ਸੂਪੜਾ ਸਾਫ

ਜ਼ਬਰਦਸਤ ਧੜੇਬੰਦੀ ਤੇ ਹਾਈਕਮਾਨ ਦੀ ਬੇਪਰਵਾਹੀ ਕਾਰਨ ਤੀਜੀ ਵਾਰ ਹਰਿਆਣਾ ਅਸੰਬਲੀ ਚੋਣਾਂ ਹਾਰਨ ਵਾਲੀ ਕਾਂਗਰਸ ਨੂੰ ਨਗਰ ਨਿਗਮ ਚੋਣਾਂ ਵਿੱਚ ਵੀ ਬੁਰੀ ਮਾਰ ਪਈ ਹੈ। 10 ਵਿੱਚੋਂ 9 ਨਗਰ ਨਿਗਮਾਂ ਵਿੱਚ ਭਾਜਪਾ ਆਪਣੇ ਮੇਅਰ ਬਣਾਉਣ ਵਿੱਚ ਕਾਮਯਾਬ ਰਹੀ ਹੈ, ਜਦਕਿ ਮਾਨੇਸਰ ਵਿੱਚ ਮੇਅਰ ਬਣਨ ਵਾਲਾ ਆਜ਼ਾਦ ਉਮੀਦਵਾਰ ਇੰਦਰਜੀਤ ਯਾਦਵ ਵੀ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਦਾ ਕਰੀਬੀ ਹੈ। ਇਸ ਤਰ੍ਹਾਂ ਨਿਗਮ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਗੜ੍ਹ ਰੋਹਤਕ ਸਮੇਤ ਹਰ ਸ਼ਹਿਰ ’ਚ ਕਾਂਗਰਸ ਦਾ ਸੂਪੜਾ ਸਾਫ ਹੋ ਗਿਆ। ਪੰਜ ਨਗਰ ਕੌਂਸਲਾਂ ’ਤੇ ਵੀ ਭਾਜਪਾ ਜੇਤੂ ਰਹੀ, ਜਦਕਿ 23 ਮਿਊਂਸਪਲ ਕਮੇਟੀਆਂ ਵਿੱਚੋਂ 9 ਵਿੱਚ ਭਾਜਪਾ ਤੇ 14 ਵਿੱਚ ਆਜ਼ਾਦ ਸਫਲ ਰਹੇ। ਨਤੀਜੇ ਕਾਂਗਰਸ ਨੂੰ ਇਸ ਪੱਖੋਂ ਹੋਰ ਵੀ ਸ਼ਰਮਸਾਰ ਕਰਨ ਵਾਲੇ ਹਨ ਕਿ ਇਸ ਨੇ ਚੋਣਾਂ ਪਾਰਟੀ ਨਿਸ਼ਾਨ ’ਤੇ ਲੜੀਆਂ, ਇਹ ਸੋਚ ਕੇ ਕਿ ਇਸ ਨਾਲ ਉਨ੍ਹਾਂ ਵਰਕਰਾਂ ਵਿੱਚ ਹੌਸਲਾ ਪੈਦਾ ਹੋਵੇਗਾ, ਜਿਹੜੇ ਤੀਜੀ ਵਾਰ ਅਸੰਬਲੀ ਚੋਣ ਹਾਰਨ ਤੋਂ ਬਾਅਦ ਨਿਰਾਸ਼ਾ ਦੇ ਆਲਮ ਵਿੱਚ ਚਲੇ ਗਏ ਹਨ। ਕਈ ਆਗੂ ਪਾਰਟੀ ਨਿਸ਼ਾਨ ’ਤੇ ਚੋਣਾਂ ਲੜਨ ਦੇ ਖਿਲਾਫ ਸਨ।

ਉਨ੍ਹਾਂ ਨੂੰ ਲੱਗਦਾ ਸੀ ਕਿ ਹਾਰਨ ’ਤੇ ਸਥਾਨਕ ਪੱਧਰ ’ਤੇ ਪਾਰਟੀ ਦੀ ਕਮਜ਼ੋਰੀ ਹੋਰ ਉੱਭਰ ਕੇ ਸਾਹਮਣੇ ਆਏਗੀ। ਚੋਣਾਂ ਲਈ ਪਾਰਟੀ ਦੀ ਤਿਆਰੀ ਦਾ ਪਤਾ ਇੱਥੋਂ ਲੱਗਦਾ ਹੈ ਕਿ ਹਿਸਾਰ ਵਿੱਚ ਕਈ ਵਾਰਡਾਂ ’ਚ ਇਸ ਨੂੰ ਉਮੀਦਵਾਰ ਹੀ ਨਹੀਂ ਲੱਭੇ। ਨਤੀਜਿਆਂ ਨੇ ਇਹ ਵੀ ਸਾਹਮਣੇ ਲਿਆਂਦਾ ਹੈ ਕਿ ਪਾਰਟੀ ਸਥਾਨਕ ਪੱਧਰ ਤੱਕ ਕਿੰਨੀ ਕਮਜ਼ੋਰ ਹੋ ਚੁੱਕੀ ਹੈ। ਪੁਰਾਣੇ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ 2014 ਤੱਕ ਪਾਰਟੀ ਦੀ ਹਾਲਤ ਬਲਾਕ ਪੱਧਰ ਤੱਕ ਚੰਗੀ ਸੀ, ਜਦੋਂ ਫੂਲ ਚੰਦ ਮੌਲਾਣਾ ਸੂਬਾ ਪ੍ਰਧਾਨ ਹੁੰਦੇ ਸਨ। ਮੌਲਾਣਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਕਰੀਬੀ ਸਨ। ਮੌਲਾਣਾ ਦੀ ਥਾਂ ਅਸ਼ੋਕ ਤੰਵਰ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ। ਤੰਵਰ ਤੋਂ ਬਾਅਦ ਸਾਂਸਦ ਕੁਮਾਰੀ ਸ਼ੈਲਜਾ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਵੀ ਸਥਿਤੀ ਨਹੀਂ ਸੁਧਰੀ, ਕਿਉਕਿ ਸ਼ੈਲਜਾ ਨਾਲ ਵੀ ਹੁੱਡਾ ਦੀ ਨਹੀਂ ਬਣੀ। ਅਸੰਬਲੀ ਚੋਣਾਂ ਵੇਲੇ ਹਾਈਕਮਾਨ ਨੇ ਹੁੱਡਾ ਪਿਓ-ਪੁੱਤਰ (ਭੁਪਿੰਦਰ-ਦੀਪੇਂਦਰ) ’ਤੇ ਭਰੋਸਾ ਕਰਕੇ ਜ਼ਿਆਦਾ ਟਿਕਟਾਂ ਉਨ੍ਹਾਂ ਦੇ ਧੜੇ ਨੂੰ ਦੇ ਦਿੱਤੀਆਂ। ਇਸ ਨਾਲ ਧੜੇਬੰਦੀ ਹੋਰ ਵਧੀ ਤੇ ਨਤੀਜਨ ਕਾਂਗਰਸ ਜਿੱਤੀ ਬਾਜ਼ੀ ਗੁਆ ਬੈਠੀ।

ਸੂਬੇ ਵਿੱਚ ਹਾਲਾਤ ਇਹ ਹਨ ਕਿ ਪਿਛਲੇ ਸਾਲ ਅਕਤੂਬਰ ਵਿੱਚ ਹੋਈਆਂ ਅਸੰਬਲੀ ਚੋਣਾਂ ਤੋਂ ਬਾਅਦ ਅਜੇ ਤੱਕ ਪਾਰਟੀ ਅਸੰਬਲੀ ਵਿੱਚ ਆਪਣਾ ਆਗੂ ਨਹੀਂ ਚੁਣ ਸਕੀ। ਹਰਿਆਣਾ ਵਿੱਚ ਪਾਰਟੀ ਦੀ ਮਾੜੀ ਹਾਲਤ ਲਈ ਸਿਰਫ ਸੂਬਾਈ ਆਗੂਆਂ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਹਾਈਕਮਾਨ ਦਾ ਰਵੱਈਆ ਵੀ ਮੁਜਰਮਾਨਾ ਹੈ। ਜਿਹੜੀ ਹਾਈਕਮਾਨ 90 ਅਸੰਬਲੀ ਤੇ 10 ਲੋਕ ਸਭਾ ਸੀਟਾਂ ਵਾਲੇ ਰਾਜ ਦੀ ਜਥੇਬੰਦੀ ਨੂੰ ਹੀ ਦਰੁੱਸਤ ਨਹੀਂ ਕਰ ਸਕਦੀ, ਉਸ ਦੀ ਕਾਬਲੀਅਤ ਨੂੰ ਕਿੰਨੇ ਨੰਬਰ ਦਿੱਤੇ ਜਾ ਸਕਦੇ ਹਨ? ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਗੁਜਰਾਤ ਦੌਰੇ ਦੌਰਾਨ ਕਿਹਾ ਸੀ ਕਿ ਸੂਬੇ ਵਿੱਚ ਪਾਰਟੀ ਦੇ ਕਈ ਆਗੂ ਭਾਜਪਾ ਲਈ ਕੰਮ ਕਰਦੇ ਹਨ, ਜਿਨ੍ਹਾਂ ਨੂੰ ਬਾਹਰ ਕਰਨ ਦੀ ਲੋੜ ਹੈ।

ਸਾਂਝਾ ਕਰੋ

ਪੜ੍ਹੋ