-2011 ’ਚ ਵੈਜ਼ੀ ਕਿੰਗ ਵਾਲੇ ਸ. ਹਰਜੀਤ ਸਿੰਘ ਸੁੱਜੋਂ ਅਤੇ ਸ. ਸਰਵਣ ਸਿੰਘ ਲਸਾੜਾ ਵਾਲਿਆਂ ਕੀਤਾ ਸੀ ਆਪਣਾ ਸ਼ੌਕ ਪੂਰਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 13 ਜੁਲਾਈ, 2021: ਅੱਜਕੱਲ੍ਹ ਸੋਸ਼ਲ ਮੀਡੀਆ ਉਤੇ ਇੰਡੀਆ ਤੋਂ ਇਕ ਟਰੈਕਟਰ ਨਿਊਜ਼ੀਲੈਂਡ ਆਉਣ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਦਾ ਕਿਸਾਨ ਵਿਦੇਸ਼ੀ ਧਰਤੀ ਉਤੇ ਰਹਿ ਕੇ ਵੀ ਆਪਣੇ ਦੇਸ਼ ਦੇ ਵਿਚ ਚਲਾਏ ਟਰੈਕਟਰ ਨੂੰ ਆਪਣੇ ਨਾਲ ਇਥੇ ਵੀ ਰੱਖਣਾ ਚਾਹੁੰਦਾ ਹੈ। ਇਹ ਸ਼ੌਕ ਰੱਖਣ ਦੇ ਵਿਚ ਨਿਊਜ਼ੀਲੈਂਡ ਦੇ ਹਰਜੀਤ ਸਿੰਘ ਜੀਤਾ (ਪਿੰਡ ਸੁੱਜੋਂ, ਜ਼ਿਲ੍ਹਾ ਨਵਾਂਸ਼ਹਿਰ) ਅਤੇ ਸਰਵਣ ਸਿਘ ਭੱਜੀ ਲਸਾੜਾ ਵਾਲੇ ਕਾਫੀ ਮੂਹਰੇ ਰਹੇ ਲਗਦੇ ਹਨ। ਸਤੰਬਰ 2011 ਦੇ ਵਿਚ ਉਨ੍ਹਾਂ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਨਵਾਂ ‘ਨਿਊ ਹਾਲੈਂਡ 6500’ ਟਰੈਕਟਰ, ਡਰੋਲੀ ਆਟੋਮੈਟਿਕ ਮੋਗਾ ਵਾਲਿਆਂ ਦਾ ਆਲੂ ਬੀਜਣ ਵਾਲਾ ਪਲਾਂਟਰ, ਤਵੀਆਂ, ਸੋਨਾਲੀਕਾ ਵਾਲਿਆਂ ਦਾ ਰੋਟਾਵੇਟਰ ਅਤੇ ਕਰਾਹ ਮੰਗਵਾਇਆ ਸੀ। ਕੁੱਲ ਭਾਰ 52 ਕੁਇੰਟਲ ਸੀ ਜਦੋਂ ਇਹ ਪਿੰਡ ਸੁੱਜੋਂ ਤੋਂ ਲੁਧਿਆਣਾ, ਲੁਧਿਆਣਾ ਤੋਂ ਮੁੰਦਰਾ ਸੀਪੋਰਟ (ਗੁਜਰਾਤ) ਤੇ ਮੁੰਦਰਾ ਤੋਂ ਔਕਲੈਂਡ ਆਇਆ ਸੀ। 10 ਅਗਸਤ 2011 ਨੂੰ ਇਸਨੂੰ ਇੰਡੀਆ ਤੋਂ ਇਥੇ ਭੇਜਿਆ ਗਿਆ ਸੀ ਅਤੇ ਇਹ ਸਤੰਬਰ ਮਹੀਨੇ ਦੇ ਪਹਿਲੇ ਹਫਥੇ ਇਥੇ ਪਹੁੰਚ ਗਿਆ ਸੀ। ਇਹ ਸਾਰੇ ਖੇਤੀਬਾੜੀ ਦੇ ਸੰਦ ਚਾਲੂ ਹਾਲਤ ਦੇ ਵਿਚ ਹਨ। ਇਸ ਟਰੈਕਟਰ ਤੋਂ ਖੇਤੀਬਾੜੀ ਦਾ ਕੰਮ ਲਿਆ ਜਾਂਦਾ ਹੈ। ਤਵੀਆਂ ਦਾ ਤਾਂ ਕਿਆ ਕਹਿਣਾ। ਰੋਟਾਵੇਟਰ ਵੀ ਪੂਰੀ ਧਰਤੀ ਪੁੱਟਦਾ ਜਾਂਦਾ। ਸੱਚ ਹੀ ਕਿਹਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ।