
ਦੇਹਰਾਦੂਨ, 14 ਮਾਰਚ – ਸਥਾਨਕ ਰਾਜਪੁਰ ਰੋਡ ਉੱਤੇ ਬੁੱਧਵਾਰ ਰਾਤ ਕਾਰ ਨੇ ਸੜਕ ਕੰਢੇ ਪੈਦਲ ਚੱਲ ਰਹੇ 4 ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਕਾਰ ਦੀ ਲਪੇਟ ਵਿੱਚ ਆ ਕੇ ਦੋ ਸਕੂਟੀ ਸਵਾਰ ਗੰਭੀਰ ਜ਼ਖਮੀ ਹੋ ਗਏ। ਸਿਲਵਰ ਗਰੇਅ ਰੰਗ ਦੀ ਮਰਸਡੀਜ਼ ਕਾਰ ਚੰਡੀਗੜ੍ਹ ਨੰਬਰ ਦੀ ਸੀ ਤੇ ਇਸ ਨੂੰ 22 ਸਾਲਾ ਵੰਸ਼ ਕਤਿਆਲ ਚਲਾ ਰਿਹਾ ਸੀ। ਮੂਲ ਰੂਪ ਵਿੱਚ ਯੂ ਪੀ ਦੇ ਮੁਰਾਦਾਬਾਦ ਦਾ ਕਤਿਆਲ ਦੇਹਰਾਦੂਨ ਨੌਕਰੀ ਦੇ ਸਿਲਸਿਲੇ ਵਿੱਚ ਆਇਆ ਸੀ। ਰਾਤ ਨੂੰ ਉਹ ਜੀਜੇ ਦੀ ਮਰਸਡੀਜ਼ ਵਿੱਚ 12 ਸਾਲਾ ਭਾਣਜੇ ਨੂੰ ਘੁਮਾਉਣ ਨਿਕਲਿਆ ਸੀ। ਕਾਰ ਚਾਲਕ ਨੂੰ ਫੜਨ ਲਈ ਪੁਲਸ ਦੀ ਟੀਮ ਚੰਡੀਗੜ੍ਹ ਪੁੱਜੀ, ਜਿਥੇ ਪਤਾ ਲੱਗਿਆ ਕਿ ਹਰਬੀਰ ਆਟੋਮੋਬਾਈਲ ਵਾਲਿਆਂ ਨੇ ਫਰਵਰੀ 2023 ਵਿੱਚ ਇਹ ਗੱਡੀ ਖਰੀਦੀ ਸੀ ਤੇ ਜੂਨ 2023 ਵਿੱਚ ਦਿੱਲੀ ਦੇ ਇੱਕ ਡੀਲਰ ਨੂੰ ਵੇਚ ਦਿੱਤੀ ਸੀ। ਦਿੱਲੀ ਦੇ ਡੀਲਰ ਤੋਂ ਪਤਾ ਲੱਗਿਆ ਕਿ ਉਸ ਨੇ ਕਾਰ ਇੱਕ ਹੋਰ ਏਜੰਸੀ ਨੂੰ ਦੇ ਦਿੱਤੀ ਸੀ। ਉਸ ਏਜੰਸੀ ਨੇ ਜੁਲਾਈ 2024 ਵਿੱਚ ਲਖਨਊ ਦੇ ਜਤਿਨ ਪ੍ਰਸਾਦ ਵਰਮਾ ਨੂੰ ਵੇਚ ਦਿੱਤੀ, ਜਿਸ ਦਾ ਦੇਹਰਾਦੂਨ ਦੇ ਜਾਖਨ ਵਿੱਚ ਘਰ ਤੇ ਕਾਰੋਬਾਰੀ ਦਫਤਰ ਹੈ।
ਪੁਲਸ ਨੇ ਬਰਕਲੇ ਮੋਟਰਜ਼ ਲਿਮਟਿਡ ਮਰਸਡੀਜ਼ ਬੈਂਜ ਮੋਹੱਬੇਵਾਲਾ ਦੇਹਰਾਦੂਨ ਕੋਲੋਂ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਕਾਰ 24 ਨਵੰਬਰ 2024 ਨੂੰ ਸਰਵਿਸ ਲਈ ਆਈ ਸੀ, ਜਿਹੜੀ ਜਤਿਨ ਪ੍ਰਸਾਦ ਵਰਮਾ ਦੇ ਨਾਂਅ ’ਤੇ ਹੈ। ਫਿਰ ਪੁਲਸ ਨੇ ਸੀ ਸੀ ਟੀ ਵੀ ਫੁਟੇਜ਼ ਦੇ ਸਹਾਰੇ ਕਾਰ ਇੱਕ ਖਾਲੀ ਪਲਾਟ ਵਿੱਚ ਲੱਭ ਲਈ। ਨਾਲ ਦੇ ਫਲੈਟ ’ਚ ਰਹਿੰਦੇ ਮੋਹਿਤ ਮਲਿਕ ਨੇ ਦੱਸਿਆ ਕਿ ਕਾਰ ਉਸ ਦਾ ਵਾਕਫ ਵੰਸ਼ ਕਤਿਆਲ ਇਹ ਕਹਿ ਕੇ ਖੜ੍ਹੀ ਕਰਕੇ ਗਿਆ ਸੀ ਕਿ ਕਾਰ ਵਿੱਚ ਕੁਝ ਸਮੱਸਿਆ ਹੋ ਗਈ ਹੈ। ਉਸ ਨੇ ਭਾਣਜੇ ਨੂੰ ਜਾਖਨ ਛੱਡਣ ਲਈ ਉਸ ਤੋਂ ਸਕੂਟੀ ਮੰਗੀ। ਭਾਣਜੇ ਨੂੰ ਛੱਡ ਕੇ ਉਹ ਵਾਪਸ ਆਇਆ ਤੇ ਸਕੂਟੀ ਦੇ ਕੇ ਚਲੇ ਗਿਆ। ਜਤਿਨ ਪ੍ਰਸਾਦ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ 12 ਮਾਰਚ ਨੂੰ ਕਾਰ ਸਾਲੇ ਨੂੰ ਦਿੱਤੀ ਸੀ। ਇਸ ਤੋਂ ਬਾਅਦ ਵੰਸ਼ ਨੂੰ ਆਈ ਐੱਸ ਬੀ ਟੀ ਦੇਹਰਾਦੂਨ ਤੋਂ ਕਾਬੂ ਕਰ ਲਿਆ ਗਿਆ। ਉਸ ਨੇ ਦੱਸਿਆ ਕਿ ਉਹ ਮੁਰਾਦਾਬਾਦ ਦਾ ਹੈ ਤੇ ਬੀ ਬੀ ਏ ਕਰਨ ਦੇ ਬਾਅਦ ਦਿੱਲੀ ’ਚ ਨੌਕਰੀ ਕਰਦਾ ਸੀ। ਨੌਕਰੀ ਛੁੱਟ ਜਾਣ ਦੇ ਬਾਅਦ ਉਹ ਕੰਮ ਦੀ ਭਾਲ ਵਿੱਚ ਦੇਹਰਾਦੂਨ ਆਇਆ ਸੀ। ਫਿਲਹਾਲ ਉਹ ਪੀ ਜੀ ਵਿੱਚ ਰਹਿ ਰਿਹਾ ਸੀ ਅਤੇ 12 ਮਾਰਚ ਨੂੰ ਜੀਜੇ ਦੀ ਕਾਰ ਲੈ ਕੇ ਭਾਣਜੇ ਨੂੰ ਘੁਮਾਉਣ ਲਈ ਮਸੂਰੀ ਰੋਡ ਵੱਲ ਗਿਆ ਸੀ ਤੇ ਵਾਪਸੀ ’ਤੇ ਕਾਰ ਅੱਗੇ ਦੋ ਸਕੂਟੀਆਂ ਆ ਗਈਆਂ। ਕਾਰ ਇੱਕ ਸਕੂਟੀ ਨਾਲ ਟਕਰਾਅ ਕੇ ਬੇਕਾਬੂ ਹੋ ਗਈ।