3 ਵਿਗਿਆਨੀਆਂ ਨੂੰ ਕੈਮਿਸਟਰੀ ‘ਚ ਮਿਲੇਗਾ ਨੋਬਲ ਪੁਰਸਕਾਰ

ਟਾਕਹੋਮ: ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਅੱਜ ਨੋਬਲ ਪੁਰਸਕਾਰ ਹਫ਼ਤੇ 2022 ਦਾ ਤੀਜਾ ਦਿਨ ਹੈ। ਅੱਜ ਕੈਮਿਸਟਰੀ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ। ਇਹ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਦਿੱਤਾ ਜਾ ਰਿਹਾ ਹੈ। ਉਹਨਾਂ ਦੇ ਨਾਮ ਹਨ – ਕੈਰੋਲਿਨ ਬੇਟਰੋਜ਼ੀ (ਯੂਐਸਏ), ਮੋਰਟਨ ਮੇਡਲ (ਡੈਨਮਾਰਕ) ਅਤੇ ਬੇਰੀ ਸ਼ਾਰਪਲੈਸ (ਯੂਐਸਏ)। 81 ਸਾਲਾ ਸ਼ਾਰਪਲੈੱਸ ਨੂੰ 2001 ਵਿਚ ਦੋ ਹੋਰ ਵਿਗਿਆਨੀਆਂ ਦੇ ਨਾਲ ਇਹ ਪੁਰਸਕਾਰ ਮਿਲਿਆ ਸੀ।

ਨੋਬਲ ਕਮੇਟੀ ਮੁਤਾਬਕ ਇਹਨਾਂ ਵਿਗਿਆਨੀਆਂ ਨੇ ਕਲਿਕ ਕੈਮਿਸਟਰੀ ‘ਤੇ ਖੋਜ ਕੀਤੀ ਹੈ। ਇਸ ਤੋਂ ਇਲਾਵਾ ਬਾਇਓਆਰਥੋਗੋਨਲ ਕੈਮਿਸਟਰੀ ਵਿਚ ਉਹਨਾਂ ਦੀ ਖੋਜ ਭਵਿੱਖ ਵਿਚ ਦਵਾਈ ਲਈ ਨਵੇਂ ਰਾਹ ਖੋਲ੍ਹੇਗੀ। ਨੋਬਲ ਵੀਕ 10 ਅਕਤੂਬਰ ਤੱਕ ਜਾਰੀ ਰਹੇਗਾ। 7 ਦਿਨਾਂ ਵਿਚ ਕੁੱਲ 6 ਇਨਾਮ ਘੋਸ਼ਣਾਵਾਂ ਹਨ। ਅੰਤ ਵਿਚ 10 ਅਕਤੂਬਰ ਨੂੰ ਅਰਥ ਸ਼ਾਸਤਰ ਸ਼੍ਰੇਣੀ ਦੇ ਇਨਾਮ ਦਾ ਐਲਾਨ ਕੀਤਾ ਜਾਵੇਗਾ।

ਇਸ ਹਫਤੇ ਸਿਰਫ ਪੁਰਸਕਾਰ ਜਿੱਤਣ ਵਾਲੇ ਵਿਅਕਤੀ ਜਾਂ ਸੰਸਥਾ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ। ਦਸੰਬਰ ਵਿਚ ਇਹਨਾਂ ਨੂੰ ਇਨਾਮ ਦਿੱਤੇ ਜਾਣਗੇ। 2020 ਅਤੇ 2021 ਦੇ ਜੇਤੂ ਕੋਵਿਡ ਕਾਰਨ ਸਟਾਕਹੋਮ ਨਹੀਂ ਪਹੁੰਚ ਸਕੇ। ਇਸ ਵਾਰ ਕਮੇਟੀ ਨੇ ਇਹਨਾਂ ਦੋ ਸਾਲਾਂ ਦੇ ਜੇਤੂਆਂ ਨੂੰ ਵੀ ਸਟਾਕਹੋਮ ਬੁਲਾਇਆ ਹੈ।

ਸਾਂਝਾ ਕਰੋ