
ਧਰਮਕੋਟ 27 ਫ਼ਰਵਰੀ – ਖੁਸ਼ੀ ਦੇ ਸਮਾਗਮ ਵਿੱਚ ਸਭ ਤੋਂ ਵੱਧ ਮੰਗ ਕੀਤੀ ਜਾਣ ਵਾਲੀ ਦਸ ਦੇ ਨੋਟਾ ਦੀ ਨਵੀਂ ਗੁੱਟੀ ਲਈ ਲੋਕ ਹਰ ਸਮੇਂ ਹੱਥ ਪੈਰ ਮਾਰਦੇ ਰਹਿੰਦੇ ਹਨ। ਪਰ ਦਸ ਰੁਪਏ ਦੇ ਨਵੇਂ ਨੋਟ ਬੈਂਕਾਂ ਵਿੱਚੋਂ ਪੂਰੀ ਤਰ੍ਹਾਂ ਗਾਇਬ ਹੋ ਗਏ ਹਨ, ਜਿਸ ਦਾ ਫਾਇਦਾ ਬਲੈਕ ਮਾਰਕੀਟ ਵਾਲੇ ਲੈ ਰਹੇ ਹਨ। ਮਾਰਕੀਟ ਵਿੱਚ ਇਨ੍ਹਾਂ ਨਵੇਂ ਨੋਟਾਂ ਦੀ ਕਾਲਾਬਜਾਰੀ ਅੱਜ-ਕੱਲ੍ਹ ਧੜੱਲੇ ਨਾਲ ਹੋ ਰਹੀ ਹੈ। ਮੰਗ ਜ਼ਿਆਦਾ ਹੋਣ ਕਾਰਨ ਦਸ ਦੇ ਨੋਟਾਂ ਦੀ ਹਜ਼ਾਰ ਰੁਪਏ ਦੀ ਗੁੱਟੀ ਸ਼ਰੇਆਮ ਕਰੀਬ 1500 ਰੁਪਏ ਵਿਚ ਵੇਚੀ ਜਾ ਰਹੀ ਹੈ।
ਜੇ ਬੈਂਕ ਅਧਿਕਾਰੀਆਂ ਪਾਸੋਂ ਕੋਈ ਦਸ ਦੇ ਨਵੇਂ ਨੋਟਾਂ ਦੀ ਮੰਗ ਕਰਦਾ ਹੈ ਤਾਂ ਹਮੇਸ਼ਾ ਘੜਿਆ ਘੜਾਇਆ ਜਵਾਬ ਮਿਲਦਾ ਹੈ ਕਿ ‘ਉਪਰੋ ਨਹੀਂ ਆ ਰਹੇ’। ਪਰ ਸਵਾਲ ਹੈ ਕਿ ਰਿਜ਼ਰਵ ਬੈਂਕ ਵਲੋਂ ਛਾਪੇ ਜਾ ਰਹੇ ਨਵੇਂ ਨੋਟਾਂ ਦੇ ਬੰਡਲ ਸਿੱਧੇ ਰੂਪ ਵਿੱਚ ਮਾਰਕੀਟ ਵਿੱਚ ਕਿਵੇਂ ਪੁੱਜ ਰਹੇ ਹਨ। ਇਸ ਬਾਰੇ ਜਵਾਬ ਦੇਣ ਲਈ ਕੋਈ ਅਧਿਕਾਰੀ ਤਿਆਰ ਨਹੀਂ ਹੈ। ਦਿਹਾਤੀ ਬੈਂਕ ਬਰਾਂਚਾਂ ਕੇ ਅਧਿਕਾਰੀ ਸਿਰਫ ਇਹ ਨੋਟ ਸਾਲ ਵਿੱਚ ਇੱਕ ਵਾਰ ਦੀਵਾਲੀ ਮੌਕੇ ਬੈਂਕਾਂ ’ਚ ਭੇਜੇ ਜਾਣ ਦੀ ਦਲੀਲ ਜ਼ਰੂਰ ਦਿੰਦੇ ਹਨ।