਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਹਰ ਸਾਲ ਕੈਂਸਰ ਦੇ ਤਕਰੀਬਨ 15 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅੱਠ ਲੱਖ ਦੇ ਕਰੀਬ ਮਰੀਜ਼ ਮਰ ਰਹੇ ਹਨ। ਮੂੰਹ, ਫੇਫੜਿਆਂ ਤੇ ਪੇਟ ਦੇ ਕੈਂਸਰ ਦੇ ਜ਼ਿਆਦਾ ਮਾਮਲੇ ਮਰਦਾਂ ‘ਚ ਪਾਏ ਜਾਂਦੇ ਹਨ। ਛਾਤੀ, ਬੱਚੇਦਾਨੀ ਤੇ ਅੰਡਕੋਸ਼ ਦਾ ਕੈਂਸਰ ਆਮ ਤੌਰ ‘ਤੇ ਔਰਤਾਂ ‘ਚ ਪਾਇਆ ਜਾਂਦਾ ਹੈ।
ਹੈੱਡ ਐਂਡ ਨੈੱਕ ਕੈਂਸਰ ਸਰਜਨ ਡਾ. ਅਪੂਰਵਾ ਗਰਗ ਦਾ ਕਹਿਣਾ ਹੈ ਕਿ ਕੈਂਸਰ ਦੇ ਮੁੱਖ ਲੱਛਣ ਮੂੰਹ ‘ਚ ਛਾਲੇ, ਲਮਾਂ ਸਮਾਂ ਖੰਘ ਰਹਿਣਾ, ਅਚਾਨਕ ਭਾਰ ਘਟਣਾ, ਛਾਤੀ ਤੇ ਗਲੇ ‘ਚ ਰਸੌਲੀਆਂ, ਔਰਤਾਂ ‘ਚ ਮੀਨੋਪੌਜ਼ ਤੋਂ ਬਾਅਦ ਖ਼ੂਨ ਵਗਣਾ ਆਦਿ ਹਨ। ਪਿਛਲੇ ਦਹਾਕੇ ਤੋਂ ਕੈਂਸਰ ਦੇ ਇਲਾਜ ਦੀਆਂ ਤਕਨੀਕਾਂ ‘ਚ ਤੇਜ਼ੀ ਨਾਲ ਵਿਕਾਸ ਹੋਇਆ ਹੈ ਤੇ ਅੱਜ ਇਸ ਦੇ ਬਹੁਤ ਸਾਰੇ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਜੀਵਨ ਬਤੀਤ ਕਰ ਰਹੇ ਹਨ।ਛਾਤੀ ਤੇ ਮੂੰਹ ਦੇ ਕੈਂਸਰ ਦੇ ਮਰੀਜ਼ 90 ਪ੍ਰਤੀਸ਼ਤ ਤਕ ਬਿਮਾਰੀ ਨੂੰ ਕਾਬੂ ਕਰ ਸਕਦੇ ਹਨ ਜੇਕਰ ਉਨ੍ਹਾਂ ਨੂੰ ਸ਼ੁਰੂਆਤੀ ਸਟੇਜ ‘ਚ ਇਲਾਜ ਮਿਲ ਜਾਵੇ। ਫੇਫੜਿਆਂ ਦੇ ਕੈਂਸਰ ਦੇ ਸਟੇਜ ਚਾਰ ਦੇ ਇਕ ਤਿਹਾਈ ਮਰੀਜ਼ ਆਪਣੀ ਬਿਮਾਰੀ ਨੂੰ ਸਿਰਫ਼ ਗੋਲੀਆਂ ਨਾਲ ਹੀ ਕੰਟਰੋਲ ਕਰ ਸਕਦੇ ਹਨ। ਅੱਜ ਸਾਡੇ ਸ਼ਹਿਰ ‘ਚ ਕੈਂਸਰ ਦੇ ਇਲਾਜ ‘ਚ ਪ੍ਰਭਾਵਸ਼ਾਲੀ ਆਧੁਨਿਕ ਡਾਕਟਰੀ ਵਿਧੀਆਂ ਉਪਲਬਧ ਹਨ ਜਿਸ ਲਈ ਮਰੀਜ਼ ਨੂੰ ਮੁੰਬਈ, ਅਹਿਮਦਾਬਾਦ ਵਰਗੇ ਵੱਡੇ ਸ਼ਹਿਰਾਂ ‘ਚ ਜਾਣ ਦੀ ਲੋੜ ਨਹੀਂ ਹੈ।ਕੈਂਸਰ ਦੇ ਇਲਾਜ ‘ਚ ਦੇਰੀ ਖ਼ਤਰਨਾਕ ਸਿੱਧ ਹੋ ਸਕਦੀ ਹੈ। ਕੈਂਸਰ ਤੋਂ ਬਚਣ ਲਈ ਤੰਬਾਕੂ, ਗੁਟਕਾ, ਸਿਗਰਟ, ਬੀੜੀ, ਸ਼ਰਾਬ, ਹੁੱਕਾ, ਸ਼ੀਸ਼ਾ ਤੇ ਈ-ਸਿਗਰੇਟ ਦਾ ਸੇਵਨ ਨਾ ਕਰੋ। ਆਪਣੇ ਭਾਰ ਨੂੰ ਕੰਟਰੋਲ ਕਰੋ, ਰੋਜ਼ਾਨਾ ਕਸਰਤ ਕਰੋ, ਤਾਜ਼ੇ ਫਲ ਤੇ ਸਬਜ਼ੀਆਂ ਖਾਓ। ਕੈਂਸਰ ਦਾ ਇਲਾਜ ਸਮੇਂ ਸਿਰ ਕਰਵਾਓ ਕਿਉਂਕਿ ਸਮੇਂ ਸਿਰ ਸਹੀ ਇਲਾਜ ਨਾ ਮਿਲਣਾ ਮਰੀਜ਼ ਲਈ ਘਾਤਕ ਸਾਬਤ ਹੋ ਸਕਦਾ ਹੈ ।