ਜ਼ੇਲੈਂਸਕੀ ਤੇ ਟਰੰਪ

ਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸ਼ਬਦਾਂ ਜਾਂ ਕੰਮਾਂ ’ਚ ਸੰਜਮ ਵਰਤਣ ਲਈ ਨਹੀਂ ਜਾਣੇ ਜਾਂਦੇ ਅਤੇ ਸ਼ੁੱਕਰਵਾਰ ਵ੍ਹਾਈਟ ਹਾਊਸ ਦੇ ਓਵਲ ਆਫਿਸ ’ਚ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਦੌਰਾਨ ਹੋਈ ਸ਼ਬਦੀ ਤਕਰਾਰ ’ਚ ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤੀ ਹਾਲਾਂਕਿ, ਰੂਸੀਆਂ ਨੇ ਇਸ ਸਭ ਕਾਸੇ ਨੂੰ ਵੱਖਰੀ ਰੌਸ਼ਨੀ ਵਿੱਚ ਦੇਖਿਆ ਹੈ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਟਰੰਪ ਅਤੇ ਉਨ੍ਹਾਂ ਦੇ ਡਿਪਟੀ ਜੇਡੀ ਵੈਂਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਬੇਈਮਾਨ’ ਜ਼ੇਲੈਂਸਕੀ ਨੂੰ ਨਿਸ਼ਾਨਾ ਬਣਾਉਣ ਤੋਂ ਬਚਦਿਆਂ ਦੋਵਾਂ ਨੇ ‘ਬੇਮਿਸਾਲ ਧੀਰਜ’ ਦਾ ਮੁਜ਼ਾਹਰਾ ਕੀਤਾ ਹੈ।

ਟਰੰਪ ਨੇ ਚੰਗੇ ਭਾਗਾਂ ਨੂੰ ਭਾਵੇਂ ਸਾਰੀਆਂ ਹੱਦਾਂ ਨਹੀਂ ਟੱਪੀਆਂ ਪਰ ਰੂਸ ਕੋਲ ਇਸ ਦੁਖਦ ਬੈਠਕ ’ਤੇ ਮਜ਼ਾ ਲੈਣ ਦਾ ਹਰ ਕਾਰਨ ਹੈ। ਯੂਕਰੇਨੀ ਆਗੂ ਨੇ ਜਦੋਂ ਵਲਾਦੀਮੀਰ ਪੂਤਿਨ ਨੂੰ 2022 ਵਿੱਚ ਜੰਗ ਸ਼ੁਰੂ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਤਾਂ ਅਮਰੀਕੀ ਰਾਸ਼ਟਰਪਤੀ ਗੁੱਸੇ ’ਚ ਭੜਕ ਗਏ। ਰੂਸੀ ਰਾਸ਼ਟਰਪਤੀ ਦਾ ਬਚਾਅ ਕਰਦਿਆਂ ਟਰੰਪ ਨੇ ‘ਕਿਸੇ ਹੋਰ ਬਾਰੇ ਮੰਦਾ ਬੋਲਣ ਲਈ’ ਜ਼ੇਲੈਂਸਕੀ ਨੂੰ ਤਾੜਨਾ ਕੀਤੀ। ਇਸ ਤੋਂ ਬਾਅਦ ਸ਼ੱਕ ਦੀ ਕੋਈ ਗੁੰਜ਼ਾਇਸ਼ ਨਹੀਂ ਬਚੀ ਕਿ ਅਮਰੀਕਾ ਦੀ ਹਵਾ ਕਿਸ ਰੁਖ਼ ਚੱਲ ਰਹੀ ਹੈ।

ਪਿਛਲੇ ਮਹੀਨੇ ਜਦੋਂ ਟਰੰਪ ਨੇ ਜ਼ੇਲੈਂਸਕੀ ਨੂੰ ਤਾਨਾਸ਼ਾਹ ਦੱਸਦਿਆਂ ਉਸ ਉੱਤੇ ਯੂਕਰੇਨ ਜੰਗ ਸ਼ੁਰੂ ਕਰਨ ਦਾ ਦੋਸ਼ ਲਾਇਆ ਸੀ, ਬਹੁਤ ਕੁਝ ਤਾਂ ਉਦੋਂ ਹੀ ਪ੍ਰਤੱਖ ਹੋ ਗਿਆ ਸੀ। ਜ਼ੇਲੈਂਸਕੀ ਨੇ ਵੀ ਜਵਾਬ ਦਿੰਦਿਆਂ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਰੂਸ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ “ਗੁਮਰਾਹਕੁਨ ਜਾਣਕਾਰੀਆਂ ’ਚ ਸਾਹ ਲੈ ਰਹੇ ਹਨ।” ਹੁਣ ਅਮਰੀਕਾ-ਯੂਕਰੇਨ ਦੇ ਰਿਸ਼ਤੇ ਬਹੁਤ ਨਿੱਘਰ ਚੁੱਕੇ ਹਨ। ਇਸ ਬੇਸੁਆਦ ਘਟਨਾਕ੍ਰਮ ਨੇ ਯੂਰੋਪ ਨੂੰ ਵੀ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ। ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਜਿਨ੍ਹਾਂ ਸ਼ਨਿਚਰਵਾਰ ਨੂੰ ਪ੍ਰੇਸ਼ਾਨ ਦਿਸ ਰਹੇ ਜ਼ੇਲੈਂਸਕੀ ਨੂੰ ਲੰਡਨ ’ਚ ਗਲ਼ ਨਾਲ ਲਾਇਆ, ਅਜੇ ਵੀ ਆਸਵੰਦ ਹਨ ਕਿ ਸ਼ਾਂਤੀ ਵਾਰਤਾ ਬਹਾਲ ਹੋ ਸਕਦੀ ਹੈ।

ਪਿਛਲੇ ਹਫ਼ਤੇ ਵਾਸ਼ਿੰਗਟਨ ’ਚ ਟਰੰਪ ਨੂੰ ਮਿਲੇ ਸਟਾਰਮਰ ਅਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਮਰੀਕੀ ਰਾਸ਼ਟਰਪਤੀ ਨੂੰ ਇਸ ਗੱਲ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਯੂਕਰੇਨ ਲਈ ਸੁਰੱਖਿਆ ਗਾਰੰਟੀ ਤੋਂ ਬਿਨਾਂ ਜਬਰੀ ਗੋਲੀਬੰਦੀ ਨਾ ਕਰਵਾਈ ਜਾਵੇ ਕਿਉਂਕਿ ਇਸ ਨਾਲ ਰੂਸ ਨੂੰ ਅਜਿਹੀ ਹੀ ਇੱਕ ਹੋਰ ਘੁਸਪੈਠ ਕਰਨ ਦਾ ਮੌਕਾ ਮਿਲ ਸਕਦਾ ਹੈ। ਰੂਸ ਅਤੇ ਯੂਕਰੇਨ ਦੀ ਜੰਗ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਜਿਸ ਦੌਰਾਨ ਵੱਡੀ ਪੱਧਰ ’ਤੇ ਜਾਨੀ-ਮਾਲੀ ਨੁਕਸਾਨ ਹੋਇਆ ਹੈ।

ਸਾਂਝਾ ਕਰੋ

ਪੜ੍ਹੋ