ਅਫ਼ਗਾਨਿਸਤਾਨ ਨੇ ਇੰਗਲੈਂਡ ਨੂੰ ਦਿਖਾਇਆ ਬਾਹਰ ਦਾ ਰਸਤਾ

ਲਾਹੌਰ, 26 ਫਰਵਰੀ – ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਾਦਰਾਨ ਦੀਆਂ 177 ਦੌੜਾਂ ਦੀ ਤੇਜ਼ਤੱਰਾਰ ਪਾਰੀ ਅਤੇ ਤੇਜ਼ ਗੇਂਦਬਾਜ਼ ਅਜ਼ਮਤਉੱਲ੍ਹਾ ਓਮਰਜ਼ਈ ਦੀਆਂ ਪੰਜ ਵਿਕਟਾਂ ਦੀ ਬਦੌਲਤ ਅਫ਼ਗ਼ਾਨਿਸਤਾਨ ਨੇ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ‘ਬੀ’ ਦੇ ‘ਕਰੋ ਜਾਂ ਮਰੋ’ ਮੁਕਾਬਲੇ ਵਿਚ ਅੱਜ ਇੰਗਲੈਂਡ ਨੂੰ ਅੱਠ ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚੋਂ ਬਾਹਰ ਕਰ ਦਿੱਤਾ। ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੂੰ ਸੱਤ ਵਿਕਟਾਂ ਦੇ ਨੁਕਸਾਨ ’ਤੇ 326 ਦੌੜਾਂ ਦਾ ਟੀਚਾ ਦਿੱਤਾ। ਜੋਅ ਰੂਟ ਦੇ ਸੈਂਕੜੇ (111 ਗੇਂਦਾਂ ’ਤੇ 120 ਦੌੜਾਂ) ਦੇ ਬਾਵਜੂਦ ਇੰਗਲੈਂਡ ਦੀ ਪੂਰੀ ਪਾਰੀ 317 ਦੌੜਾਂ ’ਤੇ ਸਿਮਟ ਗਈ। ਉਸ ਤੋਂ ਇਲਾਵਾ ਬੈਨ ਡੱਕਟ ਤੇ ਜੋਸ ਬਟਲਰ ਨੇ 38-38, ਜੈਮੀ ਓਵਰਟਨ ਨੇ 32 ਤੇ ਹੈਰੀ ਬਰੁੱਕ ਨੇ 25 ਦੌੜਾਂ ਬਣਾਈਆਂ। ਅਫ਼ਗਾਨਿਸਤਾਨ ਦਾ ਅਜ਼ਮਤਉੱਲ੍ਹਾ ਓਮਰਜ਼ਈ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਉਸ ਨੇ 58 ਦੌੜਾਂ ਦੇ ਕੇ ਪੰਜ ਵਿਕਟਾਂ ਝਟਕਾਈਆਂ। ਉਸ ਤੋਂ ਇਲਾਵਾ ਮੁਹੰਮਦ ਨਬੀ ਨੇ ਦੋ, ਜਦੋਂਕਿ ਫਜ਼ਲਹੱਕ ਫਾਰੁਕੀ, ਰਾਸ਼ਿਦ ਖ਼ਾਨ ਤੇ ਗੁਲਬਦੀਨ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

ਅਫ਼ਗਾਨਿਸਤਾਨ ਵੱਲੋਂ ਜ਼ਾਦਰਾਨ ਨੇ 146 ਗੇਂਦਾਂ ਦੀ ਪਾਰੀ ਵਿਚ ਦਰਜਨ ਚੌਕੇ ਤੇ ਅੱਧੀ ਦਰਜਨ ਛੱਕੇ ਜੜੇ। ਜ਼ਾਦਰਾਨ ਨੇ ਕਪਤਾਨ ਹਸ਼ਮਤਉੱਲ੍ਹਾ (40 ਦੌੜਾਂ) ਨਾਲ ਚੌਥੀ ਵਿਕਟ ਲਈ 103 ਦੌੜਾਂ ਅਤੇ ਪੰਜਵੀਂ ਵਿਕਟ ਲਈ ਅਜ਼ਮਤਉੱਲ੍ਹਾ ਉਮਰਜ਼ਈ (41 ਦੌੜਾਂ) ਨਾਲ 72 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਮੁਹੰਮਦ ਨਬੀ (40 ਦੌੜਾਂ) ਨਾਲ 6ਵੀਂ ਵਿਕਟ ਲਈ 111 ਦੌੜਾਂ ਜੋੜੀਆਂ, ਜਿਸ ਕਰਕੇ ਅਫ਼ਗਾਨ ਟੀਮ ਤਿੰਨ ਸੌ ਤੋਂ ਵੱਧ ਦੌੜਾਂ ਬਣਾਉਣ ਵਿਚ ਸਫ਼ਲ ਰਹੀ। ਇਸ ਮੈਚ ਦੀ ਜੇਤੂ ਟੀਮ ਦੀਆਂ ਸੈਮੀਫਾਈਨਲ ਗੇੜ ਵਿਚ ਦਾਖ਼ਲੇ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ ਜਦੋਂਕਿ ਦੂਜੀ ਟੀਮ ਇਸ ਦੌੜ ’ਚੋਂ ਬਾਹਰ ਹੋ ਜਾਵੇਗੀ।

ਅਫ਼ਗਾਨਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ 64 ਦੌੜਾਂ ਬਦਲੇ ਤਿੰਨ ਵਿਕਟਾਂ ਲੈ ਕੇ ਪਹਿਲੇ ਦਸ ਓਵਰਾਂ ਵਿਚ ਅਫ਼ਗਾਨ ਟੀਮ ਨੂੰ ਵੱਡਾ ਝਟਕਾ ਦਿੱਤਾ। ਜ਼ਾਦਰਾਨ ਨੇ ਪਹਿਲੀਆਂ 50 ਦੌੜਾਂ 65 ਗੇਂਦਾਂ ਵਿਚ ਬਣਾਈਆਂ ਤੇ ਜੈਮੀ ਓਵਰਟਨ ਨੂੰ ਚੌਕੇ ਜੜ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ। ਜ਼ਾਦਰਾਨ ਨੇ ਮਗਰੋਂ ਉਪਰੋਥਲੀ ਤਿੰਨ ਭਾਈਵਾਲੀਆਂ ਕਰਕੇ ਅਫ਼ਗ਼ਾਨ ਟੀਮ ਨੂੰ ਨਾ ਸਿਰਫ਼ ਸੰਕਟ ਵਿਚੋਂ ਕੱਢਿਆ ਬਲਕਿ ਸਕੋਰ ਲਾਈਨ ਵੀ ਮਜ਼ਬੂਤ ਕੀਤੀ।

ਸਾਂਝਾ ਕਰੋ

ਪੜ੍ਹੋ

ਹਕੀਮਪੁਰ ਪੁਰੇਵਾਲ ਖੇਡ ਮੇਲੇ ਦੀਆਂ ਰੌਣਕਾਂ ਫੋਟੋਆਂ

ਹਕੀਮਪੁਰ ਪੁਰੇਵਾਲ ਖੇਡ ਮੇਲੇ ਵਿੱਚ ਸ਼ਾਮਲ ਹੋਏ ਸਾਹਿਤਕਾਰ ਪ੍ਰਿੰਸੀਪਲ ਸਰਵਣ...